ਮਨਦੀਪ ਸਿੰਘ ਸਿੱਧੂ
ਡਾਰ ਕਸ਼ਮੀਰੀ ਉਰਫ਼ ਜੀ. ਐੱਨ. ਡਾਰ ਉਰਫ਼ ਗ਼ੁਲਾਮ ਨਬੀ ਡਾਰ ਕਸ਼ਮੀਰੀ ਦੀ ਪੈਦਾਇਸ਼ 1907 ਵਿਚ ਕਸ਼ਮੀਰ ਦੇ ਰਸੂਖ਼ਦਾਰ ਪੰਜਾਬੀ ਪੰਡਤ ਪਰਿਵਾਰ ਵਿਚ ਹੋਈ। ਫ਼ਿਲਮਾਂ ਵਿਚ ਇਹ ਡਾਰ ਕਸ਼ਮੀਰੀ ਦੇ ਨਾਮ ਨਾਲ ਹੀ ਜਾਣੇ ਜਾਂਦੇ ਸਨ। ਇਹ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਚਰਿੱਤਰ, ਮਜ਼ਾਹੀਆ ਤੇ ਖ਼ਲ ਅਦਾਕਾਰ ਓ. ਕੇ. ਡਾਰ ਉਰਫ਼ ਓਮਕਾਰ ਨਾਥ ਡਾਰ ਉਰਫ਼ ਜੀਵਨ ਦੇ ਵੱਡੇ ਭਰਾ ਸਨ। ਇਨ੍ਹਾਂ ਦੇ ਪਿਤਾ ਪੰਡਤ ਦੁਰਗਾ ਪ੍ਰਸ਼ਾਦ ਮਹਾਰਾਜਾ ਅਮਰ ਸਿੰਘ ਦੇ ਰਾਜ ਵਿਚ ਵਜ਼ੀਰ-ਏ-ਵਜ਼ਾਰਤ ਸਨ ਅਤੇ ਗਿਲਗਤ ਦੇ ਗਵਰਨਰ ਸਨ।
ਫ਼ਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਡਾਰ ਕਸ਼ਮੀਰੀ 30ਵੇਂ ਦੇ ਦਹਾਕੇ ਵਿਚ ਇੰਦਰਾ ਮੂਵੀਟੋਨ (ਕਲਕੱਤਾ) ਵਿਚ ਸ਼ਰੀਕ ਹੋ ਗਏ। ਇਸ ਤੋਂ ਬਾਅਦ ਉਹ ਮਨੋਹਰ ਮੂਵੀਟੋਨ (ਬੰਬੇ), ਨਿਊ ਥੀਏਟਰ (ਕਲਕੱਤਾ), ਨਵਯੁੱਗ ਚਿੱਤਰਪਟ (ਪੂਨਾ) ਤੇ ਕਈ ਹੋਰ ਕੰਪਨੀਆਂ ਵਿਚ ਕੰਮ ਕਰਦੇ ਰਹੇ। ਉਹ ਪਹਿਲਾਂ ਖ਼ਲਨਾਇਕ ਤੇ ਫਿਰ ਚਰਿੱਤਰ ਅਦਾਕਾਰ ਦੀ ਹੈਸੀਅਤ ਨਾਲ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੇ।
ਡਾਰ ਕਸ਼ਮੀਰੀ ਦੀ ਪਹਿਲੀ ਪੰਜਾਬੀ ਫ਼ਿਲਮ ਫ਼ਿਲਮਸਾਜ਼ ਤੇ ਹਿਦਾਇਤਕਾਰ ਕੇ. ਡੀ. ਮਹਿਰਾ ਇੰਦਰਾ ਮੂਵੀਟੋਨ, ਕਲਕੱਤਾ ਦੀ ਪੰਜਾਬ ਦੀ ਰੁਮਾਨੀ ਦਾਸਤਾਨ ’ਤੇ ਬਣੀ ‘ਹੀਰ ਸਿਆਲ’ (1938) ਸੀ। ਫ਼ਿਲਮ ਵਿਚ ਉਸ ਨੇ ‘ਚੂਚਕ’ ਦਾ ਕਿਰਦਾਰ ਅਦਾ ਕੀਤਾ ਜਦੋਂਕਿ ਸਿਆਲਾਂ ਦੀ ‘ਹੀਰ’ ਦਾ ਟਾਈਟਲ ਕਿਰਦਾਰ ਬਾਲੋ ਉਰਫ਼ ਇਕਬਾਲ ਬੇਗ਼ਮ ਨੇ ਅਦਾ ਕੀਤਾ ਸੀ। ‘ਰਾਂਝੇ’ ਦੇ ਕਿਰਦਾਰ ਵਿਚ ਅਦਾਕਾਰ ਪੀ. ਐੱਨ. ਬਾਲੀ ਤੇ ‘ਕੈਦੋਂ’ ਦਾ ਕਿਰਦਾਰ ਐੱਮ. ਇਸਮਾਇਲ ਨੇ ਅਦਾ ਕੀਤਾ। ਮੁਕਾਲਮੇ ਤੇ ਗੀਤ ਐੱਫ਼. ਡੀ. ਸ਼ਰਫ਼ (ਕਵੀ ਫ਼ੀਰੋਜ਼ਦੀਨ ਸ਼ਰਫ਼) ਤੇ ਸੰਗੀਤ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ ਮੁਰੱਤਬਿ ਕੀਤਾ। ਸਈਅਦ ਵਾਰਿਸ ਸ਼ਾਹ ਦੇ ਮੁਹੱਬਤੀ ਕਿੱਸੇ ’ਤੇ ਬਣੀ ਇਹ ਫ਼ਿਲਮ 2 ਦਸੰਬਰ 1938 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਇੰਦਰਾ ਮੂਵੀਟੋਨ, ਕਲਕੱਤਾ ਦੀ ਹੀ ਆਰ. ਐੱਲ ਸ਼ੋਰੀ ਉਰਫ਼ ਰੌਸ਼ਨ ਲਾਲ ਸ਼ੋਰੀ (ਸਹਾਇਕ ਸ਼ਮਸੂਦੀਨ, ਸਰਵਰ, ਫ਼ਤੇਯਾਬ) ਨਿਰਦੇਸ਼ਿਤ ਕਿੱਸਾ ਆਧਾਰਿਤ ਪੰਜਾਬੀ ਫ਼ਿਲਮ ‘ਪੂਰਨ ਭਗਤ’ (1939) ਵਿਚ ਉਸ ਨੇ ‘ਮਹਾਰਾਜ ਸਲਵਾਨ’ ਦਾ ਚਰਿੱਤਰ ਕਿਰਦਾਰ ਅਦਾ ਕੀਤਾ। ‘ਪੂਰਨ ਭਗਤ’ ਦਾ ਟਾਈਟਲ ਰੋਲ ਗੁੱਜਰਾਂਵਾਲਾ ਦੇ ਸੁਨੱਖੇ ਗੱਭਰੂ ਕਰਨ ਦੀਵਾਨ ਨੇ ਅਦਾ ਕੀਤਾ। ‘ਰਾਣੀ ਲੂਣਾ’ ਦੇ ਕਿਰਦਾਰ ’ਚ ਹੈਦਰ ਬਾਂਦੀ, ‘ਮਹਾਰਾਣੀ ਸੁੰਦਰਾ’ (ਮੇਨਕਾ), ‘ਮਹਾਰਾਣੀ ਇੱਛਰਾਂ’ (ਅਨਵਰੀ) ਅਤੇ ‘ਗੁਰੂ ਗੋਰਖ ਨਾਥ’ ਦਾ ਪਾਤਰ ਐੱਚ. ਐੱਸ. ਰਵੇਲ (ਪਿਤਾ ਰਾਹੁਲ ਰਵੇਲ) ਨੇ ਨਿਭਾਇਆ। ਫ਼ਸਾਨਾ, ਮੁਕਾਲਮੇ ਤੇ ਗੀਤ ਐੱਮ. ਆਰ. ਸਰਵਰ ਅਤੇ ਮੌਸੀਕੀ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ ਤਰਤੀਬ ਕੀਤੀ। ਇਹ ਫ਼ਿਲਮ 26 ਜਨਵਰੀ 1940 ਨੂੰ ਰਾਧੂ ਟਾਕੀਜ਼, ਮੁਲਤਾਨ ਵਿਖੇ ਨੁਮਾਇਸ਼ ਹੋਈ। ਇੰਦਰਾ ਮੂਵੀਟੋਨ ਦੀ ਦਾਊਦ ਚਾਂਦ (ਸਹਾਇਕ ਐੱਫ਼. ਡੀ. ਸ਼ਰਫ਼, ਹਸਨ ਅਲੀ ਮਰਚੰਟ) ਨਿਰਦੇਸ਼ਿਤ ਲੋਕ ਦਾਸਤਾਨ ’ਤੇ ਆਧਾਰਿਤ ਪੰਜਾਬੀ ਫ਼ਿਲਮ ‘ਸੱਸੀ ਪੁਨੂੰ’ (1939) ਵਿੱਚ ਡਾਰ ਕਸ਼ਮੀਰੀ ਨੇ ‘ਆਦਮ ਜਾਮ ਬਾਦਸ਼ਾਹ’ ਦਾ ਸੋਹਣਾ ਪਾਰਟ ਅਦਾ ਕੀਤਾ। ਅਦਾਕਾਰਾ ਬਾਲੋ ਨੇ ‘ਸੱਸੀ’ ਦਾ ਅਤੇ ਗ੍ਰਾਮੋਫ਼ੋਨ ਸਿੰਗਰ ਮੁਹੰਮਦ ਅਸਲਮ ਨੇ ‘ਪੁਨੂੰ’ ਦਾ ਟਾਈਟਲ ਕਿਰਦਾਰ ਨਿਭਾਇਆ। ਗੀਤ ਤੇ ਮੁਕਾਲਮੇ ਐੱਫ਼. ਡੀ. ਸ਼ਰਫ਼ ਅਤੇ ਮੌਸੀਕਾਰ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ (ਸਹਾਇਕ ਪ੍ਰੇਮ ਕੁਮਾਰ) ਸਨ। ਇਹ ਫ਼ਿਲਮ 23 ਜੂਨ 1939 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਇੰਦਰਾ ਮੂਵੀਟੋਨ, ਕਲਕੱਤਾ ਦੀ ਹੀ ਬੀ. ਐੱਸ. ਰਾਜਹੰਸ (ਬਲਦੇਨ ਸਿੰਘ ਰਾਜਹੰਸ) ਨਿਰਦੇਸ਼ਿਤ ਕਿੱਸਾ ਆਧਾਰਿਤ ਪੰਜਾਬੀ ਫ਼ਿਲਮ ‘ਜੱਗਾ ਡਾਕੂ’ (1940) ’ਚ ਉਸ ਨੇ ‘ਨੰਬਰਦਾਰ’ ਦਾ ਕਿਰਦਾਰ ਨਿਭਾਇਆ ਜਦੋਂਕਿ ‘ਜੱਗੇ ਡਾਕੂ’ ਦਾ ਟਾਈਟਲ ਕਿਰਦਾਰ ਗੁਲ ਜ਼ਮਾਨ ਨਿਭਾ ਰਿਹਾ ਸੀ। ਕਹਾਣੀ ਤੇ ਗੀਤ ਐੱਮ. ਡੀ. ਸੋਜ਼ ਅਤੇ ਸੰਗੀਤਕਾਰ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਸਨ। 27 ਸਤੰਬਰ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਇਹ ਕਾਮਯਾਬਤਰੀਨ ਪੰਜਾਬੀ ਫ਼ਿਲਮ ਹਿੰਦੀ ਵਿਚ ‘ਮਰਦ-ਏ-ਪੰਜਾਬ’ (1940) ਦੇ ਸਿਰਲੇਖ ਹੇਠ ਡੱਬ ਹੋਈ। ਇੰਦਰਾ ਮੂਵੀਟੋਨ, ਕਲਕੱਤਾ ਦੀ ਕੇ. ਡੀ. ਮਹਿਰਾ ਉਰਫ਼ ਕ੍ਰਿਸ਼ਨ ਦੇਵ ਮਹਿਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੇਰਾ ਪੰਜਾਬ’ (1940) ’ਚ ਉਸ ਨੇ ‘ਚਾਚਾ’ ਦਾ ਕਿਰਦਾਰ ਨਿਭਾਇਆ ਜਿਸ ਦੇ ਸਨਮੁੱਖ ਹੈਦਰ ਬਾਂਦੀ ਨੇ ‘ਚਾਚੀ’ ਦਾ ਚਰਿੱਤਰ ਪਾਰਟ ਅਦਾ ਕੀਤਾ। ਗੀਤ ਤੇ ਮੁਕਾਲਮੇ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਅਤੇ ਸੰਗੀਤਕ ਤਰਜ਼ਾਂ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ ਬਣਾਈਆਂ। ਇਹ ਫ਼ਿਲਮ 27 ਦਸੰਬਰ 1940 ਨੂੰ ਕਰਾਊਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ। ਵੰਡ ਤੋਂ ਬਾਅਦ ਡਾਰ ਕਸ਼ਮੀਰੀ ਨੇ ਫ਼ਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਮਜਨੂੰ (ਹੈਰੋਲਡ ਲੂਈਸ/ਕਾਮੇਡੀਅਨ) ਨਿਰਦੇਸ਼ਿਤ ਪਹਿਲੀ ਪੰਜਾਬੀ ਫ਼ਿਲਮ ‘ਮੁਕਲਾਵਾ’ (1957) ’ਚ ਵੀ ਚਰਿੱਤਰ ਕਿਰਦਾਰ ਨਿਭਾਇਆ।
ਮਨੋਹਰ ਮੂਵੀਟੋਨ, ਬੰਬੇ ਦੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਨੂਰ ਮਹਲ’ ਉਰਫ਼ ‘ਕਮਰੂਲ ਜ਼ਮਾਂ’ (1935) ’ਚ ਚਰਿੱਤਰ ਕਿਰਦਾਰ ਨਿਭਾਇਆ। ਸੁਭਾਸ਼ ਫ਼ਿਲਮਜ਼, ਬੰਬੇ ਦੀ ਚੁੰਨੀ ਲਾਲ ਪਾਰਿਖ ਨਿਰਦੇਸ਼ਿਤ ਫ਼ਿਲਮ ‘ਚੀਨ ਕਾ ਸ਼ਾਹੂਕਾਰ’ ਉਰਫ਼ ‘ਬਲੈਕ ਥੀਫ਼’ (1935) ’ਚ ਵੀ ਉਸ ਨੇ ਸ਼ਾਨਦਾਰ ਚਰਿੱਤਰ ਕਿਰਦਾਰ ਅਦਾ ਕੀਤਾ। ਇਹ ਫ਼ਿਲਮ 15 ਅਗਸਤ 1935 ਨੂੰ ਪਿਕਚਰ ਹਾਊਸ, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ। ਦੇਬਕੀ ਬੋਸ ਦੇ ਫ਼ਿਲਮਸਾਜ਼ ਅਦਾਰੇ ਦੇਬਕੀ ਬੋਸ ਪ੍ਰੋਡਕਸ਼ਨਜ਼, ਬੰਬੇ ਦੀ ਦੇਬਕੀ ਬੋਸ ਨਿਰਦੇਸ਼ਿਤ ਫ਼ਿਲਮ ‘ਜੀਵਨ ਨਾਟਕ’ ਉਰਫ਼ ‘ਲਾਈਫ਼ ਇਜ਼ ਏ ਸਟੇਜ’ (1935) ’ਚ ਉਸ ਨੇ ਸੋਹਣਾ ਪਾਰਟ ਨਿਭਾਇਆ ਜਦੋਂਕਿ ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿਚ ਦੁਰਗਾ ਖੋਟੇ ਤੇ ਮਾਰੂਤੀ ਰਾਓ ਪਹਿਲਵਾਨ ਸਨ। ਇਹ ਫ਼ਿਲਮ 28 ਜਨਵਰੀ 1935 ਨੂੰ ਪੈਲੇਸ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਸਨਰਾਈਜ਼ ਫ਼ਿਲਮ ਕੰਪਨੀ, ਬੰਬੇ ਦੀ ਅਖ਼ਤਰ ਨਵਾਜ਼ (ਸਹਾਇਕ ਆਬਿਦ ਅਲੀ, ਐੱਮ. ਰਹਿਮਾਨ) ਨਿਰਦੇਸ਼ਿਤ ਫ਼ਿਲਮ ‘ਕਿਸਕੀ ਪਿਆਰੀ’ ਉਰਫ਼ ‘ਹੂਜ਼ ਡਾਰਲਿੰਗ’ (1937) ’ਚ ਮਿਸ ਜ਼ੁਬੈਦਾ ਬਾਨੋ (ਹੀਰੋਇਨ ‘ਆਲਮਆਰਾ’/1931), ਜਲ ਮਰਚੈਂਟ ਨਾਲ ਡਾਰ ਕਸ਼ਮੀਰੀ ਨੇ ਵਧੀਆ ਚਰਿੱਤਰ ਕਿਰਦਾਰ ਨਿਭਾਇਆ। ਇੰਦਰਾ ਮੂਵੀਟੋਨ, ਬੰਬੇ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਵੀਰ ਕੇਸਰੀ’ (1938) ’ਚ ਵੀ ਡਾਰ ਕਸ਼ਮੀਰੀ ਨੇ ਪੁਸ਼ਪਾ ਰਾਣੀ, ਬਾਬੂਰਾਓ ਪਹਿਲਵਾਨ, ਸੁੰਦਰ ਸਿੰਘ ਨਾਲ ਅਦਾਕਾਰੀ ਕੀਤੀ। ਇਹ ਫ਼ਿਲਮ 31 ਜੁਲਾਈ 1938 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਸੀਤਾਰਾਮ ਸਿਨੇਟੋਨ ਲਿਮਟਿਡ, ਕਲਕੱਤਾ ਦੀ ਵਿੱਠਲਦਾਸ ਪੰਚੋਟੀਆ ਨਿਰਦੇਸ਼ਿਤ ਫ਼ਿਲਮ ‘ਕਰਮਵੀਰ’ (1938) ’ਚ ਜੀ. ਐੱਨ. ਡਾਰ ਕਸ਼ਮੀਰੀ ਨੇ ਵਿੱਠਲਦਾਸ ਪੰਚੋਟੀਆ ਤੇ ਰਾਧਾ ਰਾਣੀ ਨਾਲ ਚਰਿੱਤਰ ਕਿਰਦਾਰ ਅਦਾ ਕੀਤਾ। ਇੰਦਰਾ ਮੂਵੀਟੋਨ ਕਲਕੱਤਾ ਦੀ ਸਫ਼ਦਰ ਮਿਰਜ਼ਾ (ਸਹਾਇਕ ਐੱਚ. ਐੱਸ. ਰਵੇਲ) ਨਿਰਦੇਸ਼ਿਤ ਫ਼ਿਲਮ ‘ਇੰਪੀਰੀਅਲ ਮੇਲ’ (1939) ’ਚ ਉਸ ਨੇ ‘ਸ਼ਾਮ ਲਾਲ’ ਦਾ ਚਰਿੱਤਰ ਪਾਰਟ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿਚ ਮਿਸ ਗੁਲਜ਼ਾਰ ਤੇ ਬਾਬੂਰਾਓ ਪਹਿਲਵਾਨ ਮੌਜੂਦ ਸਨ। ਇੰਦਰਾ ਮੂਵੀਟੋਨ ਦੀ ਹੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਜੋਸ਼-ਏ-ਇਸਲਾਮ’ (1939) ’ਚ ਉਸ ਨੇ ‘ਮੁਸਲਿਮ ਵਜ਼ੀਰ’ ਦਾ ਰੋਲ ਨਿਭਾਇਆ।
ਇੰਦਰਾ ਮੂਵੀਟੋਨ, ਕਲਕੱਤਾ ਦੀ ਐੱਚ. ਐੱਸ. ਰਵੇਲ ਨਿਰਦੇਸ਼ਿਤ ਸਟੰਟ ਫ਼ਿਲਮ ‘ਦੋਰੰਗੀਆ ਡਾਕੂ’ ਉਰਫ਼ ‘ਗੈਂਗਸਟਰ’ (1940) ’ਚ ਡਾਰ ਕਸ਼ਮੀਰੀ ਨੇ ‘ਗੰਗਾਦਾਸ’ ਦਾ ਕਿਰਦਾਰ ਅਦਾ ਕੀਤਾ। ਕੋਸਮੋਪੋਲੀਟਨ ਪ੍ਰੋਡਕਸ਼ਨਜ਼, ਬੰਬੇ ਦੀ ਐੱਨ. ਬੁਲਚੰਦਾਨੀ ਬੀ. ਏ. (ਸਹਾਇਕ ਐੱਸ. ਦਿਓ) ਨਿਰਦੇਸ਼ਿਤ ਫ਼ਿਲਮ ‘ਯਾਦ ਰਹੇ’ ਉਰਫ਼ ‘ਯੰਗ ਇੰਡੀਆ’ (1940) ’ਚ ਉਸ ਨੇ ਸਹਾਇਕ ਕਿਰਦਾਰ ਨਿਭਾਉਣ ਦੇ ਨਾਲ-ਨਾਲ ਇਕ ਗੀਤ ਵੀ ਲਿਖਿਆ, ਜਿਸ ਦੇ ਮੌਸੀਕਾਰ ਧੂਮੀ ਖ਼ਾਨ ‘ਰਾਮਪੁਰੀ’ ਸਨ। ਭਾਰਤ ਫੋਟੋਫ਼ੋਨਜ਼, ਲਿਮਟਿਡ, ਬੰਬੇ ਦੀ ਆਰ. ਐੱਨ. ਵੈਦ ਨਿਰਦੇਸ਼ਿਤ ਫ਼ਿਲਮ ‘ਅਬਲਾ’ (1941) ਅਤੇ ਫ਼ਿਲਮਸਾਜ਼ ਬੀ. ਐੱਨ. ਸਰਕਾਰ ਦੇ ਫ਼ਿਲਮਸਾਜ਼ ਅਦਾਰੇ ਨਿਊ ਥੀਏਟਰਜ਼, ਕਲਕੱਤਾ ਦੀ ਹੇਮਚੰਦਰ ਨਿਰਦੇਸ਼ਿਤ ਫ਼ਿਲਮ ‘ਸੌਗੰਧ’ ਉਰਫ਼ ‘ਦਿ ਪਲੈੱਜ’ (1942) ’ਚ ਉਸ ਨੇ ਪਹਾੜੀ ਸਾਨਿਆਲ ਤੇ ਅਸਿਤ ਬਰਾਨ ਨਾਲ ਸ਼ਾਨਦਾਰ ਅਦਾਕਾਰੀ ਕੀਤੀ। ਇਹ ਫ਼ਿਲਮ 1 ਅਪਰੈਲ 1942 ਨੂੰ ਨਿਊ ਸਿਨਮਾ ਕਲਕੱਤਾ ਅਤੇ ਇਸੇ ਸਿਰਲੇਖ ਨਾਲ ਇਸ ਦਾ ਬੰਗਾਲੀ ਭਾਸ਼ਾ ’ਚ ਡੱਬ 28 ਮਾਰਚ 1942 ਨੂੰ ਚਿੱਤਰਾ ਸਿਨਮਾ ’ਚ ਹੋਇਆ। ਫ਼ਿਲਮਸਾਜ਼ ਤੇ ਅਦਾਕਾਰ ਨਜ਼ੀਰ ਦੇ ਫ਼ਿਲਮਸਾਜ਼ ਅਦਾਰੇ ਹਿੰਦ ਪਿਕਚਰਜ਼, ਬੰਬੇ ਦੀ ਕੇ. ਅਮਰਨਾਥ ਨਿਰਦੇਸ਼ਿਤ ਫ਼ਿਲਮ ‘ਛੇੜ ਛਾੜ’ ਉਰਫ਼ ‘ਸਵੀਟ ਲਾਈ’ (1943) ’ਚ ਉਸ ਨੇ ਸਿਤਾਰਾ, ਨਜ਼ੀਰ, ਗੋਪ, ਮਿਸ ਗੁਲਾਬ ਨਾਲ ਬਿਹਤਰੀਨ ਕੰਮ ਕੀਤਾ। ਇਹ ਫ਼ਿਲਮ ਜਸਵੰਤ ਸਿਨਮਾ, ਲਾਹੌਰ ਵਿਖੇ 16 ਅਗਸਤ 1943 ਨੂੰ ਰਿਲੀਜ਼ ਹੋਈ। ਇੰਡੀਅਨ ਆਰਟ ਪਿਕਚਰਜ਼, ਬੰਬੇ ਦੀ ਮਹੇਸ਼ ਕੌਲ ਨਿਰਦੇਸ਼ਿਤ ਫ਼ਿਲਮ ‘ਅੰਗੂਰੀ’ (1943), ਨਿਊ ਮਹਾਰਾਸ਼ਟਰ ਪ੍ਰੋਡਕਸ਼ਨਜ਼, ਬੰਬੇ ਦੀ ਸੀ. ਐੱਸ. ਬੋਸ ਨਿਰਦੇਸ਼ਿਤ ਫ਼ਿਲਮ ‘ਦੇਵਦਾਸੀ’ (1945), ਨਵਯੁੱਗ ਚਿੱਤਰਪਟ ਲਿਮਟਿਡ, ਪੂਨਾ ਦੀਆਂ ਸ਼ੌਰੀ ਦੌਲਤਲਵੀ ਨਿਰਦੇਸ਼ਿਤ ਫ਼ਿਲਮ ‘ਦਿਨ ਰਾਤ’ (1945) ਤੇ ‘ਪਾਰੋ’ (1947) ਅਤੇ ਵੇਦੀ ਨਿਰਦੇਸ਼ਿਤ ਫ਼ਿਲਮ ‘ਰੂਮ ਨੰਬਰ 9’ (1946) ’ਚ ਡਾਰ ਕਸ਼ਮੀਰੀ ਆਪਣੀ ਸ਼ਾਨਦਾਰ ਚਰਿੱਤਰ ਕਿਰਦਾਰਨਿਗਾਰੀ ਜ਼ਰੀਏ ਛਾਏ ਰਹੇ। ਜੀਵਨ ਕਲਾ ਚਿੱਤਰ, ਬੰਬੇ ਦੀ ਕੁਲਭੂਸ਼ਨ ਅਗਰਵਾਲ ਨਿਰਦੇਸ਼ਿਤ ਫ਼ਿਲਮ ‘ਹੂਆ ਸਵੇਰਾ’ (1948), ਬੰਬੇ ਟਾਕੀਜ਼, ਬੰਬੇ ਦੀ ਨਜ਼ੀਰ ਅਜਮੇਰੀ ਨਿਰਦੇਸ਼ਿਤ ਫ਼ਿਲਮ ‘ਮਜਬੂਰ’ (1948) ’ਚ ਉਹ ਆਪਣੀ ਉਮਦਾ ਚਰਿੱਤਰ ਤੇ ਖ਼ਲ ਅਦਾਕਾਰੀ ਰਾਹੀਂ ਫ਼ਿਲਮਬੀਨਾਂ ਦੀ ਪਹਿਲੀ ਪਸੰਦ ਬਣੇ ਰਹੇ।
1950ਵਿਆਂ ਦੇ ਦਹਾਕੇ ਵਿਚ ਆਈਆਂ ਉਸ ਦੀਆਂ ਚਰਿੱਤਰ ਅਦਾਕਾਰ ਵਜੋਂ ਕੁਝ ਹੋਰ ਕਾਮਯਾਬ ਫ਼ਿਲਮਾਂ, ਜਿਨ੍ਹਾਂ ਵਿਚ ਮਿਨਰਵਾ ਮੂਵੀਟੋਨ, ਬੰਬੇ ਦੀਆਂ ਸੋਹਰਾਬ ਮੋਦੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਝਾਂਸੀ ਕੀ ਰਾਨੀ’ (1953) ਤੇ ਗਜਾਨਨ ਜਾਗੀਰਦਾਰ (ਸਹਾਇਕ ਦੱਤਾ ਭੱਟ) ਨਿਰਦੇਸ਼ਿਤ ਫ਼ਿਲਮ ‘ਘਰ ਘਰ ਮੇਂ ਦੀਵਾਲੀ’ (1955) ਅਤੇ ‘ਕੁੰਦਨ’ (1955) ਤੋਂ ਇਲਾਵਾ ਵਰਮਾ ਫ਼ਿਲਮਜ਼, ਬੰਬੇ ਦੀ ਸੂਰਯ ਕੁਮਾਰ ਨਿਰਦੇਸ਼ਿਤ ਫ਼ਿਲਮ ‘ਲਾਡਲਾ’ (1954), ਨਵਕਲਾ ਨਿਕੇਤਨ, ਬੰਬੇ ਦੀ ਰਮਨ ਬੀ. ਦੇਸਾਈ ਨਿਰਦੇਸ਼ਿਤ ਪੁਰਾਣਿਕ ਫ਼ਿਲਮ ‘ਚੱਕਰਾਧਾਰੀ’ (1954), ਡੀ. ਕੇ. ਫ਼ਿਲਮਜ਼, ਬੰਬੇ ਦੀ ਵਸੰਤ ਪੇਂਟਰ ਨਿਰਦੇਸ਼ਿਤ ਭਗਤੀ ਪ੍ਰਧਾਨ ਫ਼ਿਲਮ ‘ਪਤਿਤ ਪਾਵਨ’ (1955) ਤੱਕ ਡਾਰ ਕਸ਼ਮੀਰੀ ਆਪਣੀ ਚਰਿੱਤਰ ਅਦਾਕਾਰੀ ਦੀ ਵਧੀਆ ਨੁਮਾਇਸ਼ ਕਰਦੇ ਰਹੇ।
ਇਨ੍ਹਾਂ ਫ਼ਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਉਹ ਫ਼ਿਲਮਾਂ ਵਿਚੋਂ ਗਾਇਬ ਹੀ ਹੋ ਗਏ। ਉਸ ਤੋਂ ਬਾਅਦ ਉਹ ਕਿੱਥੇ ਚਲੇ ਗਏ? ਉਨ੍ਹਾਂ ਦੇ ਪਰਿਵਾਰ ਜਾਂ ਬੱਚਿਆਂ ਬਾਰੇ ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਚੱਲ ਸਕਿਆ। ਜਿਊਂਦੇ ਜੀ ਅਦਾਕਾਰ ਜੀਵਨ ਤੇ ਬਾਅਦ ਵਿਚ ਉਨ੍ਹਾਂ ਦੇ ਅਦਾਕਾਰ ਪੁੱਤਰ ਕਿਰਨ ਕੁਮਾਰ ਨੇ ਵੀ ਕਿਸੇ ਇੰਟਰਵਿਊ ਵਿਚ ਆਪਣੇ ਤਾਏ ਡਾਰ ਕਸ਼ਮੀਰੀ ਦਾ ਕਦੇ ਕੋਈ ਜ਼ਿਕਰ ਨਹੀਂ ਕੀਤਾ। ਕਸ਼ਮੀਰੀ ਪੰਡਤਾਂ ਦਾ ‘ਡਾਰ’ ਗੋਤ ਬਾਅਦ ’ਚ ‘ਦਰ’ ਤੇ ‘ਧਰ’ ’ਚ ਬਦਲ ਗਿਆ।
ਸੰਪਰਕ: 97805-09545