ਹਰਦੇਵ ਚੌਹਾਨ
ਬਿੱਲੀ ਮਾਸੀ ਦੱਬੇ ਪੈਰੀਂ ਆਉਂਦੀ। ਘਰੋ-ਘਰੀ ਜਾਂਦੀ। ਕਮਰੇ, ਰਸੋਈਆਂ ਵਿਚ ਵੜਨ ਦਾ ਰਸਤਾ ਲੱਭਦੀ। ਦਰਵਾਜ਼ੇ, ਖਿੜਕੀਆਂ ਬੰਦ ਵੇਖਦੀ ਤਾਂ ਉਦਾਸ ਹੋ ਜਾਂਦੀ। ਕਿਸੇ ਰਸੋਈ ਦੀ ਬੰਦ ਖਿੜਕੀ ’ਚੋਂ ਕੜ੍ਹੇ ਦੁੱਧ ਦੀ ਖੁਸ਼ਬੂ ਨਾਲ ਮਨ ਪਰਚਾ ਲੈਂਦੀ ਤੇ ਅਗਲੇ ਘਰ ਤੁਰ ਜਾਂਦੀ।
ਤੁਰੀ ਜਾਂਦੀ ਬਿੱਲੀ ਸੋਚਦੀ, ‘ਸੱਚੀ! ਲੋਕੀ ਬੜੇ ਬਦਲ ਗਏ ਨੇ… ਘਰਾਂ ਨੂੰ ਘੁਰਨੇ ਬਣਾ ਬੈਠੇ ਤੇ ਘੁਰਨਿਆਂ ’ਚ ਵੀ ਹਵਾ ਦਾ ਲਾਂਘਾ ਨਹੀਂ ਛੱਡਿਆ। ਭਲੇ ਵੇਲੇ ਸਨ ਜਦੋਂ ਸੁਆਣੀਆਂ ਸਾਡੇ ਵੱਡ-ਵਡੇਰਿਆਂ ਨੂੰ ਕਸੋਰਿਆਂ ’ਚ ਸੁੱਚਾ ਦੁੱਧ ਪਿਆਉਂਦੀਆਂ, ਕੱਚੇ ਘਰਾਂ ’ਚ ਸਾਡਾ ਵਧੇਰੇ ਆਦਰ-ਮਾਣ ਹੁੰਦਾ। ਵੇਖਦਿਆਂ, ਵੇਖਦਿਆਂ ਵੇਲੇ ਵੀ ਬਦਲ ਗਏ। ਦਸ ਘਰਾਂ ਦਾ ਪੈਂਡਾ ਮਾਰਨ ਤੋਂ ਬਾਅਦ ਕਿਸਮਤ ਨਾਲ ਗਿਆਰਵੇਂ ਘਰੋਂ ਕੁਝ ਖਾਣ-ਪੀਣ ਨੂੰ ਨਸੀਬ ਹੁੰਦਾ। ਪਤਾ ਨਹੀਂ, ਕਿਹੜੇ ਗ੍ਰਹਿਆਂ ਦੇ ਵਾਸੀਆਂ ਤੋਂ ਬਚਣ ਲਈ ਲੋਕੀਂ ਆਪਣੇ ਕੰਕਰੀਟ ਦੇ ਘਰਾਂ ਦੁਆਲੇ ਉੱਚੀਆਂ, ਉੱਚੀਆਂ ਦੀਵਾਰਾਂ ਕਰ ਕੇ ਕੰਡਿਆਲੀਆਂ ਤਾਰਾਂ ਲਾਉਣ ਲੱਗ ਪਏ ਨੇ।
ਇਕ ਘਰ ਦੀ ਰਸੋਈ ’ਚੋਂ ਦੁੱਧ ਦੀ ਖੁਸ਼ਬੂ ਸੁੰਘ ਬਿੱਲੀ ਮਾਸੀ ਥਾਂਏਂ ਰੁਕ ਗਈ। ਵੱਡ-ਵਡੇਰਿਆਂ ਦੀਆਂ ਬਾਤਾਂ, ਲੋਕਾਂ ਦੇ ਕੱਚੇ-ਪੱਕੇ ਮਕਾਨ, ਸਭ ਪਿੱਛੇ ਰਹਿ ਗਿਆ। ਢਿੱਡ ਵਿਚ ਸਿਰਫ਼ ਤੇ ਸਿਰਫ਼ ਦੁੱਧ ਦੀ ਭੁੱਖ ਲਈ ਬਿੱਲੀ ਮਾਸੀ ਨੇ ਹੰਭਲਾ ਮਾਰਿਆ ਤੇ ਘਰ ਦੀ ਚਾਰ ਦੀਵਾਰੀ ਟੱਪ ਅੰਦਰ ਚਲੀ ਗਈ।
ਕਿਸਮਤ ਚੰਗੀ, ਰਸੋਈ ਦੀ ਖਿੜਕੀ ਖੁੱਲ੍ਹੀ ਸੀ। ਉਹ ਰਵਾਂ-ਰਵੀਂ ਰਸੋਈ ’ਚ ਵੜ ਗਈ। ਰਸੋਈ ਦੀ ਸ਼ੈਲਫ਼ ’ਤੇ ਸਟੀਲ ਦਾ ਪਤੀਲਾ ਪਿਆ ਸੀ। ਭਰੇ ਦੁੱਧ ਵਾਲੇ ਪਤੀਲੇ ’ਤੇ ਜਾਲੀਦਾਰ ਢੱਕਣ ਰੱਖਿਆ ਹੋਇਆ ਸੀ। ਬਿੱਲੀ ਨੇ ਹੌਲੀ ਜਿਹੇ ਢੱਕਣ ਨੂੰ ਹੇਠਾਂ ਸਰਕਾ ਦਿੱਤਾ।
‘ਟਨਕ… ਟਨਕ… ਫਨਕ… ਫਨਕ… ਜਿਹੀ ਆਵਾਜ਼ ਬਿੱਲੀ ਦੇ ਕੰਨੀ ਪਈ। ਉਸ ਨੇ ਰਸੋਈ ’ਚੋਂ ਦੂਰ ਹਾਲ ਕਮਰੇ ਤਕ ਨਜ਼ਰ ਦੌੜਾਈ। ਘਰ ਵਿਚ ਨਾ ਕੋਈ ਬੰਦਾ ਸੀ, ਨਾ ਕਿਸੇ ਬੰਦੇ ਦੀ ਜਾਤ। ਮਨ ਦਾ ਵਹਿਮ ਜਾਣ ਬਿੱਲੀ ਨੇ ਆਪਣੇ ਪੰਜੇ ਦੀ ਲੱਪ ਬਣਾ ਪਤੀਲੇ ’ਚ ਪਾ ਦਿੱਤੀ ਤੇ ਮਲਾਈ ਖਾਣ ਲਈ ਆਪਣਾ ਮੂੰਹ ਸੁਆਰਨ ਲੱਗੀ।
ਪਰ ਇਹ ਕੀ ? ਸੜਦੀ-ਬਲਦੀ ਮਲਾਈ ਨਾਲ ਬਿੱਲੀ ਦਾ ਪੰਜਾ ਲੂਸਿਆ ਗਿਆ। ਭੁੱਖ ਤਾਂ ਢਿੱਡ ’ਚ ਪਹਿਲਾਂ ਹੀ ਘੇਰਾ ਪਾ ਰਹੀ ਸੀ ਤੇ ਉੱਤੋਂ ਪੰਜੇ ਦੇ ਸਾੜ ਨੇ ਵੱਖਰੀ ਬਿਪਤਾ ਪਾ ਦਿੱਤੀ। ਵਿਚਾਰੀ ਦੁੱਧ ਵਾਲੇ ਸਾੜ ਨਾਲ ਹਾਏ… ਹਾਏ… ਕਰਦੀ ਇੱਧਰ, ਉੱਧਰ ਝਾਕਣ ਲੱਗੀ।
‘ਟਨਕ … ਟਨਕ … ਜਿਹੀ ਆਵਾਜ਼ ਫਿਰ ਬਿੱਲੀ ਦੇ ਕੰਨੀਂ ਪਈ। ਉਹ ਸੁਚੇਤ ਹੋ ਪਤੀਲੇ ਨੂੰ ਘੂਰਨ ਲੱਗ ਪਈ। ਪਤੀਲਾ ਹੀ ਸੀ ਜਿਹੜਾ ਬਿੱਲੀ ਦੀ ਮੂਰਖਤਾ ’ਤੇ ਹੱਸ ਰਿਹਾ ਸੀ।
ਭਰੀ, ਪੀਤੀ ਬਿੱਲੀ ਪਤੀਲੇ ਨੂੰ ਪੁੱਛਣ ਲੱਗੀ, ‘ਕੋਈ ਮੁਸੀਬਤ ਵਿਚ ਘਿਰਿਆ ਹੋਏ ਤੇ ਕਿਸੇ ਦਾ ਹੱਸਣਾ ਭਲਾ ਚੰਗੀ ਗੱਲ ਹੁੰਦੀ?’
‘ਹੱਸਣ, ਹਸਾਉਣ ਦੀ ਛੱਡ, ਪਹਿਲਾਂ ਨੁੱਕਰੇ ਲੱਗੀ ਤਿੱਪ-ਤਿੱਪ ਚੋਂਦੀ ਟੂਟੀ ਦੇ ਪਾਣੀ ਨਾਲ ਆਪਣੇ ਪੰਜੇ ਦਾ ਸਾੜ ਠੰਢਾ ਕਰ।’ ਬਿੱਲੀ ਨੂੰ ਵੇਖਦਾ ਮੁਸਕਰਾਉਂਦਾ ਹੋਇਆ ਪਤੀਲਾ ਬੋਲਿਆ।
ਪਤੀਲੇ ਨੇ ਸਿਆਣੀ ਗੱਲ ਕੀਤੀ। ਉਸ ਦੀ ਮੰਨ ਬਿੱਲੀ ਮਾਸੀ ਸ਼ੈਲਫ਼ ਦੀ ਨੁੱਕਰ ਵੱਲ ਤੁਰ ਪਈ। ਕੱਪ-ਪਲੇਟਾਂ ਵਾਲੀ ਟੋਕਰੀ ਦੇ ਲਾਗੇ ਸਿੰਕ ਵਿਚ ਟੂਟੀ ਲੱਗੀ ਹੋਈ ਸੀ। ਉਸ ਨੇ ਸੜੂੰ, ਸੜੂੰ ਕਰਦਾ ਆਪਣਾ ਪੰਜਾ ਟੂਟੀ ਵਿਚੋਂ ਟਪਕਦੇ ਪਾਣੀ ਹੇਠ ਕਰ ਦਿੱਤਾ। ਪਾਣੀ ਦੀਆਂ ਬੂੰਦਾਂ ਨਾਲ ਪੰਜੇ ਦੀ ਸੜਨ ਕੁਝ ਘਟ ਗਈ। ਹੁਣ ਉਹ ਬਿਟਰ, ਬਿਟਰ ਪਤੀਲੇ ਵੱਲ ਝਾਕਣ ਲੱਗੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਕਰੇ ਤਾਂ ਕੀ ਕਰੇ ?
ਪਤੀਲਾ ਵੀ ਬਿੱਲੀ ਮਾਸੀ ਦੇ ਮਨ ਦੀ ਗੱਲ ਭਾਂਪ ਗਿਆ। ਹੱਸਦਾ ਹੋਇਆ ਕਹਿਣ ਲੱਗਾ, ‘ਬਿੱਲੀ ਮਾਸੀ! ਜਾ ਸਿੰਕ ਵਿਚੋਂ ਸਾਡੇ ਬਬਲੂ ਦਾ ਸਿੱਪਰ ਫੜ ਲਿਆ… ਮੈਂ ਦੱਸਦਾਂ ਤੈਨੂੰ ਦੁੱਧ ਪੀਣ ਦਾ ਅਸਲੀ ਤਰੀਕਾ।’
ਸਿੱਪਰ ਦਾ ਨਾਂ ਸੁਣ ਕੇ ਬਿੱਲੀ ਹੱਸਣ ਲੱਗੀ। ਹੱਸਦੀ ਹੋਈ ਕਹਿਣ ਲੱਗੀ, ‘ਬੁੱਧੂ ਰਾਮ ਜੀ! ਘਰ-ਘਰ ਦੇ ਫੇਰੇ-ਤੋਰੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਏ, ਬਾਲ, ਬਲੂੰਗੜਿਆਂ ਵਾਲੀ ਮੈਂ ਹੁਣ ਏਡੀ ਨਿਆਣੀ ਵੀ ਨਹੀਂ ਕਿ ਛੋਟੇ ਬੱਚਿਆਂ ਦੇ ਸਿੱਪਰ ਨਾਲ ਦੁੱਧ ਪੀਵਾਂ।’
‘ਸਿਆਣੀ ਮਾਸੀ! ਜੇਕਰ ਇਹ ਗੱਲ ਏ ਤਾਂ ਫਿਰ ਦੋ ਕੱਪ ਫੜ ਲਿਆ।’ ਪਤੀਲੇ ਨੇ ਕਿਹਾ।
ਆਗਿਆਕਾਰੀ ਬਿੱਲੀ ਨੂੰ ਪਤੀਲੇ ਦੀ ਸਲਾਹ ਜੱਚ ਗਈ। ਉਸ ਨੇ ਕੀ ਕੀਤਾ, ਸਿੰਕ ਕੋਲ ਗਈ ਤੇ ਲਾਗਲੀ ਸ਼ੈਲਫ਼ ਤੋਂ ਦੋ ਰੰਗ-ਬਿਰੰਗੇ ਕੱਪ ਫੜ ਮੁੜ ਪਤੀਲੇ ਕੋਲ ਆਣ ਖਲੋਤੀ। ਸਿਆਣਪ ਵਿਖਾਉਂਦੀ ਨੇ ਫਟਾ-ਫਟ ਕੁਝ ਦੱਸਣ-ਪੁੱਛਣ ਤੋਂ ਪਹਿਲਾਂ ਇਕ ਕੱਪ ਨਾਲ ਪਤੀਲੇ ’ਚੋਂ ਦੁੱਧ ਕੱਢਿਆ ਤੇ ਦੂਜੇ ਕੱਪ ’ਚ ਪਾ ਫੈਂਟਣਾ ਸ਼ੁਰੂ ਕਰ ਦਿੱਤਾ। ਸਿੱਪ… ਸਿੱਪ… ਠੰਢਾ ਦੁੱਧ ਪੀਂਦੀ ਉਹ ਮੁਸਕਰਾਉਂਦੀ ਹੋਈ ਬੋਲੀ, ‘ਰਾਜੇ! ਮੈਨੂੰ ਏਡੀ ਮੂਰਖ ਵੀ ਨਾ ਸਮਝੀ।’
ਬਿੱਲੀ ਦੀ ਸੁਣ ਪਤੀਲਾ ਮੁਸਕਰਾ ਪਿਆ, ਪਰ ਬੋਲਿਆ ਕੁਝ ਨਾ। ਬਿੱਲੀ ਨੇ ਪਤੀਲੇ ਦੇ ਇਰਦ-ਗਿਰਦ ਪਈਆਂ ਦੁੱਧ ਦੀਆਂ ਬੂੰਦਾਂ ਚਟਮ ਕੀਤੀਆਂ ਤੇ ਰਸੋਈ ਦੀ ਖੁੱਲ੍ਹੀ ਹੋਈ ਖਿੜਕੀ ਕੋਲ ਜਾ ਖਲੋਤੀ। ਉਹ ਬਾਹਰ ਕੁੱਦਣ ਹੀ ਲੱਗੀ ਸੀ ਕਿ ਪਤੀਲੇ ਦੇ ਬੋਲ ਮੁੜ ਉਸ ਦੇ ਕੰਨੀਂ ਪਏ।
ਪਤੀਲਾ ਕਹਿ ਰਿਹਾ ਸੀ, ‘ਕਿਸੇ ਦਾ ਖਾ, ਪੀ ਕੇ ਸਾਨੂੰ ਨਾਸ਼ੁਕਰੇ ਨਹੀਂ ਹੋਣਾ ਚਾਹੀਦਾ… ਸੁਣ! ਸਿਆਣੀ ਬਣ ਤੇ ਦੀਵਾਰ ’ਤੇ ਲਟਕਦੀ ਨੋਟ-ਬੁੱਕ ’ਚ ਘਰ ਦੇ ਮਾਲਕਾਂ ਲਈ ਕੁਝ ਧੰਨਵਾਦੀ ਸ਼ਬਦ ਲਿਖ ਜਾ।’
ਦੁੱਧ ਪੀ ਕੇ ਰੱਜੀ, ਪੁੱਜੀ ਬਿੱਲੀ ਨੂੰ ਪਤੀਲੇ ਦੀ ਇਹ ਸਲਾਹ ਵੀ ਜੱਚ ਗਈ। ਦੋ ਅੱਖਰ ਝਰੀਟਣ ਵਿਚ ਕੋਈ ਹਰਜ਼ ਵੀ ਨਹੀਂ ਸੀ। ਉਹ ਭੌਂਦੇ ਪੈਰੀਂ ਵਾਪਸ ਪਤੀਲੇ ਕੋਲ ਆ ਗਈ। ਪਤੀਲਾ, ਜਿਸ ਦੇ ਪਿੱਛੇ ਦੀਵਾਰ ’ਤੇ ਛੋਟੀ ਜਿਹੀ ਕਾਪੀ, ਪੈੱਨਸਿਲ ਟੰਗੀ ਹੋਈ ਸੀ।
ਬੜੀ ਸਿਆਣਪ ਨਾਲ ਪੈੱਨਸਿਲ ਫੜ ਬਿੱਲੀ ਮਾਸੀ ਨੇ ਨੋਟ-ਬੁੱਕ ਵਿਚ ਲਿਖਿਆ, ‘ਪਿਆਰੇ ਪਤੀਲਾ ਜੀ ! ਕਿਸੇ ਦੀ ਮੂਰਖਤਾ ’ਤੇ ਹੱਸਣ ਦੀ ਥਾਂ ਆਪਣੇ ਗਰਮ-ਸਰਦ ਦੁੱਧ ਦੀ ਜਾਣਕਾਰੀ ਵੀ ਨੋਟ-ਬੁੱਕ ਵਿਚ ਲਿਖ ਦਿਆ ਕਰੋ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਭਵਿੱਖ ’ਚ ਕੋਈ ਬੰਦਾ ਮੇਰੇ ਵਰਗੀ ਗ਼ਲਤੀ ਨਹੀਂ ਦੁਹਰਾਏਗਾ।’
ਬਿੱਲੀ ਮਾਸੀ ਸੁਨੇਹਾ ਲਿਖ ਕੇ ਵਿਹਲੀ ਹੋਈ ਸੀ ਕਿ ਬਾਹਰਲਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਉਸ ਦੇ ਕੰਨੀਂ ਪੈ ਗਈ। ਇਸ ਤੋਂ ਪਹਿਲਾਂ ਕਿ ਉਹ ਘਰ ਦੇ ਮਾਲਕਾਂ ਦੀ ਨਜ਼ਰੇ ਚੜ੍ਹਦੀ, ਫਟਾ-ਫਟ ਉਸ ਨੇ ਪਤੀਲੇ ਨੂੰ ਬਾਏ! ਬਾਏ’ ਕੀਤੀ ਤੇ ਰਸੋਈ ਦੀ ਖਿੜਕੀ ’ਚੋਂ ਬਾਹਰ ਕੁੱਦ ਗਈ।
ਸੰਪਰਕ: 70098-57708