ਸਾਂਵਲ ਧਾਮੀ
ਹੁਸ਼ਿਆਰਪੁਰ ਜ਼ਿਲ੍ਹੇ ਦੇ ਮਸ਼ਹੂਰ ਕਸਬੇ ਸ਼ਾਮ ਚੁਰਾਸੀ ਨੇੜੇ ਇਕ ਛੋਟਾ ਜਿਹਾ ਪਿੰਡ ਏ ਚਾਂਦਪੁਰ। ਇਸਦੇ ਨੇੜਲੇ ਪਿੰਡ ਨੇ ਸਾਦਾਰਾਈਆਂ, ਤਾਰਾਗੜ੍ਹ, ਹਰਗੜ੍ਹ, ਧੁੱਗੇ, ਰੰਧਾਵਾ ਤੇ ਸਹਾਏਪੁਰ।
ਪੰਜਾਬ ਦੇ ਆਮ ਪਿੰਡਾਂ ਵਾਂਗ ਅੱਜਕੱਲ੍ਹ ਇੱਥੇ ਹਿੰਦੂ-ਸਿੱਖ ਵੱਸਦੇ ਹਨ, ਪਰ ਸੰਤਾਲੀ ਤੋਂ ਪਹਿਲਾਂ ਬਾਰ੍ਹਾਂ ਕੁ ਘਰ ਮੁਸਲਮਾਨ ਰਾਜਪੂਤਾਂ ਦੇ ਵੀ ਹੁੰਦੇ ਸਨ। ਫ਼ਿਰੋਜ਼ਦੀਨ ਤੇ ਲੰਬੜਦਾਰ ਨਿਆਮਤ ਖ਼ਾਂ ਇਸ ਪਿੰਡ ਦੇ ਮਸ਼ਹੂਰ ਬੰਦੇ ਸਨ।
ਮੈਂ ਇੱਥੋਂ ਦੇ ਵਾਸੀ ਗੁਰਦੇਵ ਸਿੰਘ ਕੋਲੋਂ ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਪੁੱਛਣ ਗਿਆ ਤਾਂ ਉਹ ਬੋਲਿਆ,“ਕਦੇ ਸਾਡੇ ਵਡੇਰੇ ਅੰਮ੍ਰਿਤਸਰ ਦੇ ਢੰਡ ਪਿੰਡ ’ਚ ਰਹਿੰਦੇ ਸਨ। ਮਿਸਲਾਂ ਵੇਲੇ ਇੱਥੇ ਸਾਨੂੰ ਕਿਸੇ ਰਾਜੇ ਵੱਲੋਂ ਜਾਗੀਰ ਮਿਲੀ ਸੀ। ਤਦੇ ਸਾਨੂੰ ਜਾਗੀਰਦਾਰ ਕਿਹਾ ਜਾਂਦਾ।
ਫ਼ਿਰੋਜ਼ਦੀਨ ਸਾਡੇ ਪਿੰਡ ਦਾ ਪਹਿਲਾ ਮੁੰਡਾ ਸੀ, ਜੋ ਦਸਵੀਂ ਪਾਸ ਕਰਕੇ ਐੱਫ.ਐੱਸ.ਸੀ. ਕਰਨ ਲਈ ਲਾਹੌਰ ਗਿਆ ਸੀ। ਮੈਂ ਉਸ ਵੇਲੇ ਅੱਠ ਕੁ ਸਾਲਾਂ ਦਾ ਸਾਂ, ਜਦੋਂ ਫ਼ਿਰੋਜ਼ਦੀਨ ਐੱਫ.ਐੱਸ.ਸੀ. ਦੀ ਡਿਗਰੀ ਲੈ ਕੇ ਪਿੰਡ ਪਰਤਿਆ ਸੀ।
ਪਿੰਡ ਦੇ ਹਿੰਦੂ, ਸਿੱਖ ਤੇ ਮੁਸਲਮਾਨ ਉਸਨੂੰ ਨਸਰਾਲੇ ਵਾਲੇ ਰੇਲਵੇ ਸਟੇਸ਼ਨ ਤੋਂ ਢੋਲ-ਢਮੱਕੇ ਨਾਲ ਪਿੰਡ ਲੈ ਕੇ ਆਏ ਸਨ। ਫਿਰ ਉਸਦਾ ਵਿਆਹ ਹੋਇਆ। ਬਰਾਤ ਨਾਲ ਮੇਰਾ ਬਾਪੂ ਵੀ ਲਾਹੌਰ ਗਿਆ ਸੀ। ਪਿੰਡ ਦੇ ਹਿੰਦੂ-ਸਿੱਖਾਂ ਦੇ ਘਰਾਂ ’ਚ ਸੁੱਕੀ ਰਸਦ ਵੰਡੀ ਗਈ ਸੀ।
ਬਾਪੂ ਫ਼ਿਰੋਜ਼ਦੀਨ ਨੂੰ ਆਖਦਾ- ਨਾ ਤੇਰਾ ਵਿਆਹ ਲਾਹੌਰ ਹੁੰਦਾ, ਨਾ ਅਸੀਂ ਜੰਮਦੇ। ਫ਼ਿਰੋਜ਼ਦੀਨ ਅੱਗੋਂ ਮਜ਼ਾਕ ’ਚ ਜਵਾਬ ਦਿੰਦਾ- ਚਾਚਾ ਮੈਂ ਇਸੇ ਕਰਕੇ ਤਾਂ ਲਾਹੌਰ ਦੀ ਕੁੜੀ ਲੱਭੀ ਆ ਕਿ ਤੇਰੇ ਜੰਮਣ ਦਾ ਬੰਦੋਬਸਤ ਹੋ ਸਕੇ।
ਫ਼ਿਰੋਜ਼ਦੀਨ ਦਾ ਘਰ ਸਾਡੇ ਬਹੁਤ ਨੇੜੇ ਸੀ। ਅਸੀਂ ਬੱਚੇ ਉਨ੍ਹਾਂ ਦੇ ਘਰ ਖੇਡਣ ਚਲੇ ਜਾਂਦੇ। ਉਸਦੀ ਘਰਵਾਲੀ ਵਰਗੀ ਖ਼ੂਬਸੂਰਤ ਔਰਤ ਮੈਂ ਜ਼ਿੰਦਗੀ ’ਚ ਮੁੜ ਕਦੇ ਨਹੀਂ ਵੇਖੀ। ਅਸੀਂ ਉਸਨੂੰ ਲਾਹੌਰ ਵਾਲੀ ਭਾਬੀ ਕਹਿੰਦੇ। ਇਕ ਦਿਨ ਬਾਪੂ ਨੇ ਮੈਨੂੰ ਕੋਈ ਸੁਨੇਹਾ ਦੇ ਕੇ ਉਨ੍ਹਾਂ ਦੇ ਘਰ ਭੇਜਿਆ। ਮੈਂ ਦਰ ਲੰਘਦਿਆਂ ਵਿਹੜੇ ’ਚ ਆ ਕੇ ਆਵਾਜ਼ ਮਾਰੀ- ਲਾਹੌਰ ਵਾਲੀ ਭਾਬੀ, ਫ਼ਿਰੋਜ਼ਦੀਨ ਭਾਅ ਕਿੱਥੇ ਆ? ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ। ਉਸਦਾ ਗੋਰਾ ਰੰਗ ਗੁਲਾਬੀ ਭਾਹ ਮਾਰਨ ਲੱਗ ਪਿਆ। ਉਸਦੇ ਲੰਮੇ ਕਾਲੇ ਵਾਲ ਉੱਡ-ਉੱਡ ਜਾਣ ਲੱਗੇ। ਉਸ ਦੀਆਂ ਨੀਲੀਆਂ ਅੱਖਾਂ ’ਚ ਪਾਣੀ ਆ ਗਿਆ। ਮੈਨੂੰ ਬਾਹਵਾਂ ’ਚ ਲੈਂਦਿਆਂ ਮਿੱਠਾ ਜਿਹਾ ਘੂਰਦੀ ਹੋਈ ਬੋਲੀ- ਤੁਸੀਂ ਦੁਆਬੀਆਂ ਨੇ ਮੇਰਾ ਨਾਂ ਲਾਹੌਰ ਵਾਲੀ ਭਾਬੀ ਰੱਖਿਆ ਜੇ।
ਚੁਬਾਰੇ ਦੀਆਂ ਪੌੜੀਆਂ ਉਤਰਦਿਆ ਫ਼ਿਰੋਜ਼ਦੀਨ ਬੋਲਿਆ- ਆਹ ਛੋਟੇ ਜਾਗੀਰਦਾਰ ਨੂੰ ਕਾਹਤੋਂ ਨੂੜਿਆ ਪਿਆ?
ਭਾਬੀ ਨੇ ਉਸਨੂੰ ਸਾਰੀ ਗੱਲ ਦੱਸੀ ਤਾਂ ਉਹ ਮੁਸਕਰਾ ਕੇ ਬੋਲਿਆ- ਇਹ ਤਾਂ ਸਗੋਂ ਚੰਗੀ ਗੱਲ ਏ, ਰਾਬੀਆ। ਤੇਰਾ ਲਾਹੌਰ ਤੇਰੇ ਨਾਂ ਨਾਲ ਪੱਕਾ ਜੁੜ ਗਿਆ। ਮੈਂ ਤਾਂ ਖ਼ੁਦ ਸੋਚਦਾਂ ਕਿ ਮੈਂ ਵੀ ਤੈਨੂੰ ਲਾਹੌਰ ਵਾਲੀ ਭਾਬੀ ਕਿਹਾ ਕਰਾਂ। ਇਹ ਗੱਲ ਸੁਣ ਕੇ ਭਾਬੀ ਨੇ ਫ਼ਿਰੋਜ਼ ਭਾਅ ਨੂੰ ਮਿੱਠਾ ਜਿਹਾ ਘੂਰਿਆ।” ਇਹ ਕਹਿੰਦਿਆਂ ਉਹ ਮੁਸਕਰਾ ਕੇ ਚੁੱਪ ਕਰ ਗਿਆ।
“ਕੋਈ ਸੰਤਾਲੀ ਦੀ ਗੱਲ ਸੁਣਾਓ?” ਮੈਂ ਸਵਾਲ ਕੀਤਾ।
“ਸੰਤਾਲੀ ਵੇਲੇ ਤਾਰਾਗੜ੍ਹ ਤੇ ਸ਼ਾਮ ਚੁਰਾਸੀ ’ਚ ਬੜੀ ਕਤਲੋਗਾਰਤ ਹੋਈ। ਸਾਡੇ ਪਿੰਡ ਸਿਰਫ਼ ਇਕ ਕਤਲ ਹੋਇਆ। ਲੰਬੜਦਾਰ ਨਿਆਮਤ ਖਾਂ ਨੂੰ ਸਾਡੇ ਬਜ਼ੁਰਗਾਂ ਨੇ ਬੜਾ ਸਮਝਾਇਆ, ਪਰ ਉਸਨੇ ਪਿੰਡ ਨਾ ਛੱਡਿਆ। ਜਿਸ ਦਿਨ ਸ਼ਾਮ ਚੁਰਾਸੀ ’ਤੇ ਹਮਲਾ ਹੋਇਆ ਤਾਂ ਉਹ ਡਰ ਗਿਆ। ਉਸ ਦਿਨ ਉਹ ਨਸਰਾਲੇ ਵਾਲੇ ਕੈਂਪ ’ਚ ਰਲਣ ਲਈ ਘਰੋਂ ਨਿਕਲਿਆ ਤਾਂ ਕਿਸੇ ਨੇ ਕਤਲ ਕਰ ਦਿੱਤਾ।
ਉਨ੍ਹਾਂ ਦਿਨਾਂ ’ਚ ਫ਼ਿਰੋਜ਼ਦੀਨ ਲਾਹੌਰ ਗਿਆ ਹੋਇਆ ਸੀ। ਪਿੰਡੋਂ ਕੈਂਪ ਵੱਲ ਜਾਂਦਿਆਂ ਮੁਸਲਮਾਨਾਂ ਦੇ ਕਾਫ਼ਲੇ ’ਤੇ ਹਮਲਾ ਹੋ ਗਿਆ। ਲਾਹੌਰ ਵਾਲੀ ਭਾਬੀ ਨੂੰ ਕੋਈ ਚੁੱਕ ਕੇ ਲੈ ਗਿਆ। ਮੁਖਤਾਰ, ਸ਼ਾਹਨਵਾਜ਼, ਦਲਬੀਰ ਤੇ ਮੈਂ ਅਸੀਂ ਚਾਰ ਜਣੇ ਪਿੰਡੋਂ ਨਸਰਾਲੇ ਵਾਲੇ ਸਕੂਲ ਜਾਂਦੇ ਹੁੰਦੇ ਸਾਂ। ਸੰਤਾਲੀ ਤੋਂ ਬਾਅਦ ਅਸੀਂ ਦੋ ਜਣੇ ਰਹਿ ਗਏ। ਸਕੂਲ ਨੂੰ ਜਾਂਦਿਆਂ ਸਾਨੂੰ ਕਦੇ ਕਦਾਈਂ ਇਕ ਸਾਧੂ ਮਿਲਦਾ। ਸਾਨੂੰ ਗਹੁ ਨਾਲ ਵੇਖਦਿਆਂ ਉਹ ਅਗਾਂਹ ਲੰਘ ਜਾਂਦਾ।
ਇਕ ਦਿਨ ਦਲਵੀਰ ਨੇ ਛੁੱਟੀ ਕਰ ਲਈ। ਮੈਂ ਭੰਗੀ ਚੋਅ ਨੂੰ ਪਾਰ ਕਰ ਰਿਹਾ ਸਾਂ ਕਿ ਉਹੀ ਸਾਧੂ ਮੈਨੂੰ ਆਪਣੇ ਵੱਲ ਆਉਂਦਾ ਵਿਖਾਈ ਦਿੱਤਾ। ਇਕੱਲਾ ਹੋਣ ਕਰਕੇ ਮੈਂ ਡਰ ਗਿਆ। ਮੇਰੇ ਕੋਲ ਆਉਂਦਿਆਂ ਉਸਦੇ ਕਦਮ ਰੁਕ ਗਏ। ਮੈਂ ਹੋਰ ਵੀ ਡਰ ਗਿਆ। ਮੈਂ ਉੱਥੋਂ ਦੌੜ ਜਾਣ ਬਾਰੇ ਸੋਚਿਆ ਹੀ ਸੀ ਕਿ ਉਹ ਬੋਲ ਪਿਆ-ਦੇਵ ਕੀ ਹਾਲ ਏ ਤੇਰਾ?
ਇਹ ਤਾਂ ਫ਼ਿਰੋਜ਼ਦੀਨ ਦੀ ਆਵਾਜ਼ ਸੀ। ਲੰਮੇ ਸੁਨਹਿਰੀ ਵਾਲ ਉਸਦੀ ਭਗਵੀਂ ਗੋਲ ਪੱਗ ਤੋਂ ਬਾਹਰ ਆ ਕੇ ਮੋਢਿਆਂ ਨੂੰ ਢਕ ਰਹੇ ਸਨ।
ਮੈਂ ਉਸਨੂੰ ਕਲਾਵੇ ’ਚ ਲੈ ਲਿਆ ਤੇ ਭੁੱਬੀਂ ਰੋਣ ਲੱਗ ਪਿਆ।
“ਭਾਅ ਫ਼ਿਰੋਜ਼ ਤੂੰ ਸਾਧੂ ਕਿਉਂ ਬਣ ਗਿਆਂ?” ਇਹ ਸਵਾਲ ਕਰਦਿਆਂ ਮੇਰਾ ਗੱਚ ਭਰ ਆਇਆ।
ਮੇਰੀ ਪਿੱਠ ਥਾਪੜਦਿਆਂ ਉਹ ਬੋਲਿਆ- ਮੇਰੀ ਜਾਨ ਨੂੰ ਬੜਾ ਖ਼ਤਰਾ ਏ। ਤੂੰ ਕਿਸੇ ਨੂੰ ਵੀ ਮੇਰੇ ਬਾਰੇ ਨਾ ਦੱਸੀਂ। ਤੈਨੂੰ ਪਤਾ ਕਿ ਤੇਰੀ ਭਾਬੀ ਕਿੱਥੇ ਏ?
ਮੈਂ ਹੈਰਾਨ ਹੁੰਦਿਆਂ ਨਾਂਹ ’ਚ ਸਿਰ ਮਾਰਿਆ। ਉਹ ਦਰਦੀਲਾ ਜਿਹਾ ਹਾਸਾ ਹੱਸਦਿਆਂ ਬੋਲਿਆ- ਤੂੰ ਮੇਰੇ ਲਈ ਇਕ ਕੰਮ ਕਰ। ਐਤਕੀਂ ਗਰਮੀਆਂ ਦੀਆਂ ਛੁੱਟੀਆਂ ਤੂੰ ਬੰਸੋ ਭੂਆ ਕੋਲ ਕੱਟਣ ਚਲਾ ਜਾਈਂ। ਉਨ੍ਹਾਂ ਦੇ ਗੁਆਂਢ ’ਚ ਈ ਹਰਦਿਆਲ ਦਾ ਘਰ ਐ। ਉਹ ਹੀ ਉਸਨੂੰ ਚੁੱਕ ਕੇ ਲੈ ਗਿਆ ਏ। ਮੈਂ ਤੈਨੂੰ ਹਰ ਵੀਰਵਾਰ ਲਹਿੰਦੇ ਪਾਸੇ ਵਾਲੀ ਦਰਗਾਹ ਪਿਛਲੇ ਅੰਬਾਂ ਦੇ ਬਾਗ਼ ’ਚ ਮਿਲਿਆ ਕਰੂੰ। ਕਿਸੇ ਨੂੰ ਦੱਸੀ ਨਾ। ਅਗਲੇ ਹਫ਼ਤੇ ਛੁੱਟੀਆਂ ਹੋ ਜਾਣੀਆਂ ਨੇ। ਖ਼ਿਆਲ ਰੱਖੀਂ। ਦੇਖੀਂ ਕਿਤੇ ਹਰਦਿਆਲ ਨੂੰ ਸ਼ੱਕ ਨਾ ਪੈ ਜਾਏ। ਚੰਗਾ ਮੈਂ ਚੱਲਦਾਂ!” ਇਹ ਆਖ ਉਹ ਤੁਰ ਗਿਆ।
ਉਸ ਦਿਨ ਤੋਂ ਬਾਅਦ ਉਹ ਮੁੜ ਕਦੇ ਨਾ ਦਿਸਿਆ। ਬੜੀ ਬੇਸਬਰੀ ਨਾਲ ਮੈਂ ਗਰਮੀਆਂ ਦੀਆਂ ਛੁੱਟੀਆਂ ਉਡੀਕਣ ਲੱਗਾ। ਮੈਨੂੰ ਸੁਪਨੇ ਵੀ ਲਾਹੌਰ ਵਾਲੀ ਭਾਬੀ ਦੇ ਆਉਂਦੇ। ਬਾਤਾਂ ਵਾਲੀ ਪਰੀ ਵਾਂਗ, ਉਹ ਕਿਸੇ ਬੋਤਲ ’ਚ ਕੈਦ ਹੋਈ ਵਿਖਾਈ ਦਿੰਦੀ। ਹਰਦਿਆਲ ਕਿਸੇ ਜਿੰਨ ਵਾਂਗ ਉੱਚੀ-ਉੱਚੀ ਹੱਸਦਾ, ਉਸਦੇ ਦੁਆਲੇ ਘੁੰਮ ਰਿਹਾ ਹੁੰਦਾ।
ਛੁੱਟੀਆਂ ਹੋਈਆਂ। ਮੈਂ ਰੰਧਾਵੇ ਪਿੰਡ ਚਲਾ ਗਿਆ। ਮੈਂ ਹਰਦਿਆਲ ਦੇ ਭਤੀਜੇ ਬਿੱਕਰ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਮੈਂ ਉਸਦਾ ਦੋਸਤ ਬਣ ਗਿਆ। ਅਸੀਂ ਸਵੇਰ-ਸ਼ਾਮ ਬਾਹਰ ਖੇਤਾਂ ਵੱਲ ਵੀ ਇਕੱਠੇ ਜਾਂਦੇ। ਹੌਲੀ-ਹੌਲੀ ਅਸੀਂ ਕੁੜੀਆਂ-ਚਿੜੀਆਂ ਦੀਆਂ ਗੱਲਾਂ ਕਰਨ ਲੱਗ ਪਏ। ਇਕ ਦਿਨ ਮੈਂ ਆਖਿਆ- ਬਿੱਕਰ ਤੁਹਾਡੇ ਪਿੰਡ ’ਚ ਸਭ ਨਾਲੋਂ ਸੋਹਣੀ ਜਨਾਨੀ ਕਿਹੜੀ ਏ?
“ਮੇਰੀ ਚਾਚੀ!” ਇਹ ਆਖ ਉਹ ਹੱਸ ਪਿਆ।
“ਚਾਚਾ ਤਾਂ ਤੇਰਾ ਵਿੰਗੜ ਜਿਹਾ। ਲੱਗਦੈ ਤੂੰ ਝੂਠ ਬੋਲਦੈ!” ਮੈਂ ਹੱਸ ਕੇ ਆਖਿਆ।
“ਉਹ ਕਿਹੜਾ ਵਿਆਹ ਕੇ ਲਿਆਇਆ। ਸੰਤਾਲੀ ਦੀ ਚੁੱਕੀ ਹੋਈ ਆ।” ਬਿੱਕਰ ਤਾੜੀ ਮਾਰਦਿਆਂ ਬੋਲਿਆ।
“ਮੈਂ ਇਕ ਵਾਰ ਉਸਨੂੰ ਵੇਖਣਾ ਚਾਹੁੰਦਾ!” ਮੈਂ ਤਰਲਾ ਜਿਹਾ ਲਿਆ।
ਜਿਸ ਦਿਨ ਹਰਦਿਆਲ ਗੱਡਾ ਲੈ ਕੇ ਸ਼ਹਿਰ ਗਿਆ ਹੋਇਆ ਸੀ, ਉਹ ਮੈਨੂੰ ਇਕ ਉੱਜੜੇ ਜਿਹੇ ਘਰ ’ਚ ਲੈ ਗਿਆ। ਉਹ ਹਰਦਿਆਲ ਦਾ ਨਹੀਂ, ਕਿਸੇ ਹੋਰ ਦਾ ਘਰ ਸੀ।
ਮੈਨੂੰ ਵੇਖਦਿਆਂ, ਉਹ ਤ੍ਰਭਕ ਪਈ। ਮੈਂ ਬਿੱਕਰ ਕੋਲੋਂ ਅੱਖ ਬਚਾ ਕੇ ਉਸਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ। ਬਿੱਕਰ ਨੇ ਉਸ ਨਾਲ ਆਸੇ-ਪਾਸੇ ਦੀਆਂ ਦੋ-ਚਾਰ ਗੱਲਾਂ ਕੀਤੀਆਂ ਤੇ ਅਸੀਂ ਮੁੜ ਆਏ।
ਆਉਂਦੇ ਵੀਰਵਾਰ ਮੈਂ ਫ਼ਿਰੋਜ਼ਖਾਨ ਵੱਲੋਂ ਦੱਸੀ ਥਾਂ ’ਤੇ ਪਹੁੰਚਿਆ। ਉਸਨੂੰ ਸਾਰੀ ਕਹਾਣੀ ਦੱਸੀ। ਉਹ ਖ਼ੁਸ਼ ਹੋ ਗਿਆ। ਮੇਰਾ ਮੱਥਾ ਚੁੰਮਦਿਆਂ ਬੋਲਿਆ- ਅੱਜ ਚਾਰ ਵਰ੍ਹਿਆਂ ਬਾਅਦ, ਮੈਨੂੰ ਉਸਦਾ ਸਹੀ ਟਿਕਾਣਾ ਪਤਾ ਲੱਗਿਆ। ਤੂੰ ਸੰਭਲ ਕੇ ਮਿਲੀ ਉਸਨੂੰ। ਮੇਰਾ ਸੁਨੇਹਾ ਦਈਂ ਕਿ ਮੈਂ ਉਸਨੂੰ ਛੇਤੀਂ ਲੈ ਜਾਣਾ।
ਮੈਂ ਸੋਚਿਆ ਸੀ ਕਿ ਸੁਨੇਹਾ ਸੁਣਦਿਆਂ ਭਾਬੀ ਖ਼ੁਸ਼ੀ ’ਚ ਮੇਰਾ ਮੂੰਹ ਚੁੰਮ ਲਵੇਗੀ, ਪਰ ਹੋਇਆ ਇਸਦੇ ਬਿਲਕੁਲ ਉਲਟ। ਉਹ ਧਾਹ ਮਾਰਕੇ ਬੋਲੀ- ਆਪਣੇ ਭਾਈ ਨੂੰ ਆਖ ਦਈਂ ਕਿ ਹੁਣ ਮੈਂ ਕਿਤੇ ਨਹੀਂ ਜਾਣਾ। ਮੈਂ ਉਨ੍ਹਾਂ ਦੇ ਕਾਬਿਲ ਨਹੀਂ ਰਹੀ। ਉਹ ਮੈਨੂੰ ਭੁਲਾ ਦੇਣ।
ਅਗਲੇ ਵੀਰਵਾਰ, ਜਦੋਂ ਮੈਂ ਫ਼ਿਰੋਜ਼ਦੀਨ ਨੂੰ ਇਹ ਸੁਨੇਹਾ ਦਿੱਤਾ ਤਾਂ ਉਹ ਅੱਧ-ਰੋਂਦੀ ਆਵਾਜ਼ ’ਚ ਕਹਿਣ ਲੱਗਾ- ਉਸਨੂੰ ਕਹੀਂ ਕਿ ਜੇਕਰ ਇਸ ਦੁਨੀਆਂ ’ਚ ਉਹ ਕਿਸੇ ਸ਼ਖ਼ਸ ਦੇ ਕਾਬਿਲ ਹੈ ਤਾਂ ਉਹ ਸਿਰਫ਼ ਮੈਂ ਹਾਂ। ਨਾਲੇ ਇਹ ਵੀ ਆਖ ਦਈਂ ਕਿ ਜੇਕਰ ਉਹ ਮੇਰੇ ਨਾਲ ਨਾ ਤੁਰੀ ਤਾਂ ਮੈਂ ਇੱਥੇ ਹੀ ਮਰ ਜਾਣਾ।
ਇਸ ਸੁਨੇਹੇ ਤੋਂ ਬਾਅਦ ਭਾਬੀ ਮੰਨ ਗਈ। ਜਦੋਂ ਇਹ ਗੱਲ ਮੈਂ ਫ਼ਿਰੋਜ਼ਦੀਨ ਭਾਅ ਨੂੰ ਦੱਸੀ ਤਾਂ ਉਹ ਕਈ ਦੇਰ ਮੇਰਾ ਮੁੱਖ ਚੁੰਮਦਾ ਰਿਹਾ। ਚੋਲੇ ਦੀ ਜੇਬ ’ਚੋਂ ਪੁੜੀ ਕੱਢ ਕੇ ਫੜਾਉਂਦਿਆਂ ਬੋਲਿਆ- ਉਸਨੂੰ ਆਖੀਂ ਕਿ ਕੱਲ੍ਹ ਰਾਤ ਇਹ ਦੁੱਧ ’ਚ ਪਾ ਕੇ ਹਰਦਿਆਲ ਨੂੰ ਪਿਲਾ ਦੇਵੇ। ਮੈਂ ਅੱਧੀ ਕੁ ਰਾਤੀਂ ਦਰ ਖੜਕਾਵਾਂਗਾ।
ਤੀਜੀ ਸਵੇਰ ਰੰਧਾਵਿਆਂ ’ਚ ਰੌਲਾ ਪੈ ਗਿਆ ਕਿ ਹਰਦਿਆਲ ਦੀ ਘਰ ਵਾਲੀ ਕਿਸੇ ਹੋਰ ਨਾਲ ਭੱਜ ਗਈ ਏ। ਮੈਨੂੰ ਇਉਂ ਮਹਿਸੂਸ ਹੋਇਆ ਕਿ ਮੈਂ ਜਿੰਨ ਦੀ ਕੈਦ ’ਚੋਂ ਮੁਕਤ ਕਰਕੇ ਇਕ ਪਰੀ ਨੂੰ ਉਸਦੇ ਸ਼ਹਿਜ਼ਾਦੇ ਨਾਲ ਮਿਲਾ ਦਿੱਤਾ ਏ।
ਸੰਪਰਕ : 97818-43444