ਅਵਤਾਰ ਸਿੰਘ ਸੰਧੂ
‘ਡੈਡੀ ਜੀ! ਤੁਹਾਨੂੰ ਕੱਲ੍ਹ ਤੇ ਪਰਸੋਂ ਦੀ ਛੁੱਟੀ ਐ।’ ਮੈਂ ਆਪਣਾ ਸਾਈਕਲ ਵਿਹੜੇ ਵਿੱਚ ਖੜ੍ਹਾ ਕਰਕੇ ਆਇਆ ਤਾਂ ਮੇਰੀ ਛੇਵੀਂ ਵਿੱਚ ਪੜ੍ਹਦੀ ਬੇਟੀ ਨਵਜੋਤ ਨੇ ਪੁੱਛਿਆ।
‘ਇਹ ਵੀ ਕੋਈ ਪੁੱਛਣ ਵਾਲੀ ਗੱਲ ਐ। ਜੇ ਦੋ ਦਿਨ ਤੇਰਾ ਸਕੂਲ ਬੰਦ ਰਹੇਗਾ ਤਾਂ ਦੋ ਦਿਨ ਮੇਰਾ ਸਕੂਲ ਵੀ ਬੰਦ ਰਹੇਗਾ।’ ਮੇਰੇ ਇਸ ਜਵਾਬ ਨਾਲ ਨਵਜੋਤ ਦਾ ਚਿਹਰਾ ਖਿੜ ਗਿਆ।
‘ਫਿਰ ਆਪਾਂ ਕੱਲ੍ਹ ਸਵੇਰੇ ਸਾਈਕਲ ਲੈ ਕੇ ਸਕੂਲ ਵਾਲੀ ਗਰਾਉਂਡ ਵਿੱਚ ਜਾਵਾਂਗੇ।’ ਉਹ ਅੱਗੇ ਬੋਲੀ।
‘ਕਿਉਂ ਬਈ? ਸਾਈਕਲ ਲੈ ਕੇ ਗਰਾਉਂਡ ਵਿੱਚ ਜਾ ਕੇ ਕੀ ਕਰਾਂਗੇ?’
‘ਮੈਂ ਵੀ ਸਾਈਕਲ ਚਲਾਉਣਾ ਸਿੱਖਣਾ ਹੈ।’
‘ਸਾਈਕਲ ਚਲਾਉਣਾ ਸਿੱਖਣਾ…?’ ਮੈਂ ਆਪਣਾ ਹਾਸਾ ਨਾ ਰੋਕ ਸਕਿਆ। ਮੇਰੇ ਹਾਸੇ ਦਾ ਨਵਜੋਤ ਉੱਤੇ ਉਲਟਾ ਅਸਰ ਪਿਆ। ਉਸ ਦਾ ਚਿਹਰਾ ਉਤਰ ਗਿਆ। ਉਹ ਦੂਜੇ ਕਮਰੇ ਵਿੱਚ ਚਲੀ ਗਈ। ਮੈਨੂੰ ਵੀ ਹੈਰਾਨੀ ਹੋਈ। ਬਾਕੀ ਸਾਰਾ ਸਮਾਂ ਉਹ ਚੁੱਪਚਾਪ ਰਹੀ। ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ ਤਾਂ ਉਹ ਮੇਰੇ ਕੋਲ ਆ ਗਈ।
‘ਡੈਡੀ ਜੀ! ਮੈਨੂੰ ਸਾਈਕਲ ਚਲਾਉਣਾ ਸਿਖਾਓ।’ ਇਸ ਵਾਰ ਉਸ ਦੀ ਆਵਾਜ਼ ਵਿੱਚ ਤਰਲਾ ਸੀ। ਮੈਂ ਕਿਤਾਬ ਇੱਕ ਪਾਸੇ ਰੱਖ ਦਿੱਤੀ ਤੇ ਉਸ ਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ।
‘ਪੁੱਤਰ ਜੀ! ਸਾਈਕਲ ਚਲਾਉਣ ਵਾਲੀ ਗੱਲ ਮੇਰੀ ਸਮਝ ਵਿੱਚ ਨਹੀਂ ਆਈ। ਸਕੂਲ ਤੇਰਾ ਘਰ ਦੇ ਕੋਲ ਹੀ ਐ।’
‘ਅੱਜ ਮੈਡਮ ਨੇ ਕਲਾਸ ਵਿੱਚ ਪੁੱਛਿਆ ਸੀ ਜਿਨ੍ਹਾਂ ਬੱਚਿਆਂ ਨੂੰ ਸਾਈਕਲ ਚਲਾਉਣਾ ਆਉਂਦਾ, ਹੱਥ ਖੜ੍ਹੇ ਕਰੋ। ਸਾਰੇ ਲੜਕਿਆਂ ਨੇ ਹੱਥ ਖੜ੍ਹੇ ਕੀਤੇ, ਪਰ ਕਿਸੇ ਵੀ ਕੁੜੀ ਨੇ ਹੱਥ ਖੜ੍ਹਾ ਨਾ ਕੀਤਾ। ਜਦੋਂ ਮੈਡਮ ਨੇ ਫਿਰ ਲੜਕੀਆਂ ਕੋਲੋਂ ਪੁੱਛਿਆ ਤਾਂ ਸਾਰੇ ਲੜਕੇ ਹੱਸ ਪਏ। ਇੱਕ ਮੁੰਡਾ ਕਹਿਣ ਲੱਗਾ:
‘ਮੈਡਮ ਜੀ ! ਕੁੜੀਆਂ ਨੂੰ ਸਾਈਕਲ ਚਲਾਉਣਾ ਨਹੀਂ ਆ ਸਕਦਾ।’
‘ਸੱਚ ਜਾਣੋ ਡੈਡੀ ਜੀ, ਮੈਨੂੰ ਬਹੁਤ ਬੁਰਾ ਲੱਗਾ। ਭਲਾ ਅਸੀਂ ਕਿਉਂ ਨਹੀਂ ਸਾਈਕਲ ਚਲਾ ਸਕਦੀਆਂ?’ ਨਵਜੋਤ ਇੱਕੋ ਸਾਹੇ ਸਭ ਕੁਝ ਕਹਿ ਗਈ।
‘ਇਹ ਗੱਲ ਐ। ਹੁਣ ਤਾਂ ਮੈਂ ਆਪਣੀ ਲਾਡੋ ਰਾਣੀ ਨੂੰ ਸਾਈਕਲ ਚਲਾਉਣਾ ਜ਼ਰੂਰ ਸਿਖਾਵਾਂਗਾ।’
ਦੂਸਰੀ ਸਵੇਰ ਮੈਂ ਸੈਰ ਕਰਨ ਨਾ ਗਿਆ। ਨਵਜੋਤ ਵੀ ਸੁਵਖਤੇ ਉੱਠ ਪਈ। ਉਹ ਮੇਰਾ ਸਾਈਕਲ ਕੱਢ ਕੇ ਪੈਦਲ ਹੀ ਸਕੂਲ ਦੀ ਗਰਾਉਂਡ ਵੱਲ ਤੁਰ ਪਈ। ਅਸੀਂ ਸਕੂਲ ਦੀ ਗਰਾਉਂਡ ਵਿੱਚ ਪਹੁੰਚ ਗਏ। ਮੈਂ ਸਾਈਕਲ ਨੂੰ ਪਿੱਛੋਂ ਫੜ ਲਿਆ ਤੇ ਨਵਜੋਤ ਕਾਠੀ ਉੱਤੇ ਬੈਠ ਗਈ। ਉਸ ਦੇ ਪੈਰ ਪੈਡਲਾਂ ਤੱਕ ਨਾ ਪਹੁੰਚੇ। ਦਿਲ ਵਿੱਚ ਆਇਆ, ਉਸ ਨੂੰ ਮਨ੍ਹਾ ਕਰਦਿਆਂ, ਪਰ ਮੈਂ ਉਸ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਉਸ ਨੇ ਹੈਂਡਲ ਨੂੰ ਸੰਭਾਲਿਆ ਤੇ ਮੈਂ ਪਿੱਛੋਂ ਧੱਕਾ ਲਾਉਣ ਲੱਗ ਪਿਆ। ਇੱਕ ਚੱਕਰ ਲਾਉਣ ਤੋਂ ਬਾਅਦ ਮੈਂ ਧੱਕਾ ਲਾ ਕੇ ਸਾਈਕਲ ਛੱਡ ਦਿੱਤਾ। ਥੋੜ੍ਹਾ ਜਿਹਾ ਚੱਲਣ ਤੋਂ ਬਾਅਦ ਨਵਜੋਤ ਘਬਰਾ ਕੇ ਡਿੱਗ ਪਈ। ਸਾਈਕਲ ਕਿਤੇ ਤੇ ਉਹ ਆਪ ਕਿਤੇ।
‘ਡੈਡੀ ਜੀ! ਤੁਸੀਂ ਸਾਈਕਲ ਨਾ ਫੜੋ, ਮੈਂ ਆਪ ਪੈਡਲ ਉੱਤੇ ਪੈਰ ਰੱਖੂੰ।’ ਉਸ ਦੀ ਹਿੰਮਤ ਦੇਖ ਕੇ ਮੈਂ ਦੂਰ ਖੜ੍ਹ ਗਿਆ। ਥੋੜ੍ਹਾ ਚਲਕੇ ਉਹ ਡਿੱਗ ਪਈ। ਉਸ ਦੀ ਲੱਤ ਸਾਈਕਲ ਹੇਠ ਆ ਗਈ ਤੇ ਗੋਡੇ ਤੋਂ ਸਲਵਾਰ ਵੀ ਫਟ ਗਈ। ਗੋਡੇ ਉੱਤੇ ਰਗੜ ਵੀ ਲੱਗ ਗਈ। ਮੈਂ ਉਸ ਨੂੰ ਹੌਸਲਾ ਦਿੱਤਾ ਤੇ ਸਮਝਾਇਆ ਕਿ ਘਬਰਾਉਣ ਦੀ ਲੋੜ ਨਹੀਂ। ਹੁਣ ਉਸ ਦੀ ਹਿੰਮਤ ਤੇ ਪੱਕਾ ਇਰਾਦਾ ਸੱਟ ਦੀ ਪਰਵਾਹ ਨਹੀਂ ਕਰ ਰਹੇ ਸਨ। ਉਹ ਕਿੰਨੀ ਵਾਰ ਡਿੱਗੀ, ਪਰ ਹਰ ਵਾਰ ਉੱਠ ਕੇ, ਪੈਡਲ ਉੱਤੇ ਪੈਰ ਰੱਖ ਕੇ ਸਾਈਕਲ ਨੂੰ ਅੱਗੇ ਤੋਰਦੀ। ਉਸ ਦੀ ਲਗਨ ਦੇਖ ਕੇ ਮੈਂ ਵੀ ਹੈਰਾਨ ਸਾਂ। ਦੁਪਹਿਰ ਵੇਲੇ ਅਸੀਂ ਘਰ ਆ ਗਏ। ਰੋਟੀ ਖਾ ਕੇ ਆਰਾਮ ਕਰਨ ਦੀ ਬਜਾਏ, ਨਵਜੋਤ ਫਿਰ ਸਾਈਕਲ ਲੈ ਕੇ ਤੁਰ ਪਈ। ਡਿੱਗਦੀ-ਉੱਠਦੀ ਉਹ ਸ਼ਾਮ ਤੱਕ ਪੈਡਲ ਉੱਤੇ ਪੈਰ ਰੱਖ ਕੇ ਸਾਈਕਲ ਸੰਭਾਲਣਾ ਸਿੱਖ ਗਈ।
ਉਸ ਦਾ ਉਤਸ਼ਾਹ ਤੇ ਜੋਸ਼ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਨਵਜੋਤ ਸਾਈਕਲ ਚਲਾਉਣਾ ਜ਼ਰੂਰ ਸਿੱਖ ਜਾਵੇਗੀ। ਦੂਜੇ ਦਿਨ ਐਤਵਾਰ ਸੀ। ਅਸੀਂ ਫਿਰ ਸਾਈਕਲ ਲੈ ਕੇ ਗਰਾਉਂਡ ਵਿੱਚ ਆ ਗਏ। ਸ਼ਾਮ ਤੱਕ ਨਵਜੋਤ ਨੇ ਉਹ ਕੁਝ ਕਰ ਦਿਖਾਇਆ ਜਿਸ ਦੀ ਮੈਨੂੰ ਆਸ ਸੀ। ਗਰਾਉਂਡ ਦੇ ਤਿੰਨ ਚਾਰ ਗੇੜੇ ਮਾਰਨ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਹ ਸਾਈਕਲ ਚਲਾ ਸਕਦੀ ਹੈ।
‘ਡੈਡੀ ਜੀ! ਤੁਸੀਂ ਹੁਣ ਪੈਦਲ ਘਰ ਨੂੰ ਆਓ।’ ਇੰਨਾ ਆਖ ਨਵਜੋਤ ਸਾਈਕਲ ਚਲਾਉਂਦੀ ਹੋਈ ਘਰ ਵੱਲ ਆ ਗਈ।
ਸੋਮਵਾਰ ਨੂੰ ਉਸ ਨੇ ਆਪਣਾ ਬੈਗ ਸਾਈਕਲ ਉੱਤੇ ਰੱਖ ਲਿਆ। ਹੱਸਦੀ ਹੋਈ ਕਹਿਣ ਲੱਗੀ :
‘ਡੈਡੀ ਜੀ! ਅੱਜ ਤੁਸੀਂ ਆਪਣੇ ਸਕੂਲ ਬੱਸ ਚੜ੍ਹਕੇ ਜਾਓ, ਮੈਂ ਤਾਂ ਸਾਈਕਲ ਉੱਤੇ ਚੜ੍ਹਕੇ ਆਪਣੇ ਸਕੂਲ ਜਾਵਾਂਗੀ।’ ਨਵਜੋਤ ਦਾ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀ। ਉਸ ਦਾ ਪੱਕਾ ਇਰਾਦਾ ਮੈਨੂੰ ਖੁਸ਼ੀਆਂ ਵੰਡ ਰਿਹਾ ਸੀ। ਮੈਂ ਕੁਝ ਕਹਿੰਦਾ ਇਸ ਤੋਂ ਪਹਿਲਾਂ ਨਵਜੋਤ ਆਪਣੇ ਸਕੂਲ ਚਲੇ ਗਈ।
ਸੰਪਰਕ: 99151-82971