ਡਾ. ਨਰਿੰਦਰ ਭੱਪਰ
ਪੰਜਾਬ ਦੇ ਲੋਕ ਗੀਤਾਂ ਵਿੱਚ ਕਈ ਤਰ੍ਹਾਂ ਦੇ ਪਸ਼ੂ ਅਤੇ ਪੰਛੀਆਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਵਿੱਚ ਉੱਚੇ ਉੱਚੇ ਲੰਮੇ ਕੱਦ ਦੇ ਜਾਨਵਰ ਊਠ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਆਉਂਦਾ ਹੈ ਜਿਸ ਨੂੰ ਰੇਗਿਸਤਾਨ ਦਾ ਜਹਾਜ਼ ਕਿਹਾ ਜਾਂਦਾ ਹੈ। ਮਾਲਵੇ ਵਿੱਚ ਇਸ ਨੂੰ ਬੋਤਾ ਵੀ ਕਹਿ ਦਿੰਦੇ ਹਨ। ਪਹਿਲੇ ਸਮਿਆਂ ਵਿੱਚ ਊਠ ਹੀ ਸਾਡੀ ਆਵਾਜਾਈ ਦਾ ਸਾਧਨ ਹੁੰਦੇ ਸਨ। ਇਹ ਖੇਤੀਬਾੜੀ ਦੇ ਕੰਮ ਵੀ ਆਉਂਦਾ ਸੀ। ਇਸ ਦੇ ਪੈਰਾਂ ਦੇ ਤਲੇ ਗੱਦੇਦਾਰ ਹੁੰਦੇ ਹਨ ਅਤੇ ਇਹ ਟਿੱਬਿਆਂ ਵਿਚਲੇ ਰੇਤ ਵਿੱਚ ਵੀ ਆਸਾਨੀ ਨਾਲ ਤੁਰਦਾ ਹੈ। ਊਠ ਇੱਕੋ ਦਿਨ ਕਾਫ਼ੀ ਸਾਰਾ ਪਾਣੀ ਪੀ ਕੇ ਰੱਜ ਲੈਂਦਾ ਹੈ ਤੇ ਪਾਣੀ ਪੀਣ ਤੋਂ ਬਿਨਾਂ ਵੀ ਕਾਫ਼ੀ ਦਿਨਾਂ ਤੱਕ ਰਹਿ ਸਕਦਾ ਹੈ, ਇਸ ਲਈ ਹੀ ਇਸ ਨੂੰ ਮਾਰੂਥਲ ਦਾ ਜਹਾਜ਼ ਆਖਿਆ ਜਾਂਦਾ ਹੈ।
ਪੁਰਾਣੇ ਸਮੇਂ ਵਿੱਚ ਚੀਜ਼ਾਂ ਦੀ ਢੋਆ ਢੁਆਈ ਵੀ ਊਠਾਂ ਰਾਹੀਂ ਹੀ ਹੁੰਦੀ ਸੀ। ਅੱਜਕੱਲ੍ਹ ਸਾਡੀਆਂ ਸਰਹੱਦਾਂ ਦੀ ਰਖਵਾਲੀ ਕਰਨ ਲਈ ਬੀਐੱਸਐੱਫ ਰਾਜਸਥਾਨ ਅਤੇ ਗੁਜਰਾਤ ਵਿੱਚ ਊਠਾਂ ਦੀ ਵਰਤੋਂ ਕਰਦੀ ਹੈ। ਪ੍ਰਾਚੀਨ ਸਮੇਂ ਵਿੱਚ ਸੱਸੀ ਦਾ ਆਸ਼ਕ ਪੁੰਨੂ ਵੀ ਊਠ ਰਾਹੀਂ ਹੀ ਵਪਾਰ ਕਰਨ ਲਈ ਭੰਬੋਰ ਸ਼ਹਿਰ ਵਿੱਚ ਆਇਆ ਸੀ।
ਊਠ ਨਾਲ ਸਬੰਧਿਤ ਕਈ ਮੁਹਾਵਰੇ ਪੰਜਾਬੀ ਸੱਭਿਆਚਾਰ ਵਿੱਚ ਪ੍ਰਚੱਲਿਤ ਹਨ, ਜਿਵੇਂ ‘ਊਠ ਦੇ ਮੂੰਹ ਵਿੱਚ ਜ਼ੀਰਾ ਦੇਣਾ’ ਅਤੇ ‘ਊਠ ਅੜਾਂਦੇ ਹੀ ਲੱਦੀਂਦੇ ਨੇ।’ ਇਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਤੇ ਬੋਲੀਆਂ ਵਿੱਚ ਵੀ ਆਉਂਦਾ ਹੈ;
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਭੈਣਾਂ ਦੇ ਕੁੜੀਓ।
ਜਦੋਂ ਕਿਤੇ ਭਰਾ ਥੱਕਿਆ ਟੁੱਟਿਆ ਭੈਣ ਦੇ ਸਹੁਰੇ ਪਿੰਡ ਵਿੱਚੋਂ ਲੰਘਦਾ ਤਾਂ ਭੈਣ ਉਸ ਨੂੰ ਇਸ ਤਰ੍ਹਾਂ ਬੁਲਾਉਂਦੀ ਹੈ;
ਬੋਤਾ ਬੰਨ੍ਹ ਵੇ ਸਰਵਣਾ ਵੀਰਾ
ਮੁੰਨੀਆਂ ਰੰਗੀਨ ਗੱਡੀਆਂ
***
ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ
ਤੈਨੂੰ ਵੀਰਾ ਦੁੱਧ ਦਾ ਛੰਨਾ।
ਪੁਰਾਣੇ ਸਮਿਆਂ ਵਿੱਚ ਬੋਤਿਆਂ ਦੇ ਕਾਫ਼ਲੇ ਚੱਲਦੇ ਸਨ। ਪੁੰਨੂ ਬਲੋਚ ਜਿਹੇ ਮੂੰਹ ਹਨੇਰੇ ਤੜਕਸਾਰ ਊਠਾਂ ’ਤੇ ਸਾਮਾਨ, ਰਾਸ਼ਨ ਆਦਿ ਲੱਦ ਕੇ ਲੈ ਜਾਂਦੇ ਸਨ ਅਤੇ ਵਪਾਰ ਕਰਦੇ ਹਨ। ਪਿੱਛੋਂ ਘਰਵਾਲੀਆਂ ਉਨ੍ਹਾਂ ਨੂੰ ਯਾਦ ਕਰਦੀਆਂ ਅਤੇ ਆਪਣੇ ਵਾਸਤੇ ਚੀਜ਼ਾਂ ਮੰਗਾਉਣ ਲਈ ਆਖਦੀਆਂ;
ਊਠਾਂ ਵਾਲਿਆਂ ਵੇ ਊਠ ਲੱਦੇ ਆ ਕਲਕੱਤੇ ਨੂੰ
ਕਿਨਾਰੀ ਲਿਆ ਦਿਓ ਮੇਰੇ ਰੇਸ਼ਮੀ ਦੁਪੱਟੇ ਨੂੰ।
ਕਈ ਵਾਰ ਕਿਸੇ ਕੰਜੂਸ ਦੀ ਘਰਵਾਲੀ ਇਉਂ ਵੀ ਆਖ ਦਿੰਦੀ;
ਊਠਾਂ ਵਾਲਿਓ ਵੇ ਊਠ ਲੱਦੇ ਆ ਗੰਗਾ ਨੂੰ
ਮੇਲੇ ਨੀਂ ਮੈਂ ਜਾਣਾ ਪੈਸੇ ਦਿੰਦੇ ਨਹੀਂ ਵੰਗਾਂ ਨੂੰ।
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਗਾਇਆ ਹੋਇਆ ਗੀਤ ਅੱਜ ਵੀ ਰੇਡੀਓ ’ਤੇ ਸੁਣਿਆ ਜਾ ਸਕਦਾ ਹੈ;
ਡਾਚੀ ਵਾਲਿਆ ਮੋੜ ਮੁਹਾਰ ਵੇ
ਸੋਹਣੀ ਵਾਲਿਆ ਲੈ ਚੱਲ ਨਾਲ ਵੇ
ਵਿਜੇ ਵੱਲੋਂ ਛੱਡਣ ’ਤੇ ਸ਼ਾਹਣੀ ਕੌਲਾਂ ਊਠਾਂ ਵਾਲਿਆਂ ਨੂੰ ਸੁਨੇਹਾ ਭੇਜਦੀ ਹੈ। ਬਾਬੂ ਰਜ਼ਬ ਅਲੀ ਨੇ ਇਸ ਨੂੰ ਬਹੁਤ ਵਧੀਆ ਲਿਖਿਆ ਹੈ। ਸ਼ਾਹਣੀ ਕੌਲਾਂ ਊਠਾਂ ਵਾਲਿਆਂ ਨੂੰ ਤਰਲਾ ਪਾਉਂਦੀ ਹੈ;
ਵੀਰੋ ਊਠਾਂ ਵਾਲਿਓ ਵੇ
ਇੱਕ ਸੁਨੇਹਾ ਦੇ ਦਿਓ ਬਾਬਲ ਨੂੰ ਜਾ ਕੇ
ਤੇਰੀ ਧੀ ਛੱਡਤੀ ਵਿਜੇ ਨੇ
ਕੌਲਾਂ ’ਤੇ ਝੂਠੀ ਤੋਹਮਤ ਲਾ ਕੇ
ਇਕੱਲਾਪਣ ਭਾਵੇਂ ਆਦਮੀ ਦਾ ਹੋਵੇ, ਭਾਵੇਂ ਔਰਤ ਦਾ ਇਹ ਹੰਢਾਉਣਾ ਬਹੁਤ ਔਖਾ ਹੁੰਦਾ ਹੈ। ਇੱਕ ਨਵੀਂ ਵਿਆਹੀ ਕੁੜੀ ਆਪਣੇ ਪਤੀ ਨੂੰ ਕਹਿੰਦੀ ਹੈ;
ਊਠਾਂ ਵਾਲਿਓ ਵੇ ਊਠ ਲੱਦੇ ਆ ਲਾਹੌਰ ਨੂੰ
’ਕੱਲੀ ਕੱਤਾਂ ਵੇ ਘਰ ਭੇਜੋ ਮੇਰੇ ਭੌਰ ਨੂੰ
ਊਠਾਂ ਦੇ ਮਹੱਤਵ ਨੂੰ ਦੇਖਦੇ ਹੋਏ ਦੇਸ਼ ਵਿੱਚ ਹਰ ਸਾਲ 22 ਜੂਨ ਨੂੰ ਕੌਮੀ ਊਠ ਦਿਹਾੜਾ ਮਨਾਇਆ ਜਾਂਦਾ ਹੈ। ਦੇਸ਼ ਦੇ ਲਗਭਗ 80 ਫੀਸਦੀ ਊਠ ਰਾਜਸਥਾਨ ਵਿੱਚ ਹਨ। ਪੁਸ਼ਕਰ ਵਿੱਚ ਊਠਾਂ ਦਾ ਮੇਲਾ ਹਰ ਸਾਲ ਲੱਗਦਾ ਹੈ। ਬੀਕਾਨੇਰ ਦੇ ਨੇੜੇ ਨੈਸ਼ਨਲ ਕੈਮਲ ਰਿਸਰਚ ਸੈਂਟਰ ਹੈ। ਜਿੱਥੇ ਊਠਣੀ ਦਾ ਦੁੱਧ ਅਤੇ ਦੁੱਧ ਤੋਂ ਪਨੀਰ ਤਿਆਰ ਕੀਤਾ ਜਾਂਦਾ ਹੈ। ਊਠਣੀ ਦਾ ਦੁੱਧ ਕਈ ਕਿਸਮ ਦੀਆਂ ਬਿਮਾਰੀਆਂ ਲਈ ਲਾਭਦਾਇਕ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਹੁਣ ਮਾਲਵਾ ਖੇਤਰ ਵਿੱਚ ਬਠਿੰਡਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਹੀ 6 -7 ਸੌ ਗਿਣਤੀ ਦੇ ਊਠ ਰਹਿ ਗਏ ਹਨ ਜਦੋਂ ਕਿ ਪਹਿਲਾਂ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਚੋਖੀ ਹੁੰਦੀ ਸੀ। ਜਦੋਂ ਤੋਂ ਆਵਾਜਾਈ ਦੇ ਹੋਰ ਸਾਧਨਾਂ ਵਿੱਚ ਵਾਧਾ ਹੋਇਆ ਹੈ ਅਤੇ ਖੇਤੀਬਾੜੀ ਦਾ ਮਸ਼ੀਨੀਕਰਨ ਹੋਇਆ ਹੈ, ਉਦੋਂ ਤੋਂ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਘਟਣ ਲੱਗੀ। ਇਸ ਦੇ ਬਾਵਜੂਦ ਪੰਜਾਬ ਵਿੱਚ ਕਿਤੇ ਨਾ ਕਿਤੇ ਊਠ ਨਜ਼ਰ ਪੈ ਹੀ ਜਾਂਦੇ ਹਨ ਜੋ ਪੁਰਾਣੇ ਵੇਲਿਆਂ ਦੀਆਂ ਯਾਦਾਂ ਤਾਜ਼ਾ ਕਰ ਜਾਂਦਾ ਹੈ।
ਸੰਪਰਕ: 62841-45349