ਹਰਦਿਆਲ ਸਿੰਘ ਥੂਹੀ
ਦੁਆਬੇ ਦੇ ਰਿਕਾਰਡ ਹੋਏ ਢਾਡੀਆਂ ਵਿਚੋਂ ਇਕ ਪ੍ਰਸਿੱਧ ਜੋੜੀ ਹੈ ਗੁਰਬਖਸ਼ ਸਿੰਘ ਬਿਲਗਾ ਤੇ ਭਗਤ ਸਿੰਘ ਰੁੜਕਾ। ਇਨ੍ਹਾਂ ਦੀਆਂ ਆਵਾਜ਼ਾਂ ਪ੍ਰਸਿੱਧ ਰਿਕਾਰਡਿੰਗ ਕੰਪਨੀ ਐੱਚ.ਐੱਮ.ਵੀ. ਨੇ 1957-58 ਤੋਂ 1967-68 ਤਕ ਕੋਲੰਬੀਆ ਲੇਬਲ ਅਧੀਨ ਵੱਖ ਵੱਖ ਸਮਿਆਂ ’ਤੇ ਰਿਲੀਜ਼ ਕੀਤੀਆਂ। ਇਹ ਤਵੇ ਪ੍ਰਸਿੱਧ ਢਾਡੀ ਪਾਲ ਸਿੰਘ ਪੰਛੀ ਅਤੇ ਮਲਕੀਤ ਸਿੰਘ ਪੰਧੇਰ ਦੇ ਨਾਵਾਂ ਹੇਠ ਹਨ। ਮਲਕੀਤ ਸਿੰਘ ਪੰਧੇਰ ਦੀ ਅਗਵਾਈ ਵਿਚ ਰਿਕਾਰਡਿੰਗ ਸਮੇਂ ਪ੍ਰਸੰਗ ਵਾਰਤਾ ਪਾਲ ਸਿੰਘ ਪੰਛੀ ਨੇ ਬੋਲੀ ਹੋਈ ਹੈ ਅਤੇ ਗਾਇਨ ਗੁਰਬਖਸ਼ ਸਿੰਘ ਤੇ ਭਗਤ ਸਿੰਘ ਦਾ ਹੈ।
ਗੁਰਬਖਸ਼ ਸਿੰਘ ਦਾ ਜਨਮ 1919 ਵਿਚ ਜ਼ਿਲ੍ਹਾ ਜਲੰਧਰ ਦੇ ਪ੍ਰਸਿੱਧ ਕਸਬੇ ਬਿਲਗਾ ਵਿਖੇ ਪਿਤਾ ਜੀਣ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ ਹੋਇਆ। ਇਹ ਪਰਿਵਾਰ ਕੱਪੜਾ ਬੁਣਨ ਦਾ ਕੰਮ ਕਰਦਾ ਸੀ। ਪਿਤਾ ਜੀਣ ਸਿੰਘ ਪੂਰਨ ਗੁਰਸਿੱਖ ਤੇ ਨਿੱਤ ਨੇਮੀ ਸੀ। ਸੋ ਗੁਰਬਖਸ਼ ਸਿੰਘ ’ਤੇ ਬਚਪਨ ਤੋਂ ਹੀ ਸਿੱਖੀ ਦਾ ਪ੍ਰਭਾਵ ਸੀ। ਉਹ ਸਕੂਲੀ ਪੜ੍ਹਾਈ ਤਾਂ ਕੋਈ ਬਹੁਤੀ ਨਾ ਕਰ ਸਕਿਆ, ਪਰ ਆਪਣੀ ਮਿਹਨਤ ਨਾਲ ਪੰਜਾਬੀ ਤੇ ਉਰਦੂ ਵਿਚ ਚੰਗੀ ਮੁਹਾਰਤ ਹਾਸਲ ਕਰ ਲਈ। ਤੇਜ਼ ਬੁੱਧੀ ਹੋਣ ਕਾਰਨ ਉਸਦੀ ਸਿੱਖਣ ਸ਼ਕਤੀ ਅਤੇ ਯਾਦ ਸ਼ਕਤੀ ਬਚਪਨ ਤੋਂ ਹੀ ਤੇਜ਼ ਸੀ। ਉਸਦੀ ਆਵਾਜ਼ ਸੁਰੀਲੀ, ਮਿੱਠੀ ਤੇ ਤਿੱਖੀ ਸੀ। ਬਾਲਪਨ ਤੋਂ ਹੀ ਉਸਨੂੰ ਗੀਤ, ਕਵਿਤਾਵਾਂ ਗਾਉਣ ਦੀ ਚੇਟਕ ਲੱਗ ਗਈ। 1931 ਵਿਚ ਜਦੋਂ ਸ. ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਭਾਵੇਂ ਗੁਰਬਖਸ਼ ਸਿੰਘ ਦੀ ਉਮਰ ਬਾਰਾਂ ਕੁ ਸਾਲ ਸੀ, ਪਰ ਇਸ ਘਟਨਾ ਨੇ ਉਸਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਭਰ ਦਿੱਤੀ। ਇਸ ਸਦਕਾ ਉਹ ਦੇਸ਼ ਭਗਤੀ ਅਤੇ ਆਜ਼ਾਦੀ ਸਬੰਧੀ ਗੀਤ ਤੇ ਕਵਿਤਾਵਾਂ ਨੂੰ ਜੋਸ਼ੀਲੀ ਆਵਾਜ਼ ਵਿਚ ਗਾਉਣ ਲੱਗਾ। ਜਵਾਨੀ ਵਿਚ ਪਹੁੰਚਣ ਤਕ ਉਹ ਪੂਰਨ ਸੁਤੰਤਰਤਾ ਸੰਗਰਾਮੀ ਬਣ ਗਿਆ ਸੀ। ਆਜ਼ਾਦੀ ਅੰਦੋਲਨ ਵਿਚ ਉਸਨੇ ਬਤੌਰ ਸੁਤੰਤਰਤਾ ਸੰਗਰਾਮੀ ਜੇਲ੍ਹ ਵੀ ਕੱਟੀ। ਇਸ ਤਰ੍ਹਾਂ ਸਟੇਜਾਂ ’ਤੇ ਗੀਤ ਕਵਿਤਾਵਾਂ ਗਾਉਂਦਾ ਗਾਉਂਦਾ ਉਹ ਢਾਡੀ ਬਣ ਗਿਆ। ਢਾਡੀਆਂ ਵਿਚ ਉਹ ਗੁਰਬਖਸ਼ ਸਿੰਘ ‘ਬਿੱਲੂ’ ਜਾਂ ਗੁਰਬਖਸ਼ ਸਿੰਘ ਬਿਲਗਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਗੁਰਬਖਸ਼ ਸਿੰਘ ਬਿੱਲੂ ਨੇ ਪੰਜਾਬ ਦੇ ਨਾਮੀ ਢਾਡੀਆਂ ਦਾ ਵੱਖ ਵੱਖ ਸਮੇਂ ’ਤੇ ਸਾਥ ਨਿਭਾਇਆ। ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਸਦਕਾ ਗੁਰਬਖਸ਼ ਸਿੰਘ ਨੇ ਪੰਜਾਬ ਦੇ ਕੋਨੇ ਕੋਨੇ ਵਿਚ ਪੈੜਾਂ ਕੀਤੀਆਂ। ਪੰਜਾਬ ਤੋਂ ਬਾਹਰ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿਚ ਵਸਦੇ ਪੰਜਾਬੀਆਂ ਨੂੰ ਵੀ ਸਮੇਂ ਸਮੇਂ ’ਤੇ ਨਿਹਾਲ ਕੀਤਾ। ਅਠਾਰਾਂ ਕੁ ਸਾਲ ਦੀ ਉਮਰ ਵਿਚ ਉਸਦਾ ਵਿਆਹ ਜੰਡਿਆਲਾ (ਮੰਜਕੀ) ਵਿਖੇ ਬੀਬੀ ਜੀਤ ਕੌਰ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਲੜਕੇ ਅਤੇ ਇਕ ਲੜਕੀ ਨੇ ਜਨਮ ਲਿਆ। ਸਮੁੱਚੇ ਪਰਿਵਾਰ ਵਿਚੋਂ ਹੋਰ ਕੋਈ ਵੀ ਗੁਰਬਖਸ਼ ਸਿੰਘ ਵਾਲੀ ਲਾਈਨ ’ਤੇ ਨਾ ਚੱਲਿਆ। ਉਮਰ ਦੇ ਸੱਤਵੇਂ ਦਹਾਕੇ ਵਿਚ ਉਸਦੀ ਸਿਹਤ ਕੁਝ ਢਿੱਲੀ ਰਹਿਣ ਲੱਗੀ। ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਅਖ਼ੀਰ ਸੱਤਰ ਕੁ ਸਾਲ ਦੀ ਉਮਰ ਵਿਚ 1989 ਵਿਚ ਉਸਦਾ ਦੇਹਾਂਤ ਹੋ ਗਿਆ।
ਭਗਤ ਸਿੰਘ ਰੁੜਕਾ ਦਾ ਪਿਛੋਕੜ ਸਾਂਝੇ ਪੰਜਾਬ ਦੇ ਬਾਰ ਇਲਾਕੇ ਨਾਲ ਜੁੜਿਆ ਹੋਇਆ ਹੈ। ਉਸਦਾ ਜਨਮ 1914 ਵਿਚ ਪਿਤਾ ਕਰਮ ਸਿੰਘ ਦੇ ਘਰ ਮਾਤਾ ਧੰਤੀ (ਧਨ ਕੌਰ) ਦੀ ਕੁੱਖੋਂ ਹੋਇਆ। ਭਗਤ ਸਿੰਘ ਛੇ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਸਭ ਤੋਂ ਵੱਡਾ ਸੀ। ਭਗਤ ਸਿੰਘ ਭਾਵੇਂ ਸਕੂਲੀ ਪੜ੍ਹਾਈ ਕੋਈ ਬਹੁਤੀ ਨਹੀਂ ਕਰ ਸਕਿਆ, ਪਰ ਆਪਣੀ ਮਿਹਨਤ ਸਦਕਾ ਗੁਰੂ ਗ੍ਰੰਥ ਸਾਹਿਬ ਦਾ ਵਧੀਆ ਪਾਠੀ ਬਣ ਗਿਆ। ਤਿੱਖੀ, ਸੁਰੀਲੀ ਅਤੇ ਬੁਲੰਦ ਆਵਾਜ਼ ਦਾ ਮਾਲਕ ਹੋਣ ਕਾਰਨ ਚੜ੍ਹਦੀ ਜਵਾਨੀ ਵਿਚ ਹੀ ਵਧੀਆ ਕੀਰਤਨ ਕਰਨ ਲੱਗਾ। ਗੁਰੂ ਘਰਾਂ ਵਿਚ ਵਿਸ਼ੇਸ਼ ਦਿਨਾਂ ’ਤੇ ਢਾਡੀਆਂ ਦੇ ਪ੍ਰੋਗਰਾਮ ਆਮ ਹੀ ਹੁੰਦੇ ਸਨ। ਇਨ੍ਹਾਂ ਨੂੰ ਸੁਣ ਸੁਣ ਕੇ ਭਗਤ ਸਿੰਘ ਦਾ ਢਾਡੀ ਗਾਇਕੀ ਵੱਲ ਰੁਝਾਨ ਹੋ ਗਿਆ। ਉਸ ਸਮੇਂ ਢਾਡੀ ਦੀਦਾਰ ਸਿੰਘ ਰਟੈਂਡਾ ਅਤੇ ਢਾਡੀ ਅਮਰ ਸਿੰਘ ਅਠਵੰਜਾ ਵਾਲਿਆਂ ਦੀ ਪੂਰੀ ਧੁੰਮ ਸੀ। ਭਗਤ ਸਿੰਘ ਨੇ ਅਮਰ ਸਿੰਘ ਪਾਸੋਂ ਢਾਡੀ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਲਗਨ ਸਦਕਾ ਉਹ ਵਧੀਆ ਢਾਡੀ ਅਤੇ ਸਾਰੰਗੀ ਮਾਸਟਰ ਬਣ ਗਿਆ। ਸੁਰੀਲੀ ਤੇ ਬੁਲੰਦ ਆਵਾਜ਼ ਅਤੇ ਉਚੇ ਲੰਮੇ ਕੱਦ ਵਾਲੇ ਭਗਤ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਸਰੋਤਿਆਂ ਨੂੰ ਕੀਲਣ ਦੇ ਸਮਰੱਥ ਸੀ।
1947 ਦੀ ਦੇਸ਼ ਵੰਡ ਸਮੇਂ ਭਗਤ ਸਿੰਘ ਹੋਰਾਂ ਦਾ ਪਰਿਵਾਰ ਮੁਸੀਬਤਾਂ ਝੱਲਦਾ ਅਖੀਰ ਏਧਰਲੇ ਪੰਜਾਬ ਆ ਗਿਆ। ਏਧਰ ਜ਼ਿਲ੍ਹਾ ਜਲੰਧਰ ਦੀ ਤਸੀਲ ਫਿਲੌਰ ਦੇ ਪਿੰਡ ਰੁੜਕਾ ਕਲਾਂ ਦੀ ਸਰਾਂ ਪੱਤੀ ਵਿਖੇ ਰਿਹਾਇਸ਼ ਮਿਲੀ। ਕੁਝ ਸਮੇਂ ਬਾਅਦ ਇਹ ਪਰਿਵਾਰ ਲਾਂਬੜਾ ਨੇੜੇ ਪਰਤਾਪਪੁਰੇ ਪਿੰਡ ਆ ਗਿਆ। ਹੌਲੀ ਹੌਲੀ ਸਾਥੀਆਂ ਨਾਲ ਮਿਲਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਭਗਤ ਸਿੰਘ ਨੇ ਲੰਮਾ ਸਮਾਂ ਵੱਖ ਵੱਖ ਢਾਡੀ ਜਥਿਆਂ ਨਾਲ ਸਾਥ ਨਿਭਾਇਆ। ਉਸਨੇ ਪੂਰੇ ਪੰਜਾਬ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ। ਇਸਤੋਂ ਇਲਾਵਾ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦਿੱਲੀ, ਕਲਕੱਤਾ, ਡਲਹੌਜੀ ਆਦਿ ਸ਼ਹਿਰਾਂ ਦੇ ਪੰਜਾਬੀ ਸਰੋਤਿਆਂ ਨੂੰ ਵੀ ਨਿਹਾਲ ਕੀਤਾ। ਵੱਖ-ਵੱਖ ਜਥਿਆਂ ਨਾਲ ਤਿੰਨ ਕੁ ਚੱਕਰ ਇੰਗਲੈਂਡ ਦੇ ਵੀ ਲਾਏ। ਉੱਥੇ ਵਸਦੇ ਪੰਜਾਬੀਆਂ ਨੇ ਇਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ। ਭਗਤ ਸਿੰਘ ਸਿੱਖ ਪੰਥ ਦਾ ਜੀਵਨ ਭਰ ਨਿਸ਼ਕਾਮ ਸੇਵਕ ਰਿਹਾ। ਬਹੁਤ ਵਾਰੀ ਅਕਾਲੀ ਮੋਰਚਿਆਂ ਵਿਚ ਸ਼ਾਮਲ ਹੋ ਕੇ ਜੇਲ੍ਹ ਵੀ ਕੱਟੀ। ਸਮੇਂ ਅਨੁਸਾਰ ਭਗਤ ਸਿੰਘ ਨੇ ਗ੍ਰਹਿਸਥ ਜੀਵਨ ਵਿਚ ਪ੍ਰਵੇਸ਼ ਕੀਤਾ ਤੇ ਉਸਦੀ ਜੀਵਨ ਸੰਗਣੀ ਬਣੀ ਬੀਬੀ ਕਰਤਾਰ ਕੌਰ। ਇਸ ਜੋੜੀ ਦੇ ਘਰ ਦੋ ਲੜਕੇ ਤੇ ਦੋ ਲੜਕੀਆਂ ਨੇ ਜਨਮ ਲਿਆ। ਲੜਕੇ ਦੋਵੇਂ ਇੰਗਲੈਂਡ ਸੈੱਟ ਹੋ ਗਏ। ਅਖੀਰ 31 ਜਨਵਰੀ 1994 ਨੂੰ ਪੰਜਾਬ ਦਾ ਇਹ ਪ੍ਰਸਿੱਧ ਢਾਡੀ ਅਤੇ ਸਾਰੰਗੀ ਵਾਦਕ ਪਿੰਡ ਪ੍ਰਤਾਪਪੁਰੇ ਵਿਖੇ ਅਲਵਿਦਾ ਕਹਿ ਗਿਆ।
ਭਗਤ ਸਿੰਘ ਅਤੇ ਗੁਰਬਖਸ਼ ਸਿੰਘ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋਏ ਤਵਿਆਂ ਨੂੰ ਸੁਣਕੇ ਢਾਡੀ ਗਾਇਨ ਵਿਚ ਉਨ੍ਹਾਂ ਦੀ ਪਰਿਪੱਕਤਾ ਦਾ ਗਿਆਨ ਸਹਿਜੇ ਹੀ ਹੋ ਜਾਂਦਾ ਹੈ। ਦੋਹਾਂ ਦਾ ਆਪਸੀ ਤਾਲਮੇਲ ਕਮਾਲ ਦਾ ਸੀ। ਇਨ੍ਹਾਂ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋਏ ਤਵਿਆਂ ਵਿਚੋਂ ਕੁਝ ਦੇ ਮੁਖੜੇ ਹਨ:
* ਛੱਡ ਤੁਰ ਪਏ ਪੁਰੀ ਅਨੰਦ ਗੁਰੂ,
ਮਾਂ ਗੁਜਰੀ ਚਾਰੇ ਚੰਦ ਗੁਰੂ,
ਜਦ ਬਿਖੜੇ ਪੈ ਗਏ ਪੰਧ ਗੁਰੂ,
ਸਰਸਾ ਤੋਂ ਵਿਛੜੇ ਦੌਰ ਦੀਏ।
ਨੀਂ ਵਾਹ ਗੜ੍ਹੀਏ ਚਮਕੌਰ ਦੀਏ।
* ਫਤਿਹ ਪਿਤਾ ਨੂੰ ਬੁਲਾ ਕੇ ਆਖਰੀ
ਚੜਿ੍ਹਆ ਜੰਗ ਨੂੰ ਅਜੀਤ ਸਿੰਘ ਵੀਰ।
ਉਹਦੇ ਮੋਢੇ ਪੁੱਤਰੀ ਕਾਲ ਦੀ ਤੇ
ਲੱਕ ਲਟਕੇ ਸਮਸ਼ੀਰ। (ਜੰਗ ਚਮਕੌਰ)
* ਚਿੱਠੀ ਮੌਤ ਦੀ ਘੱਲੀ ਰੱਬ ਮੈਨੂੰ,
ਜਾਣ ਨੂੰ ਤਿਆਰ ਹੋ ਗਿਆ,
ਘੜੀ ਪਲ ਦਾ ਪ੍ਰਾਹੁਣਾ ਹੋਇਆ,
ਗੱਲਾਂ ਜਾਂਦੀ ਵਾਰ ਦੀਆਂ
ਹੀਰਿਓ-ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ।
(ਮਹਾਰਾਜਾ ਰਣਜੀਤ ਸਿੰਘ ਦੀ ਮੌਤ)
* ਬਲੀ ਬਲਾਕਾ ਸਿੰਘ ਜੀ, ਜਾ ਪਹੁੰਚਿਆ ਬੀਕਾਨੇਰ।
ਉਹਨੇ ਕੀਤੀ ਗੱਲ ਪੰਜਾਬ ਦੀ, ਮਣ ਮਣ ਹੰਝੂ ਕੇਰ।
* ਖੰਡਾ ਖਿੱਚਿਆ ਮਤਾਬ ਸਿੰਘ ਸੂਰਮੇ,
ਦਿੱਤਾ ਸਤਿਨਾਮ ਕਹਿਕੇ ਉਲਾਰ।
ਮੋਛਾ ਪਿਆ ਜਿਉਂ ਕਿੱਕਰ ਦੇ ਮੁੱਢ ਨੂੰ,
ਲਿਆ ਮੱਸੇ ਵਾਲਾ ਸੀਸ ਉਤਾਰ।
(ਮੱਸੇ ਰੰਘੜ ਦੀ ਮੌਤ)
* ਲੱਕ ਬੰਨ੍ਹ ਬੱਧੀ ਕੌਲ ਦੀ ਉੱਠ ਘਰ ਤੋਂ ਧਾਈ।
ਸੂਰਤ ਸੋਹਣੀ ਸਿਦਕ ਦੀ ਪੱਤਣ ’ਤੇ ਆਈ।
(ਸੋਹਣੀ ਮਹੀਂਵਾਲ)
* ਚੜ੍ਹੀ ਸੀ ਝਨਾਂ ਸਮਾਂ ਹੈ ਸੀ ਰਾਤ ਦਾ।
ਲਹਿਰਾਂ ਵਿਚ ਫਿੱਕਾ ਚੰਨ ਕੋਝਾ ਰਾਤ ਦਾ।
* ਪਾਈਆਂ ਮਨ ਨੂੰ ਮੋਹਣੀਆਂ ਮੁੰਦਰਾਂ,
ਕੋਈ ਛਲ ਕੇ ਨਾ ਲੈ ਜਾਈਂ ਸੁੰਦਰਾਂ,
ਬੈਠਾ ਅੱਖਾਂ ਨਾਲ ਛੇੜੇਂ ਪਿਆ ਖੁੰਦਰਾਂ
ਦੇਵੇਂ ਰਤਾ ਵੀ ਨਾ ਹਿੱਲਣ ਸਰੀਰ ਜੋਗੀਆ।
ਵੇ ਤੂੰ ਕੀਹਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ।
(ਹੀਰ ਰਾਂਝਾ)
ਮਲਕੀਤ ਸਿੰਘ ਪੰਧੇਰ ਨਾਲ ਰਿਕਾਰਡ ਹੀਰ ਦੇ ਇਕ ਤਵੇ ਵਿਚ ਭਗਤ ਸਿੰਘ ਨੇ ਮੇਜਰ ਸਿੰਘ ਲਾਦੀਆਂ ਦਾ ਸਾਥ ਨਿਭਾਇਆ ਹੋਇਆ ਹੈ:
* ਸਹਿਤੀ ਹੱਸ ਮੁਸ਼ਕੜੀਏਂ ਮੂਹਰੇ ਬਹਿ ਗਈ ਜੋਗੀ ਦੇ,
ਸਾਰ ਪੁੱਛਣਾ ਦੀ ਕੀ ਜਾਣੇ ਤੂੰ ਅਣਜਾਣਾ।
* ਬਹਿਜਾ ਨਾਲ ਸ਼ਾਂਤੀ ਪੁੱਛਣਾ ਲੈ ਮਨ ਭਾਉਂਦੀ ਨੀਂ,
ਮੰਦਾ ਬੋਲ ਨਾ ਸਹਿਤੀਏ, ਫੱਕਰਾਂ ਨੂੰ ਘਬਰਾ ਕੇ।
ਇਸੇ ਤਰ੍ਹਾਂ ਗੁਰਬਖਸ਼ ਸਿੰਘ ਬਿੱਲੂ ਨੇ ਪਾਲ ਸਿੰਘ ਪੰਛੀ ਨਾਲ ਸੋਹਣ ਸਿੰਘ ਅਤੇ ਗੁਰਨਾਮ ਸਿੰਘ ਤੀਰ ਦਾ ਸਾਥ ਨਿਭਾਇਆ ਹੋਇਆ ਹੈ।
* ਚਲੋ ਚਲੀ ਦਾ ਮੇਲਾ ਏਥੇ, ਜਗਤ ਮੁਸਾਫ਼ਰਖਾਨਾ।
* ਮੇਰੀ ਮੇਰੀ ਕਰਨੀ ਛੱਡਦੇ ਬੰਦਿਆ ਮੂਰਖਾ,
ਲੰਕਾ ਗੜ੍ਹ ਸੋਨੇ ਦਾ, ਕਾਲ ਬਲੀ ਨੇ ਢਾਹੁਣਾ।
ਇਸ ਤੋਂ ਇਲਾਵਾ ਇਨ੍ਹਾਂ ਦੀ ਕੋਈ ਹੋਰ ਰਿਕਾਰਡਿੰਗ ਵੀ ਹੋ ਸਕਦੀ ਹੈ, ਜੋ ਹੋ ਸਕਦੈ ਕਿਸੇ ਨਾ ਕਿਸੇ ਸੰਗੀਤ ਪ੍ਰੇਮੀ ਦੇ ਭੰਡਾਰ ਵਿਚ ਪਈ ਹੋਵੇ। ਇਹ ਸਭ ਭਵਿੱਖ ਲਈ ਸਾਂਭਣ ਦੀ ਜ਼ਰੂਰਤ ਹੈ।
ਸੰਪਰਕ: 84271-00341