ਹਰਦਿਆਲ ਸਿੰਘ ਥੂਹੀ
ਸ਼ਾਹੀ ਗਮੰਤਰੀ ਲੋਹੇ ਖੇੜੇ ਵਾਲੇ ਮੋਦਨ ਸਿੰਘ ਦੀ ਉਸਤਾਦੀ ਸ਼ਾਗਿਰਦੀ ਵਾਲੀ ਪਰੰਪਰਾ ਵਿੱਚੋਂ ਹੀ ਇੱਕ ਹੋਰ ਢਾਡੀ ਹੋਇਆ ਹੈ ਗੁਰਦੇਵ ਸਿੰਘ ਖਿਆਲਾ ਉਰਫ਼ ਗੁਰਦੇਵ ਸਿੰਘ ਖਪਰੀਆ। ਉਸ ਨੇ ਆਪਣੀ ਮਿਹਨਤ ਸਦਕਾ ਢਾਡੀ ਕਲਾ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ। ਗੁਰਦੇਵ ਸਿੰਘ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਮਲਕਪੁਰ ਵਿਖੇ ਪਿਤਾ ਕਿਰਪਾਲ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ 1931 ਦੇ ਨੇੜੇ ਤੇੜੇ ਹੋਇਆ। ਇਹ ਤਿੰਨ ਭਰਾ ਅਤੇ ਚਾਰ ਭੈਣਾਂ ਸਨ। ਭਰਾਵਾਂ ਦੇ ਨਾਂ ਭੰਤਾ ਸਿੰਘ ਤੇ ਨਛੱਤਰ ਸਿੰਘ ਹਨ। ਉਸ ਦੇ ਚਚੇਰੇ ਭਰਾਵਾਂ ਗੁਰਮੇਲ ਸਿੰਘ ਪਟਵਾਰੀ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਨੇ ਕੋਈ ਰਸਮੀ ਸਕੂਲੀ ਵਿੱਦਿਆ ਪ੍ਰਾਪਤ ਨਹੀਂ ਕੀਤੀ।
ਪਿੰਡ ਵਿੱਚ ਹੌਲਦਾਰ ਈਸ਼ਰ ਸਿੰਘ ਸ਼ੌਕੀਆ ਤੌਰ ’ਤੇ ਬੱਚਿਆਂ ਨੂੰ ਪੜ੍ਹਾਉਂਦਾ ਸੀ। ਉਨ੍ਹਾਂ ਤੋਂ ਹੀ ਗੁਰਦੇਵ ਸਿੰਘ ਨੇ ਗੁਰਮੁਖੀ ਅੱਖਰ ਉਠਾਲਣੇ ਸਿੱਖੇ। ਜਥੇਦਾਰ ਬਲਦੇਵ ਸਿੰਘ ਖਿਆਲਾ ਨੇ ਵੀ ਮੁੱਢਲੀ ਸਿੱਖਿਆ ਈਸ਼ਰ ਸਿੰਘ ਤੋਂ ਹੀ ਪ੍ਰਾਪਤ ਕੀਤੀ ਸੀ। ਗੁਰਦੇਵ ਸਿੰਘ ਨੂੰ ਬਚਪਨ ਤੋਂ ਹੀ ਗਾਇਕੀ ਦੀ ਜਾਗ ਲੱਗ ਗਈ ਸੀ। ਇਹ ਜਾਗ ਉਸ ਨੂੰ ਨੇੜੇ ਤੇੜੇ ਲੱਗਦੇ ਮੇਲਿਆਂ ’ਤੇ ਗਮੰਤਰੀਆਂ ਦੇ ਅਖਾੜਿਆਂ ਤੋਂ ਲੱਗੀ। ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਆਪਣੇ ਸਮੇਂ ਦੇ ਪ੍ਰਸਿੱਧ ਗਮੰਤਰੀ ਹਰੀ ਸਿੰਘ ਤਖਤਮੱਲ ਵਾਲੇ ਨੂੰ ਉਸਤਾਦ ਧਾਰ ਲਿਆ। ਥੋੜ੍ਹੇ ਸਮੇਂ ਵਿੱਚ ਹੀ ਉਹ ਚੰਗਾ ਸਾਰੰਗੀ ਵਾਦਕ ਅਤੇ ਗਾਇਕ ਬਣ ਗਿਆ। ਉਸ ਨੂੰ ਦੇਖ ਸੁਣ ਕੇ ਉਸ ਦੇ ਆਪਣੇ ਪਿੰਡ ਦਾ ਮੁੰਡਾ ਜੱਗਾ ਸਿੰਘ ਵੀ ਉਸ ਤੋਂ ‘ਗੌਣ’ ਸਿੱਖਣ ਲੱਗ ਪਿਆ। ਇਨ੍ਹਾਂ ਨੇ ਪਿੰਡ ਦੋਦਾ (ਗਿੱਦੜਬਾਹਾ) ਦੇ ਜਗਰਾਜ ਸਿੰਘ ਨਾਲ ਮਿਲਕੇ ਆਪਣਾ ਗਰੁੱਪ ਬਣਾ ਲਿਆ। ਇਸ ਗਰੁੱਪ ਨੇ ਲਗਾਤਾਰ ਬਾਰਾਂ ਤੇਰਾਂ ਸਾਲ ਇਕੱਠਿਆਂ ਗਾਇਆ।
ਇਸ ਸਮੇਂ ਦੌਰਾਨ ਇਨ੍ਹਾਂ ਨੇ ਬਹੁਤ ਸਾਰੇ ਮੇਲਿਆਂ ਦੇ ਅਖਾੜਿਆਂ ਅਤੇ ਹੋਰ ਪ੍ਰੋਗਰਾਮਾਂ ’ਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਹ ਵੀ ਦੂਸਰੇ ਢਾਡੀਆਂ ਵਾਂਗ ਹੀਰ, ਸੱਸੀ, ਸੋਹਣੀ, ਮਿਰਜ਼ਾ, ਪੂਰਨ, ਕੌਲਾਂ, ਦੁੱਲਾ ਆਦਿ ਲੋਕ ਗਾਥਾਵਾਂ ਤੋਂ ਬਿਨਾਂ ਧਾਰਮਿਕ ਪ੍ਰਸੰਗ ਵੀ ਗਾਉਂਦੇ ਸਨ। ਆਮ ਤੌਰ ’ਤੇ ਸਰੋਤਿਆਂ ਵੱਲੋਂ ਹੀਰ ਤੇ ਪੂਰਨ ਹੀ ਸੁਣਿਆ ਜਾਂਦਾ ਸੀ।
ਗੁਰਦੇਵ ਸਿੰਘ ਆਪ ਵੀ ਕਵਿਤਾ ਰਚ ਲੈਂਦਾ ਸੀ। ਉਸ ਨੇ ਵੱਖ-ਵੱਖ ਗਾਥਾਵਾਂ ਨਾਲ ਸਬੰਧਤ ਕੁਝ ਕਲੀਆਂ ਦੀ ਰਚਨਾ ਕੀਤੀ, ਪਰ ਇਨ੍ਹਾਂ ਰਚਨਾਵਾਂ ਦੀ ਸੰਭਾਲ ਨਹੀਂ ਹੋ ਸਕੀ। ਉਸ ਦੀ ਰਚੀ ਸੋਹਣੀ ਦੀ ਇੱਕ ਕਲੀ ਨਿਮਨ ਅਨੁਸਾਰ ਹੈ ਜੋ ਉਸ ਨੇ ਪ੍ਰੋ. ਕਰਮ ਸਿੰਘ ਹੁਰਾਂ ਨੂੰ ਲਿਖਾਈ ਸੀ। 1972 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਸਮੇਂ ਮਾਨਸਾ ਹਲਕੇ ਤੋਂ ਆਜ਼ਾਦ ਉਮੀਦਵਾਰ ਵੈਦ ਸ਼ਿਆਮ ਸਿੰਘ ਦੀ ਚੋਣ ਮੁਹਿੰਮ ਵਿੱਚ ਗੁਰਦੇਵ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 1972-73 ਵਿੱਚ ਉਸ ਦੇ ਲੀਵਰ ਵਿੱਚ ਖਰਾਬੀ ਆ ਗਈ। ਪਹਿਲਾਂ ਕੁਝ ਸਮਾਂ ਪਟਿਆਲਾ ਹਸਪਤਾਲ ਦਾਖਲ ਰਿਹਾ। ਉੱਥੋਂ ਧਰਮਸ਼ਾਲਾ ਹਸਪਤਾਲ ਚਲਾ ਗਿਆ। ਇੱਥੇ ਉਸ ਨੇ ਇੰਸਪੈਕਸ਼ਨ ’ਤੇ ਆਏ ਵੱਡੇ ਡਾਕਟਰਾਂ ਨੂੰ ਆਪਣੀ ਲਿਖੀ ਕਵਿਤਾ ਸੁਣਾਈ। ਉਨ੍ਹਾਂ ਨੇ ਖੁਸ਼ ਹੋ ਕੇ ਸਾਰੀ ਦਵਾਈ ਅਤੇ ਖਾਣਾ ਮੁਫ਼ਤ ਕਰ ਦਿੱਤਾ। ਉਹ ਕੁਝ ਸਮੇਂ ਬਾਅਦ ਠੀਕ ਹੋ ਕੇ ਘਰ ਆ ਗਿਆ। ਜੀਵਨ ਦਾ ਪਿਛਲਾ ਸਮਾਂ ਉਸ ਦਾ ਢਿੱਲ ਮੱਠ ਵਿੱਚ ਹੀ ਗੁਜ਼ਰਿਆ। ਅਖੀਰ 1980 ਵਿੱਚ ਇਹ ਲਹਿਰੀਆ ਬੰਦਾ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ।
ਸੰਪਰਕ: 84271-00341