ਮੁੰਬਈ: ਬੌਲੀਵੁੱਡ ਅਦਾਕਾਰ ਜੋੜੇ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਣ ਵਾਲਾ ਹੈ। ਇਹ ਖਬਰ ਉਸ ਵੇਲੇ ਆਈ ਹੈ ਜਦੋਂ ਦੀਪਿਕਾ ਦੇ ਗਰਭਵਤੀ ਹੋਣ ਦੇ ਕਿਆਸ ਲਾਏ ਜਾ ਰਹੇ ਸਨ ਤੇ ਇਸ ਸਬੰਧੀ ਖ਼ਬਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਸਨ। ਦੀਪਿਕਾ ਜਦੋਂ 77ਵੇਂ ਬਾਫ਼ਟਾ ਐਵਾਰਡਾਂ ਵਿਚ ਪੇਸ਼ਕਾਰ ਵਜੋਂ ਪੁੱਜੀ ਸੀ ਤਾਂ ਅਜਿਹੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਉਹ ਸ਼ਾਇਦ ਗਰਭਵਤੀ ਹੈ। ਰਣਵੀਰ ਤੇ ਦੀਪਿਕਾ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਦੱਸਿਆ ਕਿ ਉਨ੍ਹਾਂ ਦੇ ਘਰ ਸਤੰਬਰ ਵਿਚ ਬੱਚੇ ਦਾ ਜਨਮ ਹੋਵੇਗਾ। ਇਹ ਪੋਸਟ ਅਪਲੋਡ ਕਰਨ ਤੋਂ ਬਾਅਦ ਬੌਲੀਵੁਡ ਅਦਾਕਾਰਾਂ ਤੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਸੋਸ਼ਲ ਮੀਡੀਆ ’ਤੇ ਮੁੁਬਾਰਕਾਂ ਦਿੱਤੀਆਂ ਹਨ। ਪ੍ਰਿਯੰਕਾ ਚੋਪੜਾ, ਸ਼੍ਰੇਆ ਘੋਸ਼ਾਲ, ਵਿਕਰਾਂਤ ਮੈਸੀ ਅਤੇ ਆਲੀਆ ਭੱਟ ਆਦਿ ਨੇ ਜੋੜੀ ਨੂੰ ਵਧਾਈ ਦਿੱਤੀ ਹੈ। ਪ੍ਰਿਅੰਕਾ ਨੇ ਲਿਖਿਆ, ‘ਮੁਬਾਰਕਾਂ’। ਆਲੀਆ ਨੇ ਦਿਲ ਦੇ ਇਮੋਜੀ ਦੀ ਲੜੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਰਣਵੀਰ ਨੇ ਇਟਲੀ ਦੇ ਲੇਕ ਕੋਮੋ ਵਿੱਚ ਸਾਲ 2018 ਦੌਰਾਨ ਵਿਆਹ ਕਰਵਾਇਆ ਸੀ। ਇਹ ਜੋੜਾ ਅਗਲੀ ਵਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਤਿਆਰ ਫਿਲਮ ‘ਸਿੰਘਮ ਅਗੇਨ’ ਵਿੱਚ ਵਿਸ਼ੇਸ਼ ਰੂਪ ਵਿੱਚ ਦਿਖਾਈ ਦੇਵੇਗਾ। -ਪੀਟੀਆਈ