ਮੁੰਬਈ, 1 ਨਵੰਬਰ
ਪਾਕਿਸਤਾਨੀ ਡਾਇਰੈਕਟਰ ਮਹਿਰੀਨ ਜੱਬਾਰ ਨੇ ਕਿਹਾ ਕਿ ‘ਦਾਮ’ ਤੇ ‘ਦੋਰਾਹਾ’ ਵਰਗੇ ਟੀਵੀ ਡਰਾਮਿਆਂ ਰਾਹੀਂ ਦਹਾਕਿਆਂ ਤੱਕ ਸਮਾਜਿਕ ਮੁੱਦਿਆਂ ਨਾਲ ਸਿੱਝਣ ਤੋਂ ਬਾਅਦ ਉਹ ਆਜ਼ਾਦਾਨਾ ਤੌਰ ’ਤੇ ਕੰਮ ਕਰਨਾ ਚਾਹੁੰਦੀ ਸੀ ਅਤੇ ਉਸ ਨੇ ਆਪਣੀ ਤਾਜ਼ਾ ਵੈੱਬ ਲੜੀ ‘ਏਕ ਝੂਠੀ ਲਵ ਸਟੋਰੀ’ ਨਾਲ ਕਾਮੇਡੀ ਦੀ ਇਕ ਲੰਬੀ ਲੜੀ ਬਣਾਉਣ ਦਾ ਉਪਰਾਲਾ ਕੀਤਾ।
ਜ਼ੀ5 ’ਤੇ ਚੱਲਦੀ ਅਦਾਕਾਰ ਬਿਲਾਲ ਅੱਬਾਸ ਖਾਨ ਤੇ ਮਦੀਹਾ ਇਮਾਮ ਦੀ ਰੋਮਾਂਟਿਕ-ਕਾਮੇਡੀ ਨੂੰ ਉਮੈਰਾ ਅਹਿਮਦ ਨੇ ਲਿਖਿਆ ਹੈ। ਜ਼ਿਕਰਯੋਗ ਹੈ ਕਿ ਉਮੈਰਾ ਅਹਿਮਦ ਆਪਣੇ ਸ਼ੋਅ ‘ਜ਼ਿੰਦਗੀ ਗੁਲਜ਼ਾਰ ਹੈ’ ਲਈ ਜਾਣੀ ਜਾਂਦੀ ਹੈ। ਸਾਲ 2008 ’ਚ ਆਏ ‘ਰਾਮਚੰਦ ਪਾਕਿਸਤਾਨੀ’ ਲਈ ਜਾਣੀ ਜਾਂਦੀ ਜੱਬਾਰ ਨੇ ਕਿਹਾ ਕਿ ਨਾ ਤਾਂ ਉਸ ਨੇ ਕਦੇ ਕਾਮੇਡੀ ਕੀਤੀ ਸੀ ਤੇ ਨਾ ਹੀ ਅਹਿਮਦ ਨੇ ਪਹਿਲਾਂ ਕਦੇ ਕਾਮੇਡੀ ਲਿਖੀ ਸੀ, ਇਸ ਵਾਸਤੇ ਉਹ ਦੋਵੇਂ ਇਸ ਪ੍ਰਾਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ।
ਜੱਬਾਰ ਨੇ ਨਿਊਯਾਰਕ ਤੋਂ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ’ਚ ਕਿਹਾ, ‘‘ਮੇਰੇ ਦਿਮਾਗ ’ਚ ਕਾਮੇਡੀ ਸੀ ਪਰ ਮੇਰੇ ਸਾਹਮਣੇ ਸਹੀ ਸਕ੍ਰਿਪਟ ਲੱਭਣ ਦੀ ਚੁਣੌਤੀ ਵੀ ਸੀ। ਮੈਂ ਕਦੇ ਵੀ ਐਨੀ ਲੰਬੀ ਕਾਮੇਡੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਖ਼ਾਸ ਕਰ ਕੇ ਇਸ ਤਰ੍ਹਾਂ ਦੀ ਕਾਮੇਡੀ। ਵਿਸ਼ੇ ਤੇ ਲੇਖਣੀ ਕਰ ਕੇ ਮੈਂ ਤੁਰੰਤ ਲੜੀ ਵੱਲ ਖਿੱਚੀ ਗਈ।’’ -ਪੀਟੀਆਈ