ਮੁੰਬਈ: ਬੌਲੀਵੁਡ ਅਦਾਕਾਰ ਸੈਫ ਅਲੀ ਖਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਨੇ ਆਪਣੇ ਘਰ ਵਿੱਚ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਲਈ ਦੀਵਾਲੀ ਦੀ ਪਾਰਟੀ ਰੱਖੀ ਜਿਸ ਵਿੱਚ ਮਹਿਮਾਨਾਂ ਦਾ ਸਵਾਗਤ ਸ਼ਰਮੀਲਾ ਟੈਗੋਰ ਨੇ ਕੀਤਾ। ਇਸ ਮੌਕੇ ਰਣਧੀਰ ਕਪੂਰ, ਬਬੀਤਾ ਕਪੂਰ, ਆਲੀਆ ਭੱਟ, ਰਣਬੀਰ ਕਪੂਰ, ਸਾਰਾ ਅਲੀ ਖਾਨ ਆਦਿ ਪੁੱਜੇ। ਇਸ ਦੌਰਾਨ ਕਰੀਨਾ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ ਜਿਸ ਵਿਚ ਉਹ ਖੂਬ ਫੱਬ ਰਹੀ ਸੀ ਜਦੋਂਕਿ ਸੈਫ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਪਾਰਟੀ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉੱਘੀ ਅਦਾਕਾਰਾ ਸ਼ਰਮੀਲਾ ਟੈਗੋਰ ਕਾਲੇ ਰੰਗ ਦੀ ਸਾੜ੍ਹੀ ਵਿੱਚ ਦਿਖਾਈ ਦੇ ਰਹੀ ਹੈ ਅਤੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕਰੀਨਾ ਦੇ ਪਿਤਾ ਅਤੇ ਅਦਾਕਾਰ ਰਣਧੀਰ ਕਪੂਰ ਨੇ ਹਲਕੇ ਹਰੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ ਜਦੋਂਕਿ ਬਬੀਤਾ ਗੁਲਾਬੀ ਪਹਿਰਾਵੇ ਵਿਚ ਨਜ਼ਰ ਆ ਰਹੀ ਹੈ। ਇਸ ਮੌਕੇ ਰਣਧੀਰ ਕਪੂਰ ਨੇ ਵੀਡੀਓ ਬਣਾਉਣ ਵਾਲਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਪਾਰਟੀ ’ਚ ਸਾਰਾ ਆਪਣੇ ਭਰਾ ਇਬਰਾਹਿਮ ਨਾਲ ਨਜ਼ਰ ਆਈ। ਦੂਜੇ ਪਾਸੇ ਕੁਨਾਲ ਖੇਮੂ ਨੇ ਚਿੱਟਾ ਕੁੜਤਾ ਅਤੇ ਪਜਾਮਾ ਪਾਇਆ ਹੋਇਆ ਸੀ ਜਦਕਿ ਸੋਹਾ ਅਲੀ ਖਾਨ ਨੇ ਲਾਲ ਸਾੜੀ ਪਾਈ ਸੀ। ਇਸ ਤੋਂ ਇਲਾਵਾ ਕਰਿਸ਼ਮਾ ਕਪੂਰ, ਸੈਫ ਦੀ ਭੈਣ ਸਬਾ, ਅਰਜੁਨ ਕਪੂਰ ਵੀ ਵਧੀਆ ਲੱਗ ਰਹੇ ਸਨ। ਇਸੇ ਤਰ੍ਹਾਂ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਨੇ ਆਪਣੇ ਘਰ ਵਿਚ ਦੀਵਾਲੀ ਪਾਰਟੀ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਸੁਨੀਲ ਸ਼ੈੱਟੀ, ਸੁਸ਼ਮਿਤਾ ਸੇਨ, ਵਿਦਿਆ ਬਾਲਨ, ਹੇਮਾ ਮਾਲਿਨੀ, ਅਨੁਪਮ ਖੇਰ ਤੇ ਹੋਰ ਅਦਾਕਾਰ ਪੁੱਜੇ। ਇਸ ਮੌਕੇ ਸ਼ਿਲਪਾ ਨੇ ਮੈਰੂਨ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਦਕਿ ਰਾਜ ਨੇ ਗੋਲਡਨ ਕੁੜਤਾ ਪਜਾਮਾ ਪਾਇਆ ਹੋਇਆ ਸੀ। ਇਸ ਮੌਕੇ ਮੇਜ਼ਬਾਨਾਂ ਨੇ ਦੀਵਾਲੀ ਪਾਰਟੀ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਹਨ। -ਆਈਏਐਨਐਸ