ਮੁੰਬਈ: ਫਿਲਮ ਨਿਰਮਾਤਾ ਸੰਜੈ ਲੀਲ੍ਹਾ ਭੰਸਾਲੀ ਨਿਰਦੇਸ਼ਿਤ ਫਿਲਮ ‘ਗੰਗੂਬਾਈ ਕਾਠੀਆਵਾੜੀ’ ਸਿਨੇਮਾਘਰਾਂ ਵਿੱਚ 25 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। ਅਦਾਕਾਰਾ ਆਲੀਆ ਭੱਟ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਹ ਜਾਣਕਾਰੀ ਭੰਸਾਲੀ ਪ੍ਰੋਡਕਸ਼ਨਜ਼ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਂਝੀ ਕੀਤੀ ਗਈ ਹੈ। ਇਹ ਫਿਲਮ ਪ੍ਰਸਿੱਧ ਲੇਖਕ ਹੁਸੈਨ ਜ਼ੈਦੀ ਦੀ ਕਿਤਾਬ ‘ਮਾਫੀਆ ਕੁਈਨਜ਼ ਆਫ ਮੁੰਬਈ’ ਵਿੱਚ ਦਰਜ ਇੱਕ ਕਹਾਣੀ ’ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਅਦਾਕਾਰਾ ਆਲੀਆ ਭੱਟ 1960ਵਿਆਂ ਵਿੱਚ ਮੁੰਬਈ ਦੇ ਲਾਲ ਬੱਤੀ ਇਲਾਕੇ ਕਮਾਥੀਪੁਰਾ ਦੀ ਸਭ ਤੋਂ ਮਸ਼ਹੂਰ ਤੇ ਸਭ ਤੋਂ ਸਤਿਕਾਰਤ ਮਹਿਲਾ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਕੋਲ ਉਸ ਵੇਲੇ ਅਥਾਹ ਤਾਕਤ ਸੀ ਤੇ ਲੋਕ ਉਸ ਨੂੰ ਅਥਾਹ ਪਿਆਰ ਤੇ ਸਤਿਕਾਰ ਦਿੰਦੇ ਸਨ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਕਾਰਨ ਇਸ ਫਿਲਮ ਦੀ ਰਿਲੀਜ਼ ਕਈ ਵਾਰ ਮੁਲਤਵੀ ਕੀਤੀ ਜਾਂਦੀ ਰਹੀ ਹੈ। ਇਸ ਫਿਲਮ ਦਾ ਨਿਰਮਾਣ ਭੰਸਾਲੀ ਪ੍ਰੋਡਕਸ਼ਨਜ਼ ਅਤੇ ਜੈਅੰਤੀਲਾਲ ਗੜਾ ਦੇ ਪੈੱਨ ਇੰਡੀਆ ਲਿਮਿਟਡ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ। ਇਸ ਫਿਲਮ ਵਿੱਚ ਅਦਾਕਾਰ ਅਜੈ ਦੇਵਗਨ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ। ਅਗਲੇ ਮਹੀਨੇ ਹੋਣ ਜਾ ਰਹੇ 72ਵੇਂ ਬਰਲਿਨ ਕੌਮਾਂਤਰੀ ਫਿਲਮ ਫੈਸਟੀਵਲ ਦੌਰਾਨ ਇਸ ਫਿਲਮ ਨੂੰ ਵਿਸ਼ਵ ਪੱਧਰ ’ਤੇ ਦਿਖਾਇਆ ਜਾਵੇਗਾ। -ਪੀਟੀਆਈ