ਨਵੀਂ ਦਿੱਲੀ: ‘ਆਪ’ ਆਗੂ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਗੁਰਦੁਆਰੇ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਜ਼ਿਕਰਯੋਗ ਹੈ ਕਿ ਉਦੈਪੁਰ ਦੇ ਇੱਕ ਆਲੀਸ਼ਾਨ ਹੋਟਲ ਵਿੱਚ ਇਸ ਜੋੜੀ ਦੇ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਇਹ ਸਮਾਗਮ 23 ਅਤੇ 24 ਤਰੀਕ ਨੂੰ ਸੰਪੂਰਨ ਕੀਤੇ ਜਾਣਗੇ। ਕੱਲ੍ਹ ਇਥੇ ਪੰਧਾਰਾ ਰੋਡ ਸਥਿਤ ਰਾਘਵ ਚੱਢਾ ਦੀ ਸਰਕਾਰੀ ਰਿਹਾਇਸ਼ ’ਤੇ ਪਾਠ ਦਾ ਭੋਗ ਵੀ ਪਾਇਆ ਗਿਆ ਸੀ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਅੱਜ ਬੁੱਧਵਾਰ ਦੇ ਦਿਨ ਪਰਿਨੀਤੀ ਤੇ ਰਾਘਵ ਵੱਲੋਂ ਗੁਰਦੁਆਰੇ ਮੱਥਾ ਟੇਕਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਸ ਤੋਂ ਪਹਿਲਾਂ ਇਸ ਜੋੜੇ ਦੇ ਵਿਆਹ ਸਮਾਗਮ ਦਾ ਕਾਰਡ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਵਿਆਹ ਦੀ ਤਾਰੀਖ਼ 24 ਸੰਤਬਰ ਦੀ ਦੱਸੀ ਗਈ ਸੀ। ਇਸ ਅਨੁਸਾਰ ਵਿਆਹ ਦੀਆਂ ਰਸਮਾਂ 23 ਸਤੰਬਰ ਨੂੰ ਮਹਾਰਾਜਾ ਸਵੀਟ ਤੋਂ ਸ਼ੁਰੂ ਹੋਣਗੀਆਂ ਤੇ 24 ਨੂੰ ਤਾਜ ਲੇਕ ਪੈਲੇਸ ਵਿੱਚ ਰਾਘਵ ਚੱਢਾ ਦੀ ਸਿਹਰਾਬੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਇੱਕ ਵਜੇ ਬਾਰਾਤ ਦਾ ਸਵਾਗਤ ਕੀਤਾ ਜਾਵੇਗਾ ਤੇ ਰਾਤ ਵੇਲੇ ਲੀਲ੍ਹਾ ਪੈਲੇਸ ਕੋਰਟਯਾਰਡ ਵਿੱਚ 8.30 ਵਜੇ ਰਿਸੈਪਸ਼ਨ ਪਾਰਟੀ ਹੋਵੇਗੀ। ਇਸ ਪਾਰਟੀ ਵਿੱਚ ਪਰਿਨੀਤੀ ਦੇ ਭੈਣ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਜੀਜਾ ਨਿੱਕ ਜੋਨਸ ਸਮੇਤ ਕਈ ਵੱਡੀਆਂ ਸਿਆਸੀ ਤੇ ਬੌਲੀਵੁੱਡ ਹਸਤੀਆਂ ਸ਼ਾਮਲ ਹੋਣਗੀਆਂ। -ਆਈਏਐੱਨਐੱਸ