ਨਵੀਂ ਦਿੱਲੀ, 20 ਅਪਰੈਲ
ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਨਾ ਕਿਸ਼ੋਰ ਸਿੰਘ ਵੱਲੋਂ ਉਸ ਦੇ ਪੁੱਤਰ ਦਾ ਨਾਮ ਵਰਤਣ ਜਾਂ ਉਸ ਬਾਰੇ ਫ਼ਿਲਮਾਂ ਬਣਾਉਣ ਤੋਂ ਰੋਕਣ ਸਬੰਧੀ ਦਾਖ਼ਲ ਕੀਤੀ ਗਈ ਪਟੀਸ਼ਨ ਦੇ ਮਾਮਲੇ ਵਿੱਚ ਅੱਜ ਦਿੱਲੀ ਹਾਈ ਕੋਰਟ ਨੇ ਸੁਸ਼ਾਂਤ ਬਾਰੇ ਤਜਵੀਜ਼ਤ ਤੇ ਆਉਣ ਵਾਲੀਆਂ ਫ਼ਿਲਮਾਂ ਦੇ ਪ੍ਰੋਡਿਊਸਰਾਂ ਕੋਲੋਂ ਜਵਾਬ ਮੰਗਿਆ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਫ਼ਿਲਮਸਾਜ਼ਾਂ ਨੂੰ ਨੋਟਿਸ ਜਾਰੀ ਕਰਦਿਆਂ 24 ਮਈ ਤੱਕ ਆਪਣਾ ਪੱਖ ਰੱਖਣ ਦੀ ਹਦਾਇਤ ਕੀਤੀ ਹੈ।
ਜਾਣਕਾਰੀ ਅਨੁਸਾਰ ਪਟੀਸ਼ਨ ਵਿੱਚ ਸੁਸ਼ਾਂਤ ਦੀ ਜੀਵਨ ਬਾਰੇ ਆਉਣ ਵਾਲੀਆਂ ਤੇ ਤਜਵੀਜ਼ਤ ਫ਼ਿਲਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ‘ਨਿਆਏ: ਦਿ ਜਸਟਿਸ, ਸੁਸਾਈਡ ਔਰ ਮਰਡਰ: ਏ ਸਟਾਰ ਵਾਜ਼ ਲੌਸਟ, ਸ਼ਸ਼ਾਂਕ’ ਅਤੇ ਕੁਝ ਫ਼ਿਲਮਾਂ ਸ਼ਾਮਲ ਹਨ। ਇਹ ਪਟੀਸ਼ਨ ਵਕੀਲ ਅਕਸ਼ੈ ਦੇਵ, ਵਰੁਣ ਸਿੰਘ, ਅਭਿਜੀਤ ਪਾਂਡੇ ਤੇ ਸਮਰੁੱਧੀ ਬੇਂਦਭਰ ਰਾਹੀਂ ਦਾਖ਼ਲ ਕੀਤੀ ਗਈ ਹੈ। ਫ਼ਿਲਮ ‘ਨਿਆਏ’ ਅਗਾਮੀ ਜੂਨ ਮਹੀਨੇ ਰਿਲੀਜ਼ ਹੋਣੀ ਹੈ ਜਦੋਂਕਿ ਫ਼ਿਲਮ ‘ਸੁਸਾਈਡ ਔਰ ਮਰਡਰ: ਏ ਸਟਾਰ ਵਾਜ਼ ਲੌਸਟ ਅਤੇ ਸ਼ਸ਼ਾਂਕ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਟੀਸ਼ਨ ਅਨੁਸਾਰ ਫ਼ਿਲਮਸਾਜ਼ ਇਸ ਸਥਿਤੀ ਦਾ ਫਾਇਦਾ ਚੁੱਕ ਰਹੇ ਹਨ ਅਤੇ ਉਹ ਗੁੱਝੇ ਢੰਗ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁਦਈ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਸੇ ਮਕਸਦ ਨਾਲ ਬਹੁਤ ਸਾਰੇ ਨਾਟਕ, ਫ਼ਿਲਮਾਂ, ਵੈੱਬ ਸੀਰੀਜ਼, ਪੁਸਤਕਾਂ, ਇੰਟਰਵਿਊ ਤੇ ਹੋਰ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਉਸ ਅਤੇ ਉਸ ਦੇ ਪਰਿਵਾਰ ਦੀ ਸਾਖ਼ ਨੂੰ ਢਾਹ ਲਾਵੇਗੀ। ਸੁਸ਼ਾਂਤ ਰਾਜਪੂਤ ਦੇ ਪਰਿਵਾਰ ਨੇ ਅਦਾਲਤ ਵਿੱਚ ਸਾਖ ਨੂੰ ਢਾਹ ਲਾਉਣ, ਮਾਨਸਿਕ ਪੀੜਾ ਦੇਣ ਅਤੇ ਪ੍ਰੇਸ਼ਾਨ ਕਰਨ ਸਬੰਧ ਫ਼ਿਲਮਸਾਜ਼ਾਂ ’ਤੇ 2 ਕਰੋੜ ਰੁਪਏ ਦਾ ਦਾਅਵਾ ਕੀਤਾ ਹੈ। ਸੁਸ਼ਾਂਤ ਦੇ ਪਿਤਾ ਨੇ ਹਾਈ ਕੋਰਟ ਕੋਲੋਂ ਮੰਗ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੇ ਪੁੁੱਤਰ ਦਾ ਨਾਮ/ਕਾਰਟੂਨ/ਜੀਵਨ-ਸ਼ੈਲੀ ਜਾਂ ਉਸ ਬਾਰੇ ਕੋਈ ਵੀ ਫ਼ਿਲਮ ਜਾਂ ਪ੍ਰਾਜੈਕਟ ਬਣਾਉਣ ਤੋਂ ਰੋਕਿਆ ਜਾਵੇ। -ਪੀਟੀਆਈ