ਮੇਜਰ ਸਿੰਘ ਜਖੇਪਲ
ਗੀਤਕਾਰ ਬਿੱਕਰ ਮਹਿਰਾਜ ਦੀ ਗੱਲ ਕਰਦਿਆਂ ਉਸ ਦੇ ਸਭ ਤੋਂ ਵੱਧ ਚਰਚਿਤ ਗੀਤ ‘ਸੌ ਦਾ ਨੋਟ’ ਦਾ ਜ਼ਿਕਰ ਆਪ-ਮੁਹਾਰੇ ਆ ਜਾਂਦਾ ਹੈ। ਭਾਵੇਂ ਉਸ ਦੀ ਕਲਮ ਨੇ ਹੋਰ ਵੀ ਕਾਫ਼ੀ ਹਿੱਟ ਗੀਤ ਲਿਖੇ ਹਨ, ਪਰ ਬਿੱਕਰ ਦੀ ਗੱਲ ‘ਸੌ ਦਾ ਨੋਟ’ ਨਾਲ ਹੀ ਸ਼ੁਰੂ ਹੁੰਦੀ ਹੈ। ਦਿਓਰ-ਭਰਜਾਈ ਵਿਚਕਾਰ ਸੌ ਰੁਪਏ ਦੇ ਖ਼ਰਚ ਦੇ ਹਿਸਾਬ ਕਿਤਾਬ ਨੂੰ ਬਿੱਕਰ ਦੀ ਕਲਮ ਨੇ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਪੇਸ਼ਕਾਰੀ ਵੀ ਕਮਾਲ ਦੀ ਹੈ ਜੋ ਅਖਾੜਿਆਂ ਵਿੱਚ ਸਰੋਤਿਆਂ ਨੂੰ ਕੀਲ ਲੈਂਦੀ ਸੀ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ 1963 ਨੂੰ ਪਿਤਾ ਜਬਰਾ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪੈਦਾ ਹੋਏ ਬਿੱਕਰ ਸਿੰਘ ਨੂੰ ਗੀਤ ਲਿਖਣ ਦੀ ਚੇਟਕ ਬਚਿੱਤਰ ਸਿੰਘ ਅਨਪੜ੍ਹ ਆਸੀ ਵਾਲਾ ਤੇ ਕਾਮਰੇਡਾਂ ਦੇ ਡਰਾਮਿਆਂ ਨੂੰ ਵੇਖ ਕੇ ਲੱਗੀ। ਪਿੰਡਾਂ ਵਿੱਚ ਲੱਗਦੇ ਗਾਇਕਾਂ ਦੇ ਅਖਾੜਿਆਂ ਤੇ ਵਿਆਹਾਂ ਉੱਪਰ ਵੱਜਦੇ ਸਪੀਕਰਾਂ ਨੇ ਵੀ ਉਸ ਦੀ ਕਲਾ ਨੂੰ ਹੋਰ ਮਘਾਇਆ। ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਉਸ ਨੇ ਉੱਘੇ ਗੀਤਕਾਰ ਕਰਮ ਸਿੰਘ ਭੱਟੀ ਮਾੜੀ ਵਾਲਾ ਨੂੰ ਆਪਣਾ ਉਸਤਾਦ ਧਾਰਿਆ।
ਬਿੱਕਰ ਦੱਸਦਾ ਹੈ ਕਿ ਪੁਰਾਣੇ ਸਮਿਆਂ ਦੇ ਡਰਾਮਿਆਂ ਵਿੱਚ ਜੱਟੀ, ਜੱਟ ਤੋਂ ਵੇਚੀ ਜਿਣਸ ਦਾ ਹਿਸਾਬ-ਕਿਤਾਬ ਮੰਗਦੀ ਹੁੰਦੀ ਸੀ। ਏਸੇ ਵਾਰਤਾਲਾਪ ਵਿੱਚੋਂ ‘ਸੌ ਦਾ ਨੋਟ’ ਗੀਤ ਦਾ ਜਨਮ ਹੋਇਆ ਹੈ। ਉਸ ਨੇ ਪਹਿਲਾਂ ਇਹ ਗੀਤ ਕਰਤਾਰ ਰਮਲੇ ਨੂੰ ਵਿਖਾਇਆ ਸੀ ਤੇ ਫੇਰ ਹਾਕਮ ਬਖਤੜੀਵਾਲਾ ਨੂੰ। ਦੋਵਾਂ ਨੇ ਲੇਖਣੀ ਦੀ ਸ਼ਲਾਘਾ ਕਰਦਿਆਂ ਆਖਿਆ ਸੀ ਕਿ ਇਹ ਗੀਤ ਸਦੀਕ ਸਾਹਿਬ ਦੇ ਮੇਚ ਦਾ ਹੈ। ਫਿਰ ਜਦੋਂ ਇਹ ਗੀਤ ਮੁਹੰਮਦ ਸਦੀਕ ਨੂੰ ਵਿਖਾਇਆ ਤਾਂ ਉਨ੍ਹਾਂ ਨੇ ਪਹਿਲੀ ਨਜ਼ਰੇ ਹੀ ਇਸ ਨੂੰ ਪ੍ਰਵਾਨ ਕਰ ਲਿਆ। ਅੱਜ ਵੀ ਇਹ ਗੀਤ ਮੁਹੰਮਦ ਸਦੀਕ ਦੇ ਹਰ ਅਖਾੜੇ ਵਿੱਚ ਫਰਮਾਇਸ਼ ਕਰਕੇ ਸੁਣਿਆ ਜਾਂਦਾ ਹੈ। ਇਸ ਤੋਂ ਬਿਨਾਂ ਅਖਾੜਾ ਅਧੂਰਾ ਸਮਝਿਆ ਜਾਂਦਾ ਹੈ।
ਉਸ ਦੀ ਕਲਮ ਦਾ ਆਗਾਜ਼ ਬਲਵਿੰਦਰ ਭਗਤਾ ਤੇ ਹਰਮਿੰਦਰ ਕੌਰ ਦੀ ਆਵਾਜ਼ ਵਿੱਚ ਰਿਕਾਰਡ ‘ਨਣਦਾਂ ਨੱਢੀਆਂ’ ਗੀਤ ਨਾਲ ਹੋਇਆ। ਫੇਰ ਇਸ ਜੋੜੀ ਨੇ ਤਿੰਨ ਕੈਸੇਟਾਂ ਵਿੱਚ ਉਸ ਦੇ ਤੀਹ ਗੀਤ ਹੋਰ ਰਿਕਾਰਡ ਕਰਵਾਏ। ਫਿਰ ‘ਸੌ ਦਾ ਨੋਟ’ ਗੀਤ ਨਾਲ ਬਿੱਕਰ ਗੀਤਕਾਰੀ ਦੀ ਟੀਸੀ ’ਤੇ ਜਾ ਬੈਠਾ। ਕੁਲਦੀਪ ਮਾਣਕ ਨੇ ‘ਸਿੱਖੀ ਦੀਆਂ ਜੜਾਂ ਪਤਾਲੋ ਜ਼ਾਲਮ ਪੁੱਟ ਸਕਦਾ ਨਹੀਂ’, ‘ਅਸੀਂ ਤੇਰੀ ਮੰਗਦੇ ਆ ਖੈਰ ਸੋਹਣੀਏ’ ਤੇ ‘ਪੀਣ ਵਾਲੇ ਮੁੱਕੀ ਜਾਂਦੇ ਐ’ ਰਿਕਾਰਡ ਕਰਵਾਏ। ਚਾਰ ਦੋਗਾਣੇ ਕਰਤਾਰ ਰਮਲੇ ਦੀ ਆਵਾਜ਼ ਵਿੱਚ ਰਿਕਾਰਡ ਹੋਏ।
ਕੈਸੇਟ ਕਲਚਰ ਦੌਰਾਨ ਮੇਜਰ ਰਾਜਸਥਾਨੀ ਦੀਆਂ ਤਿੰਨ ਕੈਸੇਟਾਂ ਦੇ ਟਾਈਟਲ ਗੀਤ ‘ਕਾਰ ਰੀਬਨਾਂ ਵਾਲੀ’, ‘ਧੰਨਵਾਦ ਵਿਚੋਲੇ ਦਾ’ ਅਤੇ ‘ਆਤਮ ਹੱਤਿਆ’ ਵੀ ਬਿੱਕਰ ਦੀ ਕਲਮ ਦੀ ਸਿਰਜਣਾ ਹੈ। ਮੇਜਰ ਨੇ ਉਸ ਦੇ ਕੁੱਲ ਦਸ ਗੀਤ ਰਿਕਾਰਡ ਕਰਵਾਏ। ਬਲਕਾਰ ਸਿੱਧੂ ਨੇ ‘ਵਿੱਛੜਿਆਂ ਦੇ ਮੇਲੇ’, ‘ਮੇਰਾ ਪਿਆਰ ਸੋਹਣੀਏ ਨੀਂ’, ‘ਅਸੀਂ ਉੱਜੜੇ ਚੰਗੇ ਹਾਂ’, ‘ਤੂੰ ਕਦਰਦਾਨ ਨਹੀਂ ਬਣ ਸਕਿਆ’ ਤੇ ‘ਸਹੁਰਿਆਂ ਦੀ ਘੂਰ ਬਾਬਲਾ’ ਸਮੇਤ ਪੰਜਾਹ ਗੀਤ ਰਿਕਾਰਡ ਕੀਤੇ। ਦਿਲਸ਼ਾਦ ਅਖ਼ਤਰ ਤੇ ਪਰਮਿੰਦਰ ਸੰਧੂ ਨੇ ਵੀ ਉਸ ਦੇ ਗੀਤ ਰਿਕਾਰਡ ਕਰਵਾਏ।
ਇਸ ਤੋਂ ਇਲਾਵਾ ਰਾਜਾ ਸਿੱਧੂ ਤੇ ਰਾਜਵਿੰਦਰ ਕੌਰ ਨੇ ‘ਮਾਂ ਤਾਂ ਕੋਰੀ ਅਨਪੜ੍ਹ ਸੱਜਣਾ’, ‘ਪਿੰਡ ਦੇ ਸ਼ਿੰਗਾਰ ਨੂੰ’, ‘ਐਵੇਂ ਰੁੱਸ ਗਈ ਸੀ ਤੇਰੀ ਦਾਰੂ ਤੋਂ ਤੰਗ ਆ ਕੇ’, ਜੋਤੀ ਗਿੱਲ ਨੇ ‘ਕੰਨਾਂ ਦੀਆਂ ਕੱਲ੍ਹ ਮੈਂ ਭੰਨਾਕੇ ਵਾਲੀਆਂ’, ਸੁਚੇਤ ਬਾਲਾ ਨੇ ‘ਤੈਨੂੰ ਡਿਊਟੀ ’ਤੇ ਨਾ ਤੋਰਾਂ ਵੇ’, ‘ਤਾਣ ਛੱਤਰੀ ਜਿਹੜੀ ਲੰਡਨੋਂ ਮੰਗਾਈ ਐ’, ਅਲੀ ਬ੍ਰਦਰਜ਼ ਨੇ ‘ਬੁੱਕ ਗਹਿਣਿਆਂ ਦਾ ਪਾਇਆ’, ਫਕੀਰ ਚੰਦ ਪਤੰਗਾ ਤੇ ਸੁਚੇਤ ਬਾਲਾ ਨੇ ‘ਨਿਉ ਨਿਉਕੇ ਮੱਥਾ ਟੇਕੀ ਜਾ’, ਸਮੇਤ ਕਈ ਹੋਰ ਕਲਾਕਾਰਾਂ ਨੇ ਵੀ ਬਿੱਕਰ ਮਹਿਰਾਜ ਦੇ ਲਿਖੇ ਗੀਤਾਂ ਨੂੰ ਆਪਣੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਇਆ ਹੈ।
ਕਿੱਤੇ ਪੱਖੋਂ ਬਿੱਕਰ ਮਹਿਰਾਜ ਪੁਲੀਸ ਦਾ ਮੁਲਾਜ਼ਮ ਹੈ। ਉਸ ਨੇ ਕੁਝ ਇਨਕਲਾਬੀ ਗੀਤਾਂ ਦੀ ਸਿਰਜਣਾ ਵੀ ਕੀਤੀ ਹੈ। ਉਹ ਲੰਬਾ ਸਮਾਂ ਇਸ ਖੇਤਰ ਵਿੱਚੋਂ ਗਾਇਬ ਵੀ ਰਿਹਾ। ਉਸ ਦਾ ਬੇਟਾ ਮਿੰਟੂ ਮਹਿਰਾਜ ਸੁਰੀਲਾ ਗਾਇਕ ਸੀ, ਪਰ ਪੁੱਤਰ ਦੀ ਬੇਵਕਤੀ ਮੌਤ ਨੇ ਉਸ ਨੂੰ ਕੱਖੋਂ ਹੌਲਾ ਕਰ ਦਿੱਤਾ। ਲੰਬੀ ਚੁੱਪ ਤੋਂ ਬਾਅਦ ਉਸ ਦੀ ਕਲਮ ਨੇ ਫਿਰ ਲਿਖਣਾ ਸ਼ੁਰੂ ਕੀਤਾ ਹੈ, ਜਿਸ ਨੂੰ ਸਰੋਤੇ ਪਹਿਲਾ ਵਾਂਗ ਹੀ ਪਿਆਰ ਦੇਣਗੇ। ਅੱਜਕੱਲ੍ਹ ਉਹ ਆਪਣੇ ਪਰਿਵਾਰ ਨਾਲ ਬਰਨਾਲਾ ਵਿਖੇ ਰਹਿ ਰਿਹਾ ਹੈ।
ਸੰਪਰਕ: 94631-28483