ਮੁੰਬਈ: ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ‘ਬੋਰਨ ਟੂ ਸ਼ਾਈਨ ਵਰਲਡ ਟੂਰ’ ਦੌਰਾਨ ਟੋਰਾਂਟੋ ਸੰਗੀਤ ਸਮਾਰੋਹ ਵਿੱਚ ਯੂ-ਟਿਊਬਰ ਲਿਲੀ ਸਿੰਘ ਅਤੇ ਉਸ ਦੀ ਮਾਂ ਮਲਵਿੰਦਰ ਸਿੰਘ ਦੀ ਮੇਜ਼ਬਾਨੀ ਕੀਤੀ। ਲਿਲੀ ਨੇ ਸਮਾਰੋਹ ਮਗਰੋਂ ਸੋਸ਼ਲ ਮੀਡੀਆ ’ਤੇ ਸਟੇਜ ਦੇ ਪਿਛਲੇ ਪਾਸੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦਿਲਜੀਤ ਸਤਿਕਾਰ ਵਜੋਂ ਮਾਲਵਿੰਦਰ ਦੇ ਪੈਰੀਂ ਹੱਥ ਲਾਉਂਦਾ ਦਿਖਾਈ ਦੇ ਰਿਹਾ ਹੈ। ਤਸਵੀਰ ਵਿੱਚ ਤਿੰਨੇ ਜਣੇ ਹੱਸਦੇ ਦਿਖਾਈ ਦੇ ਰਹੇ ਹਨ। ਇੱਕ ਹੋਰ ਤਸਵੀਰ ਵਿੱਚ ਦਿਲਜੀਤ ਨੇ ਆਪਣਾ ਸਿਰ ਝੁਕਾਇਆ ਹੋਇਆ ਹੈ ਅਤੇ ਉਸ ਦਾ ਹੱਥ ਲਿਲੀ ਦੀ ਮਾਂ ਦੇ ਪੈਰਾਂ ਨੂੰ ਛੂੰਹਦਾ ਦਿਖਾਈ ਦੇ ਰਿਹਾ ਹੈ। ਲਿਲੀ ਦੀ ਮਾਂ ਨੇ ਦਿਲਜੀਤ ਨੂੰ ਆਸ਼ੀਰਵਾਦ ਦੇਣ ਲਈ ਆਪਣਾ ਹੱਥ ਉਸ ਦੇ ਮੋਢੇ ’ਤੇ ਰੱਖਿਆ ਹੋਇਆ ਹੈ। ਲਿਲੀ ਨੇ ਆਖਿਆ ਕਿ ਕਿਵੇਂ ਬਚਪਨ ਵਿਚ ਦਿਲਜੀਤ ਨੂੰ ਮਿਲਣਾ ਉਸ ਦੀ ਖਾਹਿਸ਼ ਹੁੰਦੀ ਸੀ। ਉਸ ਨੇ ਆਖਿਆ, ‘‘ਮੇਰੀ ਮਾਂ ਲਈ ਕੁਝ ਵੀ..! ਬੀਤੀ ਰਾਤ ਮੇਰੇ ‘ਆਂਟੀ ਗੈਂਗ’ ਨੂੰ ਸ਼ੋਅ ਦਾ ਹਿੱਸਾ ਬਣਾਉਣ ਲਈ ਦਿਲਜੀਤ ਦਾ ਧੰਨਵਾਦ। ਜਿਵੇਂ ਹੀ ਦਿਲਜੀਤ ਸਟੇਜ ਤੋਂ ਹੇਠਾਂ ਆਇਆ ਅਤੇ ਉਸ ਨੇ ਮੈਨੂੰ ਤੇ ਮੇਰੀ ਮਾਂ ਨੂੰ ਦੇਖਿਆ ਤਾਂ ਉਹ ਆਸ਼ੀਰਵਾਦ ਲੈਣ ਮੇਰੀ ਮਾਂ ਦੇ ਪੈਰੀਂ ਹੱਥ ਲਾਉਣ ਲੱਗ ਪਿਆ।’’ -ਆਈਏਐੱਨਐੱਸ