ਸਾਂਵਲ ਧਾਮੀ
ਉਹਦਾ ਅਸਲ ਨਾਂ ਕਲਿਆਣ ਕੌਰ ਹੈ, ਪਰ ਘਰ ਵਿਚ ਉਹਨੂੰ ਕਾਨਾ ਕਿਹਾ ਜਾਂਦਾ ਸੀ। ਵਿਆਹ ਮਗਰੋਂ, ਉਹ ਸਹੁਰੇ ਘਰ ਵੀ ਕਾਨ੍ਹਾ ਬਣੀ ਰਹੀ। ਫਿਰ ਜਦੋਂ ਉਹਨੇ ਗੰਭੀਰਤਾ ਨਾਲ ਸਾਹਿਤ ਸਿਰਜਣਾ ਸ਼ੁਰੂ ਕੀਤੀ ਤਾਂ ਉਹ ਕਾਨਾ ਤੋਂ ਕਾਨਾ ਸਿੰਘ ਬਣ ਗਈ। ਸੋਲਾਂ ਵਰ੍ਹੇ ਦੀ ਉਮਰ ਵਿਚ ਉਹਨੇ ਲਿਖਣਾ ਸ਼ੁਰੂ ਕੀਤਾ ਤਾਂ ਉਹ ਦਿੱਲੀ ਤੋਂ ਦੂਰ ‘ਆਪਣੇ ਸ਼ਹਿਰ’ ਚਲੀ ਗਈ। ਉਸ ਸ਼ਹਿਰ, ਜਿਸ ਨੂੰ ਪੋਠੋਹਾਰ ਦਾ ਦਿਲ ਕਿਹਾ ਜਾਂਦਾ। ਉਹ ਸ਼ਹਿਰ, ਜਿਸ ਨੂੰ ਉਹ ਦਸ ਵਰ੍ਹਿਆਂ ਦੀ ਉਮਰੇ ਛੱਡ ਆਈ ਸੀ। ਉਸ ਸ਼ਹਿਰ ਵਿਚ ਬਹੁਤੇ ਖੱਤਰੀ ਵੱਸਦੇ ਜਾਂ ਫ਼ੌਜੀ ਵੱਸਦੇ ਸਨ। ਬਹੁਤੇ ਖੱਤਰੀ ਵਪਾਰ ਕਰਦੇ ਸਨ।
ਉਹਨੂੰ ਯਾਦ ਹੈ ਕਿ ਸੰਤਾਲੀ ਵਿਚ ਨੇੜਲੇ ਪਿੰਡਾਂ ਤੋਂ ਉੱਠ ਕੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਆ ਗਏ ਸਨ। ਉਹ ਪੋਟਲੀਆਂ ਵਿਚ ਬੱਧਾ ਸੋਨਾ ਉਹਦੀ ਮਾਂ ਨੂੰ ਫੜਾਉਂਦੇ। ਉਹ ਨਾਂ ਲਿਖ ਕੇ ਅਲਮਾਰੀ ਵਿਚ ਰੱਖ ਲੈਂਦੀ ਸੀ। ਸੰਤਾਲੀ ’ਚ ਉਹਦੇ ਨਾਨਾ ਜੀ ਡੈੱਥ-ਬੈੱਡ ’ਤੇ ਸਨ। ਉਹ ਪੂਰੇ ਹੋ ਗਏ ਤਾਂ ਉਨ੍ਹਾਂ ਦਾ ਸਸਕਾਰ ਘਰ ਵਿਚ ਹੀ ਕਰਨਾ ਪਿਆ। ਨਾਨਕੇ ਪਿੰਡੋਂ ਪਟਿਆਲਾ ਨੂੰ ਤੁਰੇ ਤਾਂ ਉਹਦੀ ਮਾਂ ਵੀ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਨਾਲ ਲੈ ਕੇ ਮਾਪਿਆਂ ਨਾਲ ਤੁਰ ਪਈ। ਬੱਚਿਆਂ ਨੂੰ ਕਈ-ਕਈ ਕੱਪੜੇ ਪਵਾ ਦਿੱਤੇ। ਜੇਬਾਂ ’ਚ ਰੁਪਏ ਪਾ ਦਿੱਤੇ। ਆਖਿਆ-ਜੇ ਵਿੱਛੜ ਗਏ ਤਾਂ ਖ਼ਰੀਦ ਕੇ ਕੁਝ ਖਾ ਲੈਣਾ। ਭੁੱਖੇ ਬਿਲਕੁਲ ਨਾ ਰਹਿਣਾ।
ਇੱਧਰ ਆ ਕੇ ਉਹ ਕੁਝ ਦਿਨ ਪਟਿਆਲਾ ਕੈਂਪ ’ਚ ਰਹੇ।
ਮੈਂ ਪਿਛੋਕੜ ਬਾਰੇ ਪੁੱਛਿਆ ਤਾਂ ਉਹ ਮਾਣ ’ਚ ਹੱਸਦਿਆਂ ਬੋਲੀ ਸੀ, “ਮੈਂ ਤਾਂ ਗੁੱਜਰਖਾਨ ਸ਼ਹਿਰ ਦੀ ਜੰਮੀ ਹੋਈ ਆਂ। ਪੋਠੋਹਾਰਨੀ ਆਂ ਮੈਂ। ਮੇਰਾ ਸ਼ਹਿਰ ਪੋਠੋਹਾਰ ਦੀ ਕਲਚਰ ਦਾ ਧੁਰਾ ਸੀ। ਓਥੇ ਸੁੱਕੇ ਮੇਵਿਆਂ ਅਤੇ ਗੁੜ ਦਾ ਥੋਕ ਵਿਚ ਵਪਾਰ ਹੁੰਦਾ ਸੀ। ਓਥੇ ਦੋ ਹਾਈ ਸਕੂਲ ਸਨ: ਇਸਲਾਮੀਆਂ ਤੇ ਖਾਲਸਾ। ਜਿੰਨੇ ਸਾਡੇ ਪੋਠੋਹਾਰ ਦੇ ਲੇਖਕ ਨੇ ਬਹੁਤੇ ਗੁੱਜਰਖਾਨ ਦੇ ਖਾਲਸਾ ਸਕੂਲ ਵਿਚ ਪੜ੍ਹੇ ਨੇ।” ਪੌਣੀ ਸਦੀ ਬਾਅਦ ਵੀ ਉਹਦੇ ਬੋਲਾਂ ’ਚ ਗੁੱਜਰਖਾਨ ਲਈ ਮਾਣ ਅਤੇ ਪੋਠੋਹਾਰ ਦੀ ਮਹਿਕ ਬਰਕਰਾਰ ਸੀ।
“ਕੁਝ ਆਪਣੇ ਬਾਰੇ ਦੱਸੋ?” ਮੈਂ ਨਵਾਂ ਸਵਾਲ ਕੀਤਾ।
“ਮੈਂ ਖੁਖਰੈਣ ਆਂ। ਭਸੀਣਾਂ ਦੀ ਧੀ ਆਂ ਮੈਂ। ਮੇਰੇ ਨਾਨਕੇ ਕੋਹਲੀ ਨੇ। ਮੇਰਾ ਫਰਵਰੀ 1937 ਦਾ ਜਨਮ ਏ। ਬਸੰਤ ਪੰਚਮੀ ਵਾਲੇ ਦਿਨ ਦਾ। ਪੋਠੋਹਾਰ ਦਾ ਇਕ ਇਲਾਕਾ ਏ ਕਿਰਪਾ, ਜਿਹੜਾ ਹੁਣ ਇਸਲਾਮਾਬਾਦ ਬਣ ਗਿਆ ਏ। ਮੇਰੇ ਵੱਡੇ-ਵਡੇਰੇ ਕਿਰਪੇ ਦੇ ਨੇ। ਨਾਨਕੇ ਮੇਰੇ ਕੁਰੀ ਦੇ ਸਨ, ਹੁਣ ਉਹ ਵੀ ਇਸਲਾਮਾਬਾਦ ਵਿਚ ਆ ਗਿਆ ਏ। ਮੈਂ ਪੋਠੋਹਾਰਨ ਤਾਂ ਹਾਂ ਹੀ, ਨਾਲ-ਨਾਲ ਪਹਾੜਨ ਵੀ ਆ।
ਮੈਂ ਆਪਣੇ ਦਾਦਾ ਜੀ ਨਹੀਂ ਦੇਖੇ। ਉਨ੍ਹਾਂ ਦੀਆਂ ਗੁੱਜਰਖਾਨ ਵਿਚ ਆੜ੍ਹਤ ਦੀਆਂ ਦੁਕਾਨਾਂ ਸਨ। ਮੇਰੇ ਪਿਤਾ ਜੀ ਦਾ ਮੰਦਰਾ ਵਿਚ ਪੈਟਰੋਲ ਪੰਪ ਸੀ। ਮੰਦਰਾ ਗੁੱਜਰਖਾਨ ਤੇ ਪਿੰਡੀ ਦੇ ਵਿਚਕਾਰ ਵੇ। ਉਦੋਂ ਉਹਨੂੰ ਬਰਮਾ ਪੈਟਰੋਲ ਪੰਪ ਕਹਿੰਦੇ ਸੀ, ਹੁਣ ਉਹਦਾ ਨਾਂ ‘ਪਾਕ ਸ਼ੈੱਲ’ ਰੱਖਿਆ ਹੋਇਆ। ਮੈਂ 2004 ਵਿਚ ਮਦੀਹਾ ਗੌਹਰ ਦੇ ਸੱਦੇ ’ਤੇ ਪਾਕਿਸਤਾਨ ਗਈ ਸਾਂ। ਲਾਹੌਰ ਵਿਚ ਮੈਂ ਥੀਏਟਰ ਕੀਤਾ ਤੇ ਗੁੱਜਰਾਂਵਾਲੇ ਦੇ ਮੁਸ਼ਾਇਰੇ ਵਿਚ ਨਜ਼ਮਾਂ ਪੜ੍ਹੀਆਂ। ਉਦੋਂ ਮੈਂ ਮੰਦਰੇ ਵੀ ਗਈ ਸਾਂ। ਓਥੋਂ ਮਿੱਟੀ ਲੈ ਕੇ ਆਈਂ ਆਂ, ਆਪਣੇ ਪਾਪਾ ਜੀ ਦੇ ਪੈਟਰੋਲ ਪੰਪ ਦੇ ਮੂਹਰਿਓਂ। ਉਹ ਗੱਲਾ ਉਸੀ ਤਰ੍ਹਾਂ ਸੀ ਜਿਸ ਵਿਚ ਮੇਰੇ ਪਾਪਾ ਜੀ ਪੈਸੇ ਪਾਉਂਦੇ ਹੁੰਦੇ ਸਨ।
ਅਸੀਂ ਚਾਰ ਭੈਣ-ਭਰਾ ਤੇ ਮਾਂ ਤਾਂ ਇੱਧਰ ਆ ਗਏ, ਪਰ ਮੇਰੇ ਭਾਪਾ ਜੀ ਇੱਧਰ ਆਉਣ ਲਈ ਨਹੀਂ ਸਨ ਮੰਨਦੇ। ਆਖਦੇ ਸਨ ‘ਰਾਜੇ ਬਦਲਦੇ ਰਹੇ ਨੇ, ਕਦੇ ਪਰਜਾ ਥੋੜ੍ਹੋ ਬਦਲੀ ਏ। ਉਹ ਮੰਦਰੇ ਹੀ ਰਹਿਣ ਲੱਗ ਪਏ ਸਨ। ਇੱਧਰ ਅਸੀਂ ਪਟਿਆਲਿਓਂ ਫ਼ਰੀਦਕੋਟ ਆ ਗਏ ਸਾਂ। ਰਾਜੇ ਦੇ ਮਹੱਲ ਤੇ ਗੁਰਦੁਆਰੇ ਦੇ ਵਿਚਕਾਰ ਬੰਦ ਗਲੀ ਵਿਚ ਕਿਰਾਏ ਦਾ ਮਕਾਨ ਲੈ ਲਿਆ। ਮੇਰੀ ਮਾਂ ਨੇ ਉੱਜੜ ਕੇ ਜਾ ਰਹੇ ਕਿਸੇ ਮੁਸਲਮਾਨ ਕੋਲੋਂ ਪੀਹੜੀ ਖ਼ਰੀਦੀ ਤੇ ਕਿਸੇ ਕੋਲੋਂ ਮੰਜਾ ਖ਼ਰੀਦਿਆ। ਆਨੇ-ਦੁਆਨੀ ਵਿਚ। ਮਾਂ ਸਾਨੂੰ ਫ਼ਰੀਦਕੋਟ ਛੱਡ ਕੇ ਵਾਪਸ ਮੁੜ ਗਈ। ਉਹ ਮੰਦਰੇ ਪਹੁੰਚ ਗਈ। ਮੰਦਰਾ ਵੀ ਸੜਿਆ ਪਿਆ ਸੀ। ਓਥੇ ਵੀ ਵਾਰਦਾਤਾਂ ਹੋਈਆਂ ਸਨ। ਮਾਂ ਮੇਰੇ ਭਾਪਾ ਜੀ ਨੂੰ ਸਿੱਧਾ ਕਹਿਣ ਲੱਗੀ-ਨੇ ਨਾਲ ਜੁੱਲਨੇ ਓ ਤਾਂ ਜਾਸਾ। ਨਹੀਂ ਤਾਂ ਮੈਂ ਵੀ ਇੱਥੇ ਰਹਿਸਾਂ। ਟੱਬਰ ਤੁਸਾਂ ਦਾ ਮਰੇ-ਸੜੇ, ਮੈਨੂੰ ਕੀ? ਭਾਪੇ ਹੋਰੀਂ ਠੰਢਾ ਹਉਕਾ ਭਰਦਿਆਂ ਉੱਠੇ। ਕੰਬਦੇ ਹੱਥ ਨਾਲ ਚਾਬੀਆਂ ਕਿਸੇ ਮੁਸਲਮਾਨ ਦੋਸਤ ਨੂੰ ਫੜਾਈਆਂ ਤੇ ਰੋਂਦਿਆਂ ਮਾਂ ਨਾਲ ਤੁਰ ਪਏ। ਸਾਡੇ ਮਾਂ ਪਿਓ ਤਾਂ ਆ ਗਏ, ਪਰ ਮੇਰੀ ਦਾਦੀ, ਚਾਚਾ ਜੀ ਤੇ ਦੋ-ਚਾਰ ਹੋਰ ਰਿਸ਼ਤੇਦਾਰ ਓਥੇ ਹੀ ਰਹਿ ਗਏ ਸਨ। ਉਹ ਕੋਈ ਦੋ ਸਾਲ ਬਾਅਦ ਇੱਧਰ ਆਏ ਨੇ। ਮਿਲਟਰੀ ਨਾਲ।” ਉਹ ਠੰਢਾ ਹਉਕਾ ਭਰਦਿਆਂ ਚੁੱਪ ਹੋ ਗਈ ਸੀ।
“ਗੁੱਜਰਖਾਨ ਕਿਹੋ ਜਿਹਾ ਸ਼ਹਿਰ ਸੀ?” ਮੈਂ ਗੱਲ ਨੂੰ ਹੋਧਰੇ ਪਾਉਣ ਲਈ ਪੁੱਛਿਆ।
“ਪੰਜਵੀਂ ਮੈਂ ਗੁੱਜਰਖਾਨ ਵਿਚ ਪਾਸ ਕਰਕੇ ਆਈ ਆਂ। ਗੁੱਜਰਖਾਨ ਦਾ ਕੋਨਾ-ਕੋਨਾ ਮੈਨੂੰ ਪਤਾ ਵੇ। ਮੈਂ ਤਾਂ ਕਹਿੰਦੀ ਆਂ ਕਿ ਮੈਂ ਹੁਣ ਵੀ ਗੁੱਜਰਖਾਨ ਰਹਿੰਦੀ ਪਈ ਆਂ। ਉਦੋਂ ਮਹੱਲਿਆਂ ਦੇ ਨਾਂ ਸਨ; ਪੁਰਾਣਾ ਮਹੱਲਾ, ਨਵਾਂ ਮਹੱਲਾ, ਕਮੇਟੀ ਮੁਹੱਲਾ ਤੇ ਸਭ ਤੋਂ ਵੱਡਾ ਬਾਜ਼ਾਰ ਕਟੜਾ, ਜਿੱਥੇ ਸੁੱਕੇ ਮੇਵਿਆਂ ਦਾ ਤੇ ਗੁੜ ਦਾ ਥੋਕ ਵਿਚ ਵਪਾਰ ਹੁੰਦਾ ਸੀ। ਬੜੀ ਵੱਡੀ ਮੰਡੀ ਸੀ ਗੁੱਜਰਖਾਨ। ਵਪਾਰ ਕਰਨ ਲਈ ਪਿਸ਼ਾਵਰ ਤੇ ਅਫ਼ਗਾਨਿਸਤਾਨ ਤੋਂ ਲੋਕ ਆਉਂਦੇ ਸਨ। ਗੁੱਜਰਾਂਵਾਲੇ ਵਿਚ ਭਾਂਡਿਆਂ ਦੀ ਮੰਡੀ ਸੀ ਤੇ ਗੁੱਜਰਖਾਨ ਮੇਵਿਆਂ ਦੀ। ਓਥੇ ‘ਭਾਈ ਪੁਣਛੂ ਸਾਹਿਬ ਦੀ ਕੋਠੀ’ ਬੜੀ ਪਵਿੱਤਰ ਥਾਂ ਸੀ। ਪਤਾ ਨਹੀਂ ਉਹ ਪੁਣਛ ਤੋਂ ਆਏ ਸਨ ਜਾਂ ਉਨ੍ਹਾਂ ਦਾ ਨਾਂ ਹੀ ਭਾਈ ਪੁਣਛੂ ਸੀ। ਦੱਸਦੇ ਸਨ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸਿਪਾਹੀ ਸਨ। ਉਹ ਨੌਕਰੀ ਛੱਡ ਕੇ ਰੱਬ ਦੇ ਰਾਹ ’ਤੇ ਤੁਰ ਪਏ ਸਨ। ਹਿੰਦੂ, ਸਿੱਖ, ਮੁਸਲਮਾਨ; ਉਹ ਸਾਰਿਆਂ ਨੂੰ ਬਰਾਬਰ ਪਿਆਰ ਕਰਦੇ। ਉਹ ਸਾਰਾ ਦਿਨ ਤੁਰਦੇ-ਫਿਰਦੇ ਰਹਿੰਦੇ। ਉਨ੍ਹਾਂ ਨੇ ਗਲੇ ’ਚ ਮਸ਼ਕ ਪਾਈ ਹੁੰਦੀ। ਉਹ ਰਾਹੀਆਂ ਤੇ ਦੁਕਾਨਦਾਰਾਂ ਨੂੰ ਪਾਣੀ ਪਿਲਾਉਂਦੇ। ਘਰ ਹੁੰਦੇ ਤਾਂ ਪੈਰਾਂ ਵਿਚ ਘੁੰਗਰੂ ਪਾ ਕੇ ਨੱਚਦੇ ਰਹਿੰਦੇ। ਬਜ਼ੁਰਗ ਦੱਸਦੇ ਹੁੰਦੇ ਸਨ ਕਿ ਭਾਈ ਪੁਣਛੂ ਜੀ ਕਹਿੰਦੇ ਹੁੰਦੇ ਸਨ ‘ਲਾਹੌਰ ਦਾ ਕੂਚਾ ਬਣ ਕੇ, ਗੁੱਜਰਖਾਨ ਉੱਜੜ ਜਾਸੀ!’
ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਮੇਰੀ ਕੋਈ ਯਾਦਗਾਰ ਨਾ ਬਣਾਉਣਾ। ਜਦੋਂ ਮੈਂ ਹੋਸ਼ ਸੰਭਾਲੀ ਤਾਂ ਉਨ੍ਹਾਂ ਦਾ ਘਰ ‘ਭਾਈ ਪੁਣਛੂ ਦੀ ਕੋਠੀ ਵਾਲਾ ਗੁਰਦੁਆਰਾ’ ਬਣ ਚੁੱਕਾ ਸੀ। ਉਹ ਦਿਨ-ਰਾਤ ਖੁੱਲ੍ਹਾ ਰਹਿੰਦਾ। ਓਥੇ ਨੜਿਨਵੇਂ ਪ੍ਰਤੀਸ਼ਤ ਔਰਤਾਂ ਜਾਂਦੀਆਂ ਸਨ। ਮੈਂ ਅੱਖੀਂ ਦੇਖਿਆ ਕਿ ਮੁਸਲਿਮ ਔਰਤਾਂ ਓਥੇ ਬੁਰਕੇ ਪਾ ਕੇ ਆਉਂਦੀਆਂ ਸਨ ਤੇ ਦਰ ਲੰਘਦਿਆਂ ਆਪਣੇ ਬੁਰਕੇ ਪਿਛਾਂਹ ਵੱਲ ਸੁੱਟ ਦਿੰਦੀਆਂ ਸਨ। ਸ਼ਾਮ ਨੂੰ ਤਾਂ ਬਹੁਤ ਸੰਗਤ ਆਉਂਦੀ ਸੀ। ਦੇਸੀ ਘਿਓ ਦੀ ਜੋਤ ਚੌਵੀ ਘੰਟੇ ਜਲਦੀ ਰਹਿੰਦੀ ਸੀ। ਬਹੁਤੀਆਂ ਔਰਤਾਂ ਜੋਤ ਤੋਂ ਕਾਲਖ ਲੈ ਕੇ ਅੱਖਾਂ ਵਿਚ ਸੁਰਮਾ ਪਾਉਂਦੀਆਂ ਹੁੰਦੀਆਂ ਸਨ।
ਮੇਰੇ ਬਚਪਨ ਵਿਚ ਗੁੱਜਰਖਾਨ ਦੇ ਘਰਾਂ ਵਿਚ ਨਲਕੇ ਲੱਗ ਗਏ ਸਨ ਤੇ ਬਿਜਲੀ ਵੀ ਆ ਗਈ ਸੀ। ਗੁੱਜਰਖਾਨ ਨਿਰੰਤਰ ਵੱਧ ਰਿਹਾ ਸੀ। ਜੀ.ਟੀ. ਰੋਡ ਵੱਲ ਦੇ ਪਾਸੇ ਨਵਾਂ ਗੁੱਜਰਖਾਨ ਬਣਦਾ ਪਿਆ ਸੀ। ਅਸੀਂ ਦਸ ਭੈਣ-ਭਰਾ ਸਾਂ। ਪੰਜ ਭੈਣਾਂ ਤੇ ਪੰਜ ਭਰਾ। ਸਭ ਤੋਂ ਵੱਡੀ ਭੈਣ ਦਾ ਜਦੋਂ ਪੰਦਰਾਂ ਸਾਲ ਦੀ ਉਮਰ ਵਿਚ ਵਿਆਹ ਹੋਇਆ ਨਾ, ਉਸ ਤੋਂ ਬਾਈ ਦਿਨਾਂ ਬਾਅਦ ਮੈਂ ਜੰਮੀ ਸਾਂ। ਕਹਿੰਦੇ ਸਨ-ਇਕ ਗਈ, ਇਕ ਆਈ। ਹੁਣ ਬਸ ਅਸੀਂ ਦੋਂ ਭੈਣਾਂ ਰਹਿ ਗਈਆਂ ਆਂ। ਬਰਕਤ, ਜਾਨੋ ਤੇ ਸੁਰੱਈਆ ਮੇਰੀਆਂ ਸਹੇਲੀਆਂ ਹੁੰਦੀਆਂ ਸਨ। ਸੁਰੱਈਆ ਓਥੋਂ ਦੇ ਥਾਣੇਦਾਰ ਦੀ ਧੀ ਸੀ। ਸੰਤਾਲੀ ਵਿਚ ਜਦੋਂ ਸਾਨੂੰ ਨੇੜਲੇ ਪਿੰਡਾਂ ਵਾਲੇ ਮਾਰਨ ਆਏ ਤਾਂ ਉਸ ਦੇ ਅੱਬਾ ਸਯੱਦ ਆਲਮ ਸ਼ਾਹ ਨੇ ਕੁਰਾਨ ਸ਼ਰੀਫ਼ ਆਪਣੀ ਛਾਤੀ ਉੱਪਰ ਰੱਖ ਕੇ ਆਖਿਆ ਸੀ-ਜਿਹੜਾ ਇਨ੍ਹਾਂ ਖੱਤਰੀਆਂ ਉੱਪਰ ਵਾਰ ਕਰਸੀ, ਪਹਿਲਾਂ ਮਾਰੀ ਛਾਤੀ ਪਰ ਕਰਸੀ।
ਜਾਨੋ ਸਾਡੀ ਜਮਾਤ ਦੀ ਮੌਨੀਟਰ ਸੀ। ਮੁਮਤਾਜ਼ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ। ਮੈਂ ਪੜ੍ਹਾਈ ਵਿਚ ਤਾਂ ਅੱਵਲ ਆਉਂਦੀ ਸਾਂ, ਪਰ ਸਿਲਾਈ-ਕਢਾਈ ਮੈਨੂੰ ਘੱਟ-ਵੱਧ ਹੀ ਆਉਂਦੀ ਸੀ। ਪੱਕੇ ਪੇਪਰਾਂ ਦੀ ਗੱਲ ਏ। ਮੇਰੇ ਕੋਲੋਂ ਕਢਾਈ ਨਹੀਂ ਸੀ ਹੋ ਰਹੀ। ਮੁਮਤਾਜ਼ ਨੇ ਆਪਣਾ ਕੰਮ ਜਲਦੀ ਕਰ ਲਿਆ ਸੀ। ਫਿਰ ਉਹਨੇ ਮੈਥੋਂ ਟਾਕੀ ਲੈ ਕੇ ਉਸ ਉੱਤੇ ਵੀ ਕਢਾਈ ਕਰ ਦਿੱਤੀ ਸੀ। ਗੋਬਿੰਦ ਕੌਰ ਭੈਣ ਜੀ ਨੂੰ ਦਿਖਾਉਣ ਗਈ ਤਾਂ ਮੈਂ ਕੰਬ ਰਹੀ ਸਾਂ। ਉਹ ਕਹਿੰਦੀ-ਮੋਈਏ, ਤੂੰ ਏਡੀ ਸੋਹਣੀ ਸਿਲਾਈ-ਕਢਾਈ ਕੀਤੀ ਏ, ਪਰ ਡਰਦੀ ਕਿਉਂ ਪਈ ਏਂ? ਮੈਂ ਕਿਵੇਂ ਦੱਸਦੀ ਕਿ ਉਹ ਸੋਹਣੀ ਕਢਾਈ ਤਾਂ ਮੁਮਤਾਜ਼ ਦੇ ਹੱਥਾਂ ਦੀ ਕਲਾ ਏ।
ਗੁੱਜਰਖਾਨ ਵਿਚ ਮੁਸਲਮਾਨਾਂ ’ਚੋਂ ਦੋ ਹੀ ਪਰਿਵਾਰ ਅਮੀਰ ਸਨ: ਇਕ ਰਾਜੇ ਤੇ ਦੂਜੇ ਕਸ਼ਮੀਰੀ। ਰਾਜਾ ਉਦੋਂ ਹੋਣਾ ਕੋਈ ਵੀਹ ਕੁ ਸਾਲ ਦਾ ਜਵਾਨ ਤੇ ਮੈਂ ਤਾਂ ਸਾਢੇ ਤਿੰਨ ਸਾਲ ਦੀ ਬਾਲੜੀ ਸਾਂ। ਮੇਰੀਆਂ ਦੋਵਾਂ ਭੈਣਾਂ ਦਾ ਇਕੋ ਦਿਨ ਵਿਆਹ ਹੋਇਆ ਸੀ। ਉਦੋਂ ਘਰ ਦੇ ਵਿਚ ਹੀ ਹਾਥੀ ਦੰਦ ਦਾ ਚੂੜਾ ਬਣਵਾਉਂਦੇ ਸਨ। ਜਦੋਂ ਉਨ੍ਹਾਂ ਦੋਨਾਂ ਦੇ ਚੂੜੇ ਬਣੇ ਤਾਂ ਨਾਲ ਮੇਰਾ ਵੀ ਛੋਟਾ ਜਿਹਾ ਚੂੜਾ ਬਣ ਗਿਆ। ਘਰ ਹੀ ਟੇਲਰ ਬੈਠੇ ਸਨ। ਜਿਸ ਵੇਲੇ ਭੈਣਾਂ ਦੇ ਸਿਲਮਾਂ-ਸਿਤਾਰਿਆਂ ਵਾਲੇ ਸੂਟ ਬਣੇ ਤਾਂ ਬਚੇ ਹੋਏ ਕੱਪੜੇ ’ਚੋਂ ਮੇਰੀ ਫਰਾਕ ਤੇ ਰਬਿਨ ਵੀ ਬਣ ਗਏ। ਮੈਂ ਸੋਚਾਂ ਕਿ ਮੇਰਾ ਵਿਆਹ ਹੋਣਾ ਏਂ। ਉਹ ਜਿਹੜਾ ਰਾਜਾ ਸੀ ਨਾ, ਉਹ ਘੋੜੇ ’ਤੇ ਆਉਂਦਾ ਹੁੰਦਾ ਸੀ। ਅਸੀਂ ਪੋਠੋਹਾਰੀ ਵਿਚ ਮਰ੍ਹਾਜ ਕਹਿੰਦੇ ਆਂ, ਦੁੱਲੇ ਨੂੰ। ਰਾਜਾ ਬੜਾ ਸੋਹਣਾ ਸੀ। ਮੈਂ ਬਾਲ ਮਨ ਨਾਲ ਸੋਚਦੀ ਸਾਂ ਕਿ ਰਾਜਾ ਸਾਹਿਬ ਮੇਰੇ ਮਰ੍ਹਾਜ ਨੇ। ਰਾਜਾ ਸਾਹਿਬ ਸ਼ਾਮੀਂ ਘੋੜੇ ’ਤੇ ਨਿਕਲਦੇ। ਮੈਂ ਗਲੀ ਵਿਚ ਆ ਕੇ ਬੈਠ ਜਾਂਦੀ। ਉਨ੍ਹਾਂ ਪੁੱਛਣਾ-ਕਾਨਾ ਕਿਉਂ ਬੈਠੀ ਏਂ? ਮੈਂ ਆਖਦੀ- ਮੇਰਾ ਮਰ੍ਹਾਜ ਆਉਣ ਵਾਲਾ ਏ ਨਾ! ਉਹ ਆਸੀ ਤੇ ਮੈਨੂੰ ਘੋੜੀ ’ਤੇ ਬਿਠਾ ਕੇ ਲੈ ਜਾਸੀ।” ਇਹ ਕਹਿੰਦਿਆਂ ਉਹ ਖਿੜ-ਖਿੜਾ ਕੇ ਹੱਸੀ ਤੇ ਚਾਣਚਕ ਉਦਾਸ ਹੋ ਗਈ।
“ਜਦੋਂ ਯੂ-ਟਿਊਬ ’ਤੇ ਮੇਰਾ ਇੰਟਰਵਿਊ ਹੋਇਆ ਤਾਂ…” ਉਹ ਅਗਾਂਹ ਬੋਲੀ।
“ਉਹ…ਗੁੱਜਰਖਾਨ ਵਾਲਿਆਂ ਵੀ ਸੁਣਿਆ। ਰਾਜਾ ਸਾਹਿਬ ਦੇ ਪੋਤਰੇ ਸੋਹੇਲ ਖਾਨ ਨੇ ਉਹ ਵੇਖਿਆ ਤਾਂ ਮੈਨੂੰ ਫੋਨ ਕੀਤਾ। ਉਹਨੇ ਦੱਸਿਆ ਕਿ ਰਾਜਾ ਸਾਹਿਬ ਪਿਛਲੇ ਸਾਲ ਹੀ ਫੌਤ ਹੋਏ ਨੇ। ਹੁਣ ਉਹਦਾ ਪੋਤਰਾ ਮੈਨੂੰ ਫੋਨ ਕਰਦਾ ਰਹਿੰਦਾ ਏ। ਮੈਂ ਗੁੱਜਰਖਾਨ ਗਈ ਵੀ ਸਾਂ। ਕਾਸ਼ ਮੈਂ ਉਨ੍ਹਾਂ ਨੂੰ ਮਿਲ ਆਉਂਦੀ। ਗੁੱਜਰਖਾਨ ਲਈ ਮੇਰੇ ਕੋਲ ਸਿਰਫ਼ ਇਕ ਘੰਟੇ ਦਾ ਵਕਤ ਘੱਟ ਸੀ। ਉਸ ਦਿਨ ਮੈਂ ਵਾਘੇ ਪਹੁੰਚਣਾ ਸੀ। ਮੈਂ ‘ਰਾਜਾ ਸਾਹਿਬ’ ਨੂੰ ਲੱਭਿਆ ਵੀ। ਜੰਮੂ ਤੋਂ ਗਏ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ। ਸੰਤਾਲੀ ’ਚ ਓਥੋਂ ਦੇ ਅਮੀਰ ਖੱਤਰੀ ਤੇ ਬ੍ਰਾਹਮਣ ਇੱਧਰ ਆ ਗਏ ਤੇ ਜਿਹੜੇ ਅਮੀਰ ਰਾਜੇ ਤੇ ਕਸ਼ਮੀਰੀ ਸਨ ਉਹ ਵੱਡੇ ਸ਼ਹਿਰਾਂ ’ਚ ਜਾ ਵਸੇ। ਚੜ੍ਹਦੇ ਪਾਸਿਓਂ ਜਾਣ ਵਾਲੇ ਬਹੁਤੇ ਲੋਕ ਗ਼ਰੀਬ ਸਨ। ਉਜਾੜਿਆਂ ਦੇ ਪੱਟੇ। ਫਿਰ ਪੈਂਤੀ-ਚਾਲੀ ਕਿਲੋਮੀਟਰ ਦੀ ਦੂਰੀ ’ਤੇ ਇਸਲਾਮਾਬਾਦ ਬਣ ਗਿਆ। ਹੁਣ ਉਹ ਗੱਲ ਨਹੀਂ ਰਹੀ ਗੁੱਜਰਖਾਨ ਦੀ। ਓਥੇ ਜਾ ਕੇ ਮੈਨੂੰ ਭਾਈ ਪੁਣਛੂ ਹੋਰਾਂ ਦੀ ਗੱਲ ਯਾਦ ਆ ਗਈ। ਲਾਹੌਰ ਦਾ ਕੂਚਾ ਬਣਕੇ, ਗੁੱਜਰਖਾਨ ਸੱਚਮੁਚ ਹੀ ਉੱਜੜ ਗਿਆ ਵੇ।…” ਉਹ ਛਿਣ ਕੁ ਲਈ ਚੁੱਪ ਹੋ ਗਈ।
“….ਸੋਹੇਲ ਖਾਨ ਹੋਰਾਂ ਹੁਣ ਪਤਾ ਕੀ ਕੀਤਾ ਵੇ! ਉਹਨੇ ਆਪਣੇ ਦਾਦੇ ਚੌਧਰੀ ਅਬਦੁਲ ਕਿਊਮ ਖਾਨ ਦੇ ਘੋੜੇ ਦਾ ਬੁੱਤ ਬਣਾ ਦਿੱਤਾ ਵੇ। ਗੁੱਜਰਖਾਨ ਦੇ ਸਭ ਨਾਲੋਂ ਮਸ਼ਹੂਰ ਬਾਜ਼ਾਰ ਕਟੜੇ ਦੇ ਚੌਕ ਵਿਚ। ਦੱਸਦੇ ਨੇ ਅੱਜ ਗੁੱਜਰਖਾਨ ਦਾ ਬੱਚਾ-ਬੱਚਾ ਜਾਣਦਾ ਵੇ ਕਿ ਭਾਰਤ ਦੇ ਕਿਸੇ ਸ਼ਹਿਰ ’ਚ ਰਹਿਣ ਵਾਲੀ ਕਾਨਾ ਸਿੰਘ ਕਦੇ ਇੱਥੇ ਰਹਿੰਦੀ ਹੁੰਦੀ ਸੀ। ਇਹ ਪਤਾ ਕਿਵੇਂ ਹੋਇਆ ਵੇ? ਸੋਹੇਲ ਖਾਨ ਨੇ ਉਸ ਬੁੱਤ ਕੋਲ ਇਕ ਤਖ਼ਤੀ ਲਗਾ ਦਿੱਤੀ ਵੇ।” ਅਗਾਂਹ ਤਖ਼ਤੀ ਦੀ ਇਬਾਰਤ ਦੱਸਦਿਆਂ ਉਹਦਾ ਗੱਚ ਭਰ ਆਇਆ।
ਮੋਹਾਲੀ ਤੋਂ ਤਕਰੀਬਨ ਸਾਢੇ ਚਾਰ ਸੌ ਕਿਲੋਮੀਟਰ ਦੂਰ, ਪੋਠੋਹਾਰ ਦੇ ਦਿਲ, ਗੁੱਜਰਖਾਨ ਵਿਚ ਕੋਈ ਅਨੋਖੀ ਕਹਾਣੀ ਵਾਪਰ ਗਈ ਏ। ਬਹੱਤਰ ਵਰ੍ਹਿਆਂ ਬਾਅਦ, ਇਕ ਬਾਲੜੀ ਦੀ ਉਡੀਕ ਪੱਥਰ ਦੇ ਬੁੱਤ ਵਿਚ ਢਲ਼ ਗਈ ਹੈ। ਉਸ ਉਡੀਕ ਦੀ ਗਵਾਹੀ ਤਖ਼ਤੀ ਦੀ ਇਬਾਰਤ ਭਰ ਰਹੀ ਹੈ। ਉਸ ਤਖ਼ਤੀ ’ਤੇ ਪਤਾ ਕੀ ਉਕਰਿਆ ਹੈ?
‘ਕਦੇ ਕਾਨਾ ਇਸ ਘੋੜੇ ਦੇ ਇੰਤਜ਼ਾਰ ਵਿਚ ਬੈਠੀ ਰਹਿੰਦੀ ਸੀ।’
ਸੰਪਰਕ: 97818-43444