ਸੁਖਮੰਦਰ ਸਿੰਘ ਤੂਰ
ਲੋਰੀਆਂ ਦਾ ਲੋਕ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਹੈ। ਲੋਰੀ ਨੂੰ ਦੁਨੀਆ ਦਾ ਪਹਿਲਾ ਲੋਕ ਗੀਤ ਮੰਨਿਆ ਗਿਆ ਹੈ। ਆਮ ਧਾਰਨਾ ਪ੍ਰਚੱਲਿਤ ਹੈ ਕਿ ਜਦੋਂ ਪਹਿਲੀ ਵਾਰ ਬੱਚੇ ਦੀ ਜਨਮ ਦੀ ਖੁਸ਼ੀ ਵਿੱਚ ਮਾਂ ਨੇ ਆਪਣੀ ਖੁਸ਼ੀ ਨੂੰ ਸਾਂਝਾ ਕਰਨ ਲਈ ਕਾਵਿ ਰੂਪ ਵਿੱਚ ਕੁਝ ਤੁਕਾਂ ਗੁਣਗੁਣਾਈਆਂ ਹੋਣਗੀਆਂ ਤਾਂ ਇੱਥੋਂ ਹੀ ਲੋਰੀ ਦਾ ਮੁੱਢ ਬੱਝਿਆ ਹੈ ਅਤੇ ਇਹ ਦੁਨੀਆ ਦੇ ਹਰ ਖਿੱਤੇ ਵਿੱਚ ਗਾਈਆਂ ਜਾਣ ਲੱਗੀਆਂ। ਕੇਵਲ ਮਾਂ ਹੀ ਨਹੀਂ ਆਪਣੇ ਬੱਚੇ ਨੂੰ ਲੋਰੀਆਂ ਦਿੰਦੀ ਬਲਕਿ ਵੱਡੀ ਭੈਣ, ਦਾਦੀ, ਨਾਨੀ, ਚਾਚੀਆਂ, ਤਾਈਆਂ, ਭੂਆ, ਮਾਮੀਆਂ ਅਤੇ ਮਾਸੀਆਂ ਵੀ ਲਾਲ ਨੂੰ ਲਾਡ ਲਡਾਉਣ ਸਮੇਂ ਅਨੇਕ ਪ੍ਰਕਾਰ ਦੀਆਂ ਖੇਡਾਂ ਖਿਡਾਉਂਦੀਆਂ ਹੋਈਆਂ ਲੋਰੀਆਂ ਦਿੰਦੀਆਂ ਹਨ। ਡਾ. ਨਾਹਰ ਸਿੰਘ ਦੇ ਸ਼ਬਦਾਂ ਅਨੁਸਾਰ ਇਸ ਦਾ ਕੋਈ ਨਿਸ਼ਚਿਤ ਛੰਦ ਨਹੀਂ, ਪਰ ਲੰਮਾ ਲਾਡ ਇਸ ਦਾ ਪ੍ਰਮਾਣਿਕ ਲੱਛਣ ਹੈ। ਲੋਰੀ ਮੌਖਿਕ ਰੂਪ ਵਿੱਚ ਬੱਚੇ ਨੂੰ ਪਿਆਰ ਨਾਲ ਪਰਚਾਉਣ /ਸੁਆਉਣ ਅਤੇ ਖੇਡ ਲਾਉਣ ਲਈ ਗਾਇਆ ਜਾਣ ਵਾਲਾ ਅਜਿਹਾ ਕਾਵਿ ਰੂਪ ਹੈ ਜੋ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕ ਸਮੂਹ ਦੁਆਰਾ ਵੀ ਗੁਣਗਣਾਇਆ ਜਾਂਦਾ ਹੈ। ਪੰਜਾਬੀ ਲੋਕ ਸਾਹਿਤ ਵਿੱਚ ਲੋਰੀਆਂ ਦੇ ਕਈ ਕਾਵਿ ਰੂਪ ਮਿਲਦੇ ਹਨ:
* ਜੱਟਾਂ ਖੇਤ ਪਿਆਰੇ,
ਦੇਵਾਂ ਲੋਰੀਆਂ।
ਮਾਵਾਂ ਪੁੱਤਰ ਜੇ ਪਿਆਰੇ,
ਦੇਵਾਂ ਲੋਰੀਆਂ।
* ਸੌਂ ਜਾ ਰਾਜਾ, ਸੌਂ ਜਾ ਵੇ!
ਤੇਰਾ ਬਾਪੂ ਆਇਆ ਵੇ।
ਖੇਲ ਖਲੌਨੇ ਲਿਆਇਆ ਵੇ।
* ਤੇਰੀ ਭੂਆ ਆਈ ਵੇ,
ਕੁੜਤਾ – ਟੋਪੀ ਲਿਆਈ ਵੇ।
* ਤੇਰਾ ਮਾਮਾ ਆਇਆ ਵੇ,
ਬੰਦ ਪੰਜੀਰੀ ਲਿਆਇਆ ਵੇ।
ਇਹ ਵੀ ਨਹੀਂ ਕਿ ਲੋਰੀਆਂ ਵਿੱਚ ਮਾਂ ਬੱਚੇ ਨੂੰ ਸਿਰਫ਼ ਸੁਪਨਿਆਂ ਦੀ ਦੁਨੀਆ ਵਿੱਚ ਸੈਰ ਕਰਵਾਉਂਦੀ ਹੈ ਅਤੇ ਆਪਣੇ ਲਾਡਲੇ ਨੂੰ ਸਚਾਈ ਤੋਂ ਦੂਰ ਰੱਖਣਾ ਚਾਹੁੰਦੀ ਹੈ। ਲੋਰੀਆਂ ਵਿੱਚ ਆਰਥਿਕ ਮੰਦਹਾਲੀ ਦਾ ਜ਼ਿਕਰ ਵੀ ਹੁੰਦਾ ਹੈ। ਜਿੱਥੇ ਬੱਚੇ ਲਈ ਇਸ ਵਿੱਚ ਇੱਕ ਆਦਰਸ਼ ਵਿਅਕਤੀਤਵ ਬਣਾਉਣ ਦੀ ਪ੍ਰੇਰਨਾ ਹੁੰਦੀ ਹੈ, ਉੱਥੇ ਮਾਂ ਉਸ ਵਿੱਚ ਸੰਤੋਖ ਦੀ ਭਾਵਨਾ ਭਰਨ ਦੀ ਕੋਸ਼ਿਸ਼ ਵੀ ਕਰਦੀ ਹੈ ਕਿ ਉਹ ਵੱਡਾ ਹੋ ਕੇ ਧਰਤੀ ਦੀ ਸਚਾਈ ਨਾਲ ਜੁੜਿਆ ਰਹੇ ਅਤੇ ਹਾਲਾਤ ਨਾਲ ਲੜਨ ਲਈ ਤਿਆਰ ਰਹੇ। ਲੋਰੀਆਂ ਦੇ ਇਸ ਅਥਾਹ ਸਾਗਰ ਵਿੱਚ ਜ਼ਿੰਦਗੀ ਦਾ ਹਰ ਪੱਖ ਸਮਾਇਆ ਹੋਇਆ ਹੈ :
ਅੱਲ੍ਹੜ-ਬੱਲੜ ਬਾਵੇ ਦਾ
ਬਾਵਾ ਕਣਕ ਲਿਆਵੇਗਾ।
ਬਾਵੀ ਬਹਿ ਕੇ ਛੱਟੇਗੀ
ਮਾਂ ਪੂਣੀਆਂ ਵੱਟੇਗੀ।
ਬਾਵਾ ਕਣਕ ਪਿਸਾਵੇਗਾ
ਬਾਵੀ ਬਹਿ ਕੇ ਗੁੰਨ੍ਹੇਗੀ।
ਬਾਵੀ ਮੰਨ ਪਕਾਵੇਗੀ
ਬਾਵਾ ਬੈਠ ਕੇ ਖਾਵੇਗਾ।
ਲੋਰੀ ਦੀ ਰਚਨਾ ਖਾਸ ਤੌਰ ’ਤੇ ਬੱਚੇ ਦੇ ਮਨ ਦੀ ਕੋਮਲਤਾ ਤੇ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਪਿਆਰੇ-ਪਿਆਰੇ ਲਫ਼ਜ਼ਾਂ ਦੀਆਂ ਲੜੀਆਂ ਨਾਲ ਸਜੀ ਲੋਰੀ ਜਿੱਥੇ ਬੱਚੇ ਨੂੰ ਖੁਸ਼ ਕਰਕੇ ਸੁਖਦ ਨੀਂਦ ਸੁਆ ਦਿੰਦੀ ਹੈ, ਉੱਥੇ ਮਾਂ ਨੂੰ ਅਪਾਰ ਖੁਸ਼ੀ ਵੀ ਮਿਲਦੀ ਹੈ। ਲੋਰੀ ਸਿਰਫ਼ ਬੱਚੇ ਨੂੰ ਸੁਆਉਣ ਦਾ ਹੀ ਸਾਧਨ ਨਹੀਂ ਹੈ, ਬਲਕਿ ਇਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਾਂ ਦਾ ਸੰਤੋਖ ਵੀ ਲੁਕਿਆ ਹੋਇਆ ਹੁੰਦਾ ਹੈ। ਮਾਂ ਦੀ ਕਰੁਣਾ ਵੀ ਕਈ ਲੋਰੀਆਂ ਵਿੱਚ ਮੁਖਾਤਬਿ ਹੋ ਕੇ ਉਸ ਦੇ ਮਨ ਦਾ ਬੋਝ ਹਲਕਾ ਕਰ ਦਿੰਦੀਆਂ ਹਨ। ਇੱਕ ਮਾਂ ਕਲਪਨਾ ਕਰਕੇ ਬਣਾਈਆਂ ਗੱਲਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਖੁਸ਼ ਕਰਕੇ ਆਪਣੇ ਹੀ ਤਰੀਕੇ ਨਾਲ ਗਾ ਕੇ ਸੁਣਾਉਣ ਦਾ ਯਤਨ ਕਰਦੀ ਹੈ :
* ਤੇਰਾ ਹੋਰ ਕੀ ਚੁੰਮਾਂ?
ਚੁੰਮਾਂ ਤੇਰਾ ਮੂੰਹ, ਊਂ… ਊਂ…,
ਮੇਰਾ ਰਾਜ ਦੁਲਾਰਾ ਤੂੰ, ਊਂ… ਊੰ…।
* ਤੇਰਾ ਹੋਰ ਕੀ ਚੁੰਮਾਂ?
ਚੁੰਮਾਂ ਤੇਰੀ ਧੁੰਨੀ, ਊਂ… ਊਂ…,
ਮੇਰੀ ਆਸ-ਮੁਰਾਦ ਪੁੰਨੀ ਊਂ.. ਊਂ…।
ਮਾਂ ਹੀ ਨਹੀਂ, ਭੈਣਾਂ ਵੀ ਆਪਣੇ ਨਿੱਕੇ ਜਿਹੇ ਵੀਰ ਨੂੰ ਬੇਸ਼ੁਮਾਰ ਮੁਹੱਬਤ ਕਰਦੀਆਂ ਹਨ। ਇੱਕ ਭੈਣ ਨੇ ਆਪਣੇ ਨਿੱਕੇ ਵੀਰ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਹੈ ਤੇ ਉਹ ਆਪਣੀਆਂ ਕਲਪਨਾਵਾਂ ਵਿੱਚ ਵੇਖਦੀ ਹੈ ਕਿ ਉਸ ਦਾ ਨਿੱਕੜਾ ਜਿਹਾ ਵੀਰ ਜਵਾਨ ਹੋ ਗਿਆ ਹੈ, ਉਸ ਦਾ ਵਿਆਹ ਹੋ ਗਿਆ ਹੈ ਅਤੇ ਸੋਹਣੀ ਜਿਹੀ ਭਰਜਾਈ ਘਰ ਵਿੱਚ ਆ ਗਈ ਹੈ। ਇਨ੍ਹਾਂ ਕਲਪਨਾਵਾਂ ਨੂੰ ਉਹ ਲੋਰੀ ਰਾਹੀਂ ਇੰਜ ਪ੍ਰਗਟਾਉਂਦੀ ਹੈ :
ਖੰਡ ਖੀਰ ਮਿੱਠੀ ਐ, ਮਿੱਠੀ ਐ,
ਵੀਰ ਵਹੁਟੀ ਡਿੱਠੀ ਐ, ਡਿੱਠੀ ਐ।
ਚੌਲਾਂ ਨਾਲੋਂ ਚਿੱਟੀ ਐ, ਚਿੱਟੀ ਐ,
ਜਲੇਬੀ ਨਾਲੋਂ ਮਿੱਠੀ ਐ, ਮਿੱਠੀ ਐ।
ਪੰਜਾਬੀ ਲੋਕ ਸਾਹਿਤ ਵਿੱਚ ਹੀ ਨਹੀਂ, ਹੋਰ ਵੀ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਲੋਕ ਸਾਹਿਤ ਵਿੱਚ ਵੀ ਲੋਰੀ ਦਾ ਜ਼ਿਕਰ ਹੋਇਆ ਮਿਲਦਾ ਹੈ, ਜਿਨ੍ਹਾਂ ਵਿੱਚ ਇਸ ਦਾ ਮੂਲ ਰੂਪ ਇੱਕੋ ਹੀ ਹੈ। ਕਿਸੇ ਵੀ ਭਾਸ਼ਾ ਦੀ ਮਾਂ ਹੋਵੇ ਉਸ ਦੇ ਭਾਵ ਮੂਲ ਰੂਪ ਵਿੱਚ ਇਕੋ ਹੀ ਹੁੰਦੇ ਹਨ। ਬੱਚਾ ਜਦੋਂ ਨਹੀਂ ਸੌਂਦਾ ਤਾਂ ਮਾਂ ਕੋਲ ਲੋਰੀ ਸੁਣਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਗੜਵਾਲ ਦੇ ਲੋਕ ਸਾਹਿਤ ਵਿੱਚ ਲੋਰੀ ਗੀਤ ਦਾ ਇੱਕ ਰੂਪ ਇਹ ਮਿਲਦਾ ਹੈ :
ਸੇ ਜਾ ਸ਼ੈਲੀ ਸੇ ਜਾ
ਸੇ ਜਾ ਅੰਜਲੀ ਸੇ ਜਾ
ਤੇਰਾ ਬਾਬਾ ਜੀ ਓ ਲਾ
ਦੁੱਧ ਮਿਠਾਈ ਲਓ ਲਾ
ਦੂਰ ਕਾ ਦੇਸ਼ੂ ਦਿਖਾਉਨਾ।
ਅਰਥਾਤ – ਸੌਂ ਜਾ ਸ਼ੈਲੀ, ਸੌਂ ਜਾ ਅੰਜਲੀ। ਪ੍ਰਦੇਸ਼ੋਂ ਤੇਰੇ ਪਾਪਾ ਜੀ ਆਉਣਗੇ, ਤੇਰੇ ਲਈ ਦੁੱਧ ਮਿਠਾਈ ਲਿਆਉਣਗੇ। ਫਿਰ ਦੂਰ ਦੇ ਦੇਸ਼ ਵਿਖਾਉਣਗੇ /ਘੁੰਮਾਉਣਗੇ।
ਇੱਕ ਕਸ਼ਮੀਰੀ ਮਾਂ ਆਪਣੇ ਬੱਚੇ ਦਾ ਜਨਮ ਦਿਨ ਮਨਾ ਰਹੀ ਹੈ, ਪਰ ਘਰ ਵਿੱਚ ਪੁਲਾਅ ਬਣਾਉਣ ਲਈ ਘਿਓ ਨਹੀਂ ਹੈ, ਪਰ ਇਸ ਘਾਟ ਦੀ ਪੂਰਤੀ ਕਲਪਨਾ ਰਾਹੀਂ ਕਰਦੀ ਹੋਈ ਲੋਰੀ ਗੁਣਗੁਣਾਉਂਦੀ ਹੈ :
ਵਾਰੇ-ਵਾਰੇ ਚੰਦਰੇ ਵਾਰੇ
ਵਾਰੇ ਅਜਛੁਈ ਮੁਬਾਰਕ
ਬਾਜੋ-ਬਾਜੋ ਬਰੁਯੋ ਤਾਜੋ
ਰਣਬੁਤ ਤਾਜੋ ਰੋਗਨ ਜੋਸ਼।
ਅਰਥਾਤ – ਅੱਜ ਸੋਮਵਾਰ ਹੈ, ਇਹ ਮੁਬਾਰਕ ਦਾ ਦਿਨ ਹੈ, ਹੇ ਰਸੋਈ ਤਿਆਰ ਕਰਨ ਵਾਲੇ, ਨਵੀਂ ਭੱਠੀ ਬਣਾ ਕੇ ਤੂੰ ਘਿਓ ਚਾੜ੍ਹ ਅਤੇ ਤਾਜ਼ਾ ਪੁਲਾਅ ਬਣਾ।
ਇਸ ਤਰ੍ਹਾਂ ਦੁਨੀਆ ਭਰ ਵਿੱਚ ਬੱਚੇ ਸੰਵੇਦਨਾਵਾਂ ਅਤੇ ਭਾਵਨਾਵਾਂ ਦੇ ਚਿਤੇਰੇ ਹਨ, ਜਿਨ੍ਹਾਂ ਨੂੰ ਵੇਖ ਕੇ ਸਾਹਿਤ ਦੀ ਸਿਰਜਣਾ ਹੁੰਦੀ ਹੈ। ਲੋਰੀਆਂ ਦੇ ਮਹੱਤਵ ਬਾਰੇ ਬਾਲ ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਲੋਰੀਆਂ ਬੱਚੇ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਹ ਮੰਨਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਲੋਰੀਆਂ ਸੁਣਾਈਆਂ ਜਾਂਦੀਆਂ ਹਨ ਉਨ੍ਹਾਂ ਦਾ ਚਰਿੱਤਰ ਵਿਕਾਸ ਬਿਹਤਰ ਹੁੰਦਾ ਹੈ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਲੋਰੀਆਂ ਵਿੱਚ ਮਾਂ ਦਾ ਪਿਆਰ ਵਸਦਾ ਹੈ ਅਤੇ ਇਨ੍ਹਾਂ ਲੋਰੀਆਂ ਰਾਹੀਂ ਉਹ ਬੱਚੇ ਨੂੰ ਉਚਿਤ ਸਿੱਖਿਆ ਅਤੇ ਪੂਰਨ ਵਿਕਾਸ ਦੇ ਰਸਤੇ ’ਤੇ ਤੋਰ ਸਕਦੀ ਹੈ। ਸੱਚਮੁੱਚ ਲੋਰੀਆਂ ਲੋਕ ਸਾਹਿਤ ਦਾ ਵਡਮੁੱਲਾ ਸਰਮਾਇਆ ਹਨ, ਇਨ੍ਹਾਂ ਨੂੰ ਸਾਂਭਣ ਦੀ ਲੋੜ ਹੈ।