ਮੁੰਬਈ: ਅਦਾਕਾਰਾ ਸਲੋਨੀ ਬੱਤਰਾ ਨੇ ਚੰਗੇ ਵਿਸ਼ਾ-ਵਸਤੂ ’ਤੇ ਆਧਾਰਤ ਭੂਮਿਕਾਵਾਂ ਰਾਹੀਂ ਆਪਣੀ ਪਛਾਣ ਬਣਾਈ ਹੈ। ਉਹ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ ਕਿ ਆਮ ਲੋਕਾਂ ਦੀ ਪਸੰਦ ਵਾਲੀ ਕੋਈ ਵੀ ਫ਼ਿਲਮ ਬਣਾ ਕੇ ਬੌਲੀਵੁੱਡ ਵਿੱਚ ਕੁਝ ਵੱਡਾ ਕਰਨਾ ਹੀ ਇੱਕੋ ਇੱਕ ਤਰੀਕਾ ਹੈ। ਫਿਲਮੀ ਦੁਨੀਆਂ ਵਿੱਚ ਆਪਣੀ ਪਛਾਣ ਬਣਾਉਣ ਬਾਰੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਸਲੋਨੀ ਨੇ ਕਿਹਾ, ‘ਮੈਂ ਇਹ ਨਹੀਂ ਕਹਾਂਗੀ ਕਿ ਇਹ ਆਸਾਨ ਹੈ, ਪਰ ਆਸਾਨ ਤਾਂ ਕੁਝ ਵੀ ਨਹੀਂ ਹੈ। ਇਹ ਕੋਈ ਖਾਸ ਪ੍ਰਕਿਰਿਆ ਵੀ ਨਹੀਂ ਹੈ ਅਤੇ ਮੈਨੂੰ ਇਹ ਸਮਝਣ ’ਚ ਥੋੜ੍ਹਾ ਸਮਾਂ ਲੱਗਿਆ।’ ਉਸ ਨੇ ਕਿਹਾ, ‘ਬੌਲੀਵੁੱਡ ਬਹੁਤ ਹੀ ਦਿਲਚਸਪ ਜਗ੍ਹਾ ਹੈ, ਜਿੱਥੇ ਬਹੁਤ ਸਾਰੇ ਹੁਨਰਮੰਦ ਕਲਾਕਾਰ, ਸਟਾਰ ਬਣਨ ਦਾ ਸੁਪਨਾ ਵੇਖਦੇ ਹਨ। ਮੈਂ ਜ਼ਿੰਦਗੀ ਵਿੱਚ ਅਜਿਹਾ ਵੱਡਾ ਮੌਕਾ ਚਾਹੁਣ ਦੇ ਮਾਮਲੇ ਵਿੱਚ ਵੱਖ ਨਹੀਂ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਵੱਡੀ ਫਿਲਮ ਵਿੱਚ ਕੰਮ ਕਰਨਾ ਹੀ ਮੇਰੇ ਸੁਪਨੇ ਪੂਰੇ ਕਰਨ ਦਾ ਇੱਕੋ ਇੱਕ ਤਰੀਕਾ ਹੈ।’ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਈ ‘ਸੋਨੀ’ ਅਤੇ ‘ਤੈਸ਼’ ਵਿੱਚ ਸਲੋਨੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਉਹ ਫਿਲਮ ‘ਉਲਝਨ’ (ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ‘ਦਿ ਨਾਟ’ ਨਾਲ ਵੀ ਜਾਣਿਆ ਜਾਂਦਾ ਹੈ), ਦਾ ਇੱਕ ਹਿੱਸਾ ਹੈ, ਜੋ ਜਲਦ ਹੀ ਲਾਸ ਏਂਜਲਸ ਦੇ ਭਾਰਤੀ ਫਿਲਮ ਮੇਲੇ ਵਿੱਚ ਦਿਖਾਈ ਜਾਵੇਗੀ। ‘ਉਲਝਨ’ ਨੂੰ ਸੈਂਟਾ ਬਾਰਬਰਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਦਿਖਾਇਆ ਗਿਆ ਸੀ। -ਆਈਏਐੱਨਐੱਸ