ਮਨਦੀਪ ਸਿੰਘ ਸਿੱਧੂ
ਭਾਵਨਾ ਭੱਟ ਨੂੰ ਪੰਜਾਬੀ ਫ਼ਿਲਮਾਂ ਵਿਚ ਲਿਆਉਣ ਦਾ ਮਾਣ ਸਿਆਲਕੋਟੀਏ ਸਤੀਸ਼ ਭਾਖੜੀ ਨੂੰ ਹਾਸਲ ਹੈ। ਉਨ੍ਹਾਂ ਨੂੰ ਆਪਣੀ ਫ਼ਿਲਮ ਲਈ ਇਕ ਅਜਿਹੇ ਚਿਹਰੇ ਦੀ ਤਲਾਸ਼ ਸੀ, ਜਿਸ ਵਿਚੋਂ ਮਾਸੂਮੀਅਤ, ਸਾਦਗੀ ਤੇ ਚੁਲਬੁਲਾਪਣ ਝਲਕਦਾ ਹੋਵੇ। ਇਹ ਤਮਾਮ ਖ਼ੂਬੀਆਂ ਭਾਵਨਾ ਭੱਟ ਵਿਚ ਮੌਜੂਦ ਸਨ। ਹਿੰਦੀ ਤੋਂ ਪੰਜਾਬੀ ਫ਼ਿਲਮਾਂ ਵੱਲ ਆਈ ਅਦਾਕਾਰਾ ਭਾਵਨਾ ਭੱਟ ਦੀ ਪੈਦਾਇਸ਼ 1 ਜੁਲਾਈ ਨੂੰ ਬੜੋਦਰਾ, ਗੁਜਰਾਤ ਦੇ ਬ੍ਰਾਹਮਣ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਚੰਦਰ ਵਰਧਨ ਭੱਟ ਅਤੇ ਮਾਤਾ ਨਿਹਾਰਕਾ ਭੱਟ ਦੋਵੇਂ ਧਾਰਮਿਕ ਰੁਚੀਆਂ ਵਾਲੇ ਸਨ। ਮਾਪੇ ਇਸ ਨੂੰ ਪਿਆਰ ਨਾਲ ‘ਧਨੀ’ ਕਹਿ ਕੇ ਮੁਖ਼ਾਤਬਿ ਹੁੰਦੇ ਸਨ।
ਜਦੋਂ ਪੀ. ਐੱਲ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਸਤੀਸ਼ ਭਾਖੜੀ ਨੇ ਆਪਣੀ ਹਿਦਾਇਤਕਾਰੀ ਵਿਚ ਪਹਿਲੀ ਪੰਜਾਬੀ ਫ਼ਿਲਮ ‘ਲੱਛੀ’ (1977) ਬਣਾਈ ਤਾਂ ਉਨ੍ਹਾਂ ਨੇ ਭਾਵਨਾ ਭੱਟ ਨੂੰ ਅਦਾਕਾਰੀ ਦਾ ਸੋਹਣਾ ਮੌਕਾ ਦਿੱਤਾ, ਜਿਸ ਨੂੰ ਪੰਜਾਬੀ ਉੱਕਾ ਹੀ ਨਹੀਂ ਆਉਂਦੀ ਸੀ। ਫ਼ਿਲਮ ਵਿਚ ਭਾਵਨਾ ਨੇ ‘ਲੱਛੀ’ ਦਾ ਟਾਈਟਲ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਸਤੀਸ਼ ਕੌਲ ‘ਰਾਜੂ’ ਦਾ ਪਾਰਟ ਨਿਭਾ ਰਿਹਾ ਸੀ। ਕਹਾਣੀ ਤੇ ਮੰਜ਼ਰਨਾਮਾ ਰੌਸ਼ਨਲਾਲ ਭਾਰਦਵਾਜ, ਮੁਕਾਲਮੇ ਕਮਰ ਜਲਾਲਾਬਾਦੀ ਤੇ ਭਾਰਦਵਾਜ, ਗੀਤ ਮੁਨਸਿਫ਼ ਅਤੇ ਸੰਗੀਤ ਹੰਸਰਾਜ ਬਹਿਲ ਨੇ ਮੁਰੱਤਬਿ ਕੀਤਾ। ਸਤੀਸ਼ ਭਾਖੜੀ ਨੇ ਦੱਸਿਆ ਕਿ ਉਨ੍ਹਾਂ ਨੇ ਭਾਵਨਾ ਭੱਟ ਨੂੰ ਸਾਰੇ ਪੰਜਾਬੀ ਮੁਕਾਲਮੇ (ਸੰਵਾਦ) ਹਿੰਦੀ ਵਿਚ ਲਿਖ ਕੇ ਦਿੱਤੇ ਸਨ। ਫ਼ਿਲਮ ਵਿਚ ਭਾਵਨਾ ਤੇ ਸਤੀਸ਼ ’ਤੇ ਫ਼ਿਲਮਾਏ ਗੀਤ ‘ਸਿਖਰ ਦੁਪਹਿਰੇ ਮਾਹੀ ਧੁੱਪੇ ਹਲ ਵਾਹਵੇ’ (ਸਵਿਤਾ ਸੁਮਨ, ਮਹਿੰਦਰ ਕਪੂਰ), ‘ਰੱਬ ਜਾਣੇ ਮਾਹੀ ਕਿਉਂ ਬੁਲਾਇਆਂ ਨਹੀਂ ਬੋਲਦਾ’ (ਦਿਲਰਾਜ ਕੌਰ), ਭੰਗੜਾ ਗੀਤ ‘ਗੋਰੀਏ ਚੜ੍ਹਿਆ ਸੋਲਵ੍ਹਾਂ ਸਾਲ’ (ਮੁਹੰਮਦ ਰਫ਼ੀ, ਸਵਿਤਾ ਸੁਮਨ) ਆਦਿ ਤੋਂ ਇਲਾਵਾ ਰਜ਼ਾ ਮੁਰਾਦ ’ਤੇ ਫ਼ਿਲਮਾਇਆ ‘ਅਸਾਂ ਯਾਰ ਦੇ ਨਜ਼ਾਰੇ ਵਿਚੋਂ ਰੱਬ ਵੇਖਿਆ’ (ਮੁਹੰਮਦ ਰਫ਼ੀ) ਸ਼ਾਹਕਾਰ ਗੀਤ ਦਾ ਦਰਜਾ ਰੱਖਦਾ ਹੈ। ਇਹ ਫ਼ਿਲਮ 8 ਸਤੰਬਰ 1979 ਨੂੰ ਨੀਲਮ ਥੀਏਟਰ, ਚੰਡੀਗੜ੍ਹ ਵਿਖੇ ਨੁਮਾਇਸ਼ ਹੋਈ। ਹਿੰਦੀ ਵਿਚ ਇਹ ਫ਼ਿਲਮ ਐੱਮ. ਕੇ. ਬੀ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ‘ਬਦਮਾਸ਼ੋਂ ਕਾ ਬਦਮਾਸ਼’ (1979) ਦੇ ਸਿਰਲੇਖ ਹੇਠ ਡੱਬ ਹੋਈ। ਉਸ ਦੀ ਦੂਜੀ ਪੰਜਾਬੀ ਫ਼ਿਲਮ ਵੀ ਹਿਦਾਇਤਕਾਰ ਸਤੀਸ਼ ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਭਾਖੜੀ ਫ਼ਿਲਮਜ਼, ਬੰਬੇ ਦੀ ‘ਜੱਟ ਪੰਜਾਬੀ’ (1979) ਸੀ। ਫ਼ਿਲਮ ਵਿਚ ਉਸ ਨੇ ‘ਜੀਤੋ’ ਦਾ ਪਾਰਟ ਅਦਾ ਕੀਤਾ, ਜਿਸ ਦੇ ਸਨਮੁਖ ਸਤੀਸ਼ ਕੌਲ ‘ਹੀਰਾ’ ਦਾ ਰੋਲ ਕਰ ਰਿਹਾ ਸੀ। ਫ਼ਿਲਮ ਵਿਚ ਭਾਵਨਾ ਭੱਟ ਤੇ ਸਤੀਸ਼ ਕੌਲ ’ਤੇ ਫ਼ਿਲਮਾਏ ਗੀਤ ‘ਜਿੰਦੇ ਮੇਰੀਏ’ (ਆਸ਼ਾ ਭੌਸਲੇ, ਮਹਿੰਦਰ ਕਪੂਰ), ‘ਬੁੱਲ੍ਹੇ ਸ਼ਾਹ…ਦਾਣਾ ਮਿੱਟੀ ਫਿਰ ਮਿੱਟੀ’ (ਮਹਿੰਦਰ ਕਪੂਰ, ਸਵਿਤਾ ਸੁਮਨ, ਜਸਪਾਲ ਸਿੰਘ) ਆਦਿ ਵੀ ਪਸੰਦ ਕੀਤੇ ਗਏ। ਉਸ ਦੀ ਤੀਜੀ ਫ਼ਿਲਮ ਨਾਨਕ ਮੂਵੀਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ‘ਰਾਂਝਾ ਇਕ ਤੇ ਹੀਰਾਂ ਦੋ’ (1979) ਸੀ। ਫ਼ਿਲਮ ਵਿਚ ਉਸ ਨੇ ‘ਸਵੀਟੀ’ ਤੇ ‘ਬਚਨੀ’ ਨਾਮੀ ਡਬਲ ਕਿਰਦਾਰ ਨਿਭਾਇਆ, ਹੀਰੋ ਵਜੋਂ ਧੀਰਜ ਕੁਮਾਰ ‘ਵਿਜੈ’ ਦਾ ਪਾਤਰ ਅਦਾ ਕਰ ਰਿਹਾ ਸੀ। ਕਹਾਣੀ ਤੇ ਗੀਤ ਚਮਨ ਲਾਲ ਸ਼ੁਗਲ, ਮੰਜ਼ਰਨਾਮਾ ਤੇ ਮੁਕਾਲਮੇ ਜਸਵੰਤ ਅਹੂਜਾ ਅਤੇ ਸੰਗੀਤ ਸੁਰਿੰਦਰ ਕੋਹਲੀ ਨੇ ਮੁਰੱਤਬਿ ਕੀਤਾ ਸੀ। ਫ਼ਿਲਮ ’ਚ ਭਾਵਨਾ ਤੇ ਧੀਰਜ ਕੁਮਾਰ ’ਤੇ ਫ਼ਿਲਮਾਏ ਗੀਤ ‘ਮੈਨੂੰ ਕੋਈ ਸਾਂਭੋਂ ਨੀਂ’ (ਦਿਲਰਾਜ ਕੌਰ), ‘ਮੇਰੇ ਬਾਬੂ ਸੂਰਦਾਸ ਜੀ’ (ਦਿਲਰਾਜ ਕੌਰ, ਕੇ. ਦੀਪ), ‘ਨੀਂ ਕੁੜੀਏ…ਠਹਿਰ ਜਾ ਵੇ ਠਹਿਰ ਜਾ ਟਰੱਕ ਦੇ ਡਰੈਵਰਾ’ (ਮੁਹੰਮਦ ਰਫ਼ੀ, ਦਿਲਰਾਜ ਕੌਰ, ਸੁਰਿੰਦਰ ਕੋਹਲੀ) ‘ਓ ਤੈਨੂੰ ਦਿਲ ਦੇ ਵਿਚ ਵਸਾਇਆ ਏ ਪਰ ਤੂੰ ਕੀ ਜਾਣੇ’ (ਸੁਰਿੰਦਰ ਕੋਹਲੀ) ਅਤੇ ਭੰਗੜਾ ਗੀਤ ‘ਮੇਰੀ ਜੱਟੀ ਹੀ ਕਣਕ ਦੇ ਰੰਗ ਦੀ’ ਆਦਿ ਬੜੇ ਹਿੱਟ ਹੋਏ। ਇਹ ਫ਼ਿਲਮ 7 ਦਸੰਬਰ 1979 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਅਦਾਕਾਰ ਤੇ ਹਿਦਾਇਤਕਾਰ ਸਮੀਪ ਕੰਗ ਦੇ ਸਹੁਰਾ ਸਾਹਬ ਅਮਰਜੀਤ ਸਰਕਾਰੀਆ ਦੇ ਫ਼ਿਲਮਸਾਜ਼ ਅਦਾਰੇ ਪਰਨੀਤ ਇੰਟਰਨੈਸ਼ਨਲ, ਬੰਬੇ ਦੀ ਫ਼ਿਲਮ ‘ਸਰਦਾਰ-ਏ-ਆਜ਼ਮ’ (1979) ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਰੋਲ ਵਿਜੈ ਟੰਡਨ ਨੇ ਅਦਾ ਕੀਤਾ ਸੀ। ਫ਼ਿਲਮ ਵਿਚ ਭਾਵਨਾ ਭੱਟ ਨੇ ਕਰਤਾਰ ਸਿੰਘ ਦੀ ਪ੍ਰਸ਼ੰਸਕ ਬੀਬੀ ‘ਬੀਰ੍ਹੀ’ ਦਾ ਸੋਹਣਾ ਕਿਰਦਾਰ ਨਿਭਾਇਆ। ਫ਼ਿਲਮ ’ਚ ਭਾਵਨਾ ’ਤੇ ਫ਼ਿਲਮਾਏ ਗੀਤ ‘ਵੇ ਦਿਲਾ ਲੱਖਾਂ ਮੁਬਾਰਕਾਂ ਹੋਣ ਤੈਨੂੰ’ (ਆਸ਼ਾ ਭੌਸਲੇ), ‘ਮਾਹੀ ਨੇ ਲਿਆ ਕੇ ਮੈਨੂੰ ਦਿੱਤੀਆਂ ਨੇ ਚੂੜੀਆਂ’ (ਸਵਿਤਾ ਸੁਮਨ) ਬੜੇ ਮਕਬੂਲ ਹੋਏ। ਇਹ ਫ਼ਿਲਮ 17 ਅਗਸਤ 1979 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਐੱਮ. ਜੇ. ਯੂ. ਫ਼ਿਲਮਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਗੋਰੀ ਦੀਆਂ ਝਾਂਜਰਾਂ’ (1980) ਵਿਚ ਉਸ ਨੇ ਮਜ਼ਾਹੀਆ ਅਦਾਕਾਰ ਮਿਹਰ ਮਿੱਤਲ ਦੀ ਭੈਣ ‘ਕਿਰਨ’ ਦਾ ਅਤੇ ਹੀਰੋ ਧੀਰਜ ਕੁਮਾਰ ‘ਸੂਰਜ’ ਦੇ ਕਿਰਦਾਰ ਵਿਚ ਮੌਜੂਦ ਸੀ।
ਅਮਰ ਸ਼ਕਤੀ ਪ੍ਰੋਡਕਸ਼ਨਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਅੰਗਰੇਜਣ’ (1982) ਵਿਚ ਉਸ ਨੇ ਅੰਗਰੇਜਣ ‘ਸੋਨੀਆ’ ਦਾ ਤੇ ਸਤੀਸ਼ ਕੌਲ ‘ਰਾਜੂ’ ਦਾ ਪਾਰਟ ਨਿਭਾ ਰਿਹਾ ਸੀ। ਫ਼ਿਲਮ ’ਚ ਭਾਵਨਾ ਤੇ ਸਤੀਸ਼ ’ਤੇ ਫ਼ਿਲਮਾਏ ਗੀਤ ‘ਨੀਂ ਲਾੜਾ ਲੈਣਾ ਏ ਸਕੂਟਰ ਵਾਲਾ’ (ਮੀਨੂੰ ਪ੍ਰਸ਼ੋਤਮ) ਤੇ ‘ਓ ਕਿਹੜਾ ਵੇਲਾ ਹੋਇਆ ਪਾਣੀ ਲੈਣ ਆਈ…ਹਾੜ੍ਹਾ ਵੇ ਮੇਰਾ ਗੁੱਟ ਛੱਡ ਦੇ’ (ਦਿਲਰਾਜ ਕੌਰ, ਅਰਜਨ ਦੇਵ ਅਮਰ) ਵੀ ਖ਼ੂਬ ਚੱਲੇ। ਚੇਤਨ ਫ਼ਿਲਮਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਛਮਕ ਛੱਲੋ’ (1982) ’ਚ ਇਕ ਵਾਰ ਫਿਰ ਭਾਵਨਾ ਤੇ ਸਤੀਸ਼ ਦੀ ਜੋੜੀ ਦਰਸ਼ਕਾਂ ਦੇ ਰੂਬਰੂ ਸੀ। ਸਨਰਾਈਜ਼ ਇੰਟਰਪ੍ਰਾਈਸਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਣੋ’ (1982) ’ਚ ਉਸ ਨੇ ‘ਰਾਣੋ’ ਦਾ ਟਾਈਟਲ ਰੋਲ ਅਦਾ ਕੀਤਾ ਅਤੇ ਹੀਰੋ ਫਿਰ ਸਤੀਸ਼ ਕੌਲ ਸਨ। ਗੀਤ ਬਾਬੂ ਸਿੰਘ ਮਾਨ ਅਤੇ ਸੰਗੀਤਕਾਰ ਮੁਹੰਮਦ ਸਦੀਕ ਸਨ। ਭਾਵਨਾ ਭੱਟ ’ਤੇ ਫ਼ਿਲਮਾਏ ‘ਅੱਲ੍ਹੜ ਜਵਾਨੀ ਦੂਜੀ ਅੱਖ ਮਸਤਾਨੀ’ (ਸਵਿਤਾ ਸੁਮਨ, ਰਣਜੀਤ ਕੌਰ), ‘ਓ ਬਿੱਲੋ ਸੋਹਣੀਏ ਹਾਏ ਨੀਂ ਮਨਮੋਹਣੀਏ’ (ਸੁਰੇਸ਼ ਵਾਡਕਰ, ਰਣਜੀਤ ਕੌਰ), ‘ਅਸੀਂ ਅੱਲ੍ਹੜਪੁਣੇ ਵਿਚ ਐਂਵੇ ਅੱਖੀਆਂ ਲਾ ਬੈਠੇ’ (ਰਣਜੀਤ ਕੌਰ, ਸੁਰੇਸ਼ ਵਾਡਕਰ) ਅਤੇ ਭੰਗੜਾ ਗੀਤ ‘ਤੇਰੀ ਸੱਪਣੀ ਵਰਗੀ ਤੋਰ ਕੁੜੇ’ (ਮਹਿੰਦਰ ਕਪੂਰ, ਰਣਜੀਤ ਕੌਰ) ਆਦਿ ਗੀਤ ਬੇਹੱਦ ਮਕਬੂਲ ਹੋਏ। ਡੀ. ਐੱਮ. ਇੰਟਰਪ੍ਰਾਈਸਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਬੱਗਾ ਡਾਕੂ’ (1983), ਜਿਸ ਦਾ ਟਾਈਟਲ ਰੋਲ ਫ਼ਿਲਮਸਾਜ਼ ਦਰਸ਼ਨ ਬੱਗਾ ਨੇ ਨਿਭਾਇਆ। ਫ਼ਿਲਮ ’ਚ ਭਾਖੜੀਆਂ ਦੀ ਮਸ਼ਹੂਰ ਜੋੜੀ ਭਾਵਨਾ ਭੱਟ (ਬਸੰਤੀ) ਤੇ ਸਤੀਸ਼ ਕੌਲ (ਅਮਰ) ਇਕ ਵਾਰ ਆਪਣੀ ਰੁਮਾਨੀਅਤ ਨਾਲ ਛਾਏ ਹੋਏ ਸਨ। ਜੋੜਾ ਫ਼ਿਲਮਜ਼, ਬੰਬੇ ਦੀ ਚੰਦੂ ਨਿਰਦੇਸ਼ਿਤ ਫ਼ਿਲਮ ‘ਭੁਲੇਖਾ’ (1983) ’ਚ ਭਾਵਨਾ ਨੇ ‘ਜੋਤੀ’ ਦਾ ਤੇ ਸਤੀਸ਼ ਕੌਲ ‘ਦੀਪਕ’ ਦਾ ਰਲ ਕਰ ਰਿਹਾ ਸੀ। ਸੁਰਿੰਦਰ ਕੋਹਲੀ ਦੇ ਸੰਗੀਤ ਵਿਚ ਭਾਵਨਾ ਤੇ ਸਤੀਸ਼ ’ਤੇ ਫ਼ਿਲਮਾਏ ਗੀਤ ‘ਮੇਲਾ…ਕਿ ਤੇਰੀ ਮੇਰੀ ਅੱਖ ਲੜ ਗਈ’ (ਸ਼ਲਿੰਦਰ ਸਿੰਘ, ਅਨੁਰਾਧਾ ਪੌਡਵਾਲ) ਤੋਂ ਇਲਾਵਾ ‘ਇਸ਼ਕੇ ਦੀ ਆਈ ਬਹਾਰ’ (ਦਿਲਰਾਜ ਕੌਰ, ਸ਼ਲਿੰਦਰ ਸਿੰਘ) ਗੀਤ ਬੜੇ ਪਸੰਦ ਕੀਤੇ ਗਏ। ਦਸਮੇਸ਼ ਆਰਟ ਪ੍ਰੋਡਕਸ਼ਨਜ਼, ਲੁਧਿਆਣਾ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸੱਸੀ ਪੁਨੂੰ’ (1983) ’ਚ ਭਾਵਨਾ ਭੱਟ ‘ਸੱਸੀ ਤੇ ਸਤੀਸ਼ ਕੌਲ ‘ਪੁਨੂੰ’ ਦੇ ਕਿਰਦਾਰ ਵਿਚ ਮੌਜੂਦ ਸਨ। ਨਵਯੁੱਗ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਲਾਲ ਚੂੜਾ’ (1984) ’ਚ ਭਾਵਨਾ ਭੱਟ ਨਾਲ ਨਵਾਂ ਹੀਰੋ ਸੰਦੀਪ ਕੁਮਾਰ ਆਪਣੇ ਫ਼ਨ ਦੀ ਨੁਮਾਇਸ਼ ਕਰ ਰਿਹਾ ਸੀ। ਕਮਲ ਕਾਂਤ ਦੇ ਸੰਗੀਤ ਵਿਚ ਭਾਵਨਾ ਤੇ ਸੰਦੀਪ ’ਤੇ ਫ਼ਿਲਮਾਏ ਗੀਤ ‘ਸੋਹਣੀਏ ਬਹਾਰਾਂ ਵਿਚ ਰੱਬ ਨੇ ਬਣਾਇਆ’ (ਅਨਵਰ, ਅਨੁਰਾਧਾ ਪੌਡਵਾਲ), ‘ਹੋ ਛੱਲਾ ਲਿਸ਼ਕਾਂ ਮਾਰੇ’ (ਮਹਿੰਦਰ ਕਪੂਰ, ਚੰਦਰਾਨੀ ਮੁਖਰਜੀ) ਆਦਿ ਗੀਤ ਬਹੁਤ ਚੱਲੇ। ਐੱਮ. ਕੇ. ਬੀ. ਫ਼ਿਲਮਜ਼, ਬੰਬੇ ਦੀ ਮੋਹਣ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੀਜਾ ਸਾਲੀ’ (1985) ’ਚ ਭਾਵਨਾ ਭੱਟ ਨੇ ‘ਕਿੱਟੀ’ ਦਾ ਅਤੇ ਸਤੀਸ਼ ਕੌਲ ਨੇ ਨਕਲੀ ਜੀਜੇ ‘ਸਤੀਸ਼’ ਦਾ ਰੋਲ ਅਦਾ ਕੀਤਾ। ਹੰਸ ਰਾਜ ਬਹਿਲ ਦੇ ਸੰਗੀਤ ਵਿਚ ਦੋਵਾਂ ’ਤੇ ਫ਼ਿਲਮਾਇਆ ‘ਮੇਰੀ ਪਿਆਰੀ ਪਿਆਰੀ ਸਾਲੀਏ’ (ਭੁਪੇਸ਼, ਦਿਲਰਾਜ ਕੌਰ) ਗੀਤ ਵੀ ਬੜਾ ਹਿੱਟ ਹੋਇਆ। ਨਿਰਮਲਾ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਕੁਆਰਾ ਜੀਜਾ’ (1985) ’ਚ ਇਕ ਵਾਰ ਫਿਰ ਸਤੀਸ਼ ਕੋਲ ’ਤੇ ਭਾਵਨਾ ਭੱਟ ਦੀ ਜੋੜੀ ਦਰਸ਼ਕਾਂ ਦੇ ਦਿਲਾਂ ’ਤੇ ਛਾਈ ਹੋਈ ਸੀ। ਨਗ਼ਮਾਨਿਗਾਰ ਵਰਮਾ ਮਲਿਕ ਤੇ ਮੌਸੀਕਾਰ ਕਮਲ ਕਾਂਤ ਸਨ। ਕਮਲ ਰਾਜ ਫ਼ਿਲਮਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਮੌਜਾਂ ਦੁਬਈ ਦੀਆਂ’ (1985) ’ਚ ਭਾਵਨਾ ਭੱਟ ਨੇ ‘ਬਿੱਲੋ’ ਦਾ ਅਤੇ ਵਿਨੋਦ ਮਹਿਰਾ ਨੇ ‘ਬਾਊ ਚੰਦਰ ਪ੍ਰਕਾਸ਼’ ਦਾ ਕਿਰਦਾਰ ਨਿਭਾਇਆ। ਕਮਲ ਕਾਂਤ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ਤੇ ਦੋਵਾਂ ’ਤੇ ਫ਼ਿਲਮਾਇਆ ਗੀਤ ‘ਓ ਝੂੱਡੂ ਮੇਰਾ ਯਾਰ’ (ਅਨੁਰਾਧਾ ਪੌਡਵਾਲ, ਵਿਨੋਦ ਮਹਿਰਾ) ਆਦਿ ਗੀਤ ਵੀ ਮਸ਼ਹੂਰ ਹੋਏ। ਨੀਰਜ ਮੂਵੀਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਯਾਰ ਯਾਰਾਂ ਦੇ’ (1991) ’ਚ ਭਾਵਨਾ ਨੇ ‘ਚੰਨੀ’ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਦਾ ਪਹਿਲਾ ਨਾਮ ‘ਮੁੰਡਾ ਲੰਬੜਾਂ ਦਾ’ ਸੀ ਤੇ ਦੂਜਾ ‘ਅਣਖੀਲਾ ਜੱਟ’ ਤੇ ਤੀਸਰਾ ਨਾਮ ‘ਚੰਨੀ’ (1981), ਜਿਸ ਦੇ ਨਾਮ ’ਤੇ ਇਸ ਦੇ ਦੋ ਈ.ਪੀ. ਰਿਕਾਰਡ ਜਾਰੀ ਹੋਏ, ਪਰ ਇਹ ਫ਼ਿਲਮ ਆਪਸੀ ਝਗੜੇ ਦੇ ਚੱਲਦਿਆਂ 1991 ਵਿਚ ‘ਯਾਰ ਯਾਰਾਂ ਦੇ’ ਨਾਮ ਨਾਲ ਸੈਂਸਰ ਹੋਈ ਜਦੋਂਕਿ ਇਸ ਦੇ ਗੀਤਾਂ ਦੀ ਰਿਕਾਰਡਿੰਗ 1974 ਵਿਚ ਹੀ ਹੋ ਚੁੱਕੀ ਸੀ।
ਇਸ ਫ਼ਿਲਮ ਤੋਂ ਬਾਅਦ ਉਸ ਨੇ ਕੋਈ ਪੰਜਾਬੀ ਫ਼ਿਲਮ ਨਹੀਂ ਕੀਤੀ। ਉਸ ਨੇ ਸ਼ਮੀਮ ਫ਼ਿਲਮਜ਼, ਬੰਬੇ ਦੀ ਅਸ਼ੋਕ ਮਾਨ ਨਿਰਦੇਸ਼ਿਤ ਫ਼ਿਲਮ ‘ਡਾਕੂ ਜਗਤ ਸਿੰਘ’ (1983) ’ਚ ਰਜ਼ਾ ਮੁਰਾਦ ਨਾਲ ਅਦਾਕਾਰੀ ਕੀਤੀ ਸੀ। ਕਿਸੇ ਸਬੱਬ ਇਹ ਫ਼ਿਲਮ ਮੁਕੰਮਲ ਨਹੀਂ ਹੋਈ, ਪਰ ਇਸ ਦਾ ਐੱਲਪੀ. ਰਿਕਾਰਡ ਈਐੱਮਆਈ ਨੇ ਰਿਲੀਜ਼ ਕੀਤਾ, ਜਿਸ ਦਾ ਸੰਗੀਤ ਬੜਾ ਮਕਬੂਲ ਹੋਇਆ।
ਪੰਜਾਬੀ ਫ਼ਿਲਮਾਂ ਤੋਂ ਇਲਾਵਾ ਭਾਵਨਾ ਭੱਟ ਨੇ ਹਿੰਦੀ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ। ਡਿੰਪਲ ਫ਼ਿਲਮਜ਼, ਬੰਬਈ ਦੀ ਹਿੰਦੀ ਫ਼ਿਲਮ ‘ਦੋ ਜਸੂਸ’ (1975) ਵਿਚ ਹਿਦਾਇਤਕਾਰ ਨਰੇਸ਼ ਕੁਮਾਰ ਨੇ ਉਸ ਨੂੰ (ਪਿੰਕੀ ਵਰਮਾ) ਨਵੀਂ ਹੀਰੋਇਨ ਵਜੋਂ ਅਤੇ ਸ਼ਲਿੰਦਰ ਸਿੰਘ (ਅਸ਼ੋਕ) ਨਵੇਂ ਹੀਰੋ ਵਜੋਂ ਪੇਸ਼ ਕੀਤਾ। ਰਵਿੰਦਰ ਜੈਨ ਦੇ ਸੰਗੀਤ ਵਿਚ ਦੋਵਾਂ ’ਤੇ ਫ਼ਿਲਮਾਏ ਗੀਤ ‘ਮੈਂ ਬਿਜਲੀ ਹੂੰ ਮੈਂ ਤਿਤਲੀ ਹੂੰ’, ‘ਦਰਯਾਚਾ ਰਾਜਾ…ਪੁਰਵੱਈਯਾ ਲੈ ਕੇ ਚਲੀ ਮੇਰੀ ਨੈਯਾ’ (ਲਤਾ, ਸ਼ਲਿੰਦਰ ਸਿੰਘ) ਆਦਿ ਗੀਤ ਬੜੇ ਪਸੰਦ ਕੀਤੇ ਗਏ। ਟੀ. ਵੀ. ਫ਼ਿਲਮਜ਼, ਬੰਬੇ ਦੀ ਮੇਹੁਲ ਕੁਮਾਰ ਨਿਰਦੇਸ਼ਿਤ ਫ਼ਿਲਮ ‘ਫਿਰ ਜਨਮ ਲੇਂਗੇ ਹਮ’ (1977) ’ਚ ਉਸ ਨੇ ਆਦਿਲ ਅਮਾਨ ਨਾਲ ਅਦਾਕਾਰੀ ਕੀਤੀ। ਸੰਗੀਤ ਭੱਪੀ ਲਹਿਰੀ ਅਤੇ ਗੀਤ ਗੌਹਰ ਕਾਨਪੁਰੀ ਨੇ ਲਿਖੇ ਸਨ। ਜੌਇ ਫ਼ਿਲਮਜ਼, ਬੰਬਈ ਦੀ ਚੰਦਰਕਾਂਤ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਬੋਲੇ ਹੇ ਚੱਕਰਧਾਰੀ’ (1977) ਵਿਚ ਭਾਵਨਾ ਤੇ ਰਵਿੰਦਰ ਮਹਾਜਨੀ ਦੀ ਜੋੜੀ ਸੀ। ਯੂਨਾਈਟਿਡ ਮੂਵੀ ਆਰਟਸ, ਬੰਬੇ ਦੀ ਮਹੇਸ਼ ਭੱਟ ਨਿਰਦੇਸ਼ਿਤ ਫ਼ਿਲਮ ‘ਨਯਾ ਦੌਰ’ (1978) ਵਿਚ ਉਸ ਨੇ ਮਦਨਪੁਰੀ ਦੀ ਧੀ ਤੇ ਰਿਸ਼ੀ ਕਪੂਰ (ਮਹੇਸ਼) ਦੀ ਹੀਰੋਇਨ ‘ਕਿਰਨ’ ਦਾ ਰੁਮਾਨੀ ਰੋਲ ਕੀਤਾ। ਦੋਵਾਂ ’ਤੇ ਫ਼ਿਲਮਾਇਆ ਗੀਤ ‘ਚਲੋ ਕਹੀਂ ਔਰ ਚਲਤੇ ਹੈਂ’ (ਕਿਸ਼ੋਰ ਕੁਮਾਰ, ਆਸ਼ਾ ਭੌਸਲੇ) ਵੀ ਹਿੱਟ ਹੋਇਆ। ਟ੍ਰਾਈਸਟਾਰ ਮੂਵੀਜ਼, ਬੰਬੇ ਦੀ ਆਈ. ਵੀ. ਸ਼ਸ਼ੀ ਨਿਰਦੇਸ਼ਿਤ ਫ਼ਿਲਮ ‘ਪਤੀਤਾ’ (1980) ’ਚ ਉਸ ਨੇ ਮਹਿਮਾਨ ਭੂਮਿਕਾ ਨਿਭਾਈ। ਐੱਸ. ਐੱਸ. ਫ਼ਿਲਮਜ਼, ਬੰਬੇ ਦੀ ਕੇ. ਸ਼ਰੀਫ਼ ਨਿਰਦੇਸ਼ਿਤ ਫ਼ਿਲਮ ‘ਨੇਕ ਪਰਵੀਨ’ (1982) ’ਚ ਮਾਲਾ ਸਿਨਹਾ ਟਾਈਟਲ ਕਿਰਦਾਰ ਨਿਭਾ ਰਹੀ ਸੀ। ਸਤੀਸ਼ ਕੌਲ ’ਤੇ ਭਾਵਨਾ ਭੱਟ ਜੋੜੀ ਦੀ ਇਹ ਪਹਿਲੀ ਹਿੰਦੀ ਫ਼ਿਲਮ ਸੀ। ਕਵਿਤਾ ਇੰਟਰਪ੍ਰਾਈਸਜ਼, ਬੰਬੇ ਦੀ ਕਹਾਣੀ ਤੇ ਨਿਰਦੇਸ਼ਿਤ ਕੀਤੀ ਫ਼ਿਲਮ ‘ਫ਼ਰਜ਼ ਕੀ ਕੀਮਤ’ (1983) ਵਿਚ ਭਾਵਨਾ ਤੇ ਸਤੀਸ਼ ਕੌਲ ਇਕ-ਦੂਜੇ ਦੇ ਰੂਬਰੂ ਸਨ। ਸੰਗੀਤ ਸੋਨਿਕ ਓਮੀ ਅਤੇ ਗੀਤ ਹਸਰਤ ਜਯਪੁਰੀ ਨੇ ਲਿਖੇ ਸਨ। ਵਾਰਸੀ ਫ਼ਿਲਮਜ਼, ਬੰਬੇ ਦੀ ਉਰਦੂ ਫ਼ਿਲਮ ‘ਬਿਸਮਿੱਲਾਹ ਕੀ ਬਰਕਤ’ (1983) ਵਿਚ ਭਾਵਨਾ ਭੱਟ ਤੇ ਸਤੀਸ਼ ਕੌਲ ਇਕ ਵਾਰ ਫਿਰ ਜੋੜੀਦਾਰ ਵਜੋਂ ਮੌਜੂਦ ਸਨ। ਸੰਗੀਤਕਾਰ ਇਕਬਾਲ ਕੁਰੈਸ਼ੀ ਤੇ ਗੀਤ ਨਸੀਮ ਅਜਮੇਰੀ ਤੇ ਅਨਵਰ ਫ਼ਰੂਖ਼ਾਬਾਦੀ ਨੇ ਲਿਖੇ ਸਨ। ਜੋੜੀਦਾਰ ਪਿਕਚਰਜ਼, ਮੁੰਬਈ ਦੀ ਪੁਰਾਣਿਕ ਕਥਾ ’ਤੇ ਆਧਾਰਿਤ ਹਿਦਾਇਤਕਾਰ ਪ੍ਰਦੀਪ ਪੰਡਤ ਦੀ ਫ਼ਿਲਮ ‘ਜੈ ਮਾਂ ਕਰਵਾ ਚੌਥ’ (1994) ’ਚ ਵੀ ਭਾਵਨਾ ਭੱਟ ਨੇ ਛੋਟਾ ਜਿਹਾ ਕਿਰਦਾਰ ਨਿਭਾਇਆ।
ਭਾਵਨਾ ਭੱਟ ਨੇ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਆਪਣੀ ਮਾਦਰੀ ਜ਼ੁਬਾਨ ਗੁਜਰਾਤੀ ਵਿਚ ਵੀ 2 ਫ਼ਿਲਮਾਂ ਕੀਤੀਆਂ। ਪਹਿਲੀ ਸ੍ਰੀ ਵਗੇਸ਼ਵਰੀ ਚਿੱਤਰਾ, ਅਮਦਾਵਦ ਦੀ ਸੁਸ਼ੀਲ ਵਿਆਸ ਨਿਰਦੇਸ਼ਿਤ ਫ਼ਿਲਮ ‘ਸਦੇਵੰਤ ਸਾਵਲਿੰਗਾ’ (1977) ਸੀ, ਜਿਸ ਦਾ ਸੰਗੀਤ ਗੌਰੰਗ ਵਿਆਸ ਅਤੇ ਗੀਤ ਅਵਿਨਾਸ਼ ਵਿਆਸ ਨੇ ਤਹਿਰੀਰ ਕੀਤੇ ਸਨ। ਦੂਜੀ ਜੌਇ ਫ਼ਿਲਮਜ਼, ਬੰਬੇ ਦੀ ਕ੍ਰਿਸ਼ਨ ਕਾਂਤ ਨਿਰਦੇਸ਼ਿਤ ਫ਼ਿਲਮ ‘ਵਿਸਾਮੋ’ (1978) ਅਦਾਕਾਰ ਰਾਜੀਵ ਨਾਲ ਕੀਤੀ। ਗੀਤਕਾਰ ਅਤੇ ਸੰਗੀਤਕਾਰ ਅਵਿਨਾਸ਼ ਵਿਆਸ ਸਨ। ਇਹ ਫ਼ਿਲਮ 6 ਅਪਰੈਲ 1978 ਨੂੰ ਨੁਮਾਇਸ਼ ਹੋਈ। ਇਸ ਵੇਲੇ ਭਾਵਨਾ ਭੱਟ ਗੁਜਰਾਤ ਦੇ ਸ਼ਹਿਰ ਬੜੋਦਰਾ ਵਿਖੇ ਰਹਿ ਰਹੀ ਹੈ।
ਸੰਪਰਕ: 97805-09545