ਮੁੰਬਈ: 67ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ਵਿੱਚ ਗੀਤ ‘ਤੇਰੀ ਮਿੱਟੀ’ ਲਈ ਸਰਬੋਤਮ ਪਿੱਠਵਰਤੀ ਗਾਇਕ (ਪੁਰਸ਼) ਦਾ ਐਵਾਰਡ ਬੀ ਪਰਾਕ ਨੂੰ ਮਿਲਿਆ ਹੈ। ਆਪਣੀ ਖੁਸ਼ੀ ਜ਼ਾਹਰ ਕਰਦਿਆਂ ਗਾਇਕ ਨੇ ਕਿਹਾ ਕਿ ‘ਇਹ ਸਾਲ ਮੇਰੇ ਲਈ ਕਈ ਵਧੀਆ ਮੌਕੇ ਲੈ ਕੇ ਆਇਆ ਹੈ, ਪਰ ਇਸ ਐਵਾਰਡ ਦੀ ਚਮਕ ਮੇਰੀ ਹਰ ਉਪਲਬਧੀ ਨਾਲੋਂ ਵੱਧ ਹੈ। ਮੈਂ ਇਹ ਐਵਾਰਡ ਹਾਸਲ ਕਰਕੇ ਬਹੁਤ ਹੀ ਖੁਸ਼ ਹਾਂ।’ ਗਾਇਕ ਨੇ ਕਿਹਾ, ‘ਇਹ ਪਲ ਮੇਰੇ ਨਹੀ ਅਦਭੁਤ ਹਨ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਇੱਕ ਟੀਮ ਵਜੋਂ ਅਜਿਹਾ ਗੀਤ ਤਿਆਰ ਕਰ ਸਕੇ, ਜਿਸ ਨੇ ਸਰੋਤਿਆਂ ’ਤੇ ਜਬਰਦਸਤ ਅਸਰ ਕੀਤਾ।’ ਬੀ ਪਰਾਕ ਨੇ ਕਿਹਾ ਕਿ ਇਹ ਪਲ ਸਦਾ ਉਸ ਨੂੰ ਯਾਦ ਰਹਿਣਗੇ ਤੇ ਇਹ ਦਿਨ ਸਦਾ ਉਸ ਦੇ ਜੀਵਨ ਦਾ ਸਭ ਤੋਂ ਕੀਮਤੀ ਦਿਨ ਰਹੇਗਾ। ਉਸ ਨੇ ਕਿਹਾ ਕਿ ਹਰ ਗਾਇਕ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਕੰਮ ਨੂੰ ਸਰਾਹਿਆ ਜਾਵੇ ਤੇ ਨੈਸ਼ਨਲ ਐਵਾਰਡ ਨਾਲੋਂ ਵੱਡਾ ਸਨਮਾਨ ਹੋਰ ਕੋਈ ਨਹੀਂ ਹੋ ਸਕਦਾ।
ਬੀ ਪਰਾਕ ਦੇ ਗੀਤ ‘ਤੇਰੀ ਮਿੱਟੀ’ ਵਿੱਚ ਆਪਣੀ ਡਿਊਟੀ ’ਤੇ ਜਾਨ ਦਾਅ ’ਤੇ ਲਗਾਈ ਬੈਠੇ ਜਵਾਨਾਂ ਦਾ ਸੱਚ ਬਿਆਨਿਆ ਗਿਆ ਹੈ, ਜਿਸ ਨੂੰ ਵੇਖਣ ਵਾਲੇ ਹਰ ਇਨਸਾਨ ਦਾ ਗੱਚ ਭਰ ਆਉਂਦਾ ਹੈ। ਇਸ ਗੀਤ ਨੂੰ ਲਿਖਿਆ ਮਨੋਜ ਮੁੰਤਸ਼ਿਰ ਨੇ ਅਤੇ ਆਰਕੋ ਨੇ ਲੈਅਬੱਧ ਕੀਤਾ ਹੈ, ਜੋ 2019 ਵਿੱਚ ਆਈ ਫਿਲਮ ‘ਕੇਸਰੀ’ ਵਿੱਚ ਸ਼ਾਮਲ ਕੀਤਾ ਗਿਆ ਸੀ। -ਆਈਏਐੱਨਐੱਸ
ਸਿੱਕਮ ਨੂੰ ਫਿਲਮਾਂ ਬਣਾਉਣ ਲਈ ਸਭ ਤੋਂ ਸੁਖਾਵਾਂ ਮਾਹੌਲ ਦੇਣ ਵਾਲੇ ਰਾਜ ਦਾ ਐਵਾਰਡ
ਗੈਂਗਟੋਕ: ਇਸ ਐਵਾਰਡ ਸਮਾਗਮ ਵਿੱਚ ਸਿੱਕਮ ਨੂੰ ਫਿਲਮਾਂ ਬਣਾਉਣ ਵਾਲਿਆਂ ਲਈ ਦੇਸ਼ ’ਚ ਸਭ ਤੋਂ ਸੁਖਾਵਾਂ ਮਾਹੌਲ ਮੁਹੱਈਆ ਕਰਾਉਣ ਵਾਲੇ ਰਾਜ ਦਾ ਖ਼ਿਤਾਬ ਦਿੱਤਾ ਗਿਆ ਹੈ। ਇਹ ਐਵਾਰਡ ਰਾਜ ਦੇ ਸੂਚਨਾ ਤੇ ਜਨ ਸੰਪਰਕ ਮੰਤਰੀ ਲੋਕ ਨਾਥ ਸ਼ਰਮਾ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਹਾਸਲ ਕੀਤਾ। ਗੈਂਗਟੋਕ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਹ ਐਵਾਰਡ ਮਿਲਣਾ ਸਿੱਕਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਥੇ ਫਿਲਮਾਂ ਬਣਾਉਣ ਲਈ ਆਉਣ ਵਾਲਿਆਂ ਨੂੰ ਅਤੇ ਸਥਾਨਕ ਫਿਲਮ ਨਿਰਮਾਤਾਵਾਂ ਨੂੰ ਹਰ ਬਣਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। -ਪੀਟੀਆਈ