ਆਰਕੇ ਢੱਲ, ਤਰਸੇਮ ਸਿੰਘ ਢਿੱਲੋਂ ਤੇ ਜਹੋਕ ਸਿੰਘ*
ਪੌਲੀ-ਨੈੱਟ ਵਿੱਚ ਖੀਰੇ ਦੀ ਕਾਸ਼ਤ ਬਹੁਤ ਲਾਹੇਵੰਦ ਧੰਦਾ ਹੈ। ਪੌਲੀ-ਨੈੱਟ ਹਾਊਸ ਵਿੱਚ ਖੀਰੇ ਦੀਆਂ ਇਕ ਸਾਲ ਵਿੱਚ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਬੀਜ ਰਹਿਤ ਖੀਰਾ ਪੌਲੀ-ਨੈਟ ਹਾਊਸ ਵਿੱਚ ਵਧੇਰੇ ਝਾੜ ਦਿੰਦਾ ਹੈ ਕਿਉਂਕਿ ਫਲ ਬਣਨ ਲਈ ਬੀਜ ਰਹਿਤ ਕਿਸਮਾਂ ਨੂੰ ਪਰ ਪਰਾਗਣ ਦੀ ਲੋੜ ਨਹੀਂ ਪੈਂਦੀ। ਹਾਲ ਹੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਪੌਲੀ-ਨੈੱਟ ਹਾਊਸ ਵਿੱਚ ਕਾਸ਼ਤ ਕਰਨ ਲਈ ਬੀਜ ਰਹਿਤ ਖੀਰੇ ਦੀ ਨਵੀਂ ਦੋਗਲੀ ਕਿਸਮ “ਪੀ. ਕੇ. ਐਚ-11’ ਦੀ ਸਿਫ਼ਾਰਸ਼ ਕੀਤੀ ਹੈ।
ਪੀ. ਕੇ. ਐਚ-11: ਇਹ ਖੀਰੇ ਦੀ ਦੋਗਲੀ ਕਿਸਮ ਹੈ ਜਿਸ ਦੇ ਫੁੱਲਾਂ ਨੂੰ ਫਲ ਬਣਨ ਲਈ ਪਰਪ੍ਰਾਗਣ ਦੀ ਲੋੜ ਨਹੀਂ ਹੁੰਦੀ ਅਤੇ ਬੂਟੇ ਦੀ ਹਰ ਗੰਢ ਤੇ 1 ਤੋਂ 2 ਫਲ ਲਗਦੇ ਹਨ। ਇਸ ਕਿਸਮ ਦੀ ਕਾਸ਼ਤ ਸਿਰਫ਼ ਪੌਲੀ ਹਾਊਸ ਵਿਚ ਹੀ ਸਿਫ਼ਾਰਸ਼ ਕੀਤੀ ਗਈ ਹੈ। ਫਲ ਗੂੜ੍ਹੇ ਹਰੇ, ਕੂਲੇ, ਕੁੜੱਤਣ ਤੇ ਬੀਜ ਰਹਿਤ, ਦਰਮਿਆਨੇ ਲੰਬੇ (16-18 ਸੈਂਟੀਮੀਟਰ) ਅਤੇ ਔਸਤਨ 150-160 ਗ੍ਰਾਮ ਦੇ ਹੁੰਦੇ ਹਨ, ਜਿਨ੍ਹਾਂ ਨੂੰ ਛਿਲ ਲਾਹੇ ਬਿਨਾਂ ਹੀ ਖਾਧਾ ਜਾ ਸਕਦਾ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫ਼ਸਲ 45 ਦਿਨਾਂ ਬਾਅਦ ਪਹਿਲੀ ਤੁੜਾਈ ਦੇ ਦਿੰਦੀ ਹੈ, ਪਰ ਜਨਵਰੀ ਮਹੀਨੇ ਬੀਜੀ ਫ਼ਸਲ ਪਹਿਲੀ ਤੁੜਾਈ ਲਈ 60 ਦਿਨ ਲੈਂਦੀ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ ਦਾ ਔਸਤ ਝਾੜ 320 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫ਼ਸਲ ਦਾ ਔਸਤ ਝਾੜ 370 ਕੁਇੰਟਲ ਪ੍ਰਤੀ ਏਕੜ ਹੈ।
ਮੌਸਮ ਅਤੇ ਜ਼ਮੀਨ: ਖੀਰੇ ਦੇ ਬੀਜ ਜੰਮ੍ਹ ਲਈ ਢੁੱਕਵਾਂ ਤਾਪਮਾਨ 25 ਤੋਂ 29 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਫ਼ਸਲ ਦੇ ਵਾਧੇ ਲਈ ਦਿਨ ਦਾ ਤਾਪਮਾਨ 22 ਤੋਂ 24 ਡਿਗਰੀ ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ 19 ਤੋਂ 20 ਡਿਗਰੀ ਸੈਂਟੀਗ੍ਰੇਡ ਬਹੁਤ ਅਨੂਕੁਲ ਹੁੰਦਾ ਹੈ। ਖੀਰੇ ਦੀ ਫ਼ਸਲ ਮੌਸਮੀ ਪ੍ਰਭਾਵ ਕਾਰਨ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਝਿਆਦਾ ਠੰਢ ਜਾਂ ਕੋਰੇ ਦਾ ਹਮਲਾ ਬਰਦਾਸ਼ਤ ਨਹੀਂ ਕਰ ਸਕਦੀ। ਜ਼ਿਆਦਾ ਸਿੱਲ੍ਹੇ ਮੌਸਮ ਵਿੱਚ ਗਿਚੀ ਗਲਣ ਦਾ ਰੋਗ ਹੋ ਜਾਂਦਾ ਹੈ। ਖੀਰੇ ਦੀ ਫ਼ਸਲ ਲਈ ਜ਼ਮੀਨ ਮੈਰਾ ਅਤੇ ਚੰਗੀ ਨਿਕਾਸੀ ਵਾਲੀ ਹੋਣੀ ਚਾਹੀਦੀ ਹੈ।
ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਪੌਲੀ-ਨੈੱਟ ਹਾਊਸ ਵਿੱਚ ਖੀਰੇ ਦੀ ਫ਼ਸਲ ਸਾਲ ਵਿੱਚ ਦੋ ਵਾਰ ਲੱਗ ਸਕਦੀ ਹੈ। ਪਹਿਲੀ ਫ਼ਸਲ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਬੀਜੀ ਜਾਂਦੀ ਹੈ ਪਰ ਬੀਜਣ ਸਮੇਂ ਤਾਪਮਾਨ ਅਤੇ ਨਮੀ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਿਉਂਕਿ ਇਸ ਮੌਸਮ ਵਿੱਚ ਗਿਚੀ ਗਲਣ ਰੋਗ ਅਤੇ ਚਿੱਟੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਦੂਜੀ ਫ਼ਸਲ ਦਸੰਬਰ ਦੇ ਆਖ਼ਰੀ ਹਫ਼ਤੇ ਤੋਂ ਜਨਵਰੀ ਦੇ ਪਹਿਲੇ ਹਫ਼ਤੇ ਦਰਮਿਆਨ ਪਲਾਸਟਿਕ ਟਰੇਆਂ ਵਿੱਚ ਬੀਜੋ ਅਤੇ ਤਕਰੀਬਨ 30 ਦਿਨਾਂ ਬਾਅਦ ਪੌਲੀ-ਨੈੱਟ ਹਾਊਸ ਵਿਚ ਲਾਉ। ਬੀਜ ਨੂੰ ਪਲਾਸਟਿਕ ਟਰੇਆਂ ਵਿੱਚ ਬੀਜੋ ਅਤੇ ਬਿਜਾਈ ਤੋ ਪਹਿਲਾ ਕੈਪਟਾਨ/ਬੀਰਮ/ ਬਾਵਿਸਟਨ 2-3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਸਤੰਬਰ ਵਿਚ ਬੀਜੀ ਹੋਈ ਪਨੀਰੀ 12-15 ਦਿਨਾਂ ਬਾਅਦ ਪੌਲੀ ਹਾਊਸ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਮੌਸਮ ਵਿੱਚ ਪਨੀਰੀ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਵਾਸਤੇ ਪਲਾਸਟਿਕ ਨੈਟ ਨਾਲ ਢੱਕ ਦਿਉ। ਇਸ ਤਰ੍ਹਾਂ ਕਰਨ ਨਾਲ ਫ਼ਸਲ ਉੱਤੇ ਵਿਸ਼ਾਣੂ ਰੋਗਾਂ ਦੇ ਹਮਲੇ ਤੋਂ ਬਚਾਅ ਰਹਿੰਦਾ ਹੈ। ਇਕ ਏਕੜ ਵਿੱਚ ਪੌਲੀ-ਨੈੱਟ ਹਾਊਸ ਵਿੱਚ 12,000 ਤੋਂ 13,000 ਬੂਟਿਆਂ ਦੀ ਲੋੜ ਹੈ। ਪਨੀਰੀ ਨੂੰ ਪੌਲ਼ੀ ਹਾਊਸ ਵਿੱਚ ਲਾਉਣ ਤੋਂ ਪਹਿਲਾਂ ਇਸ ਦੀਆਂ ਟਰੇਆਂ ਤੇ ਬਾਵਿਸਟਨ 2 ਗ੍ਰਾਮ ਪ੍ਰਤੀ ਲਿਟਰ ਪਾਣੀ ਨਾਲ ਛਿੜਕਾਅ ਕਰੋ।
ਬੈਂਡ ਬਣਾਉਣਾ ਅਤੇ ਡਰਿੱਪ ਪਾਈਪਾਂ ਵਿਛਾਉਣਾ: ਪੌਲੀ-ਨੈੱਟ ਹਾਊਸ ਵਿੱਚ ਪਟੜੇ (ਬੈਂਡ) ਤਿਆਰ ਕਰਦੇ ਸਮੇਂ ਹੇਠਲੇ ਪਾਸਿਉਂ ਬੈੱਡ 100-110 ਸੈਟੀਮੀਟਰ ਚੌੜਾ ਬਣਾਉ ਅਤੇ ਬੈੱਡ ਤਿਆਰ ਹੋਣ ਬਾਅਦ ਉਪਰਲੇ ਪਾਸਿਉਂ 60 ਤੋਂ 70 ਸੈਂਟੀਮੀਟਰ ਚੌੜਾ ਰੱਖੋ। ਬੂਟੇ ਪਟੜਿਆਂ ਦੇ ਦੋਵੇ ਪਾਸੇ ਕਤਾਰਾਂ ਵਿੱਚ ਲਾਉ। ਇਕ ਕਤਾਰ ਜੋੜੇ ਵਿੱਚ ਦੂਜੀ ਕਤਾਰ ਦੇ ਬੂਟਿਆਂ ਦੀ ਬਿਜਾਈ/ ਲਵਾਈ ਤ੍ਰਿਕੋਣੀ ਆਧਾਰ ਵਿੱਚ ਕਰੋ ਭਾਵ ਕਿ ਇਕ ਕਤਾਰ ਜੋੜੇ ਵਿਚ ਦੂਜੀ ਕਤਾਰ ਦੇ ਬੂਟਿਆਂ ਨੂੰ ਪਹਿਲੀ ਕਤਾਰ ਦੇ ਬੂਟਿਆਂ ਦੇ ਵਿਚਕਾਰ ਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੂਟੇ ਨੂੰ ਧੁੱਪ ਅਤੇ ਹਵਾ ਬਰਾਬਰ ਮਿਲਦੀ ਹੈ ਅਤੇ ਫਲ ਵੀ ਜ਼ਿਆਦਾ ਲਗਦਾ ਹੈ।
ਫ਼ਾਸਲਾ ਅਤੇ ਸਿੰਜਾਈ: ਕਤਾਰਾ ਵਿਚਲਾ ਫ਼ਾਸਲਾ 45-50 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖੋ। ਇੱਕ ਬੈੱਡ ’ਤੇ ਦੋ ਡਰਿਪ ਲਾਈਨਾਂ (ਪਾਈਪਾਂ) ਵਿਛਾ ਦਿਉ। ਪਾਈਪ ਜਿਸ ਦੇ ਡਰਿਪਰਾਂ ਵਿਚਕਾਰ ਫ਼ਾਸਲਾ ਇੱਕ ਫੁੱਟ ਅਤੇ ਡਰਿਪਰ ਦੀ ਪਾਣੀ ਨਿਕਾਸੀ ਸਮਰਥਾ 2.0 ਲਿਟਰ ਪ੍ਰਤੀ ਘੰਟਾ ਰੱਖੋ।
ਵੇਲਾਂ ਦੀ ਕਾਂਟ-ਛਾਂਟ ਅਤੇ ਸਿਧਾਈ: ਖੀਰੇ ਦੇ ਬੂਟੇ ਨੂੰ ਪਲਾਸਟਿਕ ਦੀ ਤਾਰ ਜਾਂ ਸੇਬੇ ਦੀ ਮਦਦ ਨਾਲ ਉੱਪਰ ਵੱਲ ਚਾੜ੍ਹੋ। ਬੂਟੇ ਦਾ ਵਾਧਾ ਜਦੋਂ ਤਕਰੀਬਨ 2 ਤੋਂ 3 ਫੁੱਟ ਦਾ ਹੋ ਜਾਵੇ ਤਾਂ ਬੂਟੇ ਦੇ ਹੇਠਲੇ ਪਾਸਿਉਂ ਲਗਭਗ ਇਕ ਫੁੱਟ ਤਕ ਸਾਰੇ ਫੁਲ ਮਸਲ ਦਿਓ ਤਾਂ ਜੋ ਬੂਟੇ ਦਾ ਵਾਧਾ ਉੱਪਰ ਵੱਲ ਜ਼ਿਆਦਾ ਹੋਵੇ। ਜੋ ਬੂਟੇ ਦੀ ਇਕ ਗੰਢ ’ਤੇ ਜ਼ਿਆਦਾ ਫੁੱਲ ਤਿਆਰ ਹੋਣ ਅਤੇ ਮਾਦਾ ਫੁੱਲ ਸੁੱਕਣ ਲੱਗ ਜਾਣ ਤਾਂ ਲੋੜ ਮੁਤਾਬਕ ਕੁਝ ਮਾਦਾ ਫੁੱਲਾਂ ਨੂੰ ਮਸਲਿਆ ਜਾ ਸਕਦਾ ਹੈ। ਬੂਟੇ ਤੋਂ ਨਿਕਲਣ ਵਾਲੀਆਂ ਕਮਜ਼ੋਰ ਸ਼ਾਖਾਵਾਂ ਨੂੰ ਕੱਟ ਦਿਉ। ਇਸ ਤਰ੍ਹਾਂ ਕਰਨ ਨਾਲ ਵੇਲਾਂ ਨਰੋਈਆਂ ਅਤੇ ਫਲ ਭਰਪੂਰ ਲਗਦਾ ਹੈ।
ਤੁੜਾਈ: ਫਲ ਜਦੋਂ ਕੱਚੇ ਅਤੇ ਗੂੜੇ ਹਰ ਰੰਗ ਦੇ ਹੋਣ ਤਾਂ ਤੋੜ ਲਵੋ। ਤੁੜਾਈਆਂ ਫਲਾਂ ਦੇ ਵਾਧੇ ਅਨੁਸਾਰ 3-4 ਦਿਨ ਦੇ ਵਕਫ਼ੇ ’ਤੇ ਕਰਦੇ ਰਹੋ। ਇਸ ਨਾਲ ਨਵੇਂ ਫਲ ਜਲਦੀ ਲਗਦੇ ਹਨ ਅਤੇ ਝਾੜ ਵਿੱਚ ਵਾਧਾ ਵੀ ਹੁੰਦਾ ਹੈ।
ਬਿਮਾਰੀਆਂ ਅਤੇ ਕੀੜੇ-ਮਕੌੜੇ: ਪੌਲੀ-ਨੈੱਟ ਹਾਊਸ ਵਿੱਚ ਖੀਰੇ ਤੇ ਪੀਲੇ ਧਬਿਆਂ ਦਾ ਰੋਗ, ਗਿੱਚੀ ਗਲਣਾ, ਝੁਲਸ ਰੋਗ, ਵਿਸ਼ਾਣੂ ਰੋਗ ਅਤੇ ਜੜ ਗੰਢ ਨਿਮਾਟੋਡ ਬਿਮਾਰੀਆਂ ਲਗਦੀਆਂ ਹਨ। ਕੀੜੇ ਮਕੌੜਿਆਂ ਵਿੱਚ ਚਿੱਟੀ ਮੱਖੀ, ਤੇਲਾ, ਥਰਿਪ ਅਤੇ ਲਾਲ ਮਕੌੜੇ ਜੂੰ ਖੀਰੇ ਦੀ ਫ਼ਸਲ ’ਤੇ ਹਮਲਾ ਕਰਦੀਆਂ ਹਨ। ਜੜ੍ਹ ਸੂਤਰ ਨਿਮਾਟੋਡ ਦੀ ਬਿਮਾਰੀ ਨੂੰ ਘਟਾਉਣ ਲਈ ਜ਼ਮੀਨ ਵਿੱਚ ਸਰ੍ਹੋਂ ਦੀ ਖਲ 40 ਕਿਲੋ ਪ੍ਰਤੀ ਏਕੜ, ਨੀਮ ਕੇਕ 40 ਕਿਲੋ ਪ੍ਰਤੀ ਏਕੜ ਅਤੇ ਗਲੀ ਸੜੀ ਰੂੜੀ 100 ਕਿਲੋ ਪ੍ਰਤੀ ਏਕੜ ਨੂੰ ਖੇਤ ਤਿਆਰ ਕਰਨ ਸਮੇਂ ਪਾਉ।
*ਸਬਜ਼ੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।