ਹਰਦਿਆਲ ਸਿੰਘ ਥੂਹੀ
ਦੁਆਬੇ ਦੇ ਢਾਡੀਆਂ ਵਿਚੋਂ ਨਾਜ਼ਰ ਸਿੰਘ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ, ਸਗੋਂ ਆਪਣੀ ਪਛਾਣ ਆਪ ਹੈ। ਉਹ ਆਪਣੇ ਆਪ ਨੂੰ ਦੁਆਬੇ ਦਾ ਕਹਾਉਣ ਵਿਚ ਫ਼ਖ਼ਰ ਮਹਿਸੂਸ ਕਰਦਾ ਸੀ। ਏਸੇ ਲਈ ਹਰ ਰਿਕਾਰਡ ਵਿਚ ਪ੍ਰਸੰਗ ਦੱਸਣ ਲੱਗਿਆਂ ਉਸਨੇ ‘ਦੱਸੀਂ ਖਾਂ ਨਾਜ਼ਰ ਸਿੰਆਂ ਦੁਆਬੇ ਵਾਲਿਆ…’ ਕਿਹਾ ਹੋਇਆ ਹੈ। ਪੇਸ਼ ਹੈ ਇਕ ਨਮੂਨਾ ‘ਜਦੋਂ ਮਿਰਜ਼ਾ ਸਾਹਿਬਾਂ ਨੂੰ ਸਿਆਲਾਂ ਤੋਂ ਲਈ ਜਾਂਦੈ ਤਾਂ ਅੱਗੋਂ ਡੋਗਰ ਫਰੋਜ਼ ਪੁੱਛਦੈ,‘ਦੱਸੀ ਖਾਂ ਨਾਜ਼ਰ ਸਿੰਆਂ ਦੁਆਬੇ ਵਾਲਿਆ ਕਿਸ ਤਰ੍ਹਾਂ ਪੁੱਛਦਾ ਹੈ ਦੋਸਤਾ…।’
ਨਾਜ਼ਰ ਸਿੰਘ ਦੇ ਪਰਿਵਾਰ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਜਮਸ਼ੇਰ ਦਾ ਸੀ, ਜਿੱਥੋਂ ਦਾ ਪ੍ਰਸਿੱਧ ਢਾਡੀ ਨਿਰੰਜਣ ਸਿੰਘ ਹੋਇਆ ਹੈ। ਨਾਜ਼ਰ ਸਿੰਘ ਦਾ ਜਨਮ ਉੱਨੀ ਸੌ ਦਸ ਦੇ ਨੇੜੇ ਤੇੜੇ ਪਿਤਾ ਲਾਲ ਸਿੰਘ ਸ਼ੇਰਗਿੱਲ ਦੇ ਘਰ ਹੋਇਆ। ਇਹ ਛੇ ਭਰਾ ਸਨ। ਬਾਰਾਂ ਆਬਾਦ ਕਰਨ ਸਮੇਂ ਜਮਸ਼ੇਰ ਦੇ ਬਹੁਤ ਸਾਰੇ ਪਰਿਵਾਰਾਂ ਸਮੇਤ ਨਾਜ਼ਰ ਹੁਰਾਂ ਦੇ ਪਰਿਵਾਰ ਨੇ ਵੀ ਬਾਰ ਦੇ ਇਲਾਕੇ ਵਿਚ ਕਈ ਮੁਰੱਬੇ ਜ਼ਮੀਨ ਖ਼ਰੀਦ ਲਈ। ਉੱਥੇ ਇਨ੍ਹਾਂ ਦੇ ਚੱਕ ਦਾ ਨਾਂ ਵੀ ਜਮਸ਼ੇਰ ਹੀ ਪੈ ਗਿਆ ਸੀ।
ਜਦੋਂ ਨਾਜ਼ਰ ਸਿੰਘ ਨੇ ਜਵਾਨੀ ਵਿਚ ਪੈਰ ਧਰਿਆ, ਉਸ ਸਮੇਂ ਢਾਡੀ ਦੀਦਾਰ ਸਿੰਘ ਰਟੈਂਡੇ ਵਾਲੇ ਦੀ ਪੂਰੀ ਚੜ੍ਹਤ ਸੀ। ਅਖਾੜਿਆਂ ਦੇ ‘ਗੌਣ’ ਸੁਣ ਸੁਣ ਕੇ ਨਾਜ਼ਰ ਸਿੰਘ ਨੂੰ ਵੀ ਗਾਉਣ ਦੀ ਚੇਟਕ ਲੱਗ ਗਈ। ਉਸਦੇ ਇਸ ਸ਼ੌਕ ਨੇ ਨਾਜ਼ਰ ਸਿੰਘ ਨੂੰ ਦੀਦਾਰ ਸਿੰਘ ਦਾ ਮੁਰੀਦ ਬਣਾ ਦਿੱਤਾ। ਇਕ ਰਿਕਾਰਡ ਦੇ ਅਖ਼ੀਰ ਵਿਚ ਉਹ ਮਾਣ ਨਾਲ ਕਹਿੰਦਾ ਹੈ, ‘ਰਾਂਝੇ ਹੀਰ ਦਾ ਹੋ ਗਿਆ ਮੇਲਾ। ਦੀਦਾਰ ਸਿੰਘ ਉਸਤਾਦ ਦਾ ਮੈਂ ਹਾਂ ਚੇਲਾ। ਇਕ ਦਿਨ ਉਡਜੂ ਭੌਰ ਅਕੇਲਾ। ਸੱਚ ਨਾਜ਼ਰ ਸਿੰਘ ਆਖ ਸੁਣਾਇਆ। ਚੱਲ ਭਾਬੋ ਬਾਗ਼ ਨੂੰ ਚੱਲੀਏ, ਜੋਗੀ ਮੁੰਦਰਾਂ ਵਾਲਾ ਆਇਆ।’ ਅਣਵੰਡੇ ਪੰਜਾਬ ਵਿਚ ਉਸਨੇ ਇਸ ਕਲਾ ਨੂੰ ਵੱਖ ਵੱਖ ਥਾਵਾਂ ’ਤੇ ਜਾ ਕੇ ਵੰਡਿਆ।
ਅਖਾੜਿਆਂ ਤੋਂ ਇਲਾਵਾ ਦੀਦਾਰ ਸਿੰਘ ਦੀ ਪਾਰਟੀ ਨਾਲ ਹੀ ਨਾਜ਼ਰ ਸਿੰਘ ਨੂੰ ਰਿਕਾਰਡਿੰਗ ਕਰਾਉਣ ਦਾ ਮੌਕਾ ਮਿਲਿਆ। ਯੰਗ ਇੰਡੀਆ ਰਿਕਾਰਡਿੰਗ ਕੰਪਨੀ ਬੰਬਈ ਵੱਲੋਂ ਰਿਕਾਰਡ ਕੀਤੇ ਬਹੁਤ ਸਾਰੇ ਤਵਿਆਂ ਵਿਚ ਨਾਜ਼ਰ ਸਿੰਘ ਦਾ ਨਾਂ ਬੋਲਦਾ ਹੈ। ਰਿਕਾਰਡਿੰਗ ਦੌਰਾਨ ਦੀਦਾਰ ਸਿੰਘ ਵੱਲੋਂ ਵਾਰ ਵਾਰ ‘ਵਾਹ ਨਾਜ਼ਰ ਸਿੰਆਂ’ ਬੋਲਿਆ ਹੋਇਆ ਹੈ। 1955 ਤਕ ਇਸ ਕੰਪਨੀ ਵਿਚ ਇਨ੍ਹਾਂ ਦੀ ਰਿਕਾਰਡਿੰਗ ਹੋਈ ਮਿਲਦੀ ਹੈ, ਨਾਲ ਜਮਸ਼ੇਰ ਵਾਲੇ ਨਿਰੰਜਣ ਸਿੰਘ ਤੇ ਲਸ਼ਕਰ ਸਿੰਘ ਨੇ ਵੀ ਸਾਥ ਦਿੱਤਾ ਹੋਇਆ ਹੈ।
1947 ਦੇ ਬਟਵਾਰੇ ਕਾਰਨ ਨਾਜ਼ਰ ਸਿੰਘ ਦਾ ਪਰਿਵਾਰ ਵੀ ਦੂਸਰੇ ਪਰਿਵਾਰਾਂ ਨਾਲ ਬਾਰ ਵਿਚੋਂ ਏਧਰ ਆ ਗਿਆ। ਏਧਰ ਇਨ੍ਹਾਂ ਨੂੰ ਜਲੰਧਰ ਨੇੜਲੇ ਪਿੰਡ ਫੋਲੜੀਵਾਲ ਜ਼ਮੀਨ ਅਲਾਟ ਹੋਈ। ਟਿਕ-ਟਿਕਾਅ ਹੋਣ ਤੋਂ ਕੁਝ ਸਮੇਂ ਬਾਅਦ ਇਨ੍ਹਾਂ ਨੇ ਫੇਰ ਢੱਡਾਂ ਚੁੱਕ ਲਈਆਂ। ਦੀਦਾਰ ਸਿੰਘ ਦੀ ਅਗਵਾਈ ਵਿਚ ਨਿਰੰਜਣ ਸਿੰਘ, ਨਾਜ਼ਰ ਸਿੰਘ ਤੇ ਲਸ਼ਕਰ ਸਿੰਘ ਨੇ ਕਈ ਸਾਲ ਜਮ ਕੇ ਗਾਇਆ। ਨਿਰੰਜਣ ਸਿੰਘ ਤੇ ਸਾਥੀਆਂ ਦੀ ਐੱਚ.ਐੱਮ.ਵੀ. ਕੰਪਨੀ ਵਿਚ ਹੋਈ ਰਿਕਾਰਡਿੰਗ ਵਿਚ ਵੀ ਨਾਜ਼ਰ ਸਿੰਘ ਨੇ ਸਾਥ ਨਿਭਾਇਆ ਹੋਇਆ ਹੈ। 1956 ਤਕ ਇਹ ਜਥਾ ਲਗਾਤਾਰ ਰਿਕਾਰਡਿੰਗ ਕਰਾਉਂਦਾ ਤੇ ਪ੍ਰੋਗਰਾਮ ਕਰਦਾ ਰਿਹਾ। 1956 ਵਿਚ ਨਿਰੰਜਣ ਸਿੰਘ ਇੰਗਲੈਂਡ ਚਲਾ ਗਿਆ। ਲਸ਼ਕਰ ਸਿੰਘ ਵੀ ਘਰ ਬੈਠ ਗਿਆ। ਦੀਦਾਰ ਸਿੰਘ ਦੇ ਜਥੇ ਵਿਚ ਕੁਝ ਨਵੇਂ ਸ਼ਾਗਿਰਦ ਆ ਗਏ- ਨਛੱਤਰ ਸਿੰਘ ਕਲੇਰਾਂ, ਮਹਿੰਗਾ ਸਿੰਘ ਜਾਫਰਪੁਰ ਅਤੇ ਜੀਤ ਸਿੰਘ ਚਹਿਲ ਕਲਾਂ।
ਨਾਜ਼ਰ ਸਿੰਘ ਨੇ ਫੋਲੜੀਵਾਲ ਤੋਂ ਮਹਿੰਗੇ ਭਾਅ ਦੀ ਜ਼ਮੀਨ ਵੇਚ ਕੇ ਫਿਲੌਰ ਨੇੜੇ ਸਸਤੀ ਵੱਧ ਜ਼ਮੀਨ ਖ਼ਰੀਦ ਲਈ। ਹੁਣ ਉਹ ‘ਫਿਲੌਰੀਆ’ ਬਣ ਗਿਆ। ਹਿੰਦੁਸਤਾਨ ਰਿਕਾਰਡਜ਼ ਕੰਪਨੀ ਦੇ ਤਵੇ ’ਤੇ ‘ਨਾਜ਼ਰ ਸਿੰਘ ਐਂਡ ਪਾਰਟੀ (ਫਿਲੌਰ ਵਾਲਾ)’ ਲਿਖਿਆ ਹੋਇਆ ਹੈ। ਇੱਥੇ ਉਸਨੇ ਕਰਨੈਲ ਸਿੰਘ ਅਪਰੇ ਵਾਲੇ ਨੂੰ ਸਾਰੰਗੀ ਅਤੇ ਖਹਿਰੇ ਭੱਟੀਆਂ ਵਾਲੇ ਗਰਮੇਜਾ ਸਿੰਘ ਨੂੰ ਢੱਡ ’ਤੇ ਲਾ ਕੇ ਨਵਾਂ ਜਥਾ ਬਣਾ ਲਿਆ। ਬਾਅਦ ਵਿਚ ਨਛੱਤਰ ਸਿੰਘ ਕਲੇਰਾਂ ਅਤੇ ਸੁਦਾਗਰ ਸਿੰਘ ਬੇਪਰਵਾਹ ਨਾਲ ਜੁੱਟ ਰਿਹਾ। 1980-81 ਤਕ ਨਾਜ਼ਰ ਸਿੰਘ ਨੇ ਜੀਅ ਭਰਕੇ ਗਾਇਆ। ਜਰਗ, ਛਪਾਰ, ਰੋਸ਼ਨੀ, ਮਾਘੀ ਅਤੇ ਸੰਗਰੂਰ ਦੁਸਹਿਰੇ ਦੇ ਮੇਲਿਆਂ ’ਤੇ ਇਹ ਮਲਵਈ ਢਾਡੀਆਂ ਨਾਲ ਗਾਉਂਦੇ। ਅੱਠਵੇਂ ਦਹਾਕੇ ਤੋਂ ਬਾਅਦ ਇਸ ਕਲਾ ਦਾ ਦਮ ਘੁੱਟਦਾ ਗਿਆ ਅਤੇ ਹੋਰਾਂ ਲੋਕ ਢਾਡੀਆਂ ਵਾਂਗ ਨਾਜ਼ਰ ਸਿੰਘ ਹੋਰਾਂ ਨੂੰ ਵੀ ਘਰ ਬੈਠਣ ਲਈ ਮਜਬੂਰ ਹੋਣਾ ਪਿਆ।
ਨਾਜ਼ਰ ਸਿੰਘ ਨੇ ਜਿੱਥੇ ਦੀਦਾਰ ਸਿੰਘ ਐਂਡ ਪਾਰਟੀ ਅਤੇ ਨਿਰੰਜਣ ਸਿੰਘ ਐਂਡ ਪਾਰਟੀ ਨਾਵਾਂ ਵਾਲੇ ਤਵਿਆਂ ਵਿਚ ਸਾਥ ਦਿੱਤਾ ਹੋਇਆ ਹੈ, ਉੱਥੇ ਉਸਦੇ ਆਪਣੇ ਨਾਂ ਨਾਜ਼ਰ ਸਿੰਘ ਐਂਡ ਪਾਰਟੀ ਹੇਠ ਵੀ ਰਿਕਾਰਡਿੰਗ ਹੋਈ ਮਿਲਦੀ ਹੈ। ਇਹ ਜ਼ਿਆਦਾਤਰ ‘ਹਿੰਦੁਸਤਾਨ ਰਿਕਾਰਡਜ਼’ ਕੰਪਨੀ ਦੀ ਹੈ। ਇਸ ਤੋਂ ਇਲਾਵਾ ਸਰਗਮ ਅਤੇ ਕੋਹਿਨੂਰ ਰਿਕਾਰਡਜ਼ ਕੰਪਨੀਆਂ ਨੇ ਵੀ ਇਸ ਪਾਰਟੀ ਨੂੰ ਰਿਕਾਰਡ ਕੀਤਾ ਹੋਇਆ ਹੈ। ਇਨ੍ਹਾਂ ਤਵਿਆਂ ਦੀ ਗਿਣਤੀ ਕਾਫ਼ੀ ਹੈ, ਜੋ ਹੀਰ, ਮਿਰਜ਼ਾ, ਦੁੱਲਾ, ਰਾਜਾ ਰਸਾਲੂ, ਪੂਰਨ ਭਗਤ ਆਦਿ ਗਾਥਾਵਾਂ ਨਾਲ ਸਬੰਧਿਤ ਹਨ। ਕੁਝ ਨਮੂਨੇ ਇਸ ਪ੍ਰਕਾਰ ਹਨ:
* ਘੜੇ ਛੱਡ ਕੇ ਕੁੜੀਆਂ ਹੋਣ ਉਦਾਲੇ ਜੋਗੀ ਦੇ,
ਕੁੜੀਆਂ ਜਾਣ ਕੇ ਹਮਾਣੀ ਕਰਨ ਠਠੋਲੀਆਂ।
* ਮੇਰਾ ਛੱਡੋ ਖਿਆਲ ਨੀਂ ਜਾਓ ਆਪਣੇ ਘਰਾਂ ਨੂੰ,
ਤੁਸੀਂ ਲੈਣਾ ਕੀ ਨੀਂ ਸੰਤਾਂ ਨੂੰ ਸਤਾ ਕੇ।
* ਸੰਮੀ ਸੰਝੀ ਕਾਜ਼ੀ ਜ਼ਹਿਰ ਘੋਲਿਆ ਵਿਚ ਦੁੱਧ ਦੇ ਹੈ,
ਪੱਜ ਕਰ ਦੁੱਧ ਦਾ ਤੁਲੀ ਤੋਂ ਹੀਰ ਨੂੰ ਪਿਲਾਈ।
ਮਾਂ ਹਿਤਕਾਰ ਜਾਣਕੇ ਦੁੱਧ ਪੀ ਲਿਆ ਹੀਰ ਨੇ,
ਕਿਹੜਾ ਪਤਾ ਹੀਰ ਨੂੰ ਦੁੱਧ ਵਿਚ ਜ਼ਹਿਰ ਮਿਲਾਈ।
* ਲਿਆ ਹਿਸਾਬ ਹੀਰ ਦਾ ਵਿਚ ਬਹਾ ਕੇ ਕਬਰ ਦੇ,
ਅਜ਼ਰਾਈਲ ਬਹੀ ’ਤੇ ਪਲ ਪਲ ਲੇਖਾ ਕਰਕੇ।
ਲੈਣ ਨਿਕਲਿਆ, ਨਾ ਦੇਣੇ ਦੀ ਕੌਡੀ ਨਿਕਲੀ ਐ।
ਹੀਰ ਉਏ ਬੋਲੀ ਜਦੋਂ ਨਿਆਂ ਦੇ ਕੰਡੇ ਬਈ ਧਰਕੇ।
(ਹੀਰ)
* ਡੋਗਰ ਫਰੋਜ਼ ਪੁਕਾਰਦਾ ਮੇਰਾ ਇਕ ਸਵਾਲ।
ਬੱਕੀ ਦੇ ਉਤੇ ਦੂਸਰਾ ਕੌਣ ਚੜ੍ਹਾਇਆ ਨਾਲ।
* ਇਹ ਹੈ ਮਰਾਸੀ ਛੋਕਰਾ
ਪੈਂਡੇ ਨਾਲ ਗਿਆ ਹੈ ਅੱਜ ਥੱਕ।
ਮਾੜੀ ਤੁਰਨੀ ਓਏ ਏਹਦੀ ਦੇਖਕੇ
ਮਗਰ ਚੜ੍ਹਾ ਲਿਆ ਹੈ ਅੱਜ ਚੱਕ।
* ਸਾਹਿਬਾਂ ਕਹਿੰਦੀ ਮਿਰਜ਼ਿਆ ਮੇਰਾ ਮੰਨ ਸਵਾਲ
* ਮਿਰਜ਼ੇ ਵਾਲੀ ਲੋਥ ਨੂੰ ਵੰਝਲ ਲੈਂਦਾ ਪੱਟਾਂ ’ਤੇ ਰੱਖ।
* ਬੋਲ ਜੁਬਾਨੋ ਸਾਹਿਬਾਂ, ਮੈਨੂੰ ਜੱਟ ਦੀ ਮੌਤ ਸੁਣਾ।
(ਮਿਰਜ਼ਾ)
* ਸੁੰਦਰ ਤੋਤਾ ਬੋਲਦਾ, ਮੱਥੇ ਤਿਉੜੀ ਘੱਤ।
ਉਹਦੇ ਦਿਲ ਵਿਚ ਗੁੱਸਾ ਆ ਗਿਆ, ਚੋ ਚੋ ਪੈਂਦੀ ਰੱਤ। (ਰਸਾਲੂ)
ਇਨ੍ਹਾਂ ਵਿਚੋਂ ਹੀਰ ਦੀਆਂ ਕਲੀਆਂ ਪ੍ਰਸਿੱਧ ਕਲੀਕਾਰ ਹਜੂਰਾ ਸਿੰਘ ਬੁਟਾਹਰੀ ਵਾਲੇ ਦੀਆਂ ਲਿਖੀਆਂ ਹੋਈਆਂ। ਬਾਕੀਆਂ ਵਿਚੋਂ ਕੁਝ ਰਚਨਾਵਾਂ ‘ਨਾਜ਼ਰ ਸਿੰਘ ਰਾਗੀ’ ਦੇ ਨਾਂ ਹੇਠ ਖ਼ੁਦ ਨਾਜ਼ਰ ਸਿੰਘ ਦੀਆਂ ਹੀ ਲਿਖੀਆਂ ਹੋਈਆਂ ਹਨ। ਨੌਵੇਂ ਦਹਾਕੇ ਦੇ ਆਖ਼ਰੀ ਸਾਲਾਂ ਵਿਚ ਉਹ ਕੁਝ ਬਿਮਾਰ ਰਹਿਣ ਲੱਗ ਪਿਆ ਸੀ। ਉਸਦੇ ਸਾਥੀ ਨਛੱਤਰ ਸਿੰਘ ਦੇ ਦੱਸਣ ਅਨੁਸਾਰ ਸ਼ਾਇਦ ਉਸਨੂੰ ਗਠੀਆ ਹੋ ਗਿਆ ਸੀ। ਇਸ ਤਰ੍ਹਾਂ ਅੱਸੀ ਕੁ ਸਾਲ ਦੀ ਉਮਰ ਵਿਚ ਉਹ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸਦੇ ਪਰਿਵਾਰ ਵਿਚੋਂ ਕੋਈ ਉਸ ਵਾਲੀ ਲਾਈਨ ’ਤੇ ਨਾ ਚੱਲਿਆ।
ਸੰਪਰਕ : 84271-00341