ਗੁਰਮੀਤ ਸਿੰਘ*
ਬੋਦਲ ਟਟੀਹਰੀ ਵਿਲੱਖਣ ਜਲ ਪੰਛੀ ਹੈ। ਇਸ ਦੇ ਸਿਰ ਦੇ ਸਿਖਰ ’ਤੇ ਬੋਦੀ ਹੋਣ ਕਰਕੇ ਇਸ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ। ਇਸ ਨੂੰ ਪੰਜਾਬੀ ਵਿੱਚ ਬੋਦਲ ਟਟੀਹਰੀ ਅਤੇ ਅੰਗਰੇਜ਼ੀ ਵਿੱਚ ‘ਨੌਰਦਰਨ ਲੈਪਵਿੰਗ’ (Northern lapwing ) ਕਿਹਾ ਜਾਂਦਾ ਹੈ। ਇਹ ਪਰਵਾਸੀ ਪੰਛੀ ਹੈ। ਇਹ ਪੂਰੇ ਯੂਰਪ, ਉੱਤਰੀ ਅਫ਼ਰੀਕਾ, ਚੀਨ, ਮੰਗੋਲੀਆ, ਥਾਈਲੈਂਡ, ਕੋਰੀਆ, ਵੀਅਤਨਾਮ, ਲਾਓਸ ਅਤੇ ਰੂਸ ਵਿੱਚ ਪਾਇਆ ਜਾਂਦਾ ਹੈ। ਇਹ ਪੰਛੀ ਮੁੱਖ ਤੌਰ ’ਤੇ ਖੇਤਾਂ ਤੇ ਛੱਪੜਾਂ ਨੂੰ ਪਸੰਦ ਕਰਦਾ ਹੈ।
ਇਹ ਉੱਪਰੋਂ ਕਾਲਾ ਅਤੇ ਥੱਲੇ ਤੋਂ ਚਿੱਟਾ ਹੁੰਦਾ ਹੈ। ਇਸ ਦਾ ਮੱਥਾ, ਠੋਡੀ ਤੇ ਗਲਾ ਕਾਲੇ ਹੁੰਦੇ ਹਨ। ਇਸ ਦੇ ਉੱਪਰਲੇ ਹਿੱਸੇ ਸੁੰਦਰ, ਗੂੜ੍ਹੇ ਹਰੇ ਅਤੇ ਜਾਮਨੀ ਰੰਗ ਦੇ ਭਾਅ ਮਾਰਦੇ ਹਨ। ਇਸ ਦੀ ਛਾਤੀ ਅਤੇ ਗੱਲ੍ਹਾਂ ਚਿੱਟੀਆਂ ਹੁੰਦੀਆਂ ਹਨ। ਇਸ ਦੀ ਪੂਛ ਦੇ ਹੇਠਾਂ ਵਾਲੇ ਖੰਭ ਸੰਤਰੀ-ਭੂਰੇ ਅਤੇ ਇਸ ਦੀਆਂ ਲੱਤਾਂ ਗੁਲਾਬੀ ਹੁੰਦੀਆਂ ਹਨ। ਅੱਖਾਂ ਭੂਰੀਆਂ ਅਤੇ ਚੁੰਝ ਸੁਰਮਈ ਹੁੰਦੀ ਹੈ। ਮਾਦਾ ਦੀ ਦਿੱਖ ਕਾਲੇ ਰੰਗ ਦੀ ਹੁੰਦੀ ਹੈ। ਨਰ ਬੋਦਲ ਟਟੀਹਰੀ ਬਹੁਤ ਸ਼ਾਨਦਾਰ ਉਡਾਣ ਭਰਦਾ ਹੈ। ਉਹ ਵਿਰੋਧੀ ਨਰ ਅਤੇ ਸੰਭਾਵੀ ਸਾਥੀਆਂ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਲਈ ਬੁਲਾਉਂਦੇ ਹੋਏ ਹਿੱਲਦੇ ਹਨ, ਵਿੰਗ-ਤੜਿੰਗੇ ਹੋ ਕੇ ਚੱਲਦੇ ਹਨ ਅਤੇ ਹਵਾ ਵਿੱਚ ਗੋਤਾਖੋਰੀ ਕਰਦੇ ਹਨ। ਇਸ ਦੀ ਮਾਦਾ ਦੀ ਬੋਦੀ ਛੋਟੀ ਹੁੰਦੀ ਹੈ।
ਇਨ੍ਹਾਂ ਦੀ ਖੁਰਾਕ ਚਿੱਕੜ ਵਿੱਚੋਂ ਘੋਗੇ, ਸਿੱਪੀਆਂ, ਗੰਡੋਏ, ਪਾਣੀ ਦੇ ਕੀੜੇ ਮਕੌੜੇ ਅਤੇ ਮੱਖੀਆਂ ਹੁੰਦੇ ਹਨ। ਪੌਦੇ ਅਤੇ ਬੀਜ ਉਨ੍ਹਾਂ ਦੀ ਖੁਰਾਕ ਵਿੱਚ ਇੰਨੇ ਆਮ ਨਹੀਂ ਹੁੰਦੇ। ਇਹ ਮਾਰਚ ਦੇ ਅਖੀਰ ਤੋਂ ਜੂਨ ਦੇ ਸ਼ੁਰੂ ਤੱਕ ਪ੍ਰਜਣਨ ਕਰਦੇ ਹਨ। ਇਹ ਛੋਟੇ ਘਾਹ ਵਾਲੇ ਖੇਤਰਾਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਹਨ। ਮਾਦਾ ਕਾਲੇ ਨਿਸ਼ਾਨ ਵਾਲੇ 4 ਭੂਰੇ ਅੰਡੇ ਦਿੰਦੀ ਹੈ। ਇਨ੍ਹਾਂ ਵਿੱਚੋਂ 21 ਤੋਂ 28 ਦਿਨਾਂ ਬਾਅਦ ਬੱਚੇ ਨਿਕਲਦੇ ਹਨ। ਚੂਚੇ ਕੁਝ ਘੰਟਿਆਂ ਦੇ ਅੰਦਰ ਤੁਰਨ ਅਤੇ ਖਾਣ ਦੇ ਯੋਗ ਹੋ ਜਾਂਦੇ ਹਨ ਅਤੇ 5-6 ਹਫ਼ਤਿਆਂ ਦੇ ਹੋਣ ’ਤੇ ਉੱਡਣ ਲਈ ਤਿਆਰ ਹੋ ਜਾਂਦੇ ਹਨ।
ਇਨ੍ਹਾਂ ਨੂੰ ਖ਼ਤਰਾ ਲੂੰਬੜੀ ਅਤੇ ਕਾਂ ਤੋਂ ਹੁੰਦਾ ਹੈ। ਬੋਦਲ ਟਟੀਹਰੀ ਨੂੰ 1990 ਵਿੱਚ ਰਿਪਬਲਿਕ ਆਫ ਆਇਰਲੈਂਡ ਦਾ ਰਾਸ਼ਟਰੀ ਪੰਛੀ ਐਲਾਨਿਆ ਗਿਆ ਸੀ। ‘ਬਰਡਲਾਈਫ ਇੰਟਰਨੈਸ਼ਨਲ’ ਨੇ 2013 ਵਿੱਚ ਦੱਸਿਆ ਸੀ ਕਿ ਇਰਾਨ, ਫਰਾਂਸ, ਇਟਲੀ, ਗ੍ਰੀਸ ਅਤੇ ਸਪੇਨ ਵਿੱਚ ਭੋਜਨ ਸਰੋਤ ਦੇ ਨਾਲ-ਨਾਲ ਮਨੋਰੰਜਕ ਗਤੀਵਿਧੀ ਵਜੋਂ ਵਰਤਣ ਲਈ ਬੋਦਲ ਟਟੀਹਰੀ ਦਾ ਵਪਾਰਕ ਤੌਰ ’ਤੇ ਸ਼ਿਕਾਰ ਕੀਤਾ ਜਾਂਦਾ ਸੀ। ਕਈਆਂ ਦੇਸ਼ਾਂ ਵਿੱਚ ਜ਼ਮੀਨ ਦੀ ਜ਼ਿਆਦਾ ਵਰਤੋਂ, ਗਿੱਲੀ ਜ਼ਮੀਨ ਦੀ ਘਾਟ ਅਤੇ ਆਂਡੇ ਇਕੱਠੇ ਕਰਨ ਕਾਰਨ ਬੋਦਲ ਟਟੀਹਰੀ ਦੀ ਆਬਾਦੀ ਘਟੀ ਹੈ।
ਇਸ ਦੇ ਆਂਡੇ ਵਿਕਟੋਰੀਅਨ ਯੂਰਪ ਵਿੱਚ ਬਹੁਤ ਮਹਿੰਗੇ ਮਿਲਦੇ ਹਨ। ਪ੍ਰੋਟੈਕਸ਼ਨ ਆਫ ਲੈਪਵਿੰਗਜ਼ ਐਕਟ, 1928 ਨੇ ਇਸ ਦੇ ਆਂਡੇ ਲੈਣ ’ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਇਸ ਨਾਲ ਇਨ੍ਹਾਂ ਦੀ ਆਬਾਦੀ ਬਹੁਤ ਘਟ ਗਈ ਸੀ। ਸਾਡੇ ਦੇਸ਼ ਵਿੱਚ ਪਰਵਾਸੀ ਪੰਛੀ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਇਹ ਪੂਰੀ ਤਰ੍ਹਾਂ ਸੁਰੱਖਿਅਤ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910