ਮੁੰਬਈ: ਅਦਾਕਾਰ ਕਾਰਤਿਕ ਆਰਿਅਨ ਦੀ ਫ਼ਿਲਮ ‘ਭੂਲ ਭੁਲੱਈਆ 3’ ਨੇ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ 36.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਅਨੀਸ ਬਾਜ਼ਮੀ ਹਨ। ਹਾਲ ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਨੇ ਨਾ ਸਿਰਫ਼ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਸਗੋਂ ਕਾਰਤਿਕ ਦੇ ਕਰੀਅਰ ਨੂੰ ਵੀ ਨਵੀਆਂ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਕਮਾਈ ਦੇ ਮਾਮਲੇ ਵਿੱਚ ਇਸ ਫ਼ਿਲਮ ਨੇ ਪਿਛਲੀ ‘ਭੂਲ ਭੂਲਈਆ 2’ ਨੂੰ ਵੀ ਪਛਾੜ ਦਿੱਤਾ ਹੈ, ਜਿਸ ਨੇ ਪਹਿਲੇ ਦਿਨ 14.11 ਕਰੋੜ ਰੁਪਏ ਕਮਾਏ ਸਨ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਮੁਤਾਬਕ, ‘‘ਫ਼ਿਲਮ ਨੇ ਸਾਰੀਆਂ ਉਮੀਦਾਂ ਅਤੇ ਗਿਣਤੀਆਂ-ਮਿਣਤੀਆਂ ਨੂੰ ਕਾਫੀ ਹੱਦ ਪਾਰ ਕਰਦਿਆਂ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ।’’ ਫ਼ਿਲਮ ਦੇ ਪਹਿਲੇ ਦਿਨ ਦੀ ਸਫਲਤਾ ਡਾਇਰੈਕਟਰ ਅਨੀਸ ਬਾਜ਼ਮੀ ਦੀ ਵਿਅਕਤੀਗਤ ਜਿੱਤ ਹੈ। ਉਸ ਨੇ ਇਸ ਪ੍ਰਾਜੈਕਟ ਨਾਲ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ‘ਭੂਲ ਭੂਲੱਈਆ 3’ ਫ਼ਿਲਮ ਵਿੱਚ ਕਾਰਤਿਕ ਨਾਲ ਮਾਧੁਰੀ ਦੀਕਸ਼ਤ ਨੈਨੇ, ਵਿਦਿਆ ਬਾਲਨ ਅਤੇ ਤ੍ਰਿਪਤੀ ਨੇ ਵੀ ਕੰਮ ਕੀਤਾ ਹੈ। ਇਹ ਫ਼ਿਲਮ ‘ਭੂਲ ਭੂਲੱਈਆ’ ਲੜੀ ਦਾ ਤੀਸਰਾ ਹਿੱਸਾ ਹੈ। ‘ਭੂਲ ਭੂਲੱਈਆ’ ਸਾਲ 2007 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਅਕਸ਼ੈ ਕੁਮਾਰ ਅਤੇ ਵਿੱਦਿਆ ਬਾਲਨ ਮੁੱਖ ਭੂਮਿਕਾ ਵਿੱਚ ਸਨ। -ਏਐੱਨਆਈ