ਡਾ. ਸਾਹਿਬ ਸਿੰਘ
ਰਾਸ ਰੰਗ
ਸਾਲ 1988 ਦਾ ਦਸ ਸਤੰਬਰ। ਉਦੋਂ ਜ਼ਿੰਦਗੀ ਬੜ੍ਹਕ ਮਾਰ ਕੇ ਗਲੀਆਂ ’ਚ ਨਹੀਂ ਸੀ ਨਿਕਲਦੀ। ਕਾਲੀਆਂ ਲੋਈਆਂ, ਕਾਲੀਆਂ ਸਟੇਨਾਂ, ਕਾਲੇ ਦਿਲ ਵਾਲੇ ਹਾਕਮਾਂ, ਸੁਰਖ ਲਹੂ ਦੇ ਡੁੱਲ੍ਹਣ ਤੋਂ ਬਾਅਦ ਮਿੱਟੀ ਉੱਤੇ ਬਣੇ ਕਾਲੇ ਧੱਬਿਆਂ ’ਤੇ ਦਗੜ ਦਗੜ ਕਰਦੇ ਖਾਕੀ ਤੇ ਹਰੇ ਬੂਟ, ਬੇਹੁਰਮਤੀਆਂ, ਬੇਵਿਸ਼ਵਾਸੀ, ਬੇਬਸੀਆਂ ਦੇ ਸਾਏ ਹੇਠ ਸਾਹ ਰੋਕ ਕੇ, ਸਹਿਮ ਕੇ ਜ਼ਿੰਦਗੀ ਦਿਨ ਕਟੀ ਕਰ ਰਹੀ ਸੀ। ਉਹ ਕਾਲੀਆਂ ਰਾਤਾਂ ਦਾ ਦੌਰ ਸੀ। ਗਾਇਕਾਂ ਦੀਆਂ ਤੂੰਬੀਆਂ ਟਰੰਕਾਂ ’ਚ ਜਾ ਵੜੀਆਂ ਸਨ। ਰੰਗਕਰਮੀ ਜਾਗ ਰਿਹਾ ਸੀ। ਹਨੇਰੀਆਂ ਰਾਤਾਂ ਦੀ ਡਰਾਵਣੀ ਚੁੱਪ ਨੂੰ ਤੋੜਨ ਲਈ ਉਵੇਂ ਹੀ ਹਾਅ ਦਾ ਨਾਅਰਾ ਮਾਰ ਰਿਹਾ ਸੀ ਜਿਵੇਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਆਵਾਜ਼ ਬੁਲੰਦ ਕੀਤੀ ਸੀ। ਰੰਗਕਰਮੀਆਂ ਨੂੰ ਉਸ ਨਵਾਬ ਦੀ ਅਸੀਸ ਵੀ ਪ੍ਰਾਪਤ ਹੈ ਤੇ ਸਰਹਿੰਦ ਦੀਆਂ ਨੀਂਹਾਂ ’ਚ ਚਿਣੇ ਸਾਹਿਬਜ਼ਾਦਿਆਂ ਦੀ ਨਿੱਘੀ ਗਲਵੱਕੜੀ ਵੀ ਹਾਸਲ ਹੈ। ਅਜਿਹਾ ਹੀ ਹੈ ਸਾਡਾ ਪਿਆਰਾ ਰੰਗਕਰਮੀ ਪਰਮਜੀਤ ਗਿੱਲ। ਉਦੋਂ ਅਸੀਂ ਉਸਨੂੰ ਪਰਮਜੀਤ ਬੁੱਘੀਪੁਰੀਆ ਕਹਿੰਦੇ ਹੁੰਦੇ ਸੀ ਕਿਉਂਕਿ ਉਹ ਮੋਗੇ ਲਾਗੇ ਪੈਂਦੇ ਪਿੰਡ ਬੁੱਘੀਪੁਰਾ ਦਾ ਵਸਨੀਕ ਹੈ। ਉਸ ਨੇ ਆਪਣੀ ਰੰਗਮੰਚ ਮੰਡਲੀ ਦਾ ਨਾਂ ਵੀ ਪੰਜਾਬ ਕਲਾ ਮੰਚ ਬੁੱਘੀਪੁਰਾ ਰੱਖਿਆ ਹੋਇਆ ਸੀ। ਲੋਕ ਪੱਖੀ ਕਲਾ ਦਾ ਹਾਮੀ, ਪਰ ਸਿਰਫ਼ ਹਾਮੀ ਨਹੀਂ ਬਲਕਿ ਇਸਦੇ ਸੰਘਰਸ਼ ਵਾਲੇ ਕਿਰਦਾਰ ਦੀ ਪਹਿਰੇਦਾਰੀ ਕਰਨ ਵਾਲਾ। ਉਸਨੂੰ ਲੱਗਦਾ ਕਿ ਸਮਾਜ ਵਿਚ ਜੇ ਕੁਝ ਗ਼ਲਤ ਹੈ, ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਠੀਕ ਕਰਨ ’ਚ ਰੰਗਮੰਚ ਭੂਮਿਕਾ ਨਿਭਾ ਸਕਦਾ ਹੈ। ਹੁਣ ਵਾਪਸ ਆਈਏ ਦਸ ਸਤੰਬਰ ਉੱਨੀ ਸੌ ਅਠਾਸੀ ਦੀ ਸ਼ਾਮ ਵੱਲ। ਨਾਟਕ ‘ਕਾਲੀਆਂ ਰਾਤਾਂ’ ਦਾ ਮੰਚਨ ਸਥਾਨ ਸੀ ਮੋਗੇ ਦਾ ਰੀਗਲ ਸਿਨਮਾ। ਸੰਘਰਸ਼ਾਂ ਦੇ ਪਿੜ ਦਾ ਮੋਹਰੀ ਸਥਾਨ ਰੀਗਲ ਸਿਨਮਾ। ਕੁਰਬਾਨੀਆਂ ਦੀ ਮਾਣ ਮੱਤੀ ਕਹਾਣੀ ਸਮੋਈ ਬੈਠਾ ਮੋਗੇ ਦਾ ਰੀਗਲ ਸਿਨਮਾ। ਇਹ ਪੇਸ਼ਕਾਰੀ ਉਸ ਸਿਨਮਾ ਦੇ ਘੋਲ ਦੀ ਯਾਦ ਸੰਭਾਲੀ ਬੈਠੀ ਯਾਦਗਾਰੀ ਲਾਇਬ੍ਰੇਰੀ ਹਾਲ ਅੰਦਰ ਹੋਈ। ਨਾਟਕ ਦਾ ਲੇਖਕ ਨਿਰਦੇਸ਼ਕ ਸੀ ਪਰਮਜੀਤ ਗਿੱਲ ਬੁੱਘੀਪੁਰੀਆ।
ਮੰਚ ਤੋਂ ਪਰਦਾ ਹਟਿਆ ਤਾਂ ਪਹਿਲਾ ਹੀ ਨਿਰਦੇਸ਼ਕੀ ਬਿੰਬ ਰੌਸ਼ਨੀ ਵਾਲਾ ਉਜਾਗਰ ਹੋਇਆ। ਦਰਸ਼ਕ ਲਾਲਟੈਣ ਦੇਖ ਰਿਹਾ ਹੈ, ਹਨੇਰੇ ਨੂੰ ਚੀਰਨ ਦੀ ਕੋਸ਼ਿਸ਼ ਕਰਦੀ ਲਾਲਟੈਨ। ਕੰਬਦੇ ਹੱਥਾਂ ਨਾਲ ਇਸ ਰੌਸ਼ਨੀ ਨੂੰ ਸੰਭਾਲਦੀ ਬਚਿੰਤੀ ਮੰਚ ਨੂੰ ਧੜਕਣ ਲਗਾ ਦਿੰਦੀ ਹੈ। ਉਹ ਆਪਣੇ ਪਰਿਵਾਰ ਦੀ ਲਾਣੇਦਾਰਨੀ ਹੈ। ਇਕ ਇਕ ਜੀਅ ਨੂੰ ਸੁਵਖਤੇ ਉੱਠਣ ਦੀ ਸੱਦ ਮਾਰ ਰਹੀ ਹੈ। ਨਾਟਕ ਪੈਂਦੀ ਸੱਟੇ ਹੀ ਰੌਸ਼ਨੀ ਤੇ ਜਾਗਣ ਦੀ ਕਣਸੋਅ ਦੇਣ ਲੱਗਦਾ ਹੈ। ਦਰਸ਼ਕ ਆਸਵੰਦ ਹੋ ਜਾਂਦਾ ਹੈ। ਅਦਾਕਾਰਾ ਮੱਖਣਜੀਤ ਕੌਰ ਨਾਟਕ ਦੀ ਵੀ ਲਾਣੇਦਾਰਨੀ ਹੈ। ਮੁੱਢ, ਮੱਧ, ਅੰਤ ਸਭ ਉਸ ਦੇ ਹੱਥ ਹੈ। ਨਾਟਕ ਦੀ ਕਹਾਣੀ ਮੁੱਦੇ ਵੱਲ ਵੱਧਦੀ ਹੈ। ਪਿੰਡ ਦਾ ਜ਼ੈਲਦਾਰ ਹਿੱਕ ਦੇ ਜ਼ੋਰ ਮਨਮਾਨੀਆਂ ਕਰ ਰਿਹਾ ਹੈ। ਕੱਸੀ ਦਾ ਪਾਣੀ ਸਾਰਿਆਂ ਨੂੰ ਵੰਡ ਕੇ ਦਿੱਤਾ ਜਾਂਦਾ ਹੈ ਤਾਂ ਕਿ ਸਾਰੇ ਕਿਸਾਨ ਆਪਣੇ ਖੇਤ ਸਿੰਜ ਸਕਣ। ਇਸ ਲਈ ਮੀਰਾਬ ਨਿਯੁਕਤ ਹੋਇਆ ਹੈ ਜੋ ਸਮਾਂ ਵੰਡ ਕੇ ਦੇ ਸਕੇ, ਪਰ ਤਕੜੇ ਦਾ ਸੱਤੀਂ ਵੀਹੀਂ ਸੌ। ਅੱਜ ਪਾਣੀ ਦੀ ਵਾਰੀ ਇਸ ਟੱਬਰ ਦੀ ਹੈ, ਪਰ ਜ਼ੈਲਦਾਰ ਧੱਕੇ ਨਾਲ ਦੋ ਘੰਟੇ ਦਾ ਸਮਾਂ ਖਾ ਗਿਆ। ਟੱਬਰ ਪ੍ਰੇਸ਼ਾਨ ਹੈ। ਨਾਟਕਕਾਰ ਪ੍ਰੇਸ਼ਾਨ ਹੈ, ਪਰ ਚੇਤਨ ਹੈ। ਉਹ ਪ੍ਰੇਸ਼ਾਨੀ ਦਾ ਪੈਮਾਨਾ ਨਿਰਧਾਰਤ ਕਰਦਾ ਹੈ ਤੇ ਤਰਤੀਬਵਾਰ ਦਰਸ਼ਕ ਤਕ ਪਹੁੰਚਾਉਂਦਾ ਹੈ। ਬਚਿੰਤੀ ਦਾ ਪਤੀ ਬਿਸ਼ਨ ਸਿੰਘ ਇਕ ਮਜਬੂਰ ਤਬੀਅਤ ਦਾ ਮਾਲਕ ਇਨਸਾਨ ਹੈ ਜੋ ਗ਼ਲਤ ਵਰਤਾਰੇ ਨੂੰ ਸਮਝਦਾ ਤਾਂ ਹੈ, ਪਰ ਲੜਨ ਲਈ ਤਿਆਰ ਨਹੀਂ ਹੈ। ਪਹਿਲੀ ਝਾਕੀ ਇਸ ਮਜਬੂਰੀ ਵੱਲ ਇਸ਼ਾਰਾ ਕਰਦੀ ਹੈ। ਬਚਿੰਤੀ ਦਾ ਪਤੀ ਅਸਲ ’ਚ ਬਿਸ਼ਨੇ ਦਾ ਵੱਡਾ ਭਰਾ ਸੀ ਜਿਹੜਾ ਜ਼ੈਲਦਾਰ ਦੀਆਂ ਵਧੀਕੀਆਂ ਖ਼ਿਲਾਫ਼ ਬੋਲਿਆ ਤੇ ਇਕ ਕਾਲੀ ਬੋਲੀ ਹਨੇਰੀ ਰਾਤ ਨੇ ਨਿਗਲ ਲਿਆ। ਬਿਸ਼ਨਾ ਭਰਾ ਦੀ ਜ਼ਿੰਮੇਵਾਰੀ ਸਾਂਭ ਰਿਹਾ ਹੈ। ਵੱਡਾ ਮੁੰਡਾ ਨਿਹਾਲਾ ਉਦੋਂ ਸੁਰਤ ਸਿਰ ਸੀ। ਉਹ ਗੁੱਸੇ ’ਚ ਰਹਿੰਦਾ ਹੈ। ਛੋਟਾ ਬਲਬੀਰ ਪੜ੍ਹ ਰਿਹਾ ਹੈ ਤੇ ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ। ਭੈਣ ਵੀਰਾਂ ਲਾਡਲੀ ਹੈ, ਪਰ ਇਸ ਝਾਕੀ ਦਾ ਤਣਾਅ ਇਸ ਗੱਲ ਵਿਚ ਹੈ ਕਿ ਨਿਹਾਲੇ ਤੇ ਬਲਬੀਰ ਤੋਂ ਵਿਚਕਾਰਲਾ ਇਕ ਪੁੱਤ ਹੋਰ ਵੀ ਹੈ, ਲਖਬੀਰ ਸਿੰਘ ਜੋ ਲਾਪਤਾ ਹੈ। ਉਸ ਦੇ ਲਾਪਤਾ ਹੋਣ ਦਾ ਕਾਰਨ ਪ੍ਰਬੰਧ ਦੀ ਅਸਾਵੀਂ ਵੰਡ ਤੇ ਰਿਸ਼ਵਤਖੋਰੀ ਹੈ। ਲਖਬੀਰ ਪੜ੍ਹਨ ਲਿਖਣ ਦੇ ਬਾਵਜੂਦ ਬੇਰੁਜ਼ਗਾਰ ਹੈ ਤੇ ਹਰ ਨੌਕਰੀ ਰਿਸ਼ਵਤ ਖੁਣੋਂ ਹੱਥੋਂ ਨਿਕਲ ਜਾਂਦੀ ਹੈ। ਇਕ ਦਿਨ ਪ੍ਰਬੰਧ ਦਾ ਸਤਾਇਆ ਉਹ ਘਰੋਂ ਲਾਪਤਾ ਗਿਆ।
ਦੂਜੀ ਝਾਕੀ ਪੰਜਾਬ ਦੀ ਜਵਾਨੀ ’ਤੇ ਹੋ ਰਹੇ ਚੌਤਰਫ਼ੇ ਹਮਲੇ ਦੀਆਂ ਤੈਹਾਂ ਫਰੋਲਦੀ ਹੈ। ਇਕ ਪਾਸੇ ਜ਼ੈਲਦਾਰ, ਉਸਦਾ ਮੁੰਡਾ ਨਸ਼ੇ ਦੀ ਤਸਕਰੀ ਕਰਕੇ ਨੌਜਵਾਨਾਂ ਨੂੰ ਨਿਕੰਮੇ ਕਰ ਰਿਹਾ ਹੈ ਤੇ ਇਸ ਦਲਦਲ ’ਚ ਫਸਾ ਕੇ ਕਈ ਘਰਾਂ ਦੀ ਜ਼ਮੀਨ ’ਤੇ ਕਬਜ਼ਾ ਕਰ ਚੁੱਕਾ ਹੈ। ਦੂਜੇ ਪਾਸੇ ਅਤਿਵਾਦ ਦੀ ਭੱਠੀ ਤਪ ਰਹੀ ਹੈ ਤੇ ਨੌਜਵਾਨ ਇਸ ਵਿਚ ਕੁੱਦ ਰਹੇ ਹਨ। ਤੀਜੇ ਪਾਸੇ ਸਟੇਟ ਦੀ ਬੇਕਿਰਕ ਦਹਿਸ਼ਤ ਬੇਕਸੂਰ ਨੌਜਵਾਨਾਂ ਦੀਆਂ ਹੱਡੀਆਂ ਤੋੜ ਰਹੀ ਹੈ। ਇਸ ਸਭ ਵਿਚਾਲੇ ਨਾਟਕਕਾਰ ਛੋਟੇ ਮੁੰਡੇ ਬਲਬੀਰ ਦੇ ਹੱਥ ਸੰਤੁਲਿਤ ਅਤੇ ਇਨਕਲਾਬੀ ਪਹੁੰਚ ਦਾ ਝੰਡਾ ਫੜਾਉਂਦਾ ਹੈ। ਬਲਬੀਰ ਸੰਘਰਸ਼ਾਂ ਦੇ ਪਿੜ ’ਚ ਕੁੱਦ ਚੁੱਕਿਆ ਹੈ। ਤੀਜੀ ਝਾਕੀ ਦੌਰਾਨ ਲਖਬੀਰ ਦੀ ਆਮਦ ਹੁੰਦੀ ਹੈ, ਪਰ ਨਾਟਕਕਾਰ ਉਸ ਨੂੰ ਮੰਚ ਉੱਤੇ ਪੇਸ਼ ਨਹੀਂ ਕਰਦਾ। ਉਹ ਪਿੰਡ ਦੇ ਬਾਹਰ ਚੰਦੂ ਦੀ ਮੋਟਰ ’ਤੇ ਰੁਕ ਗਿਆ। ਲਖਬੀਰ ਤੇ ਬਲਬੀਰ ਦੋਵੇਂ ਪ੍ਰਬੰਧ ਖਿਲਾਫ਼ ਲੜ ਰਹੇ ਹਨ, ਪਰ ਦੋਵਾਂ ਦੀ ਲੜਾਈ ’ਚ ਅੰਤਰ ਹੈ। ਲਖਬੀਰ ਜਿਸ ਲਹਿਰ ਦਾ ਹਿੱਸਾ ਬਣਿਆ ਹੈ, ਉਸ ਦਾ ਖਾਸਾ ਫਿਰਕੂ ਹੈ। ਪਰ ਬਲਬੀਰ ਇਕਮੁੱਠ ਹੋ ਕੇ ਲੜੀ ਜਾਣ ਵਾਲੀ ਲੜਾਈ ਦਾ ਹਾਮੀ ਹੈ। ਉਹ ਸਮਝਦਾ ਹੈ ਕਿ ਭਟਕੀ ਹੋਈ ਲੜਾਈ ਫਾਇਦੇ ਦੀ ਬਜਾਏ ਨੁਕਸਾਨ ਕਰਦੀ ਹੈ। ਤਣਾਅ ਵੱਧਦਾ ਹੈ, ਡਰਿਆ ਸਹਿਮਿਆ ਮਾਮਾ ਆਉਂਦਾ ਹੈ ਤੇ ਭੈਣ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਇਸ ਝਾਕੀ ਦੌਰਾਨ ਬਿਸ਼ਨਾ ਆਪਣੀ ਭੈਣ ਨੂੰ ਮਿਲਣ ਲਈ ਉਸ ਦੇ ਪਿੰਡ ਗਿਆ ਤੇ ਅਗਲੇ ਦਿਨ ਸਵੇਰੇ ਮੁੜ ਆਉਣ ਦਾ ਕਹਿ ਕੇ ਗਿਆ। ਨਾਟਕਕਾਰ ਚੌਤਰਫ਼ਾ ਤਣਾਅ ਸਿਰਜ ਰਿਹਾ ਹੈ।
ਆਖ਼ਰੀ ਝਾਕੀ ਮੂੰਹ ਹਨੇਰੇ ਸ਼ੁਰੂ ਹੁੰਦੀ ਹੈ। ਜ਼ੈਲਦਾਰ ਨੇ ਇਨ੍ਹਾਂ ਨਾਲ ਲੱਗਦੀ ਸਾਰੀ ਵੱਟ ਵਾਹ ਲਈ ਹੈ ਤੇ ਹੁਣ ਖਾਲ ਵਾਲੀ ਟਾਹਲੀ ਪੁੱਟ ਰਿਹਾ ਹੈ। ਵਿਰਾਸਤ ਖ਼ਤਰੇ ਵਿਚ ਹੈ। ਨਿਹਾਲਾ ਗੰਡਾਸਾ ਚੁੱਕ ਬਾਹਰ ਵੱਲ ਭੱਜਦਾ ਹੈ, ਬਲਵੀਰ ਵੀ ਮਗਰ ਜਾਂਦਾ ਹੈ। ਲਖਬੀਰ ਘਰ ਮੁੜ ਆਇਆ ਹੈ, ਪਰ ਨਿਹਾਲਾ ਜ਼ਖ਼ਮੀ ਹੋ ਗਿਆ ਹੈ। ਝਾਕੀ ਦੇ ਅੰਤ ’ਚ ਨਿਹਾਲਾ ਮੁੱਕ ਜਾਂਦਾ ਹੈ। ਅੱਡੇ ’ਤੇ ਗੋਲੀ ਚੱਲੀ ਹੈ। ਬਿਸ਼ਨਾ ਉਸ ਗੋਲੀ ਕਾਂਡ ਅੰਦਰ ਮਾਰਿਆ ਗਿਆ। ਘਰ ’ਚ ਸੱਥਰ ਵਿਛ ਗਿਆ। ਬਚਿੰਤੀ ਦਾ ਦਰਦ ਚੀਕ ਬਣ ਅੰਬਰ ਵੱਲ ਉੱਠ ਰਿਹਾ ਹੈ। ਉਹ ਸਵਾਲ ਕਰਦੀ ਹੈ ਕਿ ਇਕ ਮਾਂ ਬਿਨਾਂ ਕਿਸੇ ਸਹਾਰੇ ਤੋਂ ਇਨ੍ਹਾਂ ਕਾਲੀਆਂ ਰਾਤਾਂ ਦਾ ਹਨੇਰ ਕਿਵੇਂ ਢੋਏਗੀ? ਬਲਬੀਰ ਨਾਇਕ ਹੈ। ਨਾਟਕਕਾਰ ਉਸਦੇ ਮੂੰਹੋਂ ਸੰਦੇਸ਼ ਦੇ ਰਿਹਾ ਹੈ,‘ਕੱਲੇ ਕੱਲੇ ਤਾਰਿਆਂ, ਆਪੋ ਆਪਣਾ ਜ਼ੋਰ ਲਾ ਕੇ, ਰਾਤ ਦੇ ਹਨੇਰੇ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਰਾਤ ਕਾਲੀ ਹੀ ਰਹੀ…. ਉਹ ਦੇਖ ਮਾਂ, ਚੜ੍ਹਦੀ ਬੰਨੇ ਪੂਰਬ ਵਿਚ ਕਿੰਨੀ ਲਾਲੀ ਏ ਹੁਣ… ਉਹ ਤਾਰੇ ਇਕ ਸਮੂਹ ਦੀ ਸ਼ਕਲ ਵਿਚ ਉੱਠ ਰਹੇ ਨੇ। ਦੇਖ ਕਿੰਨੀ ਲਾਲੀ! ਦਿਨ ਜ਼ਰੂਰ ਚੜ੍ਹੇਗਾ!’ ਮੰਚ ਦੇ ਨੀਮ ਹਨੇਰੇ ਵਿਚ ਖੱਬੀ ਗੁੱਠ ’ਚੋਂ ਲਾਲ ਰੌਸ਼ਨੀ ਦਾ ਪ੍ਰਭਾਵ ਸਿਰਜਿਆ ਜਾ ਰਿਹਾ ਹੈ। ਸੰਗੀਤ ਮਾਹੌਲ ਨੂੰ ਸੰਘਣਾ ਕਰ ਰਿਹਾ ਹੈ ਤੇ ਹੌਲੀ ਹੌਲੀ ਨਾਟਕ ਸਮਾਪਤੀ ਵੱਲ ਵਧਦਾ ਹੈ।
ਪਰਮਜੀਤ ਗਿੱਲ ਚੇਤਨ ਨਾਟਕਕਾਰ ਹੈ। ਸਮੂਹ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ਾਂ ਦੀ ਮਹੱਤਤਾ ਉਜਾਗਰ ਕਰਦਾ ਹੈ। ਉਹ ਦੌਰ ਭਿਆਨਕ ਸੀ, ਪਰ ਰੰਗ ਕਰਮੀ ਜਾਨ ਖ਼ਤਰੇ ’ਚ ਪਾ ਕੇ ਲੋਕਾਂ ਨਾਲ ਖੜ੍ਹੇ ਸਨ। ਇਸ ਪੇਸ਼ਕਾਰੀ ਵਿਚ ਮੱਖਣਜੀਤ ਕੌਰ, ਹਰਜੀਤ ਸਿੰਘ, ਮੁਕੰਦ ਲੂੰਬਾ, ਹੀਰਾ ਸਿੰਘ ਰੰਧਾਵਾ, ਪ੍ਰਵੀਨ ਧਮੀਜਾ, ਜੋਤੀ, ਸੁਖਦੇਵ ਸਿੰਘ, ਅੰਮ੍ਰਿਤਪਾਲ, ਦਰਸ਼ਪ੍ਰੀਤ, ਪ੍ਰੇਮਨਾਥ, ਪੁਸ਼ਪਿੰਦਰ ਕੌਰ ਬਰਾੜ ਦੀ ਅਦਾਕਾਰੀ ਲਾਜਵਾਬ ਸੀ। ਰਾਜਿੰਦਰ ਬਿੱਲਾ ਤੇ ਸੁਖਵਿੰਦਰ ਕੌਰ ਲਵਲੀ ਦਾ ਗੀਤ ਸੰਗੀਤ ਨਾਟਕ ਨੂੰ ਰਵਾਨੀ ਦੇ ਰਿਹਾ ਸੀ। ਇਸ ਪੇਸ਼ਕਾਰੀ ਨੂੰ ਅੱਜ ਯਾਦ ਕਰਦਿਆਂ ਰੰਗਮੰਚ ਦੀ ਪ੍ਰਤੀਬੱਧਤਾ ਦਾ ਵਾਅਦਾ ਮੁੜ ਦੁਹਰਾਇਆ ਜਾ ਰਿਹਾ ਹੈ।
ਸੰਪਰਕ: 98880-11096