ਤਰਸੇਮ ਸਿੰਘ ਬੁੱਟਰ
ਮਨੁੱਖੀ ਜੀਵਨ ਦੀ ਕਾਮਯਾਬੀ, ਤਰੱਕੀ ਅਤੇ ਬਿਹਤਰੀ ਵਿੱਚ ਸਮੇਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਮੇਂ ਦੀ ਸੁਚੱਜੀ ਵਿਉਂਤਬੰਦੀ ਤੇ ਸਦਉਪਯੋਗ ਕਿਸੇ ਵੀ ਕਾਰਜ ਨੂੰ ਸੁਖਾਲਾ ਕਰਨ ਦੇ ਨਾਲ-ਨਾਲ ਯਕੀਨਨ ਸਫਲਤਾ ਬਖ਼ਸ਼ਦਾ ਹੈ। ਆਪਣੇ-ਆਪ ਨੂੰ ਕਦੇ ਵੀ ਗ਼ਰੀਬ ਤੇ ਕੰਗਾਲ ਨਾ ਸਮਝੋ ਕਿਉਂਕਿ ਸਾਡੇ ਸਾਰਿਆਂ ਕੋਲ ਸਮੇਂ ਦਾ ਬੇਸ਼ੁਮਾਰ ਕੀਮਤੀ ਖ਼ਜ਼ਾਨਾ ਹੈ। ਦੁਨੀਆ ਵਿੱਚ ਮਨੁੱਖਤਾ ਦਰਮਿਆਨ ਬਹੁਭਾਂਤਾ ਆਰਥਿਕ ਅਸਾਵਾਂਪਣ ਤੇ ਕਾਣੀ ਵੰਡ ਪ੍ਰਤੱਖ ਝਲਕਦੀ ਹੈ, ਪਰ ਕੁਦਰਤ ਨੇ ਹਰੇਕ ਇਨਸਾਨ ਨੂੰ ਬਿਨਾਂ ਕਿਸੇ ਪੱਖਪਾਤ ਦੇ ਚੌਵੀ ਘੰਟਿਆਂ ਦਾ ਦਿਨ-ਰਾਤ ਇਕਸਾਰ ਪ੍ਰਦਾਨ ਕੀਤਾ ਹੈ। ਅਤੀਤ ਤੋਂ ਸਬਕ ਲੈ ਕੇ ਵਰਤਮਾਨ ਨੂੰ ਸਾਂਭਣ ਵਾਲਿਆਂ ਦਾ ਭਵਿੱਖ ਸੁਨਹਿਰੀ ਤੇ ਸ਼ਾਨਦਾਰ ਹੁੰਦਾ ਹੈ। ਆਕਾਸ਼, ਪਤਾਲ, ਪਰਬਤਾਂ, ਜੰਗਲਾਂ, ਮੈਦਾਨਾਂ, ਸਮੁੰਦਰਾਂ ਦਾ ਥਾਹ ਅਤੇ ਗਾਹ ਪਾਉਣ ਵਾਲਾ ਆਦਮੀ ਸਮੇਂ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਕੇ ਸਮੇਂ ਦੀ ਨਿਰੰਤਰਤਾ, ਗਤੀਸ਼ੀਲਤਾ ਤੇ ਤਿੱਖੇ ਵੇਗ ਨੂੰ ਠੱਲ ਨਹੀਂ ਪਾ ਸਕਿਆ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮਾਂ ਕਿਸੇ ਨੂੰ ਨਾਲ ਨਹੀਂ ਰਲਾਉਂਦਾ, ਸਗੋਂ ਆਪਣੇ ਕਦਮ ਕਰਾਰੇ ਕਰ ਕੇ ਇਸ ਨਾਲ ਰਲਣਾ ਪੈਂਦਾ ਹੈ।
ਸਮਾਂ ਰੂਪੀ ਧਨ ਨੂੰ ਸਹਿਜਤਾ, ਸੰਜਮਤਾ ਤੇ ਸੁਚੱਜਤਾ ਨਾਲ ਖ਼ਰਚਣ ਵਾਲਾ ਆਰਥਿਕ ਪੱਖੋਂ ਮਾਲਾਮਾਲ ਤੇ ਖ਼ੁਸ਼ਹਾਲ ਹੋ ਜਾਂਦਾ ਹੈ। ਜੇਕਰ ਇਰਾਦਾ ਮਜ਼ਬੂਤ, ਨੀਅਤ ਸਾਫ਼ ਤੇ ਉਦੇਸ਼ ਸਪੱਸ਼ਟ ਹੋਵੇ ਤਾਂ ਮੰਜ਼ਿਲ ’ਤੇ ਪੁੱਜਣ ਲਈ ਵਕਤ ਪ੍ਰਵੇਸ਼ ਦੁਆਰ ਖੋਲ੍ਹ ਕੇ ਸਵਾਗਤ ਕਰਦਾ ਹੈ। ਆਲਸੀ, ਨਿਖੱਟੂ, ਨਿਕੰਮੇ, ਨਖਿੱਧ ਤੇ ਦਲਿੱਦਰੀ ਲੋਕਾਂ ਨੂੰ ਸਮਾਂ ਧਰਤੀ ’ਤੇ ਪਟਕਾ ਮਾਰਦਾ ਹੈ, ਪਰ ਇਸ ਦੇ ਵਿਪਰੀਤ ਹਿੰਮਤੀ, ਸਿਰੜੀ, ਮਿਹਨਤਕਸ਼ ਤੇ ਪ੍ਰਗਤੀਸ਼ੀਲ ਵਿਅਕਤੀਆਂ ਨੂੰ ਸਮਾਂ ਤਰੱਕੀ ਦੀਆਂ ਬੁਲੰਦੀਆਂ ’ਤੇ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹਣ ਦਾ ਅਵਸਰ ਪ੍ਰਦਾਨ ਕਰਦਾ ਹੈ। ਰੋਜ਼ਾਨਾ ਨਿੱਜੀ ਸਮਾਂ-ਸਾਰਣੀ ਦੇ ਖਾਕੇ ਅਨੁਸਾਰ ਸੂਚੀਬੱਧ ਕਾਰਜ ਯੋਜਨਾ ਨੂੰ ਅਮਲ ਵਿੱਚ ਲਿਆਉਣ ਨਾਲ ਸਮੇਂ, ਊਰਜਾ ਤੇ ਧਨ ਦੀ ਬੱਚਤ ਹੁੰਦੀ ਹੈ। ਮਿਹਨਤੀ ਮਨੁੱਖ ਕੋਲ ਅਨੇਕਾਂ ਪੇਸ਼ੇਵਰ ਜ਼ਿੰਮੇਵਾਰੀਆਂ ਦੇ ਬਾਵਜੂਦ ਆਪਣੇ ਪਰਿਵਾਰ, ਸੰਸਾਰ ਤੇ ਨਿੱਜੀ ਸ਼ੌਕਾਂ ਦੀ ਪੂਰਤੀ ਲਈ ਬੇਅੰਤ ਸਮਾਂ ਹੁੰਦਾ ਹੈ। ਵਿਹਲਾ ਮਨੁੱਖ ਅਕਸਰ ਸਮੇਂ ਦੀ ਘਾਟ ਦੇ ਰੋਣੇ ਰੋਂਦਾ ਰਹਿੰਦਾ ਹੈ। ਇੱਕ ਸਮੇਂ ਇੱਕ ਹੀ ਕੰਮ ਨੂੰ ਲਮਕਾ ਕੇ ਬੈਠਣ ਵਾਲਿਆਂ ਦੇ ਸਫਲਤਾ ਬਾਹਰੋ-ਬਾਹਰ ਲੰਘ ਜਾਂਦੀ ਹੈ, ਪਰ ਇੱਕੋ ਸਮੇਂ ਕਈ-ਕਈ ਕੰਮਾਂ ਨੂੰ ਨਾਲੋ-ਨਾਲ ਨਿਪਟਾਉਣ ਵਾਲਿਆਂ ਦੇ ਸਫਲਤਾ ਪੈਰ ਚੁੰਮਦੀ ਹੈ। ਸਮੇਂ ਦੀ ਕਦਰ ਕਰਨ ਵਾਲੇ ਉੱਦਮੀਆਂ ਦੀ ਪਰਿਵਾਰ ਤੇ ਸੰਸਾਰ ਦੋਵੇਂ ਕਦਰ ਕਰਦੇ ਹਨ।
ਨਿੱਕੇ-ਨਿੱਕੇ ਤੇ ਸਾਧਾਰਨ ਕੰਮਾਂ ਵਿੱਚ ਸਮਾਂ ਬਰਬਾਦ ਕਰਨ ਦੀ ਥਾਂ ਜ਼ਰੂਰੀ, ਮਹੱਤਵਪੂਰਨ ਤੇ ਉਸਾਰੂ ਕੰਮਾਂ ਵਿੱਚ ਸਮੇਂ ਅਤੇ ਧਿਆਨ ਦੀ ਦੌਲਤ ਦਾ ਨਿਵੇਸ਼ ਤਰਜੀਹੀ ਤੌਰ ’ਤੇ ਕਰੋ। ਸਮੇਂ ਦੀ ਖ਼ੂਬੀ ਹੈ ਕਿ ਇਹ ਚੰਗੀਆਂ ਤੇ ਮਾੜੀਆਂ ਪ੍ਰਸਥਿਤੀਆਂ ਦੌਰਾਨ ਗੁਜ਼ਰ ਜਾਂਦਾ ਹੈ। ਖ਼ੁਸ਼ਗਵਾਰ ਸਮਾਗਮਾਂ ਦੌਰਾਨ ਵਕਤ ਚੀਤੇ ਵਰਗੀ ਤੇਜ਼ ਗਤੀ ਨਾਲ ਜਦੋਂ ਕਿ ਮੌਤ, ਬਿਮਾਰੀ ਤੇ ਸਜ਼ਾ ਜਿਹੀਆਂ ਦੁਖਦਾਈ ਸਥਿਤੀਆਂ ਮੌਕੇ ਵਕਤ ਕੀੜੀ ਦੀ ਤਰ੍ਹਾਂ ਮਸਤ ਚਾਲ ਚੱਲਣ ਲੱਗਦਾ ਹੈ। ਜੇਕਰ ਤੁਹਾਡੇ ਕੋਲ ਵਕਤ ਦੀ ਘਾਟ, ਸਾਧਨਾਂ ਦੀ ਕਮੀ ਅਤੇ ਮਾਨਵੀ ਸ਼ਕਤੀ ਦੀ ਕਮੀ ਹੈ ਤਾਂ ਅਜਿਹੇ ਮੌਕੇ ਰਲ ਕੇ ਕਾਰਜ ਕਰੋ ਜਾਂ ਆਪਣੇ ਕੰਮ ਲੋੜ ਅਨੁਸਾਰ ਦੂਜਿਆਂ ਨੂੰ ਸੌਂਪਣਾ ਸਿੱਖੋ। ਵਿਹਲੇ ਲੋਕ ਜ਼ਿਆਦਾ ਬਿਮਾਰ ਹੁੰਦੇ ਹਨ, ਪਰ ਕੰਮ ਵਿੱਚ ਰੁੱਝੇ ਲੋਕਾਂ ਕੋਲ ਬਿਮਾਰ ਹੋਣ ਦੀ ਵਿਹਲ ਨਹੀਂ ਹੁੰਦੀ। ਪਿੰਡਾਂ ਦੀਆਂ ਸੱਥਾਂ ਵਿੱਚ ਬਜ਼ੁਰਗਾਂ ਦੀ ਥਾਂ ਨੌਜਵਾਨਾਂ ਦਾ ਬੈਠਣਾ ਸੰਕੇਤ ਕਰਦਾ ਹੈ ਕਿ ਸਾਡੇ ਦੇਸ਼ ਵਿੱਚੋਂ ਕੰਮ ਸੱਭਿਆਚਾਰ ਖ਼ਤਮ ਹੁੰਦਾ ਜਾ ਰਿਹਾ ਹੈ। ਪੱਛਮੀ ਮੁਲਕ ਸਮੇਂ ਦੇ ਪਾਬੰਦ, ਕੰਮ ਦੇ ਕਦਰਦਾਨ ਤੇ ਜ਼ਾਬਤਾ ਪਸੰਦ ਹੋਣ ਕਾਰਨ ਸਾਡੇ ਨਾਲੋਂ ਬਹੁਤ ਅਗਾਂਹ ਲੰਘ ਗਏ ਹਨ। ਸਾਰੀ ਕੁਦਰਤ ਸਮੇਂ ਤੇ ਅਨੁਸ਼ਾਸਨ ਵਿੱਚ ਬੱਝ ਕੇ ਮਾਨਵਤਾ ਦੀ ਸੇਵਾ ਦੇ ਆਹਰ ਲੱਗੀ ਹੋਈ ਹੈ, ਪਰ ਬਹੁਤੇ ਲੋਕ ਰਾਤੋ-ਰਾਤ ਅਮੀਰ ਬਣਨ ਦੇ ਲਾਲਚ ਵਿੱਚ ਕੁਦਰਤ ਦਾ ਨਾਸ਼ ਕਰਨ ਦੇ ਆਹਰ ਲੱਗੇ ਹੋਏ ਹਨ। ਬਲਵਾਨ ਸਮਾਂ ਮੰਗਤਿਆਂ ਨੂੰ ਰਾਜੇ ਅਤੇ ਰਾਜਿਆਂ ਦੇ ਹੱਥ ਠੂਠਾ ਫੜਾ ਦਿੰਦਾ ਹੈ। ਕਈ ਵਾਰੀ ਇੱਕ ਮਿੰਟ ਦੀ ਲੇਟ-ਲਤੀਫੀ ਉਮਰ ਭਰ ਲਈ ਪਛਤਾਵਾ ਬਣ ਜਾਂਦੀ ਹੈ। ਲੰਘੇ ਵੇਲੇ ’ਤੇ ਸਾਰੀ ਉਮਰ ਪਛਤਾਉਣ ਨਾਲ ਮੌਜੂਦਾ ਸਮੇਂ ਦੀ ਨਜ਼ਾਕਤ ਪਛਾਣ ਕੇ ਮਿੱਥੇ ਹੋਏ ਉਦੇਸ਼ ਦੀ ਪ੍ਰਾਪਤੀ ਵਿੱਚ ਜੁਟ ਜਾਓ।
ਆਪਣੇ ਨਿੱਜੀ ਕਾਰਜਾਂ ਲਈ ਸਮਾਂ ਆਪ-ਮੁਹਾਰੇ ਨਿਕਲ ਆਉਂਦਾ ਹੈ, ਪਰ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਵਕਤ ਕੱਢਣਾ ਵਿਰਲੇ ਲੋਕਾਂ ਨੂੰ ਨਸੀਬ ਹੁੰਦਾ ਹੈ। ਸਮੇਂ ਸਿਰ ਕੰਮ ਕਰਨ ਨਾਲ ਆਤਮ-ਵਿਸ਼ਵਾਸ, ਤਸੱਲੀ ਅਤੇ ਸਵੈਮਾਣ ਉਪਜਦਾ ਹੈ, ਜਿਸ ਨਾਲ ਲੋਕਾਈ ਸਾਹਮਣੇ ਆਪਣਾ ਕੱਦ ਅਸਮਾਨ ਜਿੱਡਾ ਪ੍ਰਤੀਤ ਹੁੰਦਾ ਹੈ। ਸੁੱਤਿਆਂ ਹੋਇਆਂ ਵਕਤ ’ਤੇ ਕਾਬੂ ਨਹੀਂ ਰਹਿੰਦਾ, ਪਰ ਜਾਗਦਿਆਂ ਬਤੀਤ ਹੋਣ ਵਾਲੇ ਵਕਤ ਨੂੰ ਸਿਆਣਪ ਨਾਲ ਮੁੱਠੀ ’ਚ ਕੀਤਾ ਜਾ ਸਕਦਾ ਹੈ। ਚੰਗਾ ਸਮਾਂ ਲਿਆਉਣ ਲਈ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਪਰ ਬੁਰਾ ਵਕਤ ਇੱਕ ਪਲ ਵਿੱਚ ਸਾਰੀ ਉਮਰ ਦੀ ਘਾਲਣਾ ਨੂੰ ਬਰਬਾਦ ਕਰ ਦਿੰਦਾ ਹੈ। ਹਰੇਕ ਮਨੁੱਖ ਕੋਲ ਆਪਣੇ ਕੰਮਾਂ ਨੂੰ ਫੁਰਤੀ ਨਾਲ ਵੱਧ ਤੋਂ ਵੱਧ ਤੀਬਰਤਾ ਨਾਲ ਭੁਗਤਾਉਣ ਜਾਂ ਨਿਪਟਾਉਣ ਲਈ ਦਿਨ ਵਿੱਚ ਇੱਕ ਖ਼ਾਸ ਸਮਾਂ ਹੁੰਦਾ ਹੈ। ਵਿਸ਼ੇਸ਼ ਕਾਰਜਾਂ ਨੂੰ ਆਪਣੇ ਖਾਸ ਸਮੇਂ ਵਿੱਚ ਨਬਿੇੜੋ। ਜਿਹੜੇ ਵਿਅਕਤੀ ਆਪਣੇ-ਆਪ ਲਈ ਸਮਾਂ ਨਹੀਂ ਕੱਢ ਸਕਦੇ, ਉਨ੍ਹਾਂ ਤੋਂ ਦੇਸ਼, ਕੌਮ, ਮਨੁੱਖਤਾ, ਸੱਭਿਆਚਾਰ ਤੇ ਵਾਤਾਵਰਣ ਆਦਿ ਦੀ ਭਲਾਈ ਲਈ ਵਕਤ ਕੱਢਣ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਹਾ ਜਾਂਦਾ ਹੈ ਕਿ ਅਰਦਾਸ ਕਰ ਕੇ ਸੌਣ ਨਾਲ ਕਦੇ ਮਨੋ-ਕਾਮਨਾ ਪੂਰੀ ਨਹੀਂ ਹੁੰਦੀ, ਪਰ ਅਰਦਾਸ ਕਰ ਕੇ ਅਰਦਾਸੇ ਗਏ ਕਾਰਜ ਵਿੱਚ ਜੁਟ ਜਾਣ ਵਾਲਿਆਂ ਦੀ ਸਮੇਂ ਸਿਰ ਮਨੋਕਾਮਨਾ ਪੂਰੀ ਹੁੰਦੀ ਹੈ। ਬਿਮਾਰੀ, ਮੌਤ, ਮੁਕੱਦਮੇ ਅਤੇ ਘਰੋਗੀ ਕਲੇਸ਼ ਵਰਗੀ ਅਵਿਵਸਥਾ ਕਾਰਨ ਇੱਕ ਵਾਰ ਤਾਂ ਸਮੇਂ ਦੀ ਗੱਡੀ ਪਟੜੀ ਤੋਂ ਲਹਿ ਜਾਂਦੀ ਹੈ। ਸਾਧਾਰਨ, ਨਿਸ਼ਚਤ ਤੇ ਆਰਥਿਕ ਉਦੇਸ਼ ਨਿਰਧਾਰਤ ਕਰਨ ਨਾਲ ਸਮੇਂ ਤੇ ਮਨੁੱਖੀ ਵਸੀਲਿਆਂ ਦੀ ਢੁੱਕਵੀਂ ਤੇ ਦਿਸ਼ਾਪੂਰਵਕ ਵਰਤੋਂ ਹੁੰਦੀ ਹੈ। ਸਮਾਂ ਉਸ ਚਾਕੂ ਦੀ ਤਰ੍ਹਾਂ ਹੁੰਦਾ ਹੈ, ਜਿਸ ਦੀ ਵਰਤੋਂ ਲੋਕਾਂ ਦੇ ਗਲ ਕੱਟਣ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਭੁੱਖਿਆਂ ਲਈ ਲੰਗਰ ਤਿਆਰ ਕਰਨ ਲਈ ਸਬਜ਼ੀ ਕੱਟਣ ਲਈ ਵੀ। ਮਹਾਨ ਲੋਕਾਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਨ ਦੇ ਨਾਲ-ਨਾਲ ਉਨ੍ਹਾਂ ਦੇ ਸਮਾਂ ਪ੍ਰਬੰਧਨ ਬਾਰੇ ਵੀ ਜਾਣੋ। ਵਕਤ ਦੇ ਗ਼ੁਲਾਮ ਹੋਣ ਦੀ ਥਾਂ ਵਕਤ ’ਤੇ ਪਕੜ ਬਣਾਈ ਰੱਖੋ। ਲੋਕਾਂ ਅਤੇ ਸਥਿਤੀਆਂ ਦੁਆਰਾ ਦਿੱਤੇ ਜ਼ਖ਼ਮਾਂ ਨੂੰ ਸਮਾਂ ਬਿਨਾਂ ਕਿਸੇ ਮੱਲ੍ਹਮ-ਪੱਟੀ ਦੇ ਭਰ ਦਿੰਦਾ ਹੈ। ਮਹਾਨ ਲੋਕਾਂ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਉਨ੍ਹਾਂ ਨੇ ਸਮੇਂ ਦੀ ਮਹਾਨਤਾ ਨੂੰ ਸਮਝ ਲਿਆ। ਹਰੇਕ ਵਿਅਕਤੀ ਨੂੰ ਠੱਗੀ, ਚੋਰੀ, ਲੜਾਈ, ਬੇਈਮਾਨੀ, ਆਸ਼ਕੀ, ਖ਼ੁਦਕਸ਼ੀ ਆਦਿ ਬੁਰੇ ਕਾਰਜਾਂ ਲਈ ਮੌਕਾ ਮਿਲਦਾ ਹੈ, ਸਿਆਣੇ ਲੋਕ ਬੁਰੇ ਕੰਮਾਂ ਨੂੰ ਠੁਕਰਾ ਕੇ ਚੰਗੇ ਕਾਰਜਾਂ ਦੀ ਤਲਾਸ਼ ਵਿੱਚ ਰਹਿੰਦੇ ਹਨ।
ਕੋਵਿਡ ਕਾਰਨ ਵੱਡੀ ਗਿਣਤੀ ’ਚ ਲੋਕ ਆਲਮੀ ਪੱਧਰ ’ਤੇ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਸਿਆਣੇ ਮਨੁੱਖਾਂ ਨੇ ਘਰਾਂ ਵਿੱਚ ਅਨੇਕਾਂ ਕਿਸਮ ਦੇ ਸਿਰਜਣਾਤਮਕ ਕੰਮਾਂ ਨਾਲ ਆਪਣੇ-ਆਪ ਨੂੰ ਵਿਹਲੇ ਨਹੀਂ ਰਹਿਣ ਦਿੱਤਾ, ਪਰ ਵੱਡੀ ਗਿਣਤੀ ਵਿੱਚ ਲੋਕ ਸਮੇਂ ਦੇ ਸੁਚੱਜੇ ਪ੍ਰਬੰਧਨ ਦੀ ਘਾਟ ਕਾਰਨ ਨਿਰਾਸ਼ਾ ਅਤੇ ਉਦਾਸੀ ਦੀਆਂ ਗਹਿਰਾਈਆਂ ’ਚ ਡੁੱਬ ਗਏ।
ਸੋ, ਆਓ! ਕੁਦਰਤ ਦੁਆਰਾ ਬਖ਼ਸ਼ੇ ਸੁਆਸਾਂ ਅਤੇ ਸਮੇਂ ਦੀ ਬਹੁਮੁੱਲੀ ਪੂੰਜੀ ਨੂੰ ਯੋਜਨਾਵੱਧ ਤਰੀਕੇ ਨਾਲ ਖ਼ਰਚ ਕੇ ਲੀਹ-ਪਾੜੂ ਅਤੇ ਮਹਾਨ ਲੋਕਾਂ ਦੀ ਸ਼੍ਰੇਣੀ ’ਚ ਸ਼ਾਮਲ ਹੋ ਕੇ ਰਾਸ਼ਟਰੀ ਵਿਕਾਸ ਵਿੱਚ ਬਣਦਾ ਯੋਗਦਾਨ ਪਾਈਏ।
ਸੰਪਰਕ: 81465-82152