ਰਾਸ ਰੰਗ
ਡਾ. ਸਾਹਿਬ ਸਿੰਘ
ਲੋਕਾਂ ਦਾ ਨਾਟਕਕਾਰ, ਪੰਜਾਬੀ ਜਨ ਮਾਨਸ ਦੇ ਧੁਰ ਅੰਦਰਲੀ ਤਸਵੀਰ ਖਿੱਚਣ ਵਾਲਾ ਸਾਡਾ ਆਪਣਾ ਅਜਮੇਰ ਔਲਖ ਸਾਡੀ ਝੋਲੀ ਐਸੀਆਂ ਅਮਰ ਕਿਰਤਾਂ ਪਾ ਗਿਆ ਹੈ ਕਿ ਅਸੀਂ ਕਿਸੇ ਵੀ ਸਮੇਂ, ਕਿਤੇ ਵੀ ਉਨ੍ਹਾਂ ਤੋਂ ਸੇਧ ਲੈ ਸਕਦੇ ਹਾਂ। ਪਰਸੋਂ 15 ਜੂਨ ਨੂੰ ਜਦੋਂ ਅਸੀਂ ਉਨ੍ਹਾਂ ਦੀ ਬਰਸੀ ’ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹੋਵਾਂਗੇ ਤਾਂ ਉਨ੍ਹਾਂ ਦੇ ਇਕ ਇਕ ਨਾਟਕ ਨੂੰ ਚੇਤਿਆਂ ’ਚ ਘੁਮਾਵਾਂਗੇ। ਅੱਜ ਮੇਰੇ ਸਾਹਮਣੇ ‘ਅੰਨ੍ਹੇ ਨਿਸ਼ਾਨਚੀ’ ਆ ਖੜ੍ਹਿਆ ਹੈ। ਕੋਈ 30 ਕੁ ਸਾਲ ਪਹਿਲਾਂ ਨਿਧੜਕ ਲੋਕ ਆਗੂ ਗਿਆਨ ਸਿੰਘ ਸੰਘਾ ਦੇ ਪਿੰਡ ਸਹਾਬਪੁਰ ਵਿਖੇ ਇਸਦੀ ਪੇਸ਼ਕਾਰੀ ਦੇਖੀ ਸੀ। ਉਦੋਂ ਪੰਜਾਬ ਅੰਨ੍ਹੇ ਨਿਸ਼ਾਨਚੀਆਂ ਹੱਥੋਂ ਦਰਦ ਭੋਗ ਰਿਹਾ ਸੀ। ਨਾਟਕ ’47 ਦੀ ਕਹਾਣੀ ਕਹਿ ਰਿਹਾ ਸੀ, ਪਰ ਦਰਸ਼ਕ ਨਾਟਕ ਦੇ ਆਰ ਪਾਰ ਦੇਖਦਾ ਪੰਜਾਬ ਦੇ ਸੰਤਾਪੇ ਦੌਰ ਦਾ ਅਗਲਾ ਪੜਾਅ ਦੇਖ ਰਿਹਾ ਸੀ। ਅੱਜ ਜਦੋਂ ਗਲੀ ਵਿਚ ਰੇਹੜੀ ਖਿੱਚ ਕੇ ਸਬਜ਼ੀ ਵੇਚਦੇ ਇਕ ਸਾਧਾਰਨ ਮਨੁੱਖ ਕੋਲੋਂ ਉਸਦਾ ਪਛਾਣ ਪੱਤਰ ਮੰਗਕੇ ਉਸਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤਾਂ ਇਕ ਵਾਰ ਫੇਰ ਸਾਡੀਆਂ ਅੱਖਾਂ ’ਤੇ ਬੰਨ੍ਹੀ ਫਿਰਕੂ ਜ਼ਹਿਰ ਦੀ ਕਾਲੀ ਪੱਟੀ ਹਵਾ ਵਿਚ ਲਟਕਣ ਲੱਗੀ ਹੈ ਤੇ ਬਾਪੂ ਔਲਖ ਦਾ ਨਾਟਕ ਵੰਗਾਰ ਬਣ ਸਾਨੂੰ ਝੰਜੋੜ ਰਿਹਾ ਹੈ ਤੇ ਯਾਦ ਕਰਵਾ ਰਿਹਾ ਹੈ ਕਿ ਜਿਵੇਂ ਤਕੜੇ ਹੋ ਕੇ ਪਹਿਲਾਂ ਝੁੱਲੀਆਂ ਹਨੇਰੀਆਂ ’ਚ ਇਨਸਾਨੀਅਤ ਨੂੰ ਫੂਸ ਬਣ ਉੱਡਣ ਨਹੀਂ ਦਿੱਤਾ, ਉਵੇਂ ਹੀ ਅੱਜ ਵੀ ਆਪਣੇ ਕਦਮ ਬੋਚ ਕੇ ਰੱਖਣ ਦੀ ਲੋੜ ਹੈ ਤੇ ਅੰਨ੍ਹੇ ਨਿਸ਼ਾਨਚੀਆਂ ਖਿਲਾਫ਼ ਹੋਕਾ ਦੇਣ ਦੀ ਲੋੜ ਹੈ। ਕਲਾ ਦੀ ਚਿਰਕਾਲਤਾ ਦਾ ਇਮਤਿਹਾਨ ਇਵੇਂ ਹੀ ਹੁੰਦਾ ਹੈ। ਬਾਪੂ ਔਲਖ ਦਾ ਨਾਟਕੀ ਖੂੰਡਾ ਅੱਜ ਵੀ ਖੜਕ ਰਿਹਾ ਹੈ। ਇਸੇ ਲਈ ਬਰਸੀ ਮਾਤਮੀ ਸੁਰ ਵਾਲੀ ਨਹੀਂ, ਮਾਣ ਮੱਤੀ ਗੂੰਜ ਸਿਰਜਣ ਵਾਲੀ ਹੋਏਗੀ।
ਨਾਟਕ ਦਾ ਸਮਾਂ ਸਾਲ 1947 ਦੇ ਸਤੰਬਰ ਮਹੀਨੇ ਦੇ ਅੱਧ ਦੀ ਢਲਦੀ ਦੁਪਹਿਰ ਦਾ ਹੈ। ਸਤੰਬਰ ਦੀ ਰੁੱਤ ਗਰਮ ਹਵਾਵਾਂ ਦੇ ਸੀਤ ਹੋ ਜਾਣ ਵੱਲ ਵਧਣ ਵਾਲੇ ਪਲੇਠੇ ਕਦਮਾਂ ਦੀ ਆਹਟ ਵਾਲੀ ਹੁੰਦੀ ਹੈ। ਸ਼ਾਇਦ ਇਸੇ ਲਈ ਔਲਖ ਸਤੰਬਰ ਮਹੀਨਾ ਚੁਣਦਾ ਹੈ। ਸਮਾਂ ਢਲਦੀ ਦੁਪਹਿਰ ਵਾਲਾ ਦਰਸਾ ਕੇ ਵੀ ਉਹ ਦੋ ਸੰਕੇਤ ਦੇ ਰਿਹਾ ਹੈ, ਸ਼ਾਮਾਂ ਪੈਣ ਵਾਲੀਆਂ ਹਨ ਤੇ ਇਸਤੋਂ ਪਹਿਲਾਂ ਕਿ ਕਾਲੀ ਬੋਲੀ ਰਾਤ ਇਨਸਾਨੀਅਤ ਦਾ ਬਚਿਆ ਖੁਚਿਆ ਵਜੂਦ ਨਿਗਲ ਜਾਵੇ, ਕੁਝ ਨਾ ਕੁਝ ਕਰਨਾ ਪਏਗਾ। ਦੂਜਾ ਸੰਕੇਤ ਇਹ ਹੈ ਕਿ ਜਦੋਂ ਤੱਤੀਆਂ ਦੁਪਹਿਰਾਂ ਦਾ ਸੇਕ ਸਿਖਰ ’ਤੇ ਪਹੁੰਚ ਜਾਵੇ ਤਾਂ ਸਮਝੋ ਕਿ ਸੇਕ ਮੱਠਾ ਪੈਣ ਹੀ ਵਾਲਾ ਹੈ। ਪਰ ਇਸ ਲਈ ਹੰਭਲਾ ਮਾਰਨਾ ਪਵੇਗਾ। ਇਹ ਨਾਟਕ ਉਸ ਹੰਭਲੇ ’ਚੋਂ ਨਿਕਲੀ ਹੂਕ ਹੈ। ਮੰਚ ਉੱਜੜਿਆ ਦ੍ਰਿਸ਼ ਪੇਸ਼ ਕਰ ਰਿਹਾ ਹੈ। ਖੜਸੁਕੜ ਕਿੱਕਰ ਵਰਗੀ ਹੋਣੀ ਹੰਢਾ ਰਹੇ ਮਨੁੱਖ ਦੀ ਤਰਜਮਾਨੀ ਕਰਦੀ ਇਕ ਕਿੱਕਰ ਦਿਖਾਈ ਦੇ ਰਹੀ ਹੈ। ਕਿੱਕਰ ਹੇਠ ਥੜ੍ਹਾ ਹੈ। ਥੜ੍ਹੇ ’ਤੇ ਘਸਮੈਲੀਆਂ ਚਿੱਟੀਆਂ ਇੱਟਾਂ ਨਾਲ ਬਣੀ ‘ਮਾਤਾ ਰਾਣੀ’ ਸਭ ਦੇਖ ਰਹੀ ਹੈ, ਪਰ ਚੁੱਪ ਹੈ। ਇਸ ਕਿੱਕਰ ਦੇ ਲੁੰਗ ਨਦਾਰਦ ਹਨ ਜੋ ਕਿਸੇ ਮਾਸੂਮ ਜੀਵ ਦੀ ਖੁਰਾਕ ਬਣ ਸਕਣ। ਬਲਕਿ ਇਹ ਕਿੱਕਰ ਹੁਣ ਕਾਵਾਂ ਗਿਰਝਾਂ ਦੀ ਠਾਹਰ ਬਣੀ ਹੋਈ ਹੈ ਜੋ ਇਸ ’ਤੇ ਨਿਵਾਸ ਵੀ ਕਰਦੀਆਂ ਹਨ ਤੇ ਇਸਦੇ ਸਿਰ ਉੱਪਰ ਵਿੱਠਾਂ ਸੁੱਟ ਇਸਨੂੰ ਜ਼ਲੀਲ ਵੀ ਕਰ ਰਹੀਆਂ ਹਨ। ਜ਼ਿੰਦਗੀ ਦੀ ਗੱਡੀ ਦਾ ਸਹਿਜ ਸਫ਼ਰ ਸਰਾਪਿਆ ਗਿਆ ਹੈ, ਇਸੇ ਲਈ ਮੰਚ ’ਤੇ ਗੱਡੇ ਦਾ ਇਕ ਟੁੱਟਾ ਪਹੀਆ ਨਜ਼ਰ ਆ ਰਿਹਾ ਹੈ। ਕਿਰਤ ਕਰਦੇ ਭੋਲੇ ਮਾਨਸ ਦੇ ਹੱਥੋਂ ਹਲ ਪੰਜਾਲੀ ਖੋਹ ਉਸਦੇ ਹੱਥ ਕਿਰਪਾਨ, ਤ੍ਰਿਸ਼ੂਲ, ਬੰਦੂਕ ਥਮਾ ਦਿੱਤੀ ਗਈ ਹੈ, ਇਸ ਲਈ ਟੁੱਟੀ ਹਲ ਪੰਜਾਲੀ ਮੰਚ ਦੀ ਨੁੱਕਰੇ ਖਾਮੋਸ਼ ਹੰਝੂ ਵਹਾ ਰਹੀ ਹੈ। ਪਿੱਛੇ ਕਰਕੇ ਇਕ ਕੋਠਾ ਦਿਖਾਈ ਦੇ ਰਿਹਾ ਹੈ, ਸੱਭਿਅਤਾ ਸੰਕਟ ਵਿਚ ਹੈ, ਪਰ ਮੁਕੰਮਲ ਢਹਿ ਢੇਰੀ ਨਹੀਂ ਹੋਈ। ਸਮੁੱਚੀ ਮੰਚ ਜੜਤ ਔਲਖ ਦੀ ਵਿਸ਼ਲੇਸ਼ਣਾਤਮਕ ਨਾਟਕਕਾਰੀ ਤੇ ਸੰਜਮੀ ਨਿਰਦੇਸ਼ਨਾਂ ਦਾ ਰਾਜ਼ ਬਿਆਨ ਕਰ ਰਹੀ ਹੈ।
ਹੁਣ ਵਕਤ ਕਾਰਜ ਅਦਾਇਗੀ ਦਾ ਹੈ। ਖੜਕ ਸਿੰਘ ਤੇ ਨੱਥੂ ਰਾਮ ਦੇ ਹੱਥਾਂ ’ਚ ਬੰਦੂਕਾਂ ਹਨ। ਔਲਖ ਦਾ ਨਾਟਕੀ ਸ਼ਿਲਪ ਬੜਾ ਸੰਖੇਪ ਹੈ, ਪਰ ਅਤਿਅੰਤ ਤਿੱਖਾ ਹੈ। ਵਕਤ ਬੋਲ ਰਿਹਾ ਹੈ, ‘ਮਨੁੱਖ ਵੰਡਿਆ ਹੋਇਆ ਹੈ, ਦੇਸਾਂ ਵਿਚ, ਧਰਮਾਂ ਵਿਚ, ਨਸਲਾਂ ਵਿਚ, ਜਾਤਾਂ ਵਿਚ, ਕੁਜਾਤਾਂ ਤੇ ਜਮਾਤਾਂ ਵਿਚ!’ ਵੰਡ ਜਮਾਤਾਂ ਦੀ ਹੈ, ‘ਕੁਜਾਤਾਂ’ ਦੀ ਪਿੱਠ ਲਾਉਣ ਦੀ ਹੈ। ਹਥਿਆਰ ਬੜੇ ਹਨ। ਧਰਮਾਂ, ਨਸਲਾਂ, ਜ਼ਾਤਾਂ ਦਾ ਹਥਿਆਰ ਸੌਖਾ ਤੇ ਅਜ਼ਮਾਇਆ ਹੋਇਆ ਹੈ। ਖੜਕ ਸਿੰਘ, ਨੱਥੂ ਰਾਮ, ਫੱਟੇ ਚੱਕ, ਹੇਤ ਰਾਮ ਦੀ ਪਹਿਲੇ ਦ੍ਰਿਸ਼ ਵਿਚ ਪਛਾਣ ਕਰਾਉਂਦਿਆਂ ਨਾਟਕਕਾਰ ਅਨੇਕਾਂ ਇਸ਼ਾਰੇ ਦਰਸ਼ਕ ਵੱਲ ਸੁੱਟਦਾ ਹੈ। ਇਹ ਸਾਰੇ ‘ਤੈਅਸ਼ੁਦਾ ਖ਼ਲਨਾਇਕ’ ਨਹੀਂ ਹਨ, ਭਾਵੇਂ ਹਥਿਆਰ ਸਾਰਿਆਂ ਕੋਲ ਹਨ। ਫੱਟੇ ਚੱਕ ਦੀਆਂ ਥੁੜ੍ਹਾਂ ਉਸ ਦੀਆਂ ਅੱਖਾਂ ਦੇ ਖੋਪੇ ਬਣੀਆਂ ਹੋਈਆਂ ਹਨ। ਹੇਤ ਰਾਮ ਤੀਵੀਂ ਦੀ ਭੁੱਖ ਹੱਥੋਂ ਹਰਿਆ ਬੈਠਾ ਹੈ। ਨਾਟਕ ਦੀ ਪਹਿਲੀ ਕਾਰਜ ਵਿਉਂਤ ਵੀ ਇਕ ਕੁੜੀ ਨਾਲ ਸਬੰਧਤ ਹੈ। ਪੱਚੀ ਕੁ ਵਰ੍ਹਿਆਂ ਦੀ ਮੁਟਿਆਰ ਖੱਜਲ ਖੁਆਰ ਹਾਲ ’ਚ ਚਰ੍ਹੀ ’ਚੋਂ ਨਿਕਲੀ ਹੈ। ਭੁੱਖੀਆਂ ਵਹਿਸ਼ੀ ਨਜ਼ਰਾਂ ਉਸ ਭਿਆਨਕ ਦੌਰ ਵਿਚ ਸਭ ਤੋਂ ਵਧੀਕ ਪੀੜਤ ਵਰਗ ’ਤੇ ਝਪਟ ਪੈਂਦੀਆਂ ਹਨ। ਉਹ ਮੁਸਲਿਮ ਦੰਗਾਕਾਰੀਆਂ ਤੋਂ ਡਰੀ ਸਹਿਮੀ ਅੱਲ੍ਹਾ ਦਾ ਨਾਂ ਲੈਂਦੀ ਹੈ। ਫੱਟੇ ਚੱਕ ਉਸਨੂੰ ਚਰ੍ਹੀ ’ਚ ਲੈ ਗਿਆ। ਅਸਲੀਅਤ ਜ਼ਾਹਰ ਹੁੰਦੀ ਹੈ ਕਿ ਕੁੜੀ ਤਾਂ ਸਿੱਖ ਹੈ। ਉਸਦਾ ਨਿੱਕਾ ਭੋਲੂ ਮਾਰਿਆ ਗਿਆ ਹੈ, ਉਹ ਸਦਮੇ ’ਚ ਹੈ। ਖੜਕ ਸਿੰਘ ਤੇ ਨੱਥੂ ਰਾਮ ਨੂੰ ਔਰਤ ਨਾਲ ਕੀਤੀ ਬਦਸਲੂਕੀ ਦਾ ਅਫ਼ਸੋਸ ਨਹੀਂ। ਅਫ਼ਸੋਸ ਹੈ ਤਾਂ ਏਨਾ ਕਿ ਇਹ ਮੁਸਲਿਮ ਨਹੀਂ। ਉਹ ਕੜਕਦੇ ਹਨ ਕਿ ਕਿਸੇ ਮੁਸਲੀ ਦੇ ਬੱਚੇ ਨੂੰ ਇਸ ਦੀਆਂ ਅੱਖਾਂ ਸਾਹਮਣੇ ਟੋਟੇ ਟੋਟੇ ਕੀਤਾ ਜਾਵੇ। ਮੁਟਿਆਰ ਕਿਸੇ ਹੋਰ ‘ਭੋਲੂ’ ਨੂੰ ਮਾਰਨ ਤੋਂ ਵਰਜਦੀ ਹੈ। ਖੜਕ ਸਿੰਘ ਨੂੰ ਦੁੱਖ ਹੈ ਕਿ ਕੁੜੀ ਹਿੰਦੂ, ਸਿੱਖ, ਮੁਸਲਮਾਨਾਂ ਵਿਚਲਾ ਫ਼ਰਕ ਸਮਝਣ ਦੀ ਹੋਸ਼ ਗੁਆ ਚੁੱਕੀ ਹੈ, ਪਰ ਔਲਖ ਤਾਂ ਕੁੱਲ ਆਲਮ ਨੂੰ ਹੋਸ਼ ਵਿਚ ਲਿਆਉਣ ਦੀ ਸਮਝ ਪੈਦਾ ਕਰ ਰਿਹਾ ਹੈ। ਇਸ ਸਮਝ ਨੂੰ ਦਰਸ਼ਕ ਦੀ ਸਮਝ ਤਕ ਰੂਪਾਂਤਰਿਤ ਕਰਨ ਲਈ ਉਹ ਮੰਚ ’ਤੇ ਗਿਆਨੀ ਗੁਰਮੁਖ ਸਿੰਘ ਨੂੰ ਲਿਆਉਂਦਾ ਹੈ। ਗੁਰਮੁਖ ਦੀਆਂ ਗੱਲਾਂ ਅੰਨ੍ਹਿਆਂ ਨੂੰ ਕੌਮ ਦੁਸ਼ਮਣੀ ਵਾਲੀਆਂ ਲੱਗਦੀਆਂ ਹਨ।
ਇਸਤੋਂ ਬਾਅਦ ਔਲਖ ਫਿਰ ਇਕ ਭਰਪੂਰ ਰੰਗਮੰਚੀ ਜੁਗਤ ਰਾਹੀਂ ਇਕ ਗੂੰਗਾ ਪਾਤਰ ਪੇਸ਼ ਕਰਦਾ ਹੈ ਜੋ ਆਪਣੀਆਂ ਅਦਾਵਾਂ ਰਾਹੀਂ ਸਵਾਲ ਕਰ ਰਿਹਾ ਹੈ, ‘ਮੈਂ ਕੌਣ ਹਾਂ!’ ਬੁੱਲ੍ਹੇ ਸ਼ਾਹ ਦੀ ਆਤਮਾ ਔਲਖ ਨਾਲ ਬਗਲਗੀਰ ਹੋ ਰਹੀ ਹੈ। ਉਹ ਮੰਚ ਤੋਂ ਗਿਆ ਹੈ ਤਾਂ ਇਕ ਬੁੱਢੀ ਮਾਈ ਤੇ ਇਕ ਮਾਸੂਮ ਬੱਚਾ ਖਲਕਤ ਦਾ ਚਿਹਰਾ ਬਣ ਮੰਚ ’ਤੇ ਆ ਕੇ ਦਰਸ਼ਕ ਨੂੰ ਆਪਣਾ ਚਿਹਰਾ ਪੜ੍ਹਨ ਲਈ ਪ੍ਰੇਰਦੇ ਹਨ। ਬੇਹੋਸ਼ ਮੁਟਿਆਰ ਹੋਸ਼ ਵਿਚ ਆਈ ਤੇ ਬੱਚੇ ਨੂੰ ਆਪਣਾ ਭੋਲੂ ਸਮਝ ਗਲ ਨਾਲ ਲਗਾਉਂਦੀ ਹੈ। ਆਪਣਾ ਧਰਮ ਦੱਸਣ ਤੋਂ ਚੁੱਪ ਖੜ੍ਹੀ ਮਾਈ ਦਾ ਬੱਚਾ ਅੰਨ੍ਹੇ ਨਿਸ਼ਾਨਚੀਆਂ ਨੂੰ ਗ਼ੈਰ ਮਜ਼ਹਬ ਵਾਲਾ ਲੱਗਦਾ ਹੈ। ਉਸਨੂੰ ਮਾਰ ਉਹ ‘ਆਪਣੀ ਸਿੱਖ ਭੈਣ’ ਦੇ ਭੋਲੂ ਦਾ ਬਦਲਾ ਲੈਣਾ ਚਾਹੁੰਦੇ ਹਨ। ਇਹ ਨਾਟਕੀ ਤਣਾਅ ਐਨਾ ਗਹਿਰਾ ਹੈ ਕਿ ਦਰਸ਼ਕ ਦੇ ਸਾਹ ਸੂਤੇ ਹੋਏ ਹਨ। ਮੁਟਿਆਰ ਚੀਖ ਰਹੀ ਹੈ ਕਿ ਇਕ ਵਾਰ ਫੇਰ ਮੇਰੇ ਭੋਲੂ ਨੂੰ ਨਾ ਮਾਰੋ। ਫਿਰਕੂ ਦਹਿਸ਼ਤ ਦੇ ਸਾਏ ਮੂੰਹ ਜ਼ੋਰ ਹਨ। ਬੱਚੇ ਨੂੰ ਘੜੀਸ ਚਰ੍ਹੀ ’ਚ ਲੈ ਗਏ। ਚਰ੍ਹੀ ਮੰਚ ਤੋਂ ਗ਼ੈਰ ਹਾਜ਼ਰ ਹੈ, ਪਰ ਦਰਸ਼ਕ ਦਾ ਸਾਹ ਇਸ ਚਰ੍ਹੀ ਨੇ ਰੋਕਿਆ ਹੋਇਆ ਹੈ। ਮੁਟਿਆਰ ਛੁਰਾ ਖੋਹ ਕੇ ਆਪਣਾ ਢਿੱਡ ਪਾੜ ਲੈਂਦੀ ਹੈ, ਮਾਂ ਹੋਣ ਦਾ ਸੰਤਾਪ ਰਾਤ ਦੇ ਸੰਨਾਟੇ ਵਿਚ ਗੂੰਜ ਰਿਹਾ ਹੈ। ਮੰਚ ਦੇ ਪਿਛਵਾੜੇ ਤੋਂ ਬੱਚੇ ਦੀਆਂ ਚੀਕਾਂ ਗੂੰਜ ਰਹੀਆਂ ਹਨ। ਬੁੱਢੀ ਮਾਈ ਦੇ ਸੰਘ ’ਚ ਫਸੇ ਬੋਲ ਕੌੜੇ ਵਿਅੰਗ ਦਾ ਲਬਿਾਸ ਪਹਿਨ ਨਾਟਕ ਨੂੰ ਉੱਚ ਦੁਆਰ ਤਕ ਲੈ ਜਾਂਦੇ ਹਨ, ‘ਬਸ ਐਨੀ ਗੱਲ ਸੀ, ਕਰਤੀ ਕਹਾਣੀ ਖ਼ਤਮ!’ ਇਹ ਸੰਵਾਦ ਮਨਜੀਤ ਔਲਖ ਦੀ ਅਦਾਕਾਰੀ ਦਾ ਹਾਸਿਲ ਸੀ। ਕਹਾਣੀ ਕਿੱਥੇ ਖ਼ਤਮ ਹੁੰਦੀ ਐ ਮਨਜੀਤ ਮਾਤਾ! ਜਾਰੀ ਐ। ਉਦੋਂ ਤਕ ਚੱਲਦੀ ਰਹੇਗੀ ਜਦੋਂ ਤਕ ਅੰਨ੍ਹੇ ਨਿਸ਼ਾਨਚੀਆਂ ਦੇ ਚਿਹਰਿਆਂ ਦਾ ਨਕਾਬ ਲਾਹ ਨਹੀਂ ਦਿੰਦੇ, ਫੱਟੇ ਚੱਕ ਤੇ ਹੇਤ ਰਾਮਾਂ ਦੀਆਂ ਥੁੜ੍ਹਾਂ ਦਾ ਇਲਾਜ ਨਹੀਂ ਲੱਭ ਲੈਂਦੇ! ਜਦੋਂ ਤਕ ਬਦਲਿਆਂ ਦੀ ਅੱਗ ਮਾਵਾਂ, ਭੈਣਾਂ ਤੇ ਧੀਆਂ ਦੀ ਹਿੱਕ ਲੂਹਣੋਂ ਨਹੀਂ ਟਲਦੀ, ਇਸ ਕਹਾਣੀ ਦਾ ਦਰਦ ਸਮਝੀਏ ਤੇ ਔਲਖ ਬਾਪੂ ਨੂੰ ਸੱਚੀ ਸ਼ਰਧਾਂਜਲੀ ਦੇਈਏ।
ਸੰਪਰਕ : 98880-11096