ਮੁੰਬਈ, 2 ਮਈ
ਅਦਾਕਾਰਾ ਤਮੰਨਾ ਭਾਟੀਆ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਨਵੰਬਰ ਸਟੋਰੀ’ ਵਿੱਚ ਹੈਕਰ ਦੀ ਭੂਮਿਕਾ ਨਿਭਾਏਗੀ। ਸੱਤ ਐਪਸੋਡ ਵਾਲੀ ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਰਾਮ ਸੁਬਰਾਮਨੀਅਨ ਹਨ ਅਤੇ ਇਸ ਵਿੱਚ ਪਸ਼ੂਪਤੀ, ਜੀਐੱਮ ਕੁਮਾਰ, ਅਰੁਲਦਾਸ ਅਤੇ ਵਿਵੇਕ ਪ੍ਰਸੰਨਾ ਨੇ ਵੀ ਅਹਿਮ ਰੋਲ ਨਿਭਾਏ ਹਨ। ਤਮੰੰਨਾ ਸੀਰੀਜ਼ ਵਿੱਚ ਅਨੁਰਾਧਾ ਦਾ ਰੋਲ ਨਿਭਾ ਰਹੀ ਹੈ, ਜੋ ਅਲਜ਼ਾਈਮਰ ਦੇ ਇਲਾਜ ਲਈ ਆਪਣੇ ਪਿਤਾ ਦਾ ਘਰ ਵੇਚਣ ਲਈ ਹੈਕਰ ਬਣਦੀ ਹੈ। ਤਮੰਨਾ ਨੇ ਕਿਹਾ, ‘‘ਅਨੁਰਾਧਾ ਜਵਾਨ, ਖੁਦਮੁਖਤਿਆਰ, ਨਿਡਰ ਅਤੇ ਹੁਸ਼ਿਆਰ ਔਰਤ ਹੈ, ਜੋ ਆਪਣੇ ਪਿਤਾ ਨੂੰ ਕਤਲ ਦੇ ਦੋਸ਼ ਹੇਠ ਸਜ਼ਾ ਹੋਣ ਤੋਂ ਬਚਾਉਣ ਲਈ ਇਲਜ਼ਾਮ ਆਪਣੇ ਸਿਰ ਲੈਂਦੀ ਹੈ। ਅਜਿਹਾ ਮਜ਼ਬੂਤ ਕਿਰਦਾਰ ਨਿਭਾਉਣਾ, ਜੋ ਕਹਾਣੀ ਦੀ ਨਾਇਕ ਹੈ, ਮੇਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਸੰਤੁਸ਼ਟ ਕਰਨ ਵਾਲਾ ਤਜਰਬਾ ਹੈ।’’ ਅਦਾਕਾਰਾ ਨੇ ਕਿਹਾ ਕਿ ਕਹਾਣੀ ਦੇ ਅਖ਼ੀਰ ਤੱਕ ਕਤਲ ਇੱਕ ਰਹੱਸ ਬਣਿਆ ਰਹਿੰਦਾ ਹੈ ਅਤੇ ਉਸ ਨੂੰ ਯਕੀਨ ਹੈ ਕਿ ਦਰਸ਼ਕ ਇਸ ਸੀਰੀਜ਼ ਨੂੰ ਪਸੰਦ ਕਰਨਗੇ। ਨਿਰਦੇਸ਼ਕ ਰਾਮ ਸੁਬਰਾਮਨੀਅਨ ਨੇ ਕਿਹਾ, ‘‘ਨਵੰਬਰ ਸਟੋਰੀ’ ਇੱਕ ਕਲਾਸਿਕ ਕਤਲ ਦਾ ਰਹੱਸ ਹੈ, ਜਿੱਥੇ ਅਪਰਾਧ ਪਿੱਛੇ ਲੁਕੇ ਸੱਚ ਨੂੰ ਲੱਭਣ ਦੀ ਲੜੀ ਸੱਚ ਦਾ ਪਰਦਾਫਾਸ਼ ਕਰਦੀ ਹੈ। ਅਸੀਂ ਤਾਮਿਲ ਦੇ ਦਰਸ਼ਕਾਂ ਲਈ ਅਜਿਹੀ ਫਿਲਮ ਬਣਾਉਣਾ ਚਾਹੁੰਦੇ ਸੀ, ਜੋ ਉਨ੍ਹਾਂ ਪਹਿਲਾਂ ਕਦੇ ਨਾ ਦੇਖੀ ਹੋਵੇ। ਕਹਾਣੀ ਦੇ ਰੂਪ ਵਿੱਚ ਅਤੇ ਜਿਸ ਤਰ੍ਹਾਂ ਇਸ ਨੂੰ ਜ਼ਿੰਦਗੀ ’ਚ ਲਿਆਇਆ ਗਿਆ ਹੈ।’’ ਵੈੱਬ ਸੀਰੀਜ਼ ‘ਨਵੰਬਰ ਸਟੋਰੀ’ 20 ਮਈ ਨੂੰ ਡਿਜ਼ਨੀ ਪਲੱਸ ਹੌਟਸਟਾਰ ਵੀਆਈਪੀ ’ਤੇ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ