ਮੁੰਬਈ, 1 ਮਾਰਚ
ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਬਲੌਗ ’ਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਕਿਸੇ ਸਮੱਸਿਆ ਕਾਰਨ ਅਪਰੇਸ਼ਨ ਕਰਵਾਉਣਾ ਪੈ ਸਕਦਾ ਹੈ। ਇਸ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਚਿੰਤਾ ਜ਼ਾਹਰ ਕੀਤੀ ਸੀ, ਜਿਸ ’ਤੇ ਬਿੱਗ ਬੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਹਾਲਾਂਕਿ 78 ਸਾਲਾ ਅਦਾਕਾਰ ਨੇ ਆਪਣੀ ਸਿਹਤ ਤੇ ਅਪਰੇਸ਼ਨ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੱਖ ਦੇ ਮੋਤੀਏ ਦਾ ਅਪਰੇਸ਼ਨ ਹੋਇਆ ਹੈ। ਉਨ੍ਹਾਂ ਆਪਣੇ ਚਾਹੁਣ ਵਾਲਿਆਂ ਦੀ ਫਿਕਰਮੰਦੀ ’ਤੇ ਟਵਿੱਟਰ ’ਤੇ ਇਮੋਜੀ ਰਾਹੀਂ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਹ ਆਪਣੇ ਪੁੱਤਰ ਅਭਿਸ਼ੇਕ, ਨੂੰਹ ਐਸ਼ਵਰਿਆ ਤੇ ਪੋਤਰੀ ਅਰਾਧਿਆ ਸਣੇ ਹਸਪਤਾਲ ਭਰਤੀ ਹੋਏ ਸਨ। ਦੱਸਣਯੋਗ ਹੈ ਕਿ ਅਮਿਤਾਭ ਦੀਆਂ ਪੰਜ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਉਹ ਰੂਮੀ ਜਾਫਰੀ ਦੀ ‘ਚਿਹਰੇ’ ਤੇ ਅਜੈ ਦੇਵਗਨ ਵੱਲੋਂ ਡਾਇਰੈਕਟ ਕੀਤੀ ‘ਮੇਅ ਡੇਅ’ ਵਿੱਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ‘ਝੁੰਡ’ ਤੇ ‘ਬ੍ਰਹਮਾਸਤਰ’ ਫਿਲਮਾਂ ਤੇ ਇੱਕ ਫਿਲਮ ਪ੍ਰਭਾਸ ਤੇ ਦੀਪਿਕਾ ਪਾਦੂਕੋਨ ਨਾਲ ਵੀ ਕਰ ਰਹੇ ਹਨ। -ਆਈਏਐੱਨਐੱਸ