ਮੁੰਬਈ: 75ਵੇਂ ਕਾਨ ਫਿਲਮ ਫੈਸਟੀਵਲ ਵਿੱਚ ਅਦਾਕਾਰ ਤੇ ਫਿਲਮ ਨਿਰਮਾਤਾ ਰੈਬੇਕਾ ਹਾਲ ਅਤੇ ਇਰਾਨੀ ਫਿਲਮ ਨਿਰਮਾਤਾ ਅਸਗਰ ਫ਼ਰਹਾਦੀ ਵਰਗੀਆਂ ਮਸ਼ਹੂਰ ਸ਼ਖ਼ਸੀਅਤਾਂ ਦੇ ਨਾਲ ਬੌਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਨ ਵੀ ਮੁਕਾਬਲੇ ਦੀ ਜਿਊਰੀ ਦਾ ਹਿੱਸਾ ਹੋਵੇਗੀ। ਇਹ ਜਾਣਕਾਰੀ ਅੱਜ ਫੈਸਟੀਵਲ ਦੇ ਪ੍ਰਬੰਧਕਾਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਨ ਆਪਣੀ ਸਭ ਤੋਂ ਵਧੀਆ ਫਿਲਮਾਂ ‘ਪੀਕੂ’, ‘ਪਦਮਾਵਤ’ ਅਤੇ ‘ਗਹਿਰਾਈਆਂ’ ਅਤੇ ਹੌਲੀਵੁੱਡ ਫਿਲਮ ‘xXx: ਦਿ ਰਿਟਰਨ ਆਫ਼ ਐਕਸੈਂਡਰ ਕੇਜ’ ਲਈ ਜਾਣੀ ਜਾਂਦੀ ਹੈ। ਦੀਪਿਕ ਅੱਠ ਮੈਂਬਰੀ ਜਿਊਰੀ ਦਾ ਹਿੱਸਾ ਹੋਵੇਗੀ ਜੋ ਕਿ ਮੁਕਾਬਲੇ ਵਿੱਚ ਸ਼ਾਮਲ 21 ਫਿਲਮਾਂ ’ਚੋਂ ਇਕ ਦੀ ਪਾਮ ਡੀ’ਓਰ ਪੁਰਸਕਾਰ ਲਈ ਚੋਣ ਕਰੇਗੀ। ਇਸ ਫੈਸਟੀਵਲ ਦਾ ਸਮਾਪਤੀ ਸਮਾਰੋਹ 28 ਮਈ ਨੂੰ ਹੈ। ਫਰਾਂਸੀਸੀ ਅਦਾਕਾਰ ਵਿਨਸੈਂਟ ਲਿੰਡਨ ਜਿਊਰੀ ਦਾ ਪ੍ਰਧਾਨ ਹੋਵੇਗਾ। ਜਿਊਰੀ ਵਿੱਚ ਦੀਪਿਕਾ ਤੇ ਵਿਨਸੈਂਟ ਤੋਂ ਇਲਾਵਾ ਅਦਾਕਾਰ ਰੈਬੇਕਾ ਹਾਲ, ਇਰਾਨ ਦਾ ਫਿਲਮ ਨਿਰਮਾਤਾ ਅਸਗਰ ਫਰਹਾਦੀ, ਸਵੀਡਨ ਦਾ ਅਦਾਕਾਰ ਨੂਮੀ ਰੈਪੇਸ, ਇਟਲੀ ਦੀ ਅਦਾਕਾਰਾ-ਨਿਰਦੇਸ਼ਕ ਜੈਸਮੀਨ ਟਰਿੰਕਾ, ਫਰਾਂਸੀਸੀ ਫਿਲਮ ਨਿਰਮਾਤਾ ਤੇ ਅਦਾਕਾਰ ਲਾਡਜ ਲੀ, ਫਿਲਮ ਨਿਰਮਾਤਾ ਜੈੱਫ ਨਿਕੋਲਸ ਅਤੇ ਨੌਰਵੇਅ ਤੋਂ ਫਿਲਮ ਨਿਰਦੇਸ਼ਕ ਜ਼ੋਆਕਿਮ ਟਰਾਇਰ ਸ਼ਾਮਲ ਹਨ। ਮਰਹੂਮ ਫਿਲਮ ਨਿਰਮਾਤਾ ਮ੍ਰਿਨਾਲ ਸੇਨ 1982 ਵਿੱਚ ਕਾਨ ਦੇ ਜਿਊਰੀ ਮੈਂਬਰ ਬਣਨ ਵਾਲੇ ਪਹਿਲੇ ਭਾਰਤੀ ਸਨ। -ਪੀਟੀਆਈ