ਮੁੰਬਈ/ਰਾਏਪੁਰ, 7 ਨਵੰਬਰ
ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਜਿਸ ਵਿਚ ਉਸ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਮੁੰਬਈ ਪੁਲੀਸ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਬੰਧ ਵਿੱਚ ਫਿਰੌਤੀ ਦਾ ਕੇਸ ਦਰਜ ਕੀਤਾ ਗਿਆ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਨੇ ਇਸ ਸਬੰਧ ਵਿੱਚ ਰਾਏਪੁਰ ਦੇ ਇੱਕ ਵਿਅਕਤੀ ਨੂੰ ਵੀ ਤਲਬ ਕੀਤਾ ਹੈ।
ਗ਼ੌਲਤਲਬ ਹੈ ਕਿ ਪਹਿਲਾਂ ਹੀ ਬਾਲੀਵੁੱਡੇ ਦੇ ਇਕ ਹੋਰ ਅਦਾਕਾਰ ਸਲਮਾਨ ਖ਼ਾਨ ਨੂੰ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਜਿਹੀਆਂ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਬਾਂਦਰਾ ਪੁਲੀਸ ਸਟੇਸ਼ਨ ਨੂੰ ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਵਾਲਾ ਇੱਕ ਕਾਲ ਆਇਆ ਅਤੇ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਬਾਰੇ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।’’
ਬਾਂਦਰਾ ਪੁਲੀਸ ਨੇ ਸ਼ਾਹਰੁਖ਼ ਨੂੰ ਧਮਕੀ ਦੇਣ ਵਾਲੇ ਕਾਲਰ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 308 (4) ਅਤੇ 351 (3) (4) ਦੇ ਤਹਿਤ ਕੇਸ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਲਈ ਪੁਲੀਸ ਟੀਮਾਂ ਨੂੰ ਵੱਖ-ਵੱਖ ਥਾਵਾਂ ‘ਤੇ ਰਵਾਨਾ ਕੀਤਾ ਗਿਆ ਹੈ। ਹਾਲਾਂਕਿ ਮੁੰਬਈ ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕਾਲ ਛੱਤੀਸਗੜ੍ਹ ਤੋਂ ਹੀ ਕੀਤੀ ਗਈ ਸੀ। ਰਾਏਪੁਰ ਵਿਚ ਛੱਤੀਸਗੜ੍ਹ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਮਹਾਰਾਸ਼ਟਰ ਦੀ ਰਾਜਧਾਨੀ ਤੋਂ ਉਨ੍ਹਾਂ ਦੇ ਹਮਰੁਤਬਾ ਨੇ ਇਸ ਦੇ ਸਬੰਧ ਵਿੱਚ ਸ਼ਹਿਰ ਦੇ ਇੱਕ ਵਿਅਕਤੀ ਨੂੰ ਨੋਟਿਸ ਭੇਜਿਆ ਸੀ।
ਰਾਏਪੁਰ ਦੇ ਸੀਨੀਅਰ ਪੁਲੀਸ ਕਪਤਾਨ ਸੰਤੋਸ਼ ਸਿੰਘ ਨੇ ਦੱਸਿਆ ਕਿ ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਬਾਰੇ ਆਪਣੀ ਜਾਂਚ ਦੇ ਹਿੱਸੇ ਵਜੋਂ ਮੁੰਬਈ ਪੁਲੀਸ ਨੇ ਰਾਏਪੁਰ ਦਾ ਦੌਰਾ ਕੀਤਾ ਅਤੇ ਇੱਕ ਵਿਅਕਤੀ ਨੂੰ ਤਲਬ ਕੀਤਾ, ਜਿਸ ਦੀ ਪਛਾਣ ਫੈਯਾਜ਼ ਖ਼ਾਨ ਵਜੋਂ ਕੀਤੀ ਗਈ ਸੀ, ਜੋ ਇੱਥੇ ਪੰਡਰੀ ਪੁਲੀਸ ਸਟੇਸ਼ਨ ਦੀ ਹਦੂਦ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਅਦਾਕਾਰ ਨੂੰ ਧਮਕੀ ਭਰੀ ਕਾਲ ਫੈਯਾਜ਼ ਦੇ ਨਾਂ ‘ਤੇ ਰਜਿਸਟਰਡ ਫੋਨ ਨੰਬਰ ਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਫੈਯਾਜ਼ ਨੂੰ ਬਾਂਦਰਾ ਥਾਣੇ ‘ਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੀਟੀਆਈ