ਬਹਾਦਰ ਸਿੰਘ ਗੋਸਲ
ਜਦੋਂ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਤਾਂ ਸੱਚ ਵਿੱਚ ਹੀ ਪੰਜਾਬ ਦੇ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਰੰਗੀਨ ਅਤੇ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲਦੇ ਸਨ। ਇਨ੍ਹਾਂ ਦ੍ਰਿਸ਼ਾਂ ਵਿੱਚ ਮੁਟਿਆਰਾਂ ਦਾ ਖੂਹਾਂ ਤੋਂ ਪਾਣੀ ਭਰਨਾ ਤ੍ਰਿੰਝਣਾਂ ਦੀਆਂ ਰੌਣਕਾਂ, ਪਿੰਡਾਂ ਵਿੱਚ ਪਸ਼ੂਆਂ ਦੇ ਵੱਗ ਦਾ ਨਿਕਲਣਾ, ਗੱਭਰੂਆਂ ਦੇ ਘੋਲਾਂ ਦੇ ਦ੍ਰਿਸ਼, ਦਰਵਾਜ਼ੇ ਪਹੁੰਚਦੀਆਂ ਜੰਝਾਂ ਦੇ ਨਜ਼ਾਰੇ, ਚੂੜੀਆਂ ਚੜ੍ਹਾਉਂਦੇ ਵਣਜਾਰੇ, ਤੀਆਂ ਦੀਆਂ ਰੌਣਕਾਂ, ਗਿੱਧਿਆਂ ਦੇ ਪਿੜ ਅਤੇ ਬਜ਼ੁਰਗਾਂ ਦਾ ਪਿੰਡ ਦੀਆਂ ਸੱਥਾਂ ਵਿੱਚ ਬੈਠਣਾ, ਬਰਾਤ ਵਿੱਚ ਨਚਾਰਾਂ ਦਾ ਨੱਚਣਾ, ਪਿੱਪਲਾਂ ਹੇਠ ਨਿਆਣਿਆਂ ਦਾ ਘੁੱਤੀ ਪਾਉਣਾ ਖੇਡਣਾ, ਹਰ ਇੱਕ ਦੇ ਮਨ ਨੂੰ ਮੋਹ ਲੈਂਦੇ ਸਨ। ਪਰ ਪਿੰਡਾਂ ਵਿੱਚ ਇੱਕ ਅਜਿਹਾ ਵੀ ਸਮਾਜਿਕ ਦ੍ਰਿਸ਼ ਨਜ਼ਰ ਆਉਂਦਾ ਸੀ, ਜਿਸ ਵਿੱਚ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਇਕੱਠੀਆਂ ਬੈਠ ਕੇ ਮਿੱਟੀ ਦੇ ਬਣੇ ਘੜੇ ਮੁੱਧੇ ਮਾਰ ਕੇ ਆਪਣੇ ਪਰਿਵਾਰਾਂ ਲਈ ਸੇਵੀਆਂ ਵੱਟਿਆਂ ਕਰਦੀਆਂ ਸਨ।
ਪਿੰਡਾਂ ਦੇ ਬੱਚੇ, ਬੁੱਢੇ ਅਤੇ ਨੌਜਵਾਨ ਭਾਵੇਂ ਇਨ੍ਹਾਂ ਸਾਰੇ ਦ੍ਰਿਸ਼ਾਂ ਦਾ ਆਨੰਦ ਮਾਣਦੇ ਸਨ, ਪਰ ਭਾਦੋਂ ਦੇ ਮਹੀਨੇ ਵਿੱਚ ਬਜ਼ੁਰਗ ਔਰਤਾਂ ਵੱਲੋਂ ਵੱਟੀਆਂ ਜਾਂਦੀਆਂ ਸੇਵੀਆਂ ਲਈ ਉਨ੍ਹਾਂ ਨੂੰ ਵੱਖਰਾ ਹੀ ਆਨੰਦ ਮਿਲਦਾ ਸੀ ਕਿਉਂਕਿ ਬਣ ਰਹੀਆਂ ਸੇਵੀਆਂ ਨੂੰ ਦੇਖ ਉਨ੍ਹਾਂ ਦੇ ਮੂੰਹਾਂ ਵਿੱਚ ਪਾਣੀ ਆ ਜਾਂਦਾ ਅਤੇ ਉਹ ਉਸ ਦਿਨ ਦੀ ਉਡੀਕ ਕਰਦੇ ਜਦੋਂ ਘਰ ਵਿੱਚ ਇਹ ਮਿੱਠੀਆਂ ਸੇਵੀਆਂ ਬਣਨੀਆਂ ਹੁੰਦੀਆਂ ਸਨ। ਸੇਵੀਆਂ ਬਣਾਉਣ ਦਾ ਇਹ ਵਿਸ਼ੇਸ਼ ਮੌਸਮ ਹੁੰਦਾ ਸੀ ਕਿਉਂਕਿ ਪਿੰਡਾਂ ਵਿੱਚ ਨੌਮੀ ਦੇ ਮੇਲੇ ਲੱਗਦੇ ਸਨ। ਗੁੱਗੇ ਪੀਰ ਦੀ ਪੂਜਾ ਲਈ ਪੰਦਰਾਂ ਦਿਨਾਂ ਦੇ ਫਰਕ ਨਾਲ ਦੋ ਨੌਮੀਆਂ ਮਨਾਈਆਂ ਜਾਂਦੀਆਂ, ਜਦੋਂ ਕਿ ਪਹਿਲੀ ਨੌਮੀ ਨੂੰ ਪਿੰਡਾਂ ਵਿੱਚ ਮਾਲ੍ਹ-ਪੂੜੇ ਬਣਾ ਕੇ ਨੌਮੀ ਮਨਾਈ ਜਾਂਦੀ ਅਤੇ ਦੂਜੀ ਨੌਮੀ ਸੇਵੀਆਂ ਬਣਾ ਕੇ ਮਨਾਈ ਜਾਂਦੀ। ਰੱਖੜੀਆਂ ਵਾਲੇ ਦਿਨ ਤੋਂ ਹੀ ਪਿੰਡਾਂ ਵਿੱਚ ਡੌਰੂਆਂ ਵਾਲੇ ਫਿਰਨ ਲੱਗਦੇ ਅਤੇ ਬੱਚੇ ਉਨ੍ਹਾਂ ਪਾਸੋਂ ਸੇਵੀਆਂ ਵਾਲੀ ਮਾੜੀ ਦੀ ਤਰੀਕ ਪੁੱਛਦੇ ਰਹਿੰਦੇ। ਇਹ ਡੌਰੂਆਂ ਵਾਲੇ ਆਪਣੇ ਆਪ ਨੂੰ ਗੁੱਗੇ ਦੇ ਭਗਤ ਦੱਸ ਕੇ ਮਾੜੀ ਦੇ ਮੇਲਿਆਂ ਤੱਕ ਪਿੰਡਾਂ ਵਿੱਚ ਵਿਚਰਦੇ ਰਹਿੰਦੇ। ਲੋਕ ਵੀ ਸੋਚਦੇ ਕਿ ਹੁਣ ਬਾਰਸ਼ ਦਾ ਮੌਸਮ ਖਤਮ ਹੋਣ ’ਤੇ ਹੈ ਅਤੇ ਸਾਲਾਨਾ ਤਿਉਹਾਰ ਸ਼ੁਰੂ ਹੋਣ ਦਾ ਸਮਾਂ ਆ ਗਿਆ ਹੈ। ਤਾਂ ਹੀ ਤਾਂ ਉਹ ਕਿਹਾ ਕਰਦੇ ਸਨ, ‘‘ਡੌਰੂ ਵੱਜੇ-ਬੱਦਲ ਭੱਜੇ।’’ ਇਹ ਸਿਲਸਿਲਾ ਦੋਹਾਂ ਨੌਮੀਆਂ ਤੱਕ ਚੱਲਦਾ ਰਹਿੰਦਾ, ਪਰ ਸੇਵੀਆਂ ਵਾਲੀ ਨੌਮੀ ਤੋਂ ਪਹਿਲਾਂ ਘਰਾਂ ਦੀਆਂ ਔਰਤਾਂ ਨੂੰ ਕਾਫ਼ੀ ਤਿਆਰੀ ਕਰਨੀ ਪੈਂਦੀ ਸੀ। ਉਹ ਦੂਜੀਆਂ ਔਰਤਾਂ ਨਾਲ ਸਲਾਹ-ਮਸ਼ਵਰਾ ਕਰਕੇ ਕਿਸੇ ਖਾਸ ਦਿਨ ਨੂੰ ਸੇਵੀਆਂ ਵੱਟਣ ਲਈ ਚੁਣਦੀਆਂ ਅਤੇ ਉਸ ਵਿਸ਼ੇਸ਼ ਦਿਨ ’ਤੇ ਕਿਸੇ ਰੁੱਖ ਦੀ ਛਾਂ ਹੇਠ ਆਪਣੇ ਘੜੇ ਮੁੱਧੇ ਮਾਰ ਕੇ ਸੇਵੀਆਂ ਵੱਟਣ ਦੀ ਤਿਆਰੀ ਵਿੱਚ ਜੁਟ ਜਾਂਦੀਆਂ। ਬਜ਼ੁਰਗ ਔਰਤਾਂ ਅਜਿਹੇ ਕੰਮਾਂ ਵਿੱਚ ਬੜੀਆਂ ਨਿਪੁੰਨ ਹੁੰਦੀਆਂ ਸਨ ਅਤੇ ਉਹ ਆਉਣ ਵਾਲੀ ਪੀੜ੍ਹੀ ਦੀ ਅਗਵਾਈ ਕਰਦੀਆਂ।
ਸੇਵੀਆਂ ਵੱਟਣ ਤੋਂ ਪਹਿਲਾਂ ਔਰਤਾਂ ਨੂੰ ਸੇਵੀਆਂ ਲਈ ਖਾਸ ਤਰ੍ਹਾਂ ਦਾ ਆਟਾ ਤਿਆਰ ਕਰਨਾ ਪੈਂਦਾ ਸੀ। ਕਣਕ ਦੇ ਆਟੇ ਨੂੰ ਚੁੰਨੀਆਂ ਰਾਹੀਂ ਬਾਰੀਕ ਛਾਣ ਕੇ ਜਾਂ ਵਿੱਚ ਮੈਦਾ ਮਿਲਾ ਲਿਆ ਜਾਂਦਾ ਸੀ ਜਾਂ ਕਈ ਔਰਤਾਂ ਸੇਵੀਆਂ ਨੂੰ ਹੋਰ ਸੁਆਦਲੀਆਂ ਬਣਾਉਣ ਲਈ ਵਿੱਚ ਸੂਜੀ ਪਾ ਕੇ ਆਟਾ ਤਿਆਰ ਕਰਦੀਆਂ, ਜਿਸ ਨਾਲ ਆਟਾ ਮੁਲਾਇਮ ਬਣ ਜਾਂਦਾ ਅਤੇ ਸੇਵੀਆਂ ਵੱਟਣੀਆਂ ਸੌਖੀਆਂ ਹੋ ਜਾਂਦੀਆਂ। ਆਟੇ ਦੀ ਤਿਆਰੀ ਤੋਂ ਬਾਅਦ ਉਹ ਜ਼ਮੀਨ ’ਤੇ ਬੈਠ ਕੇ ਆਪਣੇ ਅੱਗੇ ਮੁੱਧਾ ਮਾਰਿਆ ਘੜਾ ਰੱਖ ਕੇ ਉਸ ਉੱਪਰ ਸਲੀਕੇ ਨਾਲ ਸੇਵੀਆਂ ਵੱਟਣੀਆਂ ਸ਼ੁਰੂ ਕਰ ਦਿੰਦੀਆਂ। ਮੈਨੂੰ ਯਾਦ ਹੈ ਕਿ ਅਸੀਂ ਆਪਣੇ ਬਚਪਨ ਵਿੱਚ ਆਪਣੇ ਦਾਦੀ ਜੀ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਸੇਵੀਆਂ ਵੱਟਦੀਆਂ ਦੇਖਦੇ ਸੀ। ਦਾਦੀ ਜੀ ਆਪ ਘੜੇ ਉੱਪਰ ਸੇਵੀਆਂ ਵੱਟਦੇ ਅਤੇ ਬਾਕੀ ਔਰਤਾਂ ਨੂੰ ਵਧੀਆ ਢੰਗ ਨਾਲ ਸੇਵੀਆਂ ਵੱਟਣ ਦੀ ਸਿਖਲਾਈ ਦਿੰਦੇ। ਦੂਜੀਆਂ ਔਰਤਾਂ ਵੀ ਦਾਦੀ ਜੀ ਦੀ ਸੇਵੀਆਂ ਵੱਟਣ ਦੀ ਇਸ ਨਿਪੁੰਨਤਾ ਭਰੀ ਕਲਾਂ ਤੋਂ ਬਲਿਹਾਰ ਜਾਂਦੀਆਂ ਸਨ।
ਬਚਪਨ ਵਿੱਚ ਅਸੀਂ ਇਨ੍ਹਾਂ ਸੇਵੀਆਂ ਵੱਟਦੀਆਂ ਔਰਤਾਂ ਕੋਲ ਖੇਡਦੇ ਰਹਿਣਾ ਅਤੇ ਦੇਖਣਾ ਕਿ ਉਹ ਕਿਸ ਤਰ੍ਹਾਂ ਬੜੀਆਂ ਲੰਬੀਆਂ-ਲੰਬੀਆਂ ਸੇਵੀਆਂ ਵੱਟ ਕੇ ਫਿਰ ਉਨ੍ਹਾਂ ਨੂੰ ਮੁੱਧੇ ਮਾਰੇ ਮੰਜਿਆਂ ਦੇ ਪਾਵਿਆਂ ਨਾਲ ਬੰਨ੍ਹੀਆਂ ਰੱਸੀਆਂ ’ਤੇ ਪਾ ਦਿੰਦੀਆਂ ਅਤੇ ਕਈ ਘੰਟੇ ਦੀ ਮਿਹਨਤ ਬਾਅਦ ਉਹ ਸਾਰੀਆਂ ਰੱਸੀਆਂ ਸੇਵੀਆਂ ਨਾਲ ਭਰ ਜਾਂਦੀਆਂ। ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਸੇਵੀਆਂ ਜੁੜਦੀਆਂ ਨਹੀਂ ਸਨ, ਦੂਜੇ ਛੇਤੀ ਸੁੱਕ ਜਾਂਦੀਆਂ ਸਨ।
ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਇਹ ਸਾਡਾ ਸਮਾਜਿਕ ਰਿਵਾਜ ਸਮਾਜ ਨੂੰ ਨਵੀਂ ਸੇਧ ਦਿੰਦਾ ਸੀ। ਰੱਸੀਆਂ ’ਤੇ ਸੁੱਕ ਰਹੀਆਂ ਸੇਵੀਆਂ ਨੂੰ ਦੇਖ ਅਸੀਂ ਵੀ ਦਾਦੀ ਜੀ ਨੂੰ ਪੁੱਛਦੇ ਰਹਿੰਦੇ ਕਿ ਉਹ ਇਹ ਸੇਵੀਆਂ ਕਦੋਂ ਬਣਾਉਣਗੇ ਤਾਂ ਦਾਦੀ ਜੀ ਨੇ ਵੀ ਹੱਸਦੇ ਹੋਏ ਕਹਿਣਾ ‘‘ਉਹ, ਭਾਈ ਅੱਜ ਤਾਂ ਵੱਟੀਆਂ ਨੇ, ਸ਼ਾਮ ਤੱਕ ਸੁੱਕਣਗੀਆਂ, ਫਿਰ ਘੜੇ ਵਿੱਚ ਪਾ ਕੇ ਰੱਖ ਦੇਣੀਆਂ ਹਨ, ਫਿਰ ਕਿਸੇ ਦਿਨ ਭੁੰਨ ਕੇ ਤਿਆਰ ਬਰ ਤਿਆਰ ਤਿਆਰ ਕਰ ਲਵਾਂਗੀ, ਨੌਮੀ ਵਾਲੇ ਦਿਨ ਆਪਾਂ ਇਹ ਬਣਾਵਾਂਗੇ ਅਤੇ ਫਿਰ ਤੁਸੀਂ ਰੱਜ ਕੇ ਖਾ ਲੈਣੀਆਂ।’’
ਦਾਦੀ ਜੀ ਦੀ ਗੱਲ ਨਾਲ ਸਾਨੂੰ ਤਸੱਲੀ ਹੋ ਜਾਣੀ ਅਤੇ ਅਸੀਂ ਬੜੀ ਬੇਸਬਰੀ ਨਾਲ ਨੌਮੀ ਵਾਲੇ ਦਿਨ ਦਾ ਇੰਤਜ਼ਾਰ ਕਰਦੇ ਰਹਿਣਾ। ਪੰਜਾਬ ਦੇ ਪਿੰਡਾਂ ਦੇ ਹਰ ਘਰ ਵਿੱਚ ਅਜਿਹਾ ਹੀ ਵਰਤਾਰਾ ਚੱਲਦਾ ਸੀ। ਹਰ ਘਰ ਪਰਿਵਾਰ ਵਿੱਚ ਸੇਵੀਆਂ ਵੱਟੀਆਂ ਜਾਂਦੀਆਂ ਅਤੇ ਖਾਣ ਦਾ ਆਨੰਦ ਮਾਣਿਆ ਜਾਂਦਾ ਸੀ, ਪਰ ਸਮੇਂ ਦੇ ਬਦਲਣ ਨਾਲ ਹੱਥਾਂ ਨਾਲ ਸੇਵੀਆਂ ਵੱਟਣ ਦੀ ਥਾਂ ਛੋਟੀਆਂ-ਛੋਟੀਆਂ ਮਸ਼ੀਨਾਂ ਆ ਗਈਆਂ ਜਿਨ੍ਹਾਂ ਨੂੰ ‘ਜੰਡੀ’ ਦਾ ਨਾਂ ਦਿੱਤਾ ਜਾਂਦਾ ਸੀ। ਜੰਡੀ ਨਾਲ ਸੇਵੀਆਂ ਬੜੀ ਜਲਦੀ ਅਤੇ ਵੱਧ ਮਾਤਰਾ ਵਿੱਚ ਬਣ ਜਾਂਦੀਆਂ ਸਨ। ਪਰ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਸੁਕਾਉਣਾ ਅਤੇ ਬਣਾਉਣਾ ਪੈਂਦਾ ਸੀ। ਪਰ ਇਨ੍ਹਾਂ ਸੇਵੀਆਂ ਵੱਟਣੀਆਂ ਮਸ਼ੀਨਾਂ ਦੇ ਆਉਣ ਨਾਲ ਔਰਤਾਂ ਦਾ ਕੰਮ ਘੱਟ ਗਿਆ, ਪਰ ਘੜੇ ’ਤੇ ਵੱਟੀਆਂ ਜਾਂਦੀਆਂ ਸੇਵੀਆਂ ਵਾਲੇ ਦ੍ਰਿਸ਼ ਅਲੋਪ ਹੁੰਦੇ ਚਲੇ ਗਏ। ਇਨ੍ਹਾਂ ਮਸ਼ੀਨੀ ਸੇਵੀਆਂ ਨੇ ਸਾਡੇ ਸਾਰੇ ਪੁਰਾਣੇ ਚਾਅ ਹੀ ਗੁੰਮ ਕਰ ਦਿੱਤੇ। ਅੱਜਕੱਲ੍ਹ ਤਾਂ ਸੇਵੀਆਂ ਵੱਟਣ ਦਾ ਰਿਵਾਜ ਹੀ ਘੱਟ ਗਿਆ ਹੈ। ਬਾਜ਼ਾਰਾਂ ਵਿੱਚ ਬਣੀਆਂ ਬਣਾਈਆਂ ਸੇਵੀਆਂ ਬੰਦ ਲਿਫ਼ਾਫ਼ਿਆਂ ਵਿੱਚ ਪਾਈਆਂ ਮਿਲਦੀਆਂ ਹਨ। ਭਾਵੇਂ ਖਾਣ ਨੂੰ ਸੇਵੀਆਂ ਤਾਂ ਮਿਲ ਹੀ ਜਾਂਦੀਆਂ ਹਨ, ਪਰ ਹੱਥਾਂ ਨਾਲ ਵੱਟੀਆਂ ਸੇਵੀਆਂ ਦਾ ਸੁਆਦ, ਦਾਦੀ ਦਾ ਪਿਆਰ ਅਤੇ ਪੰਜਾਬੀ ਸੱਭਿਆਚਾਰ ਦਾ ਉਹ ਮਨਮੋਹਕ ਦ੍ਰਿਸ਼ ਸਾਥੋਂ ਬਹੁਤ ਦੂਰ ਚਲਾ ਗਿਆ ਹੈ।
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕਈ ਔਰਤਾਂ ਆਟੇ ਨੂੰ ਲੰਬੇ ਧਾਗੇ ਦੀ ਤਰ੍ਹਾਂ ਬਣਾ ਕੇ ਫਿਰ ਉਸ ਵਿੱਚੋਂ ਸੇਵੀਆਂ ਬਣਾਉਣ ਲਈ ਹੱਥਾਂ ਨਾਲ ਛੋਟੀਆਂ-ਛੋਟੀਆਂ ਤੋੜੀ ਜਾਂਦੀਆਂ ਹਨ, ਪਰ ਇਹ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਸੇਵੀਆਂ ਦਾ ਰਸ ਵੀ ਨਹੀਂ ਦਿੰਦੀਆਂ, ਦੂਜਾ ਅਜਿਹਾ ਕਰਨ ਨਾਲ ਸਮਾਂ ਬਹੁਤ ਲੱਗਦਾ ਹੈ ਅਤੇ ਸੇਵੀਆਂ ਵੀ ਬਹੁਤ ਘੱਟ ਮਾਤਰਾ ਵਿੱਚ ਬਣਦੀਆਂ ਹਨ। ਅੱਜਕੱਲ੍ਹ ਦੇ ਸ਼ਹਿਰੀ ਬੱਚੇ ਅਤੇ ਵੱਡੇ ਵੀ ਨਿਊਡਲਜ਼ ਖਾਣ ਦੇ ਆਦੀ ਹੋ ਗਏ ਹਨ ਜੋ ਸਿਹਤ ਲਈ ਚੰਗੀਆਂ ਨਹੀਂ ਹੁੰਦੀਆਂ, ਪਰ ਸਾਡੀਆਂ ਬਜ਼ੁਰਗ ਔਰਤਾਂ ਵੱਲੋਂ ਬਣਾਈਆਂ ਦੇਸੀ ਸੇਵੀਆਂ ਤਾਂ ਇੱਕ ਤਰ੍ਹਾਂ ਦੀ ਦਵਾਈ ਬਣ ਜਾਂਦੀਆਂ ਸਨ। ਕੜਾਕੇ ਦੀ ਠੰਢ ਵਿੱਚ ਜਦੋਂ ਪਰਿਵਾਰ ਦਾ ਕੋਈ ਮੈਂਬਰ ਠੰਢ ਨਾਲ ਬਿਮਾਰ ਪੈ ਜਾਂਦਾ ਤਾਂ ਦਾਦੀ ਨੇ ਦੇਸੀ ਘਿਓ ਵਿੱਚ ਲੌਂਗ ਤੇ ਵੱਡੀ ਇਲੈਚੀ ਪਾ ਕੇ ਬਣਾਈਆਂ ਦੇਸੀ ਸੇਵੀਆਂ ਦਾ ਗਰਮ-ਗਰਮ ਸੂਪ ਦੇਣਾ ਤਾਂ ਠੰਢ ਆਪ ਹੀ ਦੌੜ ਜਾਂਦੀ ਸੀ ਅਤੇ ਬਿਮਾਰ ਠੀਕ ਹੋ ਜਾਂਦਾ ਸੀ। ਇਸ ਤਰ੍ਹਾਂ ਸਰਦੀ ਦੇ ਦਿਨਾਂ ਵਿੱਚ ਮਹੀਨੇ ਵਿੱਚ ਕਈ-ਕਈ ਵਾਰ ਘਰ ਸੇਵੀਆਂ ਬਣਦੀਆਂ ਅਤੇ ਨਿਆਣੇ-ਨਿੱਕੇ ਠੰਢ ਤੋਂ ਬਚੇ ਰਹਿੰਦੇ। ਇਸੇ ਤਰ੍ਹਾਂ ਇਹ ਦੇਸੀ ਸੇਵੀਆਂ ਜਿੱਥੇ ਠੰਢ ਵਿੱਚ ਸੁਆਦਲੀਆਂ ਲੱਗਦੀਆਂ, ਨਾਲ ਹੀ ਠੰਢ ਦਾ ਚੰਗਾ ਇਲਾਜ ਵੀ ਕਰ ਦਿੰਦੀਆਂ। ਕੁਦਰਤੀ ਗੱਲ ਹੈ ਕਿ ਜਿਉਂ-ਜਿਉਂ ਮਨੁੱਖ ਦੇਸੀ ਨੁਸਖਿਆਂ ਅਤੇ ਕੁਦਰਤੀ ਕ੍ਰਿਸ਼ਮਿਆਂ ਤੋਂ ਦੂਰ ਜਾ ਰਿਹਾ ਹੈ ਆਪਣੇ ਜੀਵਨ ਨੂੰ ਸੰਕਟ-ਮਈ ਅਤੇ ਦੁੱਖ ਭਰਪੂਰ ਬਣਾ ਰਿਹਾ ਹੈ। ਸਾਡੇ ਪੁਰਾਣੇ ਸੱਭਿਆਚਾਰ ਅਨੁਸਾਰ ਮਨੁੱਖ ਇਨ੍ਹਾਂ ਗੱਲਾਂ ਦਾ ਬਹੁਤ ਧਿਆਨ ਰੱਖਦਾ ਸੀ ਤਾਂ ਹੀ ਸਾਡੇ ਬਜ਼ੁਰਗ ਤੰਦਰੁਸਤ, ਨਰੋਏ ਅਤੇ ਅਜੋਕੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਸਨ। ਕੁਝ ਵੀ ਕਹਿ ਲਵੋ, ਪਰ ਦਾਦੀ ਦੀਆਂ ਬਣਾਈਆਂ ਸੇਵੀਆਂ ਦਾ ਆਨੰਦ ਅਤੇ ਬਣਾਉਣ ਦਾ ਦ੍ਰਿਸ਼ ਲਾ-ਜਵਾਬ ਸਨ।
ਸੰਪਰਕ: 98764-52223