ਸੁਖਵਿੰਦਰ ਸਿੰਘ ਮੁੱਲਾਂਪੁਰ
ਗੀਤਕਾਰੀ ਅਤੇ ਗਾਇਕੀ ਦਾ ਬਾਦਸ਼ਾਹ ਦੀਦਾਰ ਸੰਧੂ ਪਤਾ ਨਹੀ ਕਿੱਥੋਂ ਲਿਆ ਲਿਆ ਕੇ ਸ਼ਬਦ ਆਪਣੀ ਗੀਤਕਾਰੀ ਵਿਚ ਪਰੋ ਦਿੰਦਾ ਸੀ। ਫਿਰ ਆਪ ਹੀ ਗੀਤਾਂ ਨੂੰ ਗਾਅ ਕੇ ਚਾਰ ਚੰਨ ਲਾ ਦਿੰਦਾ ਸੀ। ਇਹ ਹੀ ਉਸ ਦੀ ਕਮਾਲ ਦੀ ਗੱਲ ਸੀ।
ਇਸ ਮਹਾਨ ਗੀਤਕਾਰ ਅਤੇ ਗਾਇਕ ਦਾ ਜਨਮ 3 ਜੁਲਾਈ 1942 ਨੂੰ ਅਣਵੰਡੇ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ ਨੰਬਰ 133 ਵਿਚ ਹੋਇਆ। ਦੋਹਾਂ ਦੇਸ਼ਾਂ ਦੀ ਵੰਡ ਵੇਲੇ ਇਹ ਪਰਿਵਾਰ ਚੜ੍ਹਦੇ ਪੰਜਾਬ ਵਿਚ ਪਿੰਡ ਬੋਤਲ ਵਾਲਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਵਿਖੇ ਆ ਗਿਆ, ਪਰ ਕੁਝ ਸਮੇਂ ਬਾਅਦ ਪਿੰਡ ਭਰੋਵਾਲ ਖੁਰਦ ਵਿਖੇ ਜ਼ਮੀਨ ਅਲਾਟ ਹੋਣ ਕਰਕੇ ਪੱਕੇ ਤੌਰ ’ਤੇ ਇੱਥੇ ਰਹਿਣ ਲੱਗਾ।
ਉਸ ਨੇ ਦਸਵੀਂ ਜਮਾਤ ਪਾਸ ਕਰਨ ਮਗਰੋਂ ਲੋਕ ਸੰਪਰਕ ਵਿਭਾਗ ਵਿਚ ਨੌਕਰੀ ਕਰ ਲਈ। ਉੱਥੇ ਹੀ ਮੁਹੰਮਦ ਸਦੀਕ ਨੌਕਰੀ ਕਰਦਾ ਸੀ। ਦੀਦਾਰ ਸੰਧੂ ਉਸ ਦੇ ਸੰਪਰਕ ਵਿਚ ਆ ਕੇ ਉਸ ਨੂੰ 1962 ਵਿਚ ਮਿਲਿਆ। ਜਦੋਂ ਉਸ ਨੇ ਆਪਣੇ ਲਿਖੇ ਗੀਤ ਸਦੀਕ ਨੂੰ ਦਿਖਾਏ ਤਾਂ ਉਹ ਹੈਰਾਨ ਰਹਿ ਗਿਆ ਕਿ ਅੱਲੜ੍ਹ ਜਿਹੇ ਮੁੰਡੇ ਨੇ ਇੰਨੇ ਵਧੀਆ ਗੀਤ ਲਿਖੇ ਹਨ। ਉਹ ਗੀਤ ਸਨ ‘ਇਕ ਤੇਰਾ ਰੰਗ ਮੁਸ਼ਕੀ ਦੂਜਾ ਚਰਖਾ ਗਲੀ ਦੇ ਵਿਚ ਡਾਹਿਆ’, ਦੂਜਾ ਗੀਤ ‘ਜਿਹੀ ਤੇਰੀ ਗੁੱਤ ਦੇਖਲੀ ਜਿਹਾ ਦੇਖਿਆ ਜਰਗ ਦਾ ਮੇਲਾ’ ਅਤੇ ਤੀਜਾ ਗੀਤ ‘ਗੋਰੇ ਰੰਗ ’ਤੇ ਬਾਸਕਟ ਕਾਲੀ ਵੇਖ ਜੱਟਾ ਤੈਨੂੰ ਬੜੀ ਸਜਦੀ’। ਇਹ ਤਿੰਨੇ ਗੀਤ 1965-66 ਵਿਚ ਰਿਕਾਰਡ ਹੋਏ। ਇਹ ਇੰਨੇ ਚੱਲੇ ਕਿ ਇਨ੍ਹਾਂ ਨੇ ਉਸ ਦੀ ਗੀਤਕਾਰੀ ਵਿਚ ਵਧੀਆ ਪਛਾਣ ਬਣਾ ਦਿੱਤੀ। ਮੁਹੰਮਦ ਸਦੀਕ ਨੇ ਵੀ ਇਹ ਗੀਤ ਗਾ ਕੇ ਆਪਣਾ ਗਾਇਕੀ ਵਿਚ ਕੱਦ ਹੋਰ ਉੱਚਾ ਕਰ ਲਿਆ।
ਦੀਦਾਰ ਸੰਧੂ ਨਾਲ ਮੈਂ ਬਹੁਤ ਨਜ਼ਦੀਕ ਤੋਂ ਵਿਚਰਿਆ ਹਾਂ। ਉਹ ਰੋਜ਼ਾਨਾ ਸਾਡੇ ਪਿੰਡ ਮੁੱਲਾਂਪੁਰ ਵਿਚੋਂ ਲੰਘ ਕੇ ਜਦੋਂ ਭਰੋਵਾਲ ਜਾਂਦਾ ਤਾਂ ਪਹਿਲਾਂ ਸਾਡੇ ਪਿੰਡ ਦੇ ਕੁੰਦਣ ਦੇ ਸੜਕ ’ਤੇ ਬਣੇ ਚੁਬਾਰੇ ਵਿਚ ਬੈਠ ਕੇ ਜਾਣਾ। ਇੱਥੇ ਹੀ ਮੇਰੀ ਉਸ ਨਾਲ ਨੇੜਤਾ ਵਧੀ। ਉਹ ਪਿੰਡ ਮੁੱਲਾਂਪੁਰ ਨੂੰ ਆਪਣਾ ਪਿੰਡ ਹੀ ਮੰਨਦਾ ਸੀ। ਉਸ ਨੇ ਜਦੋਂ ਗਾਇਕੀ ਦੇ ਖੇਤਰ ਵਿਚ ਪੈਰ ਪਾਇਆ ਤਾਂ ਸਭ ਤੋਂ ਪਹਿਲਾ ਗੀਤ ਨਰਿੰਦਰ ਬੀਬਾ ਨਾਲ ਰਿਕਾਰਡ ਕਰਵਾਇਆ: ਜੱਟ ਬੜਾ ਬੇਦਰਦੀ ਮੈਂ ਕਿੱਥੇ ਜਾਵਾਂ’। ਫਿਰ ਉਸ ਦੀ ਜੋੜੀ ਸਨੇਹ ਲਤਾ ਨਾਲ ਬਣ ਗਈ ਜੋ ਬਹੁਤ ਮਕਬੂਲ ਹੋਈ। 1975 ਵਿਚ ਉਸ ਦਾ ਸਨੇਹ ਲਤਾ ਨਾਲ ਛੇ ਗੀਤਾਂ ਦਾ ਤਵਾ ਆਇਆ ਜਿਸ ਨੇ ਦੀਦਾਰ ਦੀ ਗੀਤਕਾਰੀ ਅਤੇ ਗਾਇਕੀ ਦਾ ਲੋਹਾ ਮੰਨਵਾ ਦਿੱਤਾ। ਉਸ ਤਵੇ ਦੇ ਗੀਤ ਹਨ ‘ਜੋੜੀ ਜਦੋਂ ਚੁਬਾਰੇ ਚੜ੍ਹਦੀ’, ‘ਬਣ ਕੇ ਪ੍ਰਹਾਉਣਾ ਆ ਵੇ’, ‘ਜੇ ਬਣ ਜੇ ਵਿਚੋਲਣ ਮੇਰੀ’, ‘ਹਾਲ ਓ ਰੱਬਾ’ ਆਦਿ ਤਾਂ ਸਾਰੇ ਹੀ ਵਧੀਆ ਸਨ, ਪਰ ‘ਜੋੜੀ ਜਦੋਂ ਚੁਬਾਰੇ ਚੜ੍ਹਦੀ’ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ।
ਉਸ ਦੇ ਮੁਕਤਸਰ, ਬਠਿੰਡਾ ਤੋਂ ਲੈ ਕੇ ਗੰਗਾਨਗਰ ਤਕ ਬਹੁਤ ਜ਼ਿਆਦਾ ਅਖਾੜੇ ਲੱਗਦੇ ਸਨ। ਰਸਤੇ ਵਿਚ ਕੋਟਕਪੂਰੇ ਦਾ ਰੇਲਵੇ ਫਾਟਕ ਪੈਂਦਾ ਸੀ। ਜੋ ਬਹੁਤਾ ਸਮਾਂ ਬੰਦ ਰਹਿੰਦਾ ਸੀ। ਘਰ ਤੋਂ ਉੱਧਰ ਅਖਾੜਾ ਲਾਉਣ ਜਾਣ ਲਈ ਫਾਟਕ ਬੰਦ ਰਹਿਣ ਦਾ ਸਮਾਂ ਲੈ ਕੇ ਚੱਲਣਾ ਪੈਂਦਾ ਸੀ। ਇਸ ਕਰਕੇ ਦੀਦਾਰ ਸੰਧੂ ਨੂੰ ਉੱਥੇ ਖੜ੍ਹ ਕੇ ਗੀਤ ਲਿਖਣਾ ਪਿਆ ‘ਹੁਣ ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੂਰੇ ਦਾ’। ਉਹ ਕਲਾ ਦਾ ਭਰਪੂਰ ਖ਼ਜ਼ਾਨਾ ਸੀ। ਉਹ ਇਕ ਸਤਰ ਵਿਚ ਖ਼ੁਸ਼ੀ ਗ਼ਮੀ ਦੋਵੇਂ ਇਕੱਠੀਆਂ ਕਰ ਦਿੰਦਾ ਸੀ।
ਦੀਦਾਰ ਸੰਧੂ ਦੀ ਗੀਤਕਾਰੀ ਕਮਾਲ ਦੀ ਸੀ। ਉਸ ਦਾ ਪਤਾ ਨਹੀਂ ਲੱਗਦਾ ਸੀ ਕਿ ਕਿਹੜੇ ਵੇਲੇ ਗੀਤ ਰਚ ਦਿੰਦਾ ਸੀ। ਇਕ ਵਾਰ ਉਹ ਦਿੱਲੀ ਹਿਜ਼ ਮਾਸਟਰ’ਜ਼ ਵੌਇਸ ਕੰਪਨੀ ਵਿਚ ਰਿਕਾਡਿੰਗ ਕਰਵਾਉਣ ਗਿਆ। ਇਹ ਰਿਕਾਡਿੰਗ ਸੁਰਿੰਦਰ ਕੌਰ ਨਾਲ ਸੀ। ਸੁਰਿੰਦਰ ਕੌਰ ਉਸ ਸਮੇਂ ਦਿੱਲੀ ਵਿਚ ਰਹਿ ਰਹੀ ਸੀ। ਦੀਦਾਰ ਸੰਧੂ ਚਾਰ ਗੀਤਾਂ ਦੀ ਤਿਆਰੀ ਕਰ ਕੇ ਗਿਆ ਸੀ, ਪਰ ਕੰਪਨੀ ਵਾਲਿਆਂ ਨੇ ਕਿਹਾ ਕਿ ਉਸ ਦੇ ਛੇ ਗੀਤਾਂ ਦੀ ਰਿਕਾਡਿੰਗ ਕਰਨੀ ਹੈ। ਇਸ ਤਰ੍ਹਾਂ ਦੋ ਗੀਤਾਂ ਦੀ ਹੋਰ ਲੋੜ ਸੀ। ਰਿਕਾਡਿੰਗ ਕਰਵਾਉਣ ਲਈ ਉਸ ਨੂੰ ਦੋ ਤਿੰਨ ਦਿਨ ਉੱਥੇ ਹੀ ਠਹਿਰਨਾ ਪਿਆ। ਸ਼ਾਮ ਵੇਲੇ ਉਹ ਆਪਣੇ ਸਾਥੀਆਂ ਨਾਲ ਬਾਜ਼ਾਰ ਘੁੰਮਣ ਚਲਾ ਗਿਆ। ਸੜਕ ’ਤੇ ਇਕ ਵਿਅਕਤੀ ਰੇਹੜੀ ’ਤੇ ਸੁਰਮੇਦਾਨੀਆਂ ਵੇਚ ਰਿਹਾ ਸੀ। ਉੱਥੇ ਉਸ ਦੇ ਇਕ ਸਾਥੀ ਨੇ ਸੁਰਮੇਦਾਨੀ ਖ਼ਰੀਦੀ ਅਤੇ ਸੰਧੂ ਨੇ ਠਹਿਰ ਵਾਲੀ ਥਾਂ ’ਤੇ ਜਾ ਕੇ ਗੀਤ ਲਿਖ ਦਿੱਤਾ ‘ਜੇਠ ਲਿਆਇਆ ਨੀਂ ਦਿੱਲੀਓਂ ਸੁਰਮੇਦਾਨੀ।’
ਦੀਦਾਰ ਦੇ ਲਿਖੇ ਗੀਤ ਮੁਹੰਮਦ ਸਦੀਕ, ਰਣਜੀਤ ਕੌਰ, ਰਮੇਸ਼ ਰੰਗੀਲਾ, ਸੰਦੇਸ਼ ਕਪੂਰ, ਕਰਨੈਲ ਗਿੱਲ, ਸਵਰਨ ਲਤਾ, ਪ੍ਰੀਤੀ ਬਾਲਾ, ਬੀਰ ਚੰਦ ਗੋਪੀ, ਨਰਿੰਦਰ ਬੀਬਾ, ਪ੍ਰੋਮੀਲਾ ਪੰਮੀ ਆਦਿ ਨੇ ਗਾਏ ਹਨ। ਉਸ ਨੇ ਸਨੇਹ ਲਤਾ, ਸੁਰਿੰਦਰ ਕੌਰ, ਕੁਲਦੀਪ ਕੌਰ, ਪਰਮਿੰਦਰ ਸੰਧੂ, ਅਮਰ ਨੂਰੀ, ਬਲਜੀਤ ਬੱਲੀ, ਨਰਿੰਦਰ ਬੀਬਾ, ਸੁਖਵੰਤ ਕੌਰ ਅਤੇ ਸੁਸ਼ਮਾ ਆਦਿ ਨਾਲ ਗਾਇਆ ਹੈ।
ਉਹ ਬਿੰਬਾਂ ਵਿਚ ਲਿਖਦਾ ਸੀ। ਲਿਖਣ ਵੇਲੇ ਇਸ ਤਰ੍ਹਾਂ ਨਾਲ ਦ੍ਰਿਸ਼ ਪੇਸ਼ ਕਰਦਾ ਸੀ ਕਿ ਸੁਣਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਕਿ ਜੋ ਹੋ ਰਿਹਾ ਹੈ ਸਾਹਮਣੇ ਹੀ ਹੋ ਰਿਹਾ ਹੈ। ਉਸ ਨੇ ਆਪਣੇ ਗੀਤਾਂ ਵਿਚ ਸਮਾਜਿਕ ਰਿਸ਼ਤਿਆਂ ਦਾ ਜ਼ਿਕਰ ਵੀ ਬਹੁਤ ਬਾਖ਼ੂਬੀ ਨਾਲ ਕੀਤਾ ਹੈ।
16 ਫਰਵਰੀ 1991 ਨੂੰ ਲੁਧਿਆਣਾ ਵਿਖੇ ਉਸ ਦਾ ਦੇਹਾਂਤ ਹੋ ਗਿਆ। ਭਾਵੇਂ ਅੱਜ ਉਹ ਸਾਡੇ ਵਿਚ ਸਰੀਰਿਕ ਤੌਰ ’ਤੇ ਨਹੀਂ ਹੈ, ਪਰ ਉਸ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਉਸ ਦੀ ਯਾਦ ਵਿਚ ਹਰ ਸਾਲ 21 ਨਵੰਬਰ ਨੂੰ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਉਸ ਦੇ ਘਰ ਕੋਲ ਖੁੱਲ੍ਹਾ ਪੰਡਾਲ ਲਗਾ ਕੇ ਦੀਦਾਰ ਸੰਧੂ ਯਾਦਗਾਰੀ ਮੇਲਾ ਕਰਵਾਇਆ ਜਾਂਦਾ ਹੈ। ਉਸ ਦੀ ਯਾਦ ਵਿਚ ਇਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ ਹੈ।
ਸੰਪਰਕ: 99141-84794