ਡਾ. ਸਾਹਿਬ ਸਿੰਘ
ਰਾਸ ਰੰਗ
ਆਰਥਿਕ ਪਾੜਾ ਸਿਰਫ਼ ਸਰਮਾਏ ਦੀ ਲੁੱਟ ਤਕ ਸੀਮਤ ਨਹੀਂ ਰਹਿੰਦਾ, ਇਹ ਅੱਗੋਂ ਸਮਾਜਿਕ ਲੁੱਟ ਨੂੰ ਜਨਮ ਦਿੰਦਾ ਹੈ। ਇਹ ਸਮਾਜਿਕ ਲੁੱਟ ਅੱਗੋਂ ਮਾਨਸਿਕ ਤਸ਼ੱਦਦ ਦੇ ਰੂਪ ’ਚ ਗ਼ਰੀਬ ਵਰਗ ਦਾ ਜਿਊਣਾ ਦੁੱਭਰ ਕਰਦੀ ਹੈ। ਮੁਕਤਸਰ ਦੇ ਚਰਚਿਤ ਹਲਕੇ ਲੰਬੀ ਦੇ ਲਾਗੇ ਜਦੋਂ ਇਕ ਦਲਿਤ ਬੱਚੀ ਡਾਢਿਆਂ ਦੀ ਬੇਸ਼ਰਮੀ ਅਤੇ ਜਗੀਰੂ ਹੈਂਕੜ ਦਾ ਸ਼ਿਕਾਰ ਬਣਦੀ ਹੈ ਤਾਂ ਦਰਦਨਾਕ ਤਸਵੀਰ ਉੱਭਰਦੀ ਹੈ। ਪੈਸੇ ਅਤੇ ਰੁਤਬੇ ਦਾ ਜ਼ੋਰ ਇਸ ਕਦਰ ਸਿਰ ਚੜ੍ਹ ਬੋਲਦਾ ਹੈ ਕਿ ਉਸ ਬੱਚੀ ਦੀ ਅਰਧ ਨਗਨ ਹਾਲਤ ਵਿਚ ਵੀਡੀਓ ਬਣਾਈ ਗਈ ਤੇ ਫਿਰ ਇਸ ਵੀਡੀਓ ਨੂੰ ਢੀਠਾਂ ਵਾਂਗ ਅੱਗੇ ਤੋਰ ਦਿੱਤਾ ਗਿਆ। ‘ਵੱਡੀ ਹਵੇਲੀ’ ਸਦੀਆਂ ਤੋਂ ਇਹ ਹੱਕ ਸਮਝਦੀ ਹੈ ਕਿ ਉਹ ਕੱਚੇ ਘਰਾਂ ਦੀ ਮਿੱਟੀ ਮਧੋਲ ਸਕਦੀ ਹੈ ਤੇ ‘ਝੁੱਗੀਆਂ ਢਾਰਿਆਂ’ ਦੀ ਇੰਨੀ ਔਕਾਤ ਨਹੀਂ ਕਿ ਉਹ ਧੱਕੇ ਖ਼ਿਲਾਫ਼ ਬੋਲ ਸਕੇ। ਪਰ ਭੂਸਰੇ ਹੋਏ ਪੈਰ ਭੁੱਲ ਜਾਂਦੇ ਹਨ ਕਿ ਘਾਹ ਨੂੰ ਜਿੰਨਾ ਮਰਜ਼ੀ ਲਤਾੜੋ, ਉਹ ਫਿਰ ਉੱਠ ਖੜ੍ਹਦਾ ਹੈ। ਸੰਘਰਸ਼ੀ ਯੋਧਿਆਂ ਨੇ ਹਿੰਮਤ ਨਾਲ ਪਿੜ ਮੱਲਿਆ ਤੇ ਜਿੱਤ ਪ੍ਰਾਪਤ ਕੀਤੀ। ਇਹ ਜਿੱਤ ਮੈਨੂੰ ਬੱਤੀ ਸਾਲ ਪਹਿਲਾਂ 9 ਸਤੰਬਰ, 1989 ਨੂੰ ਪਾਸ਼ ਦੇ ਜਨਮ ਦਿਨ ’ਤੇ ਖੇਡੇ ਨਾਟਕ ਵੱਲ ਲੈ ਗਈ। ਨਾਟਕ ਲਿਖਿਆ ਸੀ ਭਾਅ ਗੁਰਸ਼ਰਨ ਸਿੰਘ ਨੇ। ਉਦੋਂ ਪਾਸ਼ ਦੀ ਸ਼ਹਾਦਤ ਨੂੰ ਹਾਲੇ ਇਕ ਵਰ੍ਹਾ ਹੀ ਹੋਇਆ ਸੀ। ਭਾਅ ਲਈ ਪ੍ਰੇਰਣਾ ਸਰੋਤ ਸੀ ਪਾਸ਼ ਵੱਲੋਂ ਲਿਖੀਆਂ ਕੁਝ ਬੋਲੀਆਂ। ਇਨ੍ਹਾਂ ਬੋਲੀਆਂ ’ਚੋਂ ਇਕ ਨੂੰ ਆਧਾਰ ਬਣਾ ਇਹ ਨਾਟਕ ਉਸਰਿਆ,‘ਵੱਡੀ ਹਵੇਲੀ ’ਚੋਂ ਕੋਈ ਧਾਹਾਂ ਮਾਰਦੀ ਨਿਕਲੀ?’ ਇਸ ਸਿਰਲੇਖ ਦੇ ਪਿੱਛੇ ਲੱਗਾ ਸਵਾਲੀਆ ਨਿਸ਼ਾਨ ਭਾਅ ਲਈ ਐਨਾ ਮਹੱਤਵਪੂਰਨ ਸੀ ਕਿ ਉਹ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਐਲਾਨ ਕਰਨ ਲੱਗਿਆਂ ਨਾਂ ਦੇ ਆਖਰੀ ਸ਼ਬਦ ‘ਨਿਕਲੀ’ ਨੂੰ ਇਸ ਕਦਰ ਲਮਕਾਉਂਦੇ ਤੇ ਅੰਦਾਜ਼ ਐਸਾ ਅਪਣਾਉਂਦੇ ਕਿ ਦਰਸ਼ਕ ਨੂੰ ਸਵਾਲੀਆ ਚਿੰਨ੍ਹ ਦਿਸਣ ਲੱਗ ਪੈਂਦਾ। ਇਸ ਚਿੰਨ੍ਹ ਅੰਦਰ ਉਸ ਨਾਟਕਕਾਰ ਦਾ ਇੱਛਤ ਯਥਾਰਥ ਛੁਪਿਆ ਹੋਇਆ ਸੀ ਤੇ ਰਿਹਰਸਲ ਦੌਰਾਨ ਵੀ ਉਹ ਵਾਰ ਵਾਰ ਜ਼ੋਰ ਦਿੰਦੇ ਕਿ ਇਹ ਨਾਟਕ ਕਰਨ ਦਾ ਮੁੱਖ ਮਕਸਦ ਹੀ ਇਹ ਸਵਾਲੀਆ ਨਿਸ਼ਾਨ ਹੈ। ਸੰਤ ਰਾਮ ਉਦਾਸੀ ਦੇ ਇਹ ਬੋਲ,‘ਰਾਠਾਂ ਦੀ ਹਵੇਲੀ ਵਿਚੋਂ ਖੁੱਸਿਆ ਸਰੀਰ ਲੈ ਕੇ, ਮੁੜੀ ਮੇਰੇ ਵੀਰੇ ਦੀ ਬਹੂ!’ ਭਾਅ ਦੇ ਕਲੇਜੇ ਕੋਈ ਵੱਢ ਮਾਰ ਰਹੇ ਸਨ। ਤੇ ਉਹ ਹਵੇਲੀ ਨੂੰ ਲਲਕਾਰਨ ਦਾ ਅਹਿਦ ਕਰ ਚੁੱਕੇ ਸਨ : ਛੱਪੜ ਦੀਏ ਟਟੀਹਰੀਏ ਮੰਦੇ ਬੋਲ ਨਾ ਬੋਲ/ ਦੁਨੀਆਂ ਤੁਰ ਪਈ ਹੱਕ ਲੈਣ ਨੂੰ/ ਤੂੰ ਬੈਠੀ ਚਿੱਕੜ ਫੋਲ/ ਪਿੰਡ ਦਾ ਘਰ ਘਰ ਹੋਇਆ ਕੱਠਾ/ ਪਰ੍ਹੇ ’ਚ ਵੱਜਦਾ ਢੋਲ/ ਗ਼ਰੀਬੂ ਮਜ਼ਹਬੀ ਦਾ/ ਅੱਜ ਦੌਲਤ ਸ਼ਾਹ ਨਾਲ ਘੋਲ।
ਭਾਅ ਦਾ ਨਾਟਕ ਇਸ ਘੋਲ ਦੀ ਨਾਇਕਾ ‘ਕਰਮੋ’ ਅਤੇ ਖ਼ਲਨਾਇਕ ‘ਸਰਦਾਰ’ ਦੇ ਦਿਲਚਸਪ ਦ੍ਰਿਸ਼ ਤੋਂ ਹੀ ਆਪਣੀ ਯਾਤਰਾ ਆਰੰਭ ਕਰਦਾ ਹੈ। ਸਰਦਾਰ ਭਾਵੇਂ ਕਰਮੋ ਦੇ ਪਤੀ ‘ਕਾਲਾ’ ਨੂੰ ਵਕਤ ਸਿਰ ਦਿਹਾੜੀ ’ਤੇ ਪਹੁੰਚ ਜਾਣ ਲਈ ਕਹਿਣ ਆਇਆ ਹੈ, ਪਰ ਅਸਲ ’ਚ ਉਹ ਕਰਮੋ ਨੂੰ ਹੀ ਟੋਹਣ ਆਇਆ ਹੈ। ਸਰਦਾਰ ਨੂੰ ਆਪਣੇ ਪੈਸੇ ਅਤੇ ਤਾਕਤ ਦਾ ਇੰਨਾ ਘੁਮੰਡ ਹੈ ਕਿ ਉਹ ਸਿੱਧ- ਮ- ਸਿੱਧਾ ਕਰਮੋਂ ਨੂੰ ਬਾਹਰਲੀ ਹਵੇਲੀ ਆਉਣ ਦੀ ਫਰਮਾਇਸ਼ ਪਾ ਦਿੰਦਾ ਹੈ। ਅੱਗੋਂ ਕਰਮੋ ‘ਗੁਰਸ਼ਰਨ ਸਿੰਘ ਦੀ ਨਾਇਕਾ’ ਹੈ। ਉਹ ਨਾ ਡਰਦੀ ਹੈ, ਨਾ ਘਬਰਾਉਂਦੀ ਹੈ, ਬਲਕਿ ਸਿੱਧਾ ਜਵਾਬ ਦਿੰਦੀ ਹੈ,‘ਸਮਝ ਗਈ ਚੰਗੀ ਤਰ੍ਹਾਂ, ਆ ਜਾਵਾਂਗੀ!’ ਨਾਟਕਕਾਰ ਦਾ ਇਹ ਨਿਰਦੇਸ਼ ਹੈ ਕਿ ਇਹ ਸੰਵਾਦ ਬੋਲਦਿਆਂ ਪ੍ਰਭਾਵ ਇਹ ਦੇਣਾ ਹੈ ਕਿ ਉਸ ਨੇ ‘ਕੁਝ ਕਰਨ’ ਦਾ ਇਰਾਦਾ ਧਾਰ ਲਿਆ ਹੈ। ਅਜੇ ਨਾਟਕ ਦਾ ਪਹਿਲਾ ਦ੍ਰਿਸ਼ ਵੀ ਪੂਰਾ ਨਹੀਂ ਹੋਇਆ ਤੇ ਭਾਅ ਨੇ ਸਵਾਲੀਆ ਨਿਸ਼ਾਨ ਦਾ ਜਵਾਬ ਦੇ ਵੀ ਦਿੱਤਾ ਹੈ ਕਿ ਇਹ ਕਰਮੋ ਵੱਡੀ ਹਵੇਲੀ ’ਚੋਂ ਧਾਹਾਂ ਮਾਰਦੀ ਨਹੀਂ ਨਿਕਲੇਗੀ। ਇਹ ਕੁਝ ਕਰੇਗੀ। ਹੁਣ ਬਾਕੀ ਦਾ ਨਾਟਕ ਕੀ ਕਰੇਗਾ? ਗੁਰਸ਼ਰਨ ਸਿੰਘ ਦੀ ਨਾਟਕਕਾਰੀ ਦਾ ਰੂਪ ਵਿਧਾਨ ਸਮਝਣ ਵਾਲੇ ਦੋਸਤਾਂ ਲਈ ਇਹ ਇਕ ਦਿਲਚਸਪ ਕਾਰਜ ਹੋ ਸਕਦਾ ਹੈ। ਨਾਟਕਕਾਰ ਨੇ ਨਾਇਕਾ ਦੇ ਕਿਰਦਾਰ ਦੀ ਬੁਲੰਦੀ ਦਿਖਾ ਦਿੱਤੀ ਹੈ। ਉਹ ਇਸ ਬੁਲੰਦੀ ਤਕ ਕਿਵੇਂ ਪਹੁੰਚੀ, ਨਾਟਕ ਨੇ ਪਰਤ ਦਰ ਪਰਤ ਇਸ ਦੀਆਂ ਘੁੰਡੀਆਂ ਖੋਲ੍ਹਣੀਆਂ ਹਨ। ਖ਼ਲਨਾਇਕ ਦੀ ਹਉਮੈ ਅਤੇ ਤਾਕਤ ਦਾ ਆਰੂਜ਼ ਦਿਖਾ ਦਿੱਤਾ ਹੈ। ਉਸ ਹਉਮੈ ਪਿੱਛੇ ਛੁਪੇ ਕਾਰਨਾਂ ਦੀ ਨਿਸ਼ਾਨਦੇਹੀ ਨਾਟਕ ਨੇ ਕਰਨੀ ਹੈ। ਪਾਤਰ ਸਿਰਫ਼ ਚਾਰ ਹਨ- ਕਰਮੋ, ਕਾਲਾ, ਸਰਦਾਰ ਅਤੇ ਸ਼ਾਹ।
ਕਾਲਾ ਅਤੇ ਕਰਮੋ ਦੇ ਆਪਸੀ ਵਾਰਤਾਲਾਪ ’ਚ ਨਾਟਕਕਾਰ ਦੋਹਾਂ ਧਿਰਾਂ ਦਾ ਕਿਰਦਾਰ ਸਪੱਸ਼ਟ ਕਰਦਾ ਹੈ। ਸਰਦਾਰ ਦੇ ਸਿਰ ਉੱਤੇ ਪਿਤਾ ਪੁਰਖੀ ਜਾਇਦਾਦ ਹੈ, ਸਮਾਜਿਕ ਤੌਰ ’ਤੇ ਵੱਡੇ ਹੋਣ ਦਾ ਅਹਿਸਾਸ ਹੈ, ਵੱਟ ਤੋਂ ਘਾਹ ਖੋਤਦੀਆਂ ਜਾਂ ਨਰਮਾ ਚੁਗਦੀਆਂ ਗ਼ਰੀਬ ਔਰਤਾਂ ਦੀ ‘ਹੱਕ ਨਾਲ ਵਰਤੋਂ’ ਕਰਕੇ ‘ਬਚ ਨਿਕਲਣ’ ਦਾ ਇਤਿਹਾਸ ਹੈ (ਕਦੇ ਪੈਸੇ ਦਾ ਲਾਲਚ ਦੇ ਕੇ ਤੇ ਕਦੀ ਜੁੱਤੀ ਦੇ ਜ਼ੋਰ ਨਾਲ)। ਕਾਲੇ ਦੀ ਵੱਡੀ ਭੈਣ ਗੁਰਨਾਮੀ ਨਾਲ ਉਹ ਬਹੁਤ ਪਹਿਲਾਂ ਕਾਰਾ ਕਰ ਚੁੱਕਾ ਹੈ ਤੇ ਉਦੋਂ ਸਰਦਾਰ ਨੂੰ ਕੋਈ ਸਜ਼ਾ ਮਿਲਣ ਦੀ ਬਜਾਏ ਉਲਟਾ ਗੁਰਨਾਮੀ ਨੂੰ ਹੀ ਕੁਝ ਖਾ ਕੇ ਆਪਣੀ ਜ਼ਿੰਦਗੀ ਦਾ ਅੰਤ ਕਰਨਾ ਪਿਆ ਸੀ। ਪੁਲੀਸ ਨਾਲ ਮਿਲੀਭੁਗਤ, ਸਰਕਾਰੇ ਦਰਬਾਰੇ ਪਹੁੰਚ ਤੇ ਅਜਿਹਾ ਬਹੁਤ ਕੁਝ ਸਰਦਾਰ ਨੂੰ ਇਹ ‘ਹੱਕ’ ਪ੍ਰਦਾਨ ਕਰਦਾ ਹੈ। ਕਰਮੋ ਆਪਣੇ ਪਤੀ ਦਾ ਨਸ਼ੇ ਦੀ ਗ਼ੁਲਾਮੀ ਕਰਨਾ ਤੇ ਸਰਦਾਰ ਅੱਗੇ ਰੀਂ ਰੀਂ ਕਰਨਾ ਇਸ ਲਈ ਬਰਦਾਸ਼ਤ ਨਹੀਂ ਕਰ ਪਾ ਰਹੀ ਕਿਉਂਕਿ ਇਸ ਸਭ ਕੁਝ ਨਾਲ ਕਾਲਾ ਅੰਦਰੋਂ ਬਾਹਰੋਂ ਖੁਰ ਰਿਹਾ ਹੈ। ਕਰਮੋ ਦੇ ਗੁਆਂਢ ਜੀਤੋ ਰਹਿੰਦੀ ਹੈ ਜੋ ਕਿ ਪੜ੍ਹ ਲਿਖ ਗਈ ਹੈ। ਜੀਤੋ ਦਾ ਭਰਾ ਸ਼ਿੰਗਾਰਾ ਸ਼ਹਿਰ ’ਚ ਧਾਗਾ ਮਿੱਲ ’ਚ ਨੌਕਰੀ ਕਰਦਾ ਹੈ ਤੇ ਕਾਮਰੇਡ ਹੈ। ਕਰਮੋ ਜੀਤੋ ਕੋਲ ਉੱਠਦੀ ਬਹਿੰਦੀ ਹੈ। ਉੱਥੇ ਹੋਰ ਕਾਮਰੇਡ ਵੀ ਆਉਂਦੇ ਹਨ। ਜਮਾਤੀ ਘੋਲ ਦੀਆਂ ਗੱਲਾਂ ਕਰਮੋ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਇਹ ਸਮਝ ਆ ਰਹੀ ਹੈ ਕਿ ਵਿਹੜੇ ਵਾਲਿਆਂ ਦੀ ਮੰਦਹਾਲੀ ਕੋਈ ਪਿਛਲੇ ਜਨਮਾਂ ਦਾ ਪਾਪ ਨਹੀਂ ਹੈ, ਬਲਕਿ ਕਾਰਨ ਅਸਾਵੀਂ ਸਮਾਜਿਕ ਆਰਥਿਕ ਵੰਡ ਹੈ ਤੇ ਮੁਕਤੀ ਦਾ ਰਾਹ ਸੰਘਰਸ਼ ਹੈ। ਵੱਡਿਆਂ ਦੀ ਧੌਂਸ ਹੇਠੋਂ ਨਿਕਲਣਾ ਹੀ ਪਹਿਲਾ ਪੜਾਅ ਹੈ। ਜੀਤੋ ਆਪਣਾ ਜੀਵਨ ਸਾਥ ਵੀ ਮਰਜ਼ੀ ਨਾਲ ਚੁਣ ਰਹੀ ਹੈ। ਕਰਮੋ ਇਨ੍ਹਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਰਹੀ ਹੈ ਤੇ ਅੰਦਰੋਂ ਤਕੜੀ ਹੋ ਰਹੀ ਹੈ। ਇਸ ਸੂਝ ਅਤੇ ਸਮਝ ਕਾਰਨ ਹੀ ਉਹ ਵਿਸ਼ਵਾਸ ਨਾਲ ਸਰਦਾਰ ਨੂੰ ਪਹਿਲੇ ਦ੍ਰਿਸ਼ ਵਿਚ ਕਹਿ ਸਕੀ ਹੈ ਕਿ ਮੈਂ ਆਵਾਂਗੀ!
ਨਾਟਕ ਦੇ ਅਹਿਮ ਤੇ ਆਖ਼ਰੀ ਮੋੜ ਤਕ ਪਹੁੰਚਦਿਆਂ ਨਾਟਕ ਇਹ ਵੀ ਸਪੱਸ਼ਟ ਕਰ ਦਿੰਦਾ ਹੈ ਕਿ ਕਾਲਾ ਸਰਦਾਰ ਦੀ ਅਧੀਨਗੀ ਜ਼ਰੂਰ ਕਰਦਾ ਹੈ, ਪਰ ਅੰਦਰੋਂ ਗੁੱਸੇ ਅਤੇ ਨਫ਼ਰਤ ਨਾਲ ਭਰਿਆ ਹੋਇਆ ਹੈ। ਇਹ ਸਮੁੱਚੇ ਸ਼ੋਸ਼ਿਤ ਵਰਗ ਦੀ ਕਹਾਣੀ ਹੈ ਜੋ ਅੰਦਰੋਂ ਇਸ ਧੱਕੇ ਅਤੇ ਸਮਾਜਿਕ ਮਾਨਸਿਕ ਲੁੱਟ ਤੋਂ ਸਤਿਆ ਬੈਠਾ ਹੈ, ਪਰ ਲੜਨ ਤੋਂ ਜਾਂ ਤਾਂ ਡਰ ਜਾਂਦਾ ਹੈ ਜਾਂ ਡਰਾਅ ਧਮਕਾ ਦਿੱਤਾ ਜਾਂਦਾ ਹੈ। ਲੋੜ ਇਸ ਰੋਹ ਨੂੰ ਚਿੰਗਾਰੀ ਬਖਸ਼ਣ ਦੀ ਹੁੰਦੀ ਹੈ ਤਾਂ ਕਿ ਇਹ ਰੋਹ ਤੋਂ ਵਿਦਰੋਹ ਬਣ ਸਕੇ। ਇੱਥੇ ਜੀਤੋ ਤੋਂ ਕਰਮੋਂ ਵੱਲ ਤੇ ਕਰਮੋਂ ਤੋਂ ਕਾਲੇ ਵੱਲ, ਇਹ ਚਿੰਗਾਰੀ ਫੈਲ ਰਹੀ ਹੈ। ਸਰਦਾਰ ਦੀ ਅੱਖ ਜੀਤੋ ਪ੍ਰਤੀ ਵੀ ਮੈਲੀ ਹੈ। ਹੁਣ ਨਾਟਕ ਆਪਣੇ ਅੰਤ ਨੇੜੇ ਆ ਗਿਆ ਹੈ। ਸਰਦਾਰ ਸ਼ਾਹ ਨੂੰ ਵੀ ਸੱਦਾ ਦੇ ਆਇਆ ਹੈ ਕਿ ਸ਼ਾਮ ਵੇਲੇ ਨਵਾਂ ਪਰਿੰਦਾ ਜਾਲ ’ਚ ਫਸਣ ਆ ਰਿਹਾ ਹੈ। ਸਰਦਾਰ ਤੇ ਸ਼ਾਹ ਦਾਰੂ ਪੀ ਰਹੇ ਹਨ। ਕਰਮੋ ਆ ਪਹੁੰਚੀ ਹੈ ਤੇ ਅੰਦਰ ਚਲੀ ਗਈ ਹੈ। ਸਰਦਾਰ ਪਿੱਛੇ ਗਿਆ ਹੈ। ਸ਼ਾਹ ਨੂੰ ਕਾਲਾ ਆ ਘੇਰਦਾ ਹੈ ਤੇ ਪਾਸ਼ ਦੀ ਬੋਲੀ ਨੂੰ ਨਾਟਕੀ ਢੰਗ ਨਾਲ ਬੋਲਦਾ ਸ਼ਾਹ ਵੱਲ ਵਧਦਾ ਹੈ:
ਅਹੁ ਗਏ ਸਾਜਨ ਅਹੁ ਗਏ/ ਲੰਘ ਗਏ ਦਰਿਆ/ ਖੰਡੇ ਦਾ ਕੀ ਰੱਖਣਾ/ ਜੇ ਲਿਆ ਮਿਆਨੇ ਪਾ।
ਕਾਲਾ ਡੱਬ ’ਚੋਂ ਦੇਸੀ ਹਥਿਆਰ ਕੱਢਦਾ ਹੈ ਤੇ ਸ਼ਾਹ ਨੂੰ ਭਜਾਉਂਦਾ ਹੋਇਆ ਮੰਚ ਤੋਂ ਬਾਹਰ ਜਾਂਦਾ ਹੈ। ਸਾਹੋ ਸਾਹੀ ਹੋਇਆ ਫਿਰ ਆਉਂਦਾ ਹੈ ਤੇ ਦੂਜੇ ਪਾਸੇ ਸਰਦਾਰ ਵੱਲ ਵਧਣ ਲੱਗਦਾ ਹੈ ਤਾਂ ਖੂਨ ਨਾਲ ਲਿੱਬੜੀ ਦਾਤਰੀ ਫੜੀ ਕਰਮੋ ਸ਼ੀਹਣੀਆਂ ਦੀ ਤਰ੍ਹਾਂ ਪ੍ਰਵੇਸ਼ ਕਰਦੀ ਹੈ ਤੇ ਦਹਿਕਦੇ ਬੋਲ ਬੋਲਦੀ ਹੈ,‘ਜੋ ਗੁਰਨਾਮੀ ਨਾ ਕਰ ਸਕੀ, ਭਜਨੋ ਨਾ ਕਰ ਸਕੀ, ਉਨ੍ਹਾਂ ਦੀਆਂ ਭੈਣਾਂ ਨਾ ਕਰ ਸਕੀਆਂ, ਉਹ ਮੈਨੂੰ ਕਰਨਾ ਪਿਆ।’ ਮੇਰਾ ਰੰਗਮੰਚ ਦਾ ਪਹਿਲਾ ਉਸਤਾਦ ਪ੍ਰਿਤਪਾਲ ਸੰਧੂ ਕਾਲੇ ਦੇ ਰੂਪ ’ਚ ਮਾਣ ਨਾਲ ਕਰਮੋ ਦਾ ਹੱਥ ਫੜਦਾ ਹੈ। ਕਰਮੋ ਦੇ ਰੂਪ ’ਚ ਰਜਿੰਦਰ ਰੋਜ਼ੀ ਸਵੈਮਾਣ ਨਾਲ ਭਰੀ, ਦਰਸ਼ਕਾਂ ਵੱਲ ਵਿਦਰੋਹ ਦੀ ਚਿਣਗ ਸੁੱਟ ਰਹੀ ਹੈ। ਸਰਦਾਰ ਦੇ ਰੂਪ ’ਚ ਮੈਂ ਅਤੇ ਸ਼ਾਹ ਦੇ ਰੂਪ ’ਚ ਤਨੂੰ ਸਾਈਡ ਵਿੰਗਜ਼ ਵਿਚ ਖੜ੍ਹੇ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ। ਪਿੱਠ ਭੂਮੀ ਤੋਂ ਭਾਅ ਦੀ ਆਵਾਜ਼ ਤੇ ਪਾਸ਼ ਦੇ ਬੋਲ ਗੂੰਜਦੇ ਹਨ:
ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ/ ਕਿ ਲੋਹੇ ’ਤੇ ਨਿਰਭਰ ਲੋਕ/ ਲੋਹੇ ਦੀਆਂ ਪੱਤੀਆਂ ਖਾ ਕੇ/ ਖ਼ੁਦਕੁਸ਼ੀ ਕਰਨੋਂ ਹੱਟ ਜਾਣ/ ਵਿਹੜੇ ਵਿਚ ਰਹਿੰਦੀ ਭਜਨੋਂ ਨਾਮੋ/ ਹਵੇਲੀ ’ਚ ਰਹਿੰਦੇ ਕਿਸੇ ਧੱਕੜ ਅੱਗੇ/ ਕੱਪੜੇ ਤਕ ਵੀ ਲਾਹੁਣ ਲਈ ਮਜਬੂਰ ਨਾ ਹੋਣ/ ਪਰ ਆਖਰ ਲੋਹੇ ਨੂੰ/ ਹਥਿਆਰਾਂ ਦਾਤੀਆਂ ਦੀ ਸ਼ਕਲ ਅਖ਼ਤਿਆਰ ਕਰਨੀ ਪਈ ਹੈ/ ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ।
1989 ’ਚ ਮੰਚ ਤੋਂ ਗੂੰਜੀ ਇਹ ਆਵਾਜ਼ ਅੱਜ 2020 ਵਿਚ ਸਿਰਫ਼ ਮੁਕਤਸਰ ਦੇ ਵਿਹੜਿਆਂ ’ਚ ਹੀ ਨਹੀਂ, ਸਮੁੱਚੇ ਕਿਰਤੀ ਵਰਗ ਦੇ ਅੰਬਰ ’ਤੇ ਮਾਈ ਭਾਗੋ ਬਣ ਲਲਕਾਰ ਰਹੀ ਹੈ। ਇਹੀ ਸੁਪਨਾ ਭਾਅ ਦਾ ਸੀ। ਇਹੀ ਪੈਗ਼ਾਮ ਪਾਸ਼ ਦਾ ਸੀ। ਤੇ ਇਹੀ ਪ੍ਰਣ ਹਰ ਲੋਕ ਪੱਖੀ ਕਲਾਕਾਰ ਦਾ ਹੈ।
ਸੰਪਰਕ: 98880-11096