ਕਰਨੈਲ ਸਿੰਘ ਸੋਮਲ
ਘਰ-ਪਰਿਵਾਰ ਦੇ ਜੀਅ ਸਾਡੇ ਮੁੱਢੋਂ ਮਿਲੇ ਹਿਤੈਸ਼ੀ ਹੁੰਦੇ ਹਨ। ਮਿੱਤਰਤਾ ਤੇ ਸਹੇਲਪੁਣੇ ਵਿੱਚ ਬਣੇ ਮਿੱਠੇ ਰਿਸ਼ਤੇ ਵੀ ਸਾਡੇ ਹਿੱਤਾਂ ਦਾ ਖ਼ਿਆਲ ਰੱਖਦੇ ਹਨ। ਇਹ ਹਿਤੈਸ਼ੀ ਥੁੜ੍ਹ-ਚਿਰੇ ਹੋ ਸਕਦੇ ਹਨ ਤੇ ਲੰਮੇ ਮੇਲ-ਮਿਲਾਪ ਵਾਲੇ ਵੀ। ਇੱਥੇ ‘ਹਿਤੈਸ਼ੀ’ ਸ਼ਬਦ ਉਨ੍ਹਾਂ ਮਨੁੱਖਾਂ ਲਈ ਹੈ ਜੋ ਸਬੱਬੀਂ ਜ਼ਿੰਦਗੀ ਦੇ ਰਾਹਾਂ ਵਿੱਚ ਸਾਨੂੰ ਮਿਲਦੇ ਹਨ। ਉਨ੍ਹਾਂ ਸਦਕਾ ਅਸੀਂ ਆਪਣੇ ਜੀਵਨ ਵਿੱਚ ਸਹੀ ਫ਼ੈਸਲੇ ਲੈਂਦੇ ਹਾਂ। ਉਹ ਸਾਨੂੰ ਗੁੰਮਰਾਹ ਹੋਣ ਤੋਂ ਬਚਾਉਂਦੇ ਹਨ। ਵੈਸੇ ਕੁਰਾਹੇ ਪਾਉਣ ਵਾਲੇ ਵੀ ਇਸੇ ਦੁਨੀਆ ਦੇ ਬੰਦੇ ਹੁੰਦੇ ਹਨ। ਉਹ ਅੱਗ ਦੇ ਅਜਿਹੇ ਫਲੂਹੇ ਹੁੰਦੇ ਹਨ ਜਿਨ੍ਹਾਂ ਕਰਕੇ ਚੰਦਨ ਜਿਹੇ ਰੁੱਖ ਵੀ ਸੜ ਕੇ ਸਵਾਹ ਹੋ ਜਾਂਦੇ ਹਨ। ਅਜਿਹੇ ਲੋਕਾਂ ਦਾ ਥੁੜ੍ਹ-ਚਿਰਾ ਕੁਸੰਗ ਵੀ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ।
ਇਸ ਦੇ ਮੁਕਾਬਲੇ ਹਿਤੈਸ਼ੀ ਸਾਨੂੰ ਨਵਾਂ ਜੀਵਨ ਬਖ਼ਸ਼ਦੇ ਹਨ। ‘ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।’ ਗੁਰਵਾਕ ਅਨੁਸਾਰ ਉਹ ਹਰ ਔਖੇ ਵੇਲੇ ਬਹੁੜਦੇ ਹਨ। ਹਿਤੈਸ਼ੀ ਦੀ ਬਖ਼ਸ਼ੀ ਸੇਧ ਸਦਕਾ ਬੰਦਾ ਸਹੀ ਰਾਹ ’ਤੇ ਤੁਰਦਾ ਵਿਗਸਦਾ ਹੈ। ਉਸ ਦੀ ਹੋਂਦ ਤਦ ਰੁੱਖਾਂ ਜਿਹੀ ਹੁੰਦੀ ਹੈ, ਕਲਿਆਣ ਹੀ ਕਲਿਆਣ ਚਿਤਵਦੀ ਹੈ।
ਸਾਹਮਣੇ ਪਾਣੀ ਦੇ ਤੇਜ਼ ਵਹਾਉ ਨੂੰ ਵੇਖ ਕੇ ਕੋਈ ਯਾਤਰੂ ਨੂੰ ਖ਼ਤਰੇ ਤੋਂ ਸਾਵਧਾਨ ਕਰਦਾ ਹੈ। ਨਾਲ ਇਹ ਵੀ ਦੱਸ ਦਿੰਦਾ ਹੈ ਕਿ ਕਿਹੜੀ ਥਾਂ ਤੋਂ ਸੁਰੱਖਿਅਤ ਲੰਘਿਆ ਜਾ ਸਕਦਾ ਹੈ। ਯਾਤਰੂ ਵੀ ਲੰਘ ਜਾਂਦਾ ਹੈ ਰਾਹ-ਦਸੇਰਾ ਵੀ। ਉਹ ਮੁੜ ਸ਼ਾਇਦ ਕਦੇ ਨਾ ਵੀ ਮਿਲਣ। ਅਹਿਸਾਨ ਜਤਾਉਣ ਦੀ ਗੱਲ ਵਿੱਚ ਆਉਂਦੀ ਹੀ ਨਹੀਂ। ਬਿਰਖ ਛਾਂ ਦਿੰਦਾ ਹੈ। ਫੁੱਲ-ਫ਼ਲ ਵੀ ਲੁਟਾਉਂਦਾ ਜਾਂਦਾ ਹੈ। ਕਿਸੇ ਪੰਛੀ ਨੂੰ ਆਲ੍ਹਣਾ, ਕਿਸੇ ਨੂੰ ਆਪਣੀ ‘ਖੋੜ’ ਵਿੱਚ ਸਹਾਰਾ। ਭਾਵਨਾ ਇਹੋ ਕਿ ‘ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ।’ ਕਿਸੇ ਨੇ ਪੰਛੀ ਦੇ ਡਿੱਗੇ ਬੋਟ ਨੂੰ ਬੋਚਕੇ ਸਾਂਭ ਲਿਆ। ਇੱਛਾ ਇਹੋ ਕਿ ਬੋਟ ਬਚ ਜਾਵੇ ਤੇ ਮੁੜ ਆਪਣਿਆਂ ਨਾਲ ਜਾ ਮਿਲੇ। ਹਿਤੈਸ਼ੀ ਰਾਹ ਦੇ ਬਿਰਖ ਦੀ ਤਰ੍ਹਾਂ ਜੋ ਕੁਝ ਕਰਦਾ ਹੈ, ਸਹਿਜੇ ਹੀ ਕਰਦਾ ਹੈ। ਇਹ ਉਸ ਦਾ ਸੁਭਾਅ ਹੁੰਦਾ ਹੈ। ਚੰਗਾ ਅਧਿਆਪਕ ਹਰੇਕ ਵਿਦਿਆਰਥੀ ਦੀ ਸਮਰੱਥਾ ਨੂੰ ਆਪਣੀਆਂ ਨਜ਼ਰਾਂ ਨਾਲ ਟਟੋਲਦਾ ਹੈ। ਇਵੇਂ ਹੀ ਕੋਈ ਵਾਤਾਵਰਨ ਪ੍ਰੇਮੀ ਕਿਸੇ ਬਿਰਖ-ਬੂਟੇ ਲਈ ਯੋਗ ਥਾਂ ਦੇਖ ਉਤਸ਼ਾਹਿਤ ਹੁੰਦਾ ਹੈ। ਅਧਿਆਪਕ ਵੀ ਆਪਣੇ ਹੋਣਹਾਰ ਸ਼ਿਸ਼ ਨੂੰ ਅੱਗੇ ਵਧਦਾ ਵੇਖ ਨਿਹਾਲ ਹੋਈ ਜਾਂਦਾ ਹੈ। ਨਿਰਸਵਾਰਥ, ਬਸ ਇਹੋ ਭਾਵਨਾ ਕਿ ਇਸ ਜਗਤ ਬਾਗ਼ ਵਿੱਚ ਸੁਹਾਵੇ ਬਿਰਖ ਲੱਗਦੇ ਜਾਣ। ਉੱਦਮ ਹਰ ਬੂਟੇ ਦਾ ਆਪਣਾ ਹੁੰਦਾ ਹੈ। ਪ੍ਰਕਿਰਤੀ ਦੇ ਸਾਰੇ ਤੱਤ ਉਸ ਨੂੰ ਵਧਣ-ਫੁੱਲਣ ਵਿੱਚ ਸਹਾਈ ਹੁੰਦੇ ਹਨ। ਬਸ, ਹਿਤੈਸ਼ੀ ਧਿਰ ਆਪਣਾ-ਆਪਣਾ ਯੋਗਦਾਨ ਦੇ ਕੇ ਦ੍ਰਿਸ਼ ਤੋਂ ਪਰੇ ਹੋ ਜਾਂਦੀ ਹੈ।
ਇਸ ਸੰਸਾਰ ਵਿੱਚ ਸੁੱਖਾਂ ਤੇ ਖ਼ੁਸ਼ੀਆਂ ਦੇ ਚਾਹਵਾਨ ਸਾਰੇ ਹੁੰਦੇ ਹਨ। ਕਈ ਇਸ ਲਾਲਸਾ ਨੂੰ ਪੂਰੀ ਕਰਨ ਲਈ ਨੁਸਖ਼ੇ ਲੱਭਦੇ ਹਨ। ਸਿਹਤ ਹੋਵੇ ਜਾਂ ਖ਼ੁਸ਼ੀ ਹੋਵੇ, ਇਹ ਵਿਕਾਊ ਵਸਤਾਂ ਨਹੀਂ ਹਨ। ਜਿਵੇਂ ਖੁੱਲ੍ਹੇ ਤੇ ਹਰੇ-ਭਰੇ ਮੈਦਾਨਾਂ ਵਿੱਚ ਸਾਫ਼ ਹਵਾ ਵਿੱਚ ਭਰਵੇਂ ਸਾਹ ਲੈ ਸਕੀਦਾ ਹੈ, ਕੋਈ ਤੋਟ ਨਹੀਂ ਆਉਂਦੀ। ਤਿਵੇਂ ਇਹ ਅਣਮੁੱਲ ਵਸਤਾਂ ਮਾਨਵਤਾ ਦੇ ਹਿਤੈਸ਼ੀਆਂ ਨੂੰ ਭਰਪੂਰ ਮਾਤਰਾ ਵਿੱਚ ਆਪੇ ਮਿਲੀ ਜਾਂਦੀਆਂ ਹਨ। ਮਹਾਨ ਪੁਰਖਾਂ ਦੀਆਂ ਆਤਮ-ਕਥਾਵਾਂ ਪੜ੍ਹ ਕੇ ਪਤਾ ਲੱਗਦੈ ਕਿ ਸਹੀ ਮਾਰਗ ਵੱਲ ਪ੍ਰੇਰਨ ਵਾਲੇ ਲੋਕ ਬਿਰਖਾਂ ਵਾਗ ਰਾਹਾਂ ਵਿੱਚ ਸੁਭਾਵਿਕ ਹੀ ਮਿਲ ਜਾਂਦੇ ਹਨ।
ਸਾਡੀ ਜ਼ਿੰਦਗੀ ਦੇ ਬਣਨ-ਸੰਵਰਨ ਵਿੱਚ ਸਹਾਈ ਹੋਣ ਵਾਲੇ ਤੇ ਇਸ ਵਿੱਚ ਸੋਹਣੇ ਰੰਗ ਭਰਨ ਵਾਲੇ ਪਤਾ ਨਹੀਂ ਕਿੰਨੇ ਹੁੰਦੇ ਹਨ। ਬਹੁਤਿਆਂ ਨੂੰ ਅਸੀਂ ਭੁੱਲ-ਭਲਾ ਜਾਂਦੇ ਹਨ। ਜਿਹੜੇ ਚੇਤੇ ਵਿੱਚ ਰਹਿੰਦੇ ਵੀ ਹਨ, ਉਹ ਮੁੜ ਮਿਲਦੇ ਹੀ ਨਹੀਂ। ਬੰਦਾ ਅਜਿਹੇ ਰਿਣ ਕਿਵੇਂ ਚੁਕਾਵੇ। ਸੰਤਾਲੀ ਹੋਵੇ ਜਾਂ ਚੁਰਾਸੀ, ਅੱਤਿਆਚਾਰਾਂ ਅਤੇ ਕਰੂਰ ਵਰਤਾਰਿਆਂ ਦੇ ਕਿੱਸੇ ਬਹੁਤ ਹਨ। ਇਸ ਹਨੇਰੀ ਵਿੱਚ ਦੋਵੇਂ ਪਾਸੇ ਅਜਿਹੇ ਲੋਕ ਵੀ ਸਨ ਜਿਹੜੇ ਇਸ ਜ਼ੁਲਮ ਦੇ ਖਿਲਾਫ਼ ਲੜੇ। ਕਈ ਜ਼ਿੰਦਗੀ ਦੀ ਲਾਜ ਦੇ ਰਖਵਾਲੇ ਵੀ ਬਣੇ। ਕਿੰਨੇ ਹੀ ਉਨ੍ਹਾਂ ਦੇ ਮੁੜ ਪੈਰੀਂ ਹੋਣ ਵਿੱਚ ਸਹਾਈ ਹੋਏ। ਉਨ੍ਹਾਂ ਨੇ ਆਪਣੇ ਇਨ੍ਹਾਂ ਭਲੇ ਕੰਮਾਂ ਲਈ ਤਮਗੇ ਨਹੀਂ ਮੰਗੇ। ਉਨ੍ਹਾਂ ਦੀ ਕਰਨੀ ਦਾ ਮੁੱਲ ਕੋਈ ਬਾਦਸ਼ਾਹਤ ਪਾ ਵੀ ਨਹੀਂ ਸਕਦੀ।
ਭਲਾ ਮਨੁੱਖ ਬਣਨਾ ਤੇ ਜਦੋਂ ਵੀ ਮੌਕਾ ਬਣੇ ਆਪਣੀ ਫਿਤਰਤ ਮੁਤਾਬਿਕ ਭਲਾ ਵਿਹਾਰ ਕਰਨਾ ਉਨ੍ਹਾਂ ਲਈ ਉਵੇਂ ਦਾ ਕਰਮ ਬਣ ਜਾਂਦਾ ਹੈ ਜਿਵੇਂ ਫੁੱਲ-ਬੂਟੇ ਸੁਹਜ ਤੇ ਸੁਗੰਧੀਆਂ ਨਿਰਉਚੇਚ ਵੰਡੀ ਜਾਂਦੇ ਹਨ। ਅੱਜ ਸਾਡੇ ਆਲੇ-ਦੁਆਲੇ ਜਿੰਨੇ ਵੀ ਮਾਨਵਤਾ ਲਈ ਕੰਮ ਹੋਈ ਜਾਂਦੇ ਹਨ, ਉਹ ਰਾਹਾਂ ਦੇ ਰੁੱਖਾਂ ਜਿਹੇ ਹਿਤੈਸ਼ੀ ਬੰਦਿਆਂ ਦੁਆਰਾ ਹੀ ਹੋ ਰਹੇ ਹਨ। ਮਨੁੱਖ ਦਾ ਚੰਗੇ ਪਾਸੇ ਨੂੰ ਮੋੜਾ ਕੱਟਣਾ, ਉਸ ਦੀਆਂ ਸਾਰੀਆਂ ਸਮਰੱਥਾਵਾਂ ਦਾ ਨਿਖਾਰ ਵਿੱਚ ਆਉਣਾ ਤੇ ਯੋਗ ਦਿਸ਼ਾ ਵਿੱਚ ਲੱਗਣਾ, ਇਹ ਕ੍ਰਿਸ਼ਮੇ ਜਿਹੀ ਗੱਲ ਹੁੰਦੀ ਹੈ। ਇਹ ਕ੍ਰਿਸ਼ਮੇ ਮਨੁੱਖ ਦੇ ਹੱਥੀਂ ਹੀ ਹੁੰਦੇ ਹਨ। ਜਿੱਥੋਂ ਕੁ ਤੋਂ ਰਾਹੀ ਨਜ਼ਰ ਆਉਣ ਲੱਗਦਾ ਹੈ, ਬਿਰਖ ਵੀ ਉਸ ਨੂੂੰ ਨੀਝ ਨਾਲ ਵੇਖਦਾ ਰਹਿੰਦਾ ਹੈ। ਇਸ ਤੋਂ ਵਧੇਰੇ ਸੋਹਣਾ ਸੁਆਗਤ ਕਿਸੇ ਦਾ ਹੋਰ ਕੀ ਹੋ ਸਕਦਾ ਹੈ। ਗਰਦਨ ਭੰਵਾ ਕੇ ਵੇਖੀਏ ਤਾਂ ਵਿਦਾ ਕਰਨ ਵਾਲੇ ਵੀ ਰਾਹੀ ਦਾ ਭਲਾ ਲੋਚਦੇ ਖੜ੍ਹੇ ਹੁੰਦੇ ਹਨ। ਦੂਰ ਜਾਂਦੇ ਰਾਹੀ ਦਾ ਆਕਾਰ ਬ੍ਰਿਛਾਂ ਦੇ ਵਿੱਚ ਬ੍ਰਿਛ ਹੋ ਜਾਂਦਾ ਹੈ। ‘ਲੰਮਾ ਪਤਲਾ ਬੁੱਤ ਓਸ ਦਾ ਬ੍ਰਿਛਾਂ ਦੇ ਵਿੱਚ ਬ੍ਰਿਛ ਹੋ ਗਿਆ।’
ਮਾਨਵੀ ਸਾਂਝਾਂ ਤੇ ਮੁਹੱਬਤਾਂ ਦਾ ਤਾਣਾ-ਬਾਣਾ, ਸਦਾ ਬੰਦੇ ਦੇ ਨਾਲ ਤੁਰਦਾ ਹੈ, ਉਸ ਦੇ ਪ੍ਰਛਾਵੇਂ ਵਾਂਗ।
ਸੰਪਰਕ: 98141-57137