ਲਾਸ ਏਂਜਲਸ: ਫਿਲਮ ਨਿਰਮਾਤਾ ਜੋਅ ਰੂਸੋ ਦਾ ਆਖਣਾ ਹੈ ਕਿ ਉਹ ਤੇ ਉਸ ਦੇ ਸਹਿ-ਨਿਰਮਾਤਾ ਭਰਾ ਐਂਥਨੀ ਰੂਸੋ ਦੋਵੇਂ ਹੀ ਭਾਰਤੀ ਅਦਾਕਾਰ ਧਨੁਸ਼ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਜ਼ਿਕਰਯੋਗ ਹੈ ਕਿ ਧਨੁਸ਼ ਇਸ ਵੇਲੇ ਇਨ੍ਹਾਂ ਦੀ ਨਵੀਂ ਆ ਰਹੀ ਫਿਲਮ ‘ਦਿ ਗ੍ਰੇਅ ਮੈਨ’ ਵਿੱਚ ਖਤਰਨਾਕ ਹੱਤਿਆਰੇ ਦੀ ਭੂਮਿਕਾ ਨਿਭਾਅ ਰਿਹਾ ਹੈ। ਫਿਲਮ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਫਿਲਮ ਧਨੁਸ਼ ਨੂੰ ਧਿਆਨ ਵਿੱਚ ਰੱਖ ਕੇ ਹੀ ਲਿਖੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਭਵਿੱਖ ਵਿੱਚ ਧਨੁਸ਼ ਇਸ ਕੰਪਨੀ ਦੀਆਂ ਹੋਰਨਾਂ ਫਿਲਮਾਂ ਵਿੱਚ ਵੀ ਦਿਖਾਈ ਦੇ ਸਕਦਾ ਹੈ। ਅੱਜ ਇੱਥੇ ਫਿਲਮ ਦੇ ਟਰੇਲਰ ਲਾਂਚ ਵੇਲੇ ਜੋਅ ਰੂਸੋ ਨੇ ਕਿਹਾ, ‘ਐਂਥਨੀ ਤੇ ਮੈਂ ਧਨੁਸ਼ ਦੇ ਬਹੁਤ ਵੱਡੇ ਪ੍ਰਸ਼ੰਸਕ ਹਾਂ। ਅਸੀਂ ਇਹ ਕਿਰਦਾਰ ਵਿਸ਼ੇਸ਼ ਤੌਰ ’ਤੇ ਧਨੁਸ਼ ਲਈ ਹੀ ਲਿਖਿਆ ਹੈ। ਇਹ ਕਮਾਲ ਦਾ ਕਿਰਦਾਰ ਹੈ, ਜੋ ਅਦਾਕਾਰ ਅਤੇ ਫਿਲਮ ਲਈ ਬਿਲਕੁਲ ਸਟੀਕ ਬੈਠਦਾ ਹੈ। ਇਹ ਕਿਰਦਾਰ ਵੱਖਰੇ ਤੇ ਚੰਚਲ ਸੁਭਾਅ ਦਾ ਹੈ, ਜੋ ਧਨੁਸ਼ ਦੀ ਸ਼ਖਸੀਅਤ ਲਈ ਢੁਕਵਾਂ ਹੈ।’ ਜ਼ਿਕਰਯੋਗ ਹੈ ਕਿ ਇਹ ਫਿਲਮ 2009 ਵਿੱਚ ਇਸੇ ਨਾਂ ਹੇਠ ਛਪੇ ਮਾਰਕ ਗ੍ਰੇਨੀ ਦੇ ਨਾਵਲ ’ਤੇ ਆਧਾਰਿਤ ਹੈ। -ਆਈਏਐੱਨਐੱਸ