ਸ਼ਾਇਰ ਭੱਟੀ
ਕਰਨ ਬੁੱਟਰ ਨੇ ਚੌਦਾਂ ਸਾਲ ਦੀ ਉਮਰ ਵਿਚ ਹੀ ਗੀਤਕਾਰੀ ਵਿਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਉਸਦਾ ਇਹ ਸਫ਼ਰ ਨਿਰੰਤਰ ਜਾਰੀ ਹੈ। ਊਸਨੂੰ ਗੀਤਕਾਰੀ ਦੀ ਚਿਣਗ ਆਪਣੇ ਪਿਤਾ ਤੋਂ ਹੀ ਲੱਗੀ ਕਿਉਂਕਿ ਉਨ੍ਹਾਂ ਨੂੰ ਵੀ ਲਿਖਣ ਦਾ ਸ਼ੌਕ ਹੈ। ਕਰਨ ਬੁੱਟਰ ਪਿੰਡ ਆਸਾ ਬੁੱਟਰ ਜ਼ਿਲ੍ਹਾ ਮੁਕਤਸਰ ਦਾ ਜੰਮਪਲ ਹੈ।
ਉਸਦਾ ਜਨਮ 12 ਦਸੰਬਰ 1986 ਨੂੰ ਪਿਤਾ ਰੇਸ਼ਮ ਸਿੰਘ ਬੁੱਟਰ ਤੇ ਮਾਤਾ ਜਸਵਿੰਦਰ ਕੌਰ ਬੁੱਟਰ ਦੇ ਘਰ ਹੋਇਆ। ਉਸਦਾ ਪੂਰਾ ਨਾਂ ਕਰਨਵੀਰ ਸਿੰਘ ਬੁੱਟਰ ਹੈ। ਉਸਦਾ ਪਹਿਲਾ ਗੀਤ 2004 ਵਿਚ ਪੱਪੀ ਗਿੱਲ ਦੀ ਆਵਾਜ਼ ਵਿਚ ਰਿਕਾਰਡ ਹੋਇਆ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ। ਇਹ ਗੀਤ ਸੀ-ਰੰਗ ਕਾਲਾ ਹੋ ਗਿਆ ਵੇ ਨਿਰੰਜਣਾ, ਤੇਰੇ ਫਿਕਰ ਦੀ ਮਾਰੀ। ਇਹ ਗੀਤ ਕਾਫ਼ੀ ਹਿੱਟ ਹੋਇਆ। ਇਸ ਤੋਂ ਇਲਾਵਾ ‘ਜੋਗੀਆ ਵੇ ਜੋਗੀਆ ਤੇਰੀ ਜੋਗਣ ਹੋ ਗਈ ਆਂ’ ਗੀਤ ਨੇ ਵੀ ਦਰਸ਼ਕਾਂ ਦੀ ਬਹੁਤ ਵਾਹ ਵਾਹ ਖੱਟੀ ਸੀ। ਬੁੱਟਰ ਦੇ ਲਿਖੇ 700 ਗੀਤਾਂ ਨੂੰ ਛੋਟੇ ਵੱਡੇ ਗਾਇਕ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ। ਇਨ੍ਹਾਂ ਵਿਚ ਕੁਝ ਪ੍ਰਮੁੱਖ ਨਾਂ ਹਨ ਐਮੀ ਵਿਰਕ, ਮਨਕੀਰਤ ਔਲਖ, ਬੀ ਪਰਾਕ, ਰੋਮੀ ਗਿੱਲ, ਪੱਪੀ ਗਿੱਲ, ਰਿੰਪੀ ਗਰੇਵਾਲ ਤੋਂ ਇਲਾਵਾ ਲਾਲ ਚੰਦ ਯਮਲਾ ਜੱਟ ਦੇ ਪਰਿਵਾਰ ਵਿਚੋਂ ਸਰਬਜੀਤ ਕੌਰ ਚਿਮਟੇ ਵਾਲੀ, ਸੁਰੇਸ਼ ਯਮਲਾ ਅਤੇ ਜਸਦੇਵ ਯਮਲਾ ਮੁੱਖ ਹਨ। ਇਸ ਤੋਂ ਇਲਾਵਾ ਰਾਜਾ ਕੰਗ, ਭੁਪਿੰਦਰ ਗਿੱਲ, ਮਿਸ ਨੀਲਮ, ਦਿਲਰਾਜ, ਕੇਸਰ ਮਨਕੀ, ਮਿਸ ਪੂਜਾ, ਅਨਮੋਲ ਵਿਰਕ, ਅੰਮ੍ਰਿਤਾ ਵਿਰਕ, ਜੀ ਨੂਰ, ਨੈਨਸੀ ਗਰੇਵਾਲ, ਜਗਰੂਪ ਸੇਖੋਂ, ਸੁਦੇਸ਼ ਕੁਮਾਰੀ, ਰਿੰਪੀ ਗਰੇਵਾਲ, ਸੁਰਿੰਦਰ ਗੀਤ ਮੁਕਸੂਦਪੁਰੀ, ਲਹਿੰਬਰ ਹੁਸੈਨਪੁਰੀ, ਲਾਭ ਜੰਜੂਆ ਆਦਿ।
ਉਸਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਆਸਾ ਬੁੱਟਰ ਤੋਂ ਹੀ ਪ੍ਰਾਪਤ ਕੀਤੀ ਤੇ ਫਿਰ ਘਰ ਦੀਆਂ ਮਜਬੂਰੀਆਂ ਕਾਰਨ ਉਹ ਉੱਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਿਆ। ਗੀਤਕਾਰੀ ਦੇ ਖੇਤਰ ਵਿਚ ਸ਼ੁਰੂਆਤੀ ਦੌਰ ਵਿਚ ਉਸਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਇੱਥੋਂ ਤਕ ਕਿ ਆਪਣੀ ਪੜ੍ਹਾਈ ਵੀ ਅੱਧ ਵਿਚਾਲੇ ਹੀ ਛੱਡਣੀ ਪਈ, ਪਰ ਉਸਨੇ ਸੰਘਰਸ਼ ਦਾ ਪੱਲਾ ਨਹੀਂ ਛੱਡਿਆ। ਇਸ ਦੀ ਬਦੌਲਤ ਅੱਜ ਉਸਦਾ ਗੀਤਕਾਰੀ ਵਿਚ ਉੱਚਾ ਮੁਕਾਮ ਹੈ। ਗੀਤਕਾਰੀ ਦੀਆਂ ਬਾਰੀਕੀਆਂ ਸਿੱਖਣ ਲਈ ਉਹ ਤਿੰਨ ਸਾਲ ਮੁੰਬਈ ਵੀ ਰਹਿ ਕੇ ਆਇਆ। ਗੀਤਕਾਰੀ ਤੋਂ ਇਲਾਵਾ ਉਹ ‘ਕੇਬੀ’ ਮਤਲਬ ਕਾਜੂ ਬਰਫ਼ੀ ਫ਼ਿਲਮ ਪ੍ਰੋਡਕਸ਼ਨ ਵੀ ਚਲਾ ਰਿਹਾ ਹੈ।
ਸੰਪਰਕ: 98729-89193