ਗੁਰਮੀਤ ਸਿੰਘ*
ਮੁਕਟਦਾਰ ਉਕਾਬ ਨੂੰ ਅੰਗਰੇਜ਼ੀ ਵਿੱਚ ਕਰੈਸਟਡ ਸਰਪੈਂਟ ਈਗਲ (Crested Serpent Eagle) ਅਤੇ ਹਿੰਦੀ ਵਿੱਚ ਡੋਗਰਾ ਚੀਲ ਕਹਿੰਦੇ ਹਨ। ਇਹ ਇੱਕ ਸ਼ਿਕਾਰੀ ਪੰਛੀ ਹੈ। ਇਸ ਦੇ ਭੂਗੋਲਿਕ ਖੇਤਰ ਵਿੱਚ ਭਾਰਤੀ ਉਪ-ਮਹਾਂਦੀਪ ਅਤੇ ਸ੍ਰੀਲੰਕਾ ਸਮੇਤ ਦੱਖਣੀ ਏਸ਼ੀਆ ਤੋਂ ਦੱਖਣ-ਪੂਰਬੀ ਏਸ਼ੀਆ, ਭੂਟਾਨ, ਬੰਗਲਾ ਦੇਸ਼, ਸ੍ਰੀਲੰਕਾ, ਦੱਖਣੀ ਚੀਨ ਅਤੇ ਇੰਡੋਨੇਸ਼ੀਆ ਤੱਕ ਫੈਲਿਆ ਖੇਤਰ ਸ਼ਾਮਲ ਹੈ। ਇਹ ਇੱਕ ਦਰਮਿਆਨੇ ਆਕਾਰ ਦੀ ਇੱਲ੍ਹ ਹੈ। ਇਸ ਦੇ ਠੀਕ ਸਿਰ ਉੱਪਰ ਇੱਕ ਮੁਕਟਨੁਮਾ ਕਲਗੀ ਇੱਕ ਤਾਜ ਦੀ ਤਰ੍ਹਾਂ ਹੁੰਦੀ ਹੈ।
ਇਹ ਇਸ ਦੀ ਸ਼ਕਲ ਨੂੰ ਖੌਫ਼ਨਾਕ ਤੇ ਦਰਿੰਦੇ ਪਰਿੰਦੇ ਦੀ ਤਰ੍ਹਾਂ ਪੇਸ਼ ਕਰਦੀ ਹੈ। ਇਸ ਦੀ ਲੰਬਾਈ 55 ਤੋਂ 75 ਸੈਂਟੀਮੀਟਰ ਹੁੰਦੀ ਹੈ। ਇਸ ਦੇ ਸਰੀਰ ਦੇ ਉੱਪਰਲੇ ਪਾਸੇ ਗੂੜ੍ਹੇ ਭੂਰੇ ਅਤੇ ਹਰ ਖੰਭ ਦਾ ਸਿਰਾ ਚਿੱਟਾ ਹੁੰਦਾ ਹੈ। ਇਸ ਦੀ ਕਾਲੀ ਪੂਛ ਉੱਪਰ ਦੋ ਤੋਂ ਤਿੰਨ ਚਿੱਟੀਆਂ ਪੱਟੀਆਂ ਇਸ ਨੂੰ ਪਛਾਣਨ ਵਿੱਚ ਮਦਦ ਕਰਦੀਆਂ ਹਨ। ਇਸ ਦਾ ਹੇਠਲਾ ਪਾਸਾ ਗੂੜ੍ਹੇ ਬਦਾਮੀ ਤੇ ਹਲਕੇ ਭੂਰੇ ਰੰਗ ਦੀ ਭਾਹ ਮਾਰਦਾ ਹੈ। ਖੰਭਾਂ ਦਾ ਅਗਲਾ ਅੱਧਾ ਹਿੱਸਾ ਗੇਰੂਏ ਰੰਗ ਦਾ ਹੁੰਦਾ ਹੈ। ਜਿਸ ਵਿੱਚ ਤਰਤੀਬੇ ਹੋਏ ਚਿੱਟੇ ਨਿਸ਼ਾਨ ਇੱਕ ਕਢਾਈ ਦਾ ਨਮੂਨਾ ਪੇਸ਼ ਕਰਦੇ ਹਨ। ਇਸ ਦੀ ਚੁੰਝ ਕਾਫ਼ੀ ਮਜ਼ਬੂਤ, ਕਾਲੇ ਰੰਗ ਦੀ ਅਤੇ ਥੋੜ੍ਹੀ ਮੁੜੀ ਹੋਈ ਹੁੰਦੀ ਹੈ। ਇਸ ਦੇ ਉੱਡਣ ਵਾਲੇ ਖੰਭਾਂ ਦੇ ਹੇਠਲੇ ਪਾਸੇ ਤੋਂ ਕਾਲੇ ਹੁੰਦੇ ਹਨ ਅਤੇ ਫਿਰ ਚਿੱਟੇ ਰੰਗ ਦੇ ਧੱਬਿਆਂ ਦੀ ਲਾਈਨ ਹੁੰਦੀ ਹੈ।
ਇਸ ਦੇ ਸ਼ਿਕਾਰ ਵਿੱਚ ਜ਼ਿਆਦਾਤਰ ਸੱਪ, ਕਿਰਲੇ, ਡੱਡੂ, ਜੰਗਲੀ ਚੂਹੇ, ਖ਼ਰਗੋਸ਼, ਤਿੱਤਰ ਤੇ ਹੋਰ ਇਹੋ ਜਿਹੇ ਅਨੇਕਾਂ ਜਾਨਵਰ ਸ਼ਾਮਲ ਹਨ। ਬਹੁਤੇ ਤਾਂ ਇਸ ਦੀ ਸ਼ਕਲ ਦੇਖਦਿਆਂ ਹੀ ਭੈਅਭੀਤ ਹੋ ਕੇ ਸਹਿਮ ਜਾਂਦੇ ਹਨ।
ਮੁਕਟਦਾਰ ਉਕਾਬ ਇਕੱਲਾ ਜੀਵ ਹੈ ਜੋ ਸਾਲਾਂ ਤੋਂ ਉਸੇ ਖੇਤਰੀ ਸੀਮਾਵਾਂ ’ਤੇ ਕਬਜ਼ਾ ਕਰਦਾ ਪਾਇਆ ਗਿਆ ਹੈ। ਇਸ ਦੀ ਆਵਾਜ਼ ਬਿਲਕੁਲ ਵਿਲੱਖਣ ਹੈ ਅਤੇ ‘ਕਲੀਯੂ-ਵਾਈਪ-ਵਾਈਪ’ ਦੇ ਰੂਪ ਵਿੱਚ ਆਉਂਦੀ ਹੈ। ਉਨ੍ਹਾਂ ਨੂੰ ਆਮਤੌਰ ’ਤੇ ਸਵੇਰ ਦੇ ਸਮੇਂ ਬੋਲਦੇ ਸੁਣਿਆ ਜਾ ਸਕਦਾ ਹੈ। ਇਸ ਦਾ ਪ੍ਰਜਣਨ ਸੀਜ਼ਨ ਦਸੰਬਰ ਤੋਂ ਮਈ ਤੱਕ ਹੁੰਦਾ ਹੈ। ਜਿਨਸੀ ਪਰਿਪੱਕਤਾ ’ਤੇ ਪਹੁੰਚਣ ’ਤੇ ਨਰ ਤੇ ਮਾਦਾ ਜੋੜਾ ਬਣਾਉਂਦੇ ਹਨ। ਇਹ ਆਪਣਾ ਆਲ੍ਹਣਾ ਰੁੱਖਾਂ ਦੀਆਂ ਛਿਟੀਆਂ ਦਾ ਬਣਾਉਂਦਾ ਹੈ। ਇੱਥੋਂ ਤੱਕ ਕਿ ਆਲ੍ਹਣਾ ਹਰ ਵਾਰ ਉਸੇ ਖੇਤਰ ਵਿੱਚ ਹੁੰਦਾ ਹੈ, ਹਾਲਾਂਕਿ ਉਹੀ ਰੁੱਖ ਨਹੀਂ। ਇਹ 5-6 ਮੀਟਰ ਦੀ ਉਚਾਈ ’ਤੇ ਹੁੰਦਾ ਹੈ। ਮਾਦਾ ਇੱਕ ਸਮੇਂ ਵਿੱਚ ਸਿਰਫ਼ ਇੱਕ ਅੰਡਾ ਦਿੰਦੀ ਹੈ ਅਤੇ 35 ਦਿਨਾਂ ਤੱਕ ਇਸ ਵਿੱਚੋਂ ਬੱਚੇ ਨਿਕਲਦੇ ਹਨ। ਚੂਚਿਆਂ ਨੂੰ ਖੁਆਉਣ ਦੀ ਜ਼ਿੰਮੇਵਾਰੀ ਨਰ-ਮਾਦਾ ਦੀ ਸਾਂਝੀ ਹੁੰਦੀ ਹੈ।
ਮੁਕਟਦਾਰ ਉਕਾਬ ਨੂੰ ਉਨ੍ਹਾਂ ਦੇ ਨਿਵਾਸ ਦੇ ਨੁਕਸਾਨ ਅਤੇ ਖ਼ਰਾਬ ਹੋਣ ਦੇ ਕਾਰਨ ਇੱਕ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਇੱਲ੍ਹ ਮਨੁੱਖ ਲਈ ਖ਼ਤਰਨਾਕ ਨਹੀਂ ਹੈ, ਬਲਕਿ ਇਹ ਸਾਡੀ ਸਹਾਇਤਾ ਕਰਦੀ ਹੈ। ਇਹ ਸ਼ਾਨਦਾਰ ਸ਼ਿਕਾਰੀ ਪੰਛੀ ਹਨ ਅਤੇ ਇਹ ਕਈ ਨੁਕਸਾਨਦੇਹ ਜੀਵਾਂ ਤੋਂ ਸਾਨੂੰ ਛੁਟਕਾਰਾ ਦਿਵਾਉਂਦੇ ਹਨ। ਆਈ.ਯੂ. ਸੀ.ਐੱਨ. ਨੇ ਇਸ ਨੂੰ ਕਿਸੇ ਖ਼ਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਜੰਗਲੀ ਜੀਵਾਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910