ਜੋਗਿੰਦਰ ਕੌਰ ਅਗਨੀਹੋਤਰੀ
ਜੇਕਰ ਧਰਤੀ ਨਾ ਹੁੰਦੀ ਤਾਂ ਮਨੁੱਖੀ ਜੀਵਨ ਵੀ ਨਾ ਹੁੰਦਾ। ਧਰਤੀ, ਜ਼ਮੀਨ, ਭੋਂਇ ਆਦਿ ਸਮਾਨ ਸ਼ਬਦ ਹਨ। ਧਰਤੀ ਨੂੰ ਮਾਤਾ ਇਸ ਲਈ ਕਿਹਾ ਗਿਆ ਹੈ ਕਿ ਇਸ ਧਰਤੀ ’ਤੇ ਸਾਡਾ ਬਸੇਰਾ ਹੈ ਤੇ ਧਰਤੀ ਸਾਡੇ ਜੀਵਨ ਦਾ ਆਧਾਰ ਹੈ। ਪਾਣੀ ਦਾ ਬਹੁਤਾ ਹਿੱਸਾ ਵੀ ਧਰਤੀ ਵਿੱਚੋਂ ਪ੍ਰਾਪਤ ਹੁੰਦਾ ਹੈ ਤੇ ਅੰਨ ਵੀ। ਰੁੱਖਾਂ ਤੋਂ ਫ਼ਲ ਵੀ ਧਰਤੀ ਦੀ ਮਿਹਰਬਾਨੀ ਨਾਲ ਮਿਲਦੇ ਹਨ ਤੇ ਛਾਂ ਵੀ। ਸਾਡਾ ਖਾਣ ਪਹਿਨਣ ਤੇ ਰਹਿਣ-ਸਹਿਣ ਧਰਤੀ ’ਤੇ ਨਿਰਭਰ ਹੈ। ਇਸੇ ਕਰਕੇ ਹੀ ਅਸੀਂ ਕੁਦਰਤ ਦੀਆਂ ਅਣਮੁੱਲੀਆਂ ਦਾਤਾਂ ਦਾ ਆਨੰਦ ਮਾਣਦੇ ਹਾਂ। ਬਦਲਦੀਆਂ ਰੁੱਤਾਂ ਅਨੁਸਾਰ ਹੀ ਸਾਨੂੰ ਖਾਣ ਲਈ ਭਿੰਨ-ਭਿੰਨ ਤਰ੍ਹਾਂ ਦੇ ਅੰਨ ਪ੍ਰਾਪਤ ਹੁੰਦੇ ਹਨ। ਦੋ ਵਿਸ਼ੇਸ਼ ਰੁੱਤਾਂ ਅਨੁਸਾਰ ਫ਼ਸਲਾਂ ਬੀਜੀਆਂ ਹਨ। ਉਹ ਹਨ ਹਾੜ੍ਹੀ ਤੇ ਸਾਉਣੀ।
ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ’ਤੇ ਕਣਕ, ਛੋਲੇ, ਜੌਂ ਤੇ ਸਰੋਂ ਹੁੰਦੀਆਂ ਹਨ। ਇਸ ਤੋਂ ਇਲਾਵਾ ਦਾਲਾਂ ਅਤੇ ਸਬਜ਼ੀਆਂ ਵੀ ਰੁੱਤ ਅਨੁਸਾਰ ਬੀਜੀਆਂ ਜਾਂਦੀਆਂ ਹਨ। ਜਿਵੇਂ ਦਾਲਾਂ ਵਿੱਚ ਮਸਰ। ਸਬਜ਼ੀਆਂ ਵਿੱਚ ਮਟਰ, ਬਾਕਲਾ, ਮੂਲੀ, ਗਾਜਰ, ਸ਼ਲਗਮ, ਧਨੀਆ ਅਤੇ ਹੋਰ।
ਪਸ਼ੂਆਂ ਦਾ ਹਰਾ ਚਾਰਾ ਵੀ ਰੁੱਤਾਂ ਅਨੁਸਾਰ ਹੀ ਹੁੰਦਾ ਹੈ। ਹਾੜ੍ਹੀ ਦੀ ਫ਼ਸਲ ਵਿੱਚ ਬਰਸੀਮ, ਚਾਰਾ, ਜਵੀ ਆਦਿ। ਸਾਉਣੀ ਦੀਆਂ ਫ਼ਸਲਾਂ ਵਿੱਚ ਕਪਾਹ, ਨਰਮਾ, ਝੋਨਾ, ਬਾਜਰਾ, ਮੱਕੀ ਆਦਿ ਫ਼ਸਲਾਂ ਹਨ। ਦਾਲਾਂ ਵਿੱਚ ਮੋਠ, ਮੂੰਗੀ, ਮਾਂਹ, ਸੋਇਆਬੀਨ, ਅਰਹਰ ਆਦਿ। ਇਸ ਸਮੇਂ ਗੁਆਰਾ ਵੀ ਬੀਜਿਆ ਜਾਂਦਾ ਹੈ। ਪਸ਼ੂਆਂ ਦੇ ਚਾਰੇ ਲਈ ਚਰ੍ਹੀ (ਜੁਆਰ ਜਾਂ ਜਵਾਰ), ਮੱਕੀ, ਬਾਜਰਾ-ਗੁਆਰਾ ਵੀ ਬੀਜਿਆ ਜਾਂਦਾ ਹੈ। ਕਾਫ਼ੀ ਸਮਾਂ ਪਹਿਲਾਂ ਇਹ ਬਾਜਰਾ- ਗੁਆਰਾ ਇਕੱਠਾ ਬੀਜਦੇ ਸਨ ਜੋ ਮਾਰੂ ਜ਼ਮੀਨਾਂ ਵਿੱਚ ਵੀ ਕਾਮਯਾਬ ਹੋ ਜਾਂਦਾ ਸੀ ਕਿਉਂਕਿ ਬਰਸਾਤ ਦਾ ਮੌਸਮ ਹੋਣ ਕਾਰਨ ਮੀਂਹ ਕਾਰਨ ਪਾਣੀ ਦੀ ਕਮੀ ਨਹੀਂ ਰਹਿੰਦੀ ਸੀ। ਇਸ ਲਈ ਉਦੋਂ ਬਾਜਰਾ ਜ਼ਿਆਦਾ ਹੁੰਦਾ ਸੀ ਅਤੇ ਇਸ ਦਾ ਭਾਅ ਘੱਟ ਹੁੰਦਾ ਸੀ, ਪਰ ਅੱਜਕੱਲ੍ਹ ਝੋਨਾ ਲਾਉਣ ਕਾਰਨ ਬਾਜਰੇ ਵਾਲਾ ਰਕਬਾ ਬਹੁਤ ਜ਼ਿਆਦਾ ਘਟ ਗਿਆ ਹੈ। ਪਹਿਲਾਂ ਕਣਕ ਘੱਟ ਤੇ ਬਾਜਰਾ ਵੱਧ ਹੁੰਦਾ ਸੀ। ਕਹਿੰਦੇ ਕਹਾਉਂਦੇ ਘਰਾਂ ਦੇ ਕਣਕ ਮੁੱਕ ਜਾਂਦੀ ਸੀ, ਫੇਰ ਆਮ ਆਦਮੀ ਦਾ ਕੀ ਹਾਲ ਹੋਵੇਗਾ? ਕਣਕ ਦੀ ਰੋਟੀ ਤੋਂ ਹੀ ਗ਼ਰੀਬ ਤੇ ਅਮੀਰ ਘਰ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਅੱਜ ਬਾਜਰਾ ਖਾਣਾ ਸ਼ੌਕ ਬਣ ਗਿਆ ਹੈ। ਇਹ ਦਿਖਾਵਾ ਹੁਣ ਵੀ ਹੈ। ਪਹਿਲਾਂ ਬਾਜਰੇ ਦੀ ਰੋਟੀ ਬਾਰੇ ਦੱਸਣ ਤੋਂ ਸੰਕੋਚ ਕੀਤਾ ਜਾਂਦਾ ਸੀ, ਪਰ ਅੱਜ ਫ਼ਖਰ ਨਾਲ ਦੱਸਿਆ ਜਾਂਦਾ ਹੈ।
ਬਾਜਰਾ ਸਰਦੀ ਵਿੱਚ ਖਾਣ ਵਾਲਾ ਗਰਮ ਅਨਾਜ ਹੈ ਜੋ ਸਰੀਰ ਨੂੰ ਤਾਕਤ ਦਿੰਦਾ ਹੈ। ਮੱਕੀ ਤੇ ਬਾਜਰੇ ਦੀ ਰੋਟੀ ਸਰੀਰ ਲਈ ਫਾਇਦੇਮੰਦ ਹੈ। ਸਰਦੀ ਦੀਆਂ ਦਾਲਾਂ, ਸਬਜ਼ੀਆਂ ਅਤੇ ਸਾਗ ਨਾਲ ਇਸ ਦਾ ਵਧੀਆ ਮੇਲ ਹੈ। ਬਾਜਰੇ ਦਾ ਆਟਾ ਕਣਕ ਦੇ ਆਟੇ ਦੇ ਮੁਕਾਬਲੇ ਭਾਰੀ ਹੁੰਦਾ ਹੈ। ਲੋਕ ਇਸ ਦੀ ਤੁਲਨਾ ਸੀਮਿੰਟ ਨਾਲ ਵੀ ਕਰਦੇ ਹਨ।
ਬਾਜਰੇ ਦੀ ਰੋਟੀ ਲੈਣ ਦਾ ਸਵਾਦ ਹਰ ਇੱਕ ਦਾ ਸ਼ੌਕ ਨਹੀਂ ਹੈ। ਪਾਣੀ ਹੱਥੀ ਬਾਜਰੇ ਦੀ ਰੋਟੀ ਉੱਤੇ ਚਿੱਬੜਾਂ ਦੀ ਚਟਣੀ, ਨਾਲ ਮਖਣੀ ਤੇ ਲੱਸੀ। ਬਾਜਰੇ ਦੀ ਰੋਟੀ ਨਾਲ ਸਰ੍ਹੋਂ ਦੇ ਸਾਗ ਵਿੱਚ ਮਖਣੀ (ਮੱਖਣ) ਪਾਈ ਹੋਵੇ ਤਾਂ ਉਸ ਦਾ ਮੁਕਾਬਲਾ ਕਿਸ ਨਾਲ?
ਬਾਜਰਾ ਸਾਉਣ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ। ਇਸ ਨੂੰ ਪਾਣੀ ਦੀ ਬਹੁਤੀ ਲੋੜ ਨਹੀਂ ਪੈਂਦੀ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਮੀਂਹ ਪੈਂਦਾ ਹੈ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇੰਜ ਕੀਤਾ ਗਿਆ ਹੈ:
ਕਿੱਥੇ ਤਾਂ ਬੀਜਾਂ ਤੇਰਾ ਬਾਜਰਾ
ਮਾਂ ਦਿਆ ਕਾਨ੍ਹ ਚੰਦਾ
ਕਿੱਥੇ ਤਾਂ ਬੀਜਾਂ ਵੇ ਜਮਾਰ (ਜਵਾਰ)
ਉੱਚੇ ਤਾਂ ਬੀਜਾਂ ਤੇਰਾ ਬਾਜਰਾ
ਮਾਂ ਦਿਆ ਕਾਨ੍ਹ ਚੰਦਾ
ਨੀਵੇਂ ਤਾਂ ਬੀਜਾਂ ਵੇ ਜਮਾਰ (ਜਵਾਰ)
ਖੂਨੀ ਨੈਣ ਜਲ ਭਰੇ
ਭਾਦੋਂ ਦੇ ਮਹੀਨੇ ਵਿੱਚ ਬਾਜਰੇ ਨੂੰ ਬੂਰ ਪੈਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਦਾਣੇ ਤਿਆਰ ਹੋ ਜਾਂਦੇ ਹਨ। ਉਸ ਸਮੇਂ ਇਸ ਦੀ ਰਾਖੀ ਕਰਨੀ ਪੈਂਦੀ ਹੈ ਕਿਉਂਕਿ ਇਸ ਨੂੰ ਪੰਛੀ ਖਾਣ ਆਉਂਦੇ ਹਨ। ਦੋਧਾ ਬਾਜਰਾ ਮਿੱਠਾ ਹੁੰਦਾ ਹੈ। ਇਹ ਪੰਛੀਆਂ ਨੂੰ ਹੀ ਨਹੀਂ ਬਲਕਿ ਮਨੁੱਖ ਨੂੰ ਵੀ ਸਵਾਦ ਲੱਗਦਾ ਹੈ। ਬਾਜਰੇ ਦੇ ਸਿੱਟੇ ਬਾਰੇ ਲੋਕ ਗੀਤਾਂ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ:
ਬਾਜਰੇ ਦਾ ਸਿੱਟਾ ਅਸਾਂ ਤਲੀ ’ਤੇ ਮਰੋੜਿਆ।
ਰੁੱਸਿਆ ਜਾਂਦਾ ਮਾਹੀਆ ਅਸਾਂ ਗਲੀ ਵਿੱਚੋਂ ਮੋੜਿਆ।
ਬਾਜਰੇ ਦਾ ਸਿੱਟਾ ਤਲੀ ’ਤੇ ਮਰੋੜਨਾ ਕੋਈ ਕਾਲਪਨਿਕ ਗੱਲ ਨਹੀਂ। ਇਹ ਸਿੱਟੇ ਤਲੀ ’ਤੇ ਮਰੋੜੇ ਜਾਂਦੇ ਹਨ। ਬਾਜਰੇ ਦਾ ਸਿੱਟਾ ਡੰਡੀ ਵਾਲੇ ਪਾਸਿਓਂ ਪਾੜਿਆ ਜਾਂਦਾ ਹੈ, ਫਿਰ ਇਸ ਦੇ ਕਈ ਹਿੱਸੇ ਕਰਨ ਤੋਂ ਬਾਅਦ ਤਲੀ ’ਤੇ ਮਰੋੜੇ ਜਾਂਦੇ ਹਨ। ਫਿਰ ਇਨ੍ਹਾਂ ਨੂੰ ਸਾਫ਼ ਕਰਨ ਲਈ ਮੂੰਹ ਨਾਲ ਫੂਕਾਂ ਮਾਰ ਕੇ ਹੀ ਫੂਸ ਉਡਾ ਦਿੱਤਾ ਜਾਂਦਾ ਹੈ। ਹਾਂ, ਰੁੱਸੇ ਜਾਂਦੇ ਮਾਹੀ ਨੂੰ ਗਲੀ ਵਿੱਚੋਂ ਮੋੜਨਾ ਕਾਲਪਨਿਕ ਵੀ ਹੋ ਸਕਦਾ ਹੈ ਤੇ ਸੱਚਾਈ ਵੀ। ਸੱਚਾਈ ਇਹ ਕਿ ਦੋਧੇ ਬਾਜਰੇ ਦਾ ਲਾਲਚ ਦਿਖਾ ਕੇ ਉਸ ਦਾ ਗੁੱਸਾ ਢਿੱਲਾ ਕਰਾ ਲਿਆ ਗਿਆ ਹੋਵੇ।
ਬਾਜਰੇ ਦੀ ਰਾਖੀ ਕਰਦੇ ਸਮੇਂ ਖਾਣ ਦੇ ਸ਼ੌਕੀਨ ਸਿੱਟੇ ਤੋੜ ਕੇ ਤੇ ਤਲੀ ’ਤੇ ਮਰੋੜ ਕੇ ਫਿਰ ਮੂੰਹ ਨਾਲ ਫੂਕਾਂ ਮਾਰ ਕੇ ਫੂਸ ਉਡਾ ਦਿੰਦੇ ਹਨ। ਫਿਰ ਉਸ ਨੂੰ ਖਾਂਦੇ ਹਨ। ਜੇਕਰ ਇਹੋ ਜਿਹਾ ਪਦਾਰਥ ਘਰ ਦੇ ਬੱਚਿਆਂ ਜਾਂ ਬਾਕੀ ਜੀਆਂ ਵਾਸਤੇ ਤਿਆਰ ਕਰਨਾ ਹੋਵੇ ਤਾਂ ਇਸ ਨੂੰ ਕਈ ਜਣੇ ਮਿਲ ਕੇ ਤਿਆਰ ਕਰ ਲੈਂਦੇ ਹਨ। ਫਿਰ ਇਸ ਵਿੱਚ ਸ਼ੱਕਰ ਜਾਂ ਗੁੜ ਰਲਾ ਕੇ ਸਭ ਨੂੰ ਦਿੱਤਾ ਜਾਂਦਾ ਹੈ।
ਪਹਿਲਾਂ ਬਾਜਰੇ ਦੀ ਰਾਖੀ ਲਈ ਗੋਪੀਏ ਦੀ ਵਰਤੋਂ ਕੀਤੀ ਜਾਂਦੀ ਸੀ। ਗੋਪੀਏ ਵਿੱਚ ਮਿੱਟੀ ਦੇ ਗੁਲੇਲੇ ਪਾ ਕੇ ਦੂਰ ਮਾਰਿਆ ਜਾਂਦਾ ਸੀ ਤੇ ਪੰਛੀ ਉਡਾਏ ਜਾਂਦੇ ਸਨ। ਉਸ ਤੋਂ ਬਾਅਦ ਤੋਪੜੇ ਨੂੰ ਵਰਤਣ ਲੱਗੇ। ਅੱਜਕੱਲ੍ਹ ਪੰਛੀਆਂ ਨੂੰ ਉਡਾਉਣ ਲਈ ਪਟਾਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਬਾਜਰੇ ਦੇ ਪੱਕਣ ’ਤੇ ਸਿੱਟੇ ਡੁੰਗੇ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ ਸੁਕਾ ਕੇ ਕੱਢਿਆ ਜਾਂਦਾ ਹੈ। ਪਹਿਲਾਂ ਬਾਜਰਾ ਬਲਦਾਂ ਨਾਲ ਗਾਹ ਕੇ ਕੱਢਿਆ ਜਾਂਦਾ ਸੀ, ਪਰ ਅੱਜਕੱਲ੍ਹ ਮਸ਼ੀਨਾਂ ਨਾਲ ਕੱਢਿਆ ਜਾਂਦਾ ਹੈ। ਬਾਜਰੇ ਨੂੰ ਕੱਢਣ ਵੇਲੇ ਜੋ ਫੂਸ ਹੁੰਦਾ ਹੈ, ਉਸ ਨੂੰ ਤੂਤੜਾ ਕਿਹਾ ਜਾਂਦਾ ਹੈ। ਬਾਜਰੇ ਦੇ ਟਾਂਡਿਆਂ ਨੂੰ ਕੜਬ ਕਿਹਾ ਜਾਂਦਾ ਹੈ। ਇਹ ਕੜਬ ਦਾ ਟੋਕਾ ਚਾਰੇ ਦੇ ਕੰਮ ਆਉਂਦਾ ਹੈ।
ਬਾਜਰੇ ਤੋਂ ਬਣਨ ਵਾਲੇ ਪਦਾਰਥ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹਨ।
ਬਾਜਰੇ ਦੇ ਮਰੂੰਡੇ ਬਣਾਏ ਜਾਂਦੇ ਹਨ। ਲੋਹੜੀ ਦੇ ਤਿਉਹਾਰ ਮੌਕੇ ਬਾਜਰੇ, ਮੱਕੀ, ਕਣਕ ਅਤੇ ਝੋਨੇ ਨੂੰ ਭੱਠੀ ’ਤੇ ਭੁੰਨਾ ਕੇ ਉਨ੍ਹਾਂ ਦੀਆਂ ਖਿੱਲਾਂ (ਸ਼ਹਿਰੀ ਲੋਕਾਂ ਮੁਤਾਬਕ ਫੁੱਲੇ ਜਾਂ ਫੁੱਲੀਆਂ) ਨੂੰ ਗੁੜ ਦੀ ਪਤ (ਚਾਸ਼ਣੀ) ਵਿੱਚ ਰਲਾ ਕੇ ਮਰੂੰਡੇ ਬਣਾਏ ਜਾਂਦੇ ਸਨ। ਅੱਜਕੱਲ੍ਹ ਇਹ ਪਦਾਰਥ ਲਗਭਗ ਬਣਨੇ ਬੰਦ ਹੋ ਗਏ ਹਨ।
ਬਾਜਰੇ ਦੀ ਖਿਚੜੀ ਵੀ ਬਣਾਈ ਜਾਂਦੀ ਹੈ। ਬਾਜਰੇ ਨੂੰ ਸਾਫ਼ ਕਰਕੇ ਉਸ ਨੂੰ ਗਰਮ ਪਾਣੀ ਪਾ ਕੇ ਉੱਖਲੀ ਵਿੱਚ ਕੁੱਟਿਆ ਜਾਂਦਾ ਹੈ। ਅੱਜਕੱਲ੍ਹ ਟਾਂਵੇ ਟਾਂਵੇ ਘਰਾਂ ਵਿੱਚ ਹੀ ਉੱਖਲੀਆਂ ਤੇ ਮੂਹਲੇ ਰਹਿ ਗਏ ਹਨ। ਪਹਿਲਾਂ ਉੱਖਲੀ ਹਰ ਘਰ ਵਿੱਚ ਹੁੰਦੀ ਸੀ। ਖਿਚੜੀ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ। ਇਸ ਲਈ ਬਹੁਤ ਮਿਹਨਤ ਦੀ ਲੋੜ ਹੈ।
ਸਰਦੀ ਦੇ ਮੌਸਮ ਵਿੱਚ ਬਾਜਰੇ ਦੀ ਖਿਚੜੀ ਫਾਇਦੇਮੰਦ ਹੈ ਤੇ ਸਵਾਦ ਵੀ ਬਹੁਤ ਲੱਗਦੀ ਹੈ। ਬਾਗੜ ਦੇ ਇਲਾਕੇ ਵਿੱਚ ਖਿਚੜੀ ਦੀ ਮਹਾਨਤਾ ਬਾਰੇ ਇੰਜ ਕਿਹਾ ਜਾਂਦਾ ਹੈ:
ਜੋ ਮੇਰੀ ਨਾਜ਼ੋ ਖੀਚੜ ਖਾਏ
ਫੂਲ ਫਾਲ ਕੁੱਪਾ ਹੋ ਜਾਏ।
ਪੰਜਾਬੀ ਸੱਭਿਆਚਾਰ ਵਿੱਚ ਇਸ ਬਾਰੇ ਇੰਜ ਕਿਹਾ ਜਾਂਦਾ ਹੈ:
ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਨੀ ਹਾਂ
ਹਾਏ ਵੇ ਮੇਰੇ ਹਾਣੀਆਂ ਮੈਂ ਕੋਠੇ ਉੱਤੇ ਪਾਉਨੀ ਹਾਂ
ਆਉਣਗੇ ਕਾਗ ਉਡਾ ਜਾਣਗੇ
ਇੱਕ ਨਵਾਂ ਪੁਆੜਾ ਪਾ ਜਾਣਗੇ।
ਖਿਚੜੀ ਕੁੱਟਣ ਤੋਂ ਬਾਅਦ ਉਸ ਨੂੰ ਸੁੱਕਣਾ ਪਾਇਆ ਜਾਂਦਾ ਹੈ। ਸੁੱਕਣ ਤੋਂ ਬਾਅਦ ਉਸ ਨੂੰ ਛੁਲਕਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਸੁਕਾਇਆ ਜਾਂਦਾ ਹੈ। ਫਿਰ ਉਸ ਵਿੱਚ ਮੋਠ ਰਲਾਏ ਜਾਂਦੇ ਹਨ। ਕਈ ਵਾਰ ਛੋਲਿਆਂ ਦੀ ਦਾਲ ਵੀ ਰਲਾ ਦਿੱਤੀ ਜਾਂਦੀ ਹੈ ਜੋ ਸੁਹਜ ਅਤੇ ਸਵਾਦ ਨੂੰ ਵਧਾਉਂਦੀ ਹੈ। ਇਸ ਨੂੰ ਰਿੰਨ੍ਹਣ ਲਈ ਹਾਰੇ ਵਿੱਚ ਗੋਹੇ ਪਾ ਕੇ ਤੇ ਉਸ ਵਿੱਚ ਅੱਗ ਪਾਈ ਜਾਂਦੀ ਹੈ। ਫਿਰ ਤੌੜੀ ਵਿੱਚ ਖਿਚੜੀ ਪਾ ਕੇ ਰਿੰਨ੍ਹਣ ਲਈ ਰੱਖੀ ਜਾਂਦੀ ਹੈ। ਜੇਕਰ ਖਿਚੜੀ ਘੱਟ ਬਣਾਉਣੀ ਹੋਵੇ ਤਾਂ ਕੁੱਜੇ ਵਿੱਚ ਵੀ ਬਣਾਈ ਜਾਂਦੀ ਹੈ। ਹਾਰੇ ਦੀ ਅਣਹੋਂਦ ਵਿੱਚ ਖਿਚੜੀ ਪ੍ਰੈੱਸ਼ਰ ਕੁੱਕਰ ਵਿੱਚ ਵੀ ਬਣਾਈ ਜਾਂਦੀ ਹੈ। ਜਿਸ ਨੂੰ ਸ਼ੌਕ ਹੋਵੇ ਉਹ ਘਰ ਵਿੱਚ ਹੀ ਤਿਆਰ ਕਰ ਲੈਂਦੇ ਹਨ, ਪਰ ਜੇਕਰ ਕੋਈ ਖੇਚਲ ਨਹੀਂ ਕਰਨਾ ਚਾਹੁੰਦਾ ਤਾਂ ਬਾਜ਼ਾਰੋਂ ਵੀ ਲਿਆ ਸਕਦਾ ਹੈ। ਇਸ ਦੇ ਪੈਕੇਟ ਮਿਲਦੇ ਹਨ।
ਖਿਚੜੀ ਹਰ ਕੋਈ ਆਪਣੇ ਆਪਣੇ ਸਵਾਦ ਨਾਲ ਖਾਂਦਾ ਹੈ। ਕੋਈ ਘਿਉ ਪਾ ਕੇ ਖਾਂਦਾ ਹੈ, ਕੋਈ ਮੱਖਣ/ਮਖਣੀ ਪਾ ਕੇ ਖਾਂਦਾ ਹੈ। ਕੋਈ ਦੁੱਧ ਨਾਲ ਖਾਂਦਾ ਹੈ ਤੇ ਕੋਈ ਦਹੀਂ ਲੱਸੀ ਨਾਲ। ਉਂਜ ਖਿਚੜੀ ਖਾਣ ਲਈ ਘਰਾਂ ਵਿੱਚ ਪਰਿਵਾਰ ਲਈ ਤਿਉੜ ਤਿਆਰ ਕੀਤਾ ਜਾਂਦਾ ਸੀ। ਤਿਉੜ ਗਾੜ੍ਹੀ ਲੱਸੀ ਵਿੱਚ ਤਾਜ਼ੇ ਦੁੱਧ ਦੀਆਂ ਧਾਰਾਂ ਮਾਰ ਕੇ ਤਿਆਰ ਕੀਤਾ ਜਾਂਦਾ ਸੀ। ਇਹੋ ਜਿਹੇ ਖਾਣੇ ਸ਼ਾਹੀ ਖਾਣਿਆਂ ਨੂੰ ਮਾਤ ਪਾਉਂਦੇ ਹਨ।
ਸੰਪਰਕ: 94178-40323