ਗੁਰਬਿੰਦਰ ਸਿੰਘ ਮਾਣਕ
ਪਿਛਲੇ ਦਿਨੀਂ ਵੱਡੀਆਂ ਹਸਤੀਆਂ ਦਾ ਹਾਈ-ਪ੍ਰੋਫਾਇਲ ਵਿਆਹ ਕਈ ਦਿਨਾਂ ਤੱਕ ਮੀਡੀਆ ਦੀਆਂ ਸੁਰਖੀਆਂ ਬਣਿਆ ਰਿਹਾ। ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਫਿਲਮੀ ਅਦਾਕਾਰਾ ਪਰੀਨੀਤੀ ਚੋਪੜਾ, ਆਪਣੇ ਆਪਣੇ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਨ। ਭਾਵੇਂ ਵਿਆਹ-ਸ਼ਾਦੀ ਹਰ ਇੱਕ ਦਾ ਨਿੱਜੀ ਮਸਲਾ ਹੈ, ਪਰ ਜਦੋਂ ਕੋਈ ਸਮਾਜ ਵਿੱਚ ਵਿਚਰਨ ਵਾਲੀ ਵੱਡੀ ਹਸਤੀ ਸਮਾਜਿਕ ਬੰਧਨ ਵਿੱਚ ਬੱਝਦੀ ਹੈ ਤਾਂ ਸਾਰੇ ਸਮਾਜ ਦਾ ਧਿਆਨ ਖਿੱਚਦੀ ਹੈ। ਜਿਸ ਤਰ੍ਹਾਂ ਇਹ ਸ਼ਾਨੋ-ਸ਼ੌਕਤ ਵਾਲਾ ਮਹਿੰਗਾ ਵਿਆਹ ਸਮਾਗਮ ਮਹਿੰਗੇ ਹੋਟਲਾਂ ਵਿੱਚ ਕਈ ਦਿਨਾਂ ਤੱਕ ਚੱਲਦਾ ਰਿਹਾ ਤੇ ਲੱਖਾਂ ਰੁਪਏ ਇਸ ’ਤੇ ਵਹਾਏ ਗਏ। ਇਹ ਸਮਾਜ ਲਈ ਕੋਈ ਚੰਗਾ ਸੰਦੇਸ਼ ਨਹੀਂ ਕਿਹਾ ਜਾ ਸਕਦਾ। ਸਮਾਜ ਦੇ ਸਰਕਰਦਾ ਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਹੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਨਵੀਆਂ ਪੈੜਾਂ ਸਿਰਜ ਕੇ ਕੋਈ ਸਾਰਥਿਕ ਸੰਦੇਸ਼ ਦੇਣਾ ਹੁੰਦਾ ਹੈ। ਇਸ ਗੱਲ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਧੂਮ-ਧਾਮ ਵਾਲਾ ਮਹਿੰਗਾ ਵਿਆਹ ਅਜਿਹੀ ਕੋਈ ਪਹਿਲੀ ਘਟਨਾ ਨਹੀਂ ਹੈ। ਸਿਆਸੀ ਨੇਤਾਵਾਂ, ਫਿਲਮੀ ਕਲਾਕਾਰਾਂ, ਵੱਡੇ ਉਦਯੋਗਪਤੀਆਂ ਤੇ ਹੋਰ ਦੌਲਤਮੰਦ ਹਸਤੀਆਂ ਦੇ ਵਿਆਹ ਸਮਾਗਮ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦੇ ਰਹੇ ਹਨ।
ਬਹੁਤ ਸਾਲ ਪਹਿਲਾਂ ਬਿਹਾਰ ਦੇ ਨੇਤਾ ਲਾਲੂ ਪ੍ਰਸਾਦ ਯਾਦਵ ਦੀ ਪੁੱਤਰੀ ਦੇ ਵਿਆਹ ਸਮੇਂ ਵੱਡੀਆਂ ਹਸਤੀਆਂ ਨੂੰ ਵਿਆਹ ਦੇ ਕਾਰਡ ਦੇ ਨਾਲ ਹੀ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਭੇਜੀਆਂ ਗਈਆਂ ਸਨ। ਬਹੁਤ ਮਹਿੰਗੇ ਵਿਆਹਾਂ ਵਿੱਚ ਉੱਘੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪੁੱਤਰੀ ਈਸ਼ਾ ਅੰਬਾਨੀ ਦੇ 2018 ਵਿੱਚ ਅਨੰਦ ਪਿਰਾਮਲ ਨਾਲ ਹੋਏ ਵਿਆਹ ਦੀ ਸਜ-ਧਜ ਤੇ ਖਰਚੇ ਨੇ ਵੀ ਲੋਕਾਂ ਨੂੰ ਦੰਦਾਂ ਹੇਠ ਜੀਭ ਲੈਣ ਲਈ ਮਜਬੂਰ ਕਰ ਦਿੱਤਾ ਸੀ। ਇਸ ਵਿਆਹ ’ਤੇ 720 ਕਰੋੜ ਰੁਪਏ ਖਰਚੇ ਗਏ। ਇਸ ਵਿਆਹ ਦੇ ਸਮਾਗਮ ਤੇ ਜਸ਼ਨ ਉਦੈਪੁਰ, ਇਟਲੀ ਤੇ ਮੁੰਬਈ ਵਿੱਚ ਸੰਪੰਨ ਹੋਏ। ਬਹੁਤ ਸਾਰੇ ਉੱਘੇ ਮਹਿਮਾਨਾਂ ਦੇ ਨਾਲ ਅਮਰੀਕਾ ਤੋਂ ਹਿਲੇਰੀ ਕਲਿੰਟਨ ਵੀ ਇਸ ਵਿਆਹ ਵਿੱਚ ਸ਼ਾਮਲ ਹੋਈ।
ਇਸ ਤਰ੍ਹਾਂ ਹੀ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈਡੀ ਦੀ ਪੁੱਤਰੀ ਬ੍ਰਾਹਮਨੀ ਰੈਡੀ ਦੀ ਸ਼ਾਦੀ ’ਤੇ ਵੀ 500 ਕਰੋੜ ਰੁਪਏ ਤੋਂ ਵੱਧ ਪੈਸਾ ਰੋੜ੍ਹਿਆ ਗਿਆ। ਵੱਡੀਆਂ ਹਸਤੀਆਂ ਸਮੇਤ ਇਸ ਵਿਆਹ ਵਿੱਚ 50 ਹਜ਼ਾਰ ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਮਹਿਮਾਨਾਂ ਦੀ ਸੁਰੱਖਿਆ ਲਈ ਤਿੰਨ ਹਜ਼ਾਰ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ। 15 ਹੈਲੀਕਾਪਟਰ ਤੇ ਦੋ ਹਜ਼ਾਰ ਟੈਕਸੀਆਂ ਦਾ ਪ੍ਰਬੰਧ ਕੀਤਾ ਗਿਆ। ਬੰਗਲੌਰ ਦੇ ਤਿੰਨ ਤਾਰਾ ਤੇ ਪੰਜ ਤਾਰਾ ਹੋਟਲਾਂ ਦੇ 1500 ਕਮਰਿਆਂ ਵਿੱਚ ਮਹਿਮਾਨਾਂ ਨੂੰ ਠਹਿਰਾਇਆ ਗਿਆ। ਵਿਆਂਦੜ ਕੁੜੀ ਨੇ ਜਿਹੜੀ ਸਾੜ੍ਹੀ ਪਹਿਨੀ, ਉਸ ’ਤੇ 17 ਕਰੋੜ ਰੁਪਏ ਖ਼ਰਚਾ ਕੀਤਾ ਗਿਆ। ਇਸ ਤਰ੍ਹਾਂ ਦੇ ਅਨੇਕਾਂ ਮਹਿੰਗੇ ਵਿਆਹਾਂ ਦੀ ਚਰਚਾ ਕੀਤੀ ਜਾ ਸਕਦੀ ਹੈ, ਜਿੱਥੇ ਪੈਸਾ ਪਾਣੀ ਵਾਂਗ ਵਹਾਇਆ ਗਿਆ। ਬਿਨਾਂ ਸ਼ੱਕ ਅਜਿਹੇ ਧਨਾਢ ਵਿਅਕਤੀਆਂ ਦਾ ਦਾਇਰਾ ਬਹੁਤ ਵੱਡਾ ਹੁੰਦਾ ਹੈ ਤੇ ਧਨ ਦੇ ਵੀ ਅਸੀਮਤ ਭੰਡਾਰ ਹੁੰਦੇ ਹਨ। ਉਹ ਸਮਾਜ ਵਿੱਚ ਆਪਣੀ ਪ੍ਰਤਿਸ਼ਠਾ ਤੇ ਵੱਡਾ ਰੁਤਬਾ ਦਿਖਾਉਣ ਲਈ ਏਨੀ ਦੌਲਤ ਖ਼ਰਚ ਕੇ ਸਮਾਜ ਵਿੱਚ ਆਪਣੇ ਨਾਂ ਦਾ ਡੰਕਾ ਵਜਾਉਣਾ ਚਾਹੁੰਦੇ ਹਨ। ਪਰ ਇਸ ਵਿਖਾਵੇ ਤੇ ਅਖੌਤੀ ਸ਼ਾਨੋ ਸ਼ੌਕਤ ਨਾਲ ਸਮਾਜ ਵਿੱਚ ਗ਼ਲਤ ਪਿਰਤਾਂ ਪੈ ਜਾਂਦੀਆਂ ਹਨ। ਜਿਸ ਕੋਲ ਸਾਧਨ ਹਨ, ਉਸ ਨੂੰ ਤਾਂ ਪੈਸਾ ਖ਼ਰਚਣ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ, ਪਰ ਗ਼ਰੀਬ ਤੇ ਮੱਧ ਵਰਗੀ ਬੰਦਾ ਫਸਿਆ ਮਹਿਸੂਸ ਕਰਦਾ ਹੈ।
ਜਿਸ ਵਿਅਕਤੀ ਕੋਲ ਸੀਮਤ ਸਾਧਨ ਹਨ, ਉਸ ਦੇ ਮਨ ਵਿੱਚ ਵੀ ਅਜਿਹੀ ਸ਼ਾਨੋ ਸ਼ੌਕਤ ਨਾਲ ਵਿਆਹ-ਸ਼ਾਦੀ ਕਰਨ ਦੀ ਇੱਛਾ ਉਸ ਦੇ ਮਨ ਨੂੰ ਬੇਚੈਨ ਕਰ ਦਿੰਦੀ ਹੈ। ਅਕਸਰ ਲੋਕ ਵੀ ਇਹ ਕਹਿਣ ਲੱਗ ਜਾਂਦੇ ਹਨ ਕਿ ਅੱਜਕੱਲ੍ਹ ਤਾਂ ਜੀ ਵਿਆਹ ਇਸ ਤਰ੍ਹਾਂ ਹੀ ਹੁੰਦੇ ਹਨ। ਵੱਡੇ ਸਮਾਜਿਕ ਰੁਤਬੇ ਦੀ ਝੂਠੀ ਸ਼ਾਨੋ ਸ਼ੌਕਤ ਦਾ ਸ਼ਿਕਾਰ ਹੋਇਆ ਮਨੁੱਖ ਜਾਂ ਤਾਂ ਕਰਜ਼ਾ ਚੁੱਕਦਾ ਹੈ ਜਾਂ ਜ਼ਮੀਨ ਦਾ ਕੋਈ ਟੁਕੜਾ ਵੇਚਣ ਲਈ ਤਿਆਰ ਹੋ ਜਾਂਦਾ ਹੈ ਤਾਂ ਕਿ ਸਮਾਜ ਵਿੱਚ ਉਸ ਦੀ ਬੱਲੇ ਬੱਲੇ ਹੋ ਜਾਵੇ। ਇਸ ਸਮਾਜਿਕ ਰੁਝਾਨ ਨੇ ਬਹੁਤ ਲੋਕਾਂ ਦੀ ਆਰਥਿਕ ਸਥਤਿੀ ਨੂੰ ਡਾਵਾਂਡੋਲ ਕਰਨ ਵਿੱਚ ਵੱਡੀ ਭੁੂਮਿਕਾ ਨਿਭਾਈ ਹੈ।
ਅਸਲ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਮਹਿੰਗੇ ਵਿਆਹ ਕਰਨ ਦੀ ਪ੍ਰਵਿਰਤੀ ਨੇ ਸਮਾਜ ਨੂੰ ਜਕੜਿਆ ਹੋਇਆ ਹੈ। ਬਹੁਤ ਲੋਕ ਇਸ ਤੋਂ ਦੁਖੀ ਵੀ ਹਨ, ਪਰ ਸਮਾਜਿਕ ਨੱਕ-ਨਮੂਜ ਰੱਖਣ ਲਈ ਆਪਣੇ ਵਤਿੋਂ ਵੱਧ ਖ਼ਰਚਾ ਕਰਨ ਲਈ ਮਜਬੂਰ ਹੋ ਜਾਂਦੇ ਹਨ। ਪੰਜਾਬ ਵਿੱਚ ਤਾਂ ਹੁਣ ਵਿਆਹ-ਸ਼ਾਦੀਆਂ ’ਤੇ ਬੇਤਹਾਸ਼ਾ ਪੈਸਾ ਰੋੜ੍ਹਨ ਦਾ ਰੁਝਾਨ ਪੈਦਾ ਹੋ ਚੁੱਕਾ ਹੈ। ਪਹਿਲਾਂ-ਪਹਿਲ ਵਿਦੇਸ਼ਾਂ ਵਿੱਚ ਵਸੇ ਲੋਕਾਂ ਨੇ ਪੰਜਾਬ ਵਿੱਚ ਆ ਕੇ ਮਹਿੰਗੇ ਹੋਟਲਾਂ ਤੇ ਪੈਲੇਸਾਂ ਵਿੱਚ ਸ਼ਾਨੋ ਸ਼ੌਕਤ ਵਾਲੇ ਵਿਆਹਾਂ ਦਾ ਮੁੱਢ ਬੰਨ੍ਹਿਆ ਸੀ। ਅੱਜ ਸਥਤਿੀ ਇਹ ਹੈ ਕਿ ਹੁਣ ਖ਼ਰਚ ਦਾ ਕੋਈ ਹੱਦ-ਬੰਨਾ ਹੀ ਨਹੀਂ ਰਿਹਾ। ਵਿਆਹਾਂ ਦੇ ਸਮਾਗਮ ਕਈ ਦਿਨਾਂ ਤੱਕ ਚੱਲਣ ਲੱਗ ਪਏ ਹਨ। ਰਿੰਗ-ਸੈਰੇਮਨੀ, ਹਲਦੀ-ਸੈਰੇਮਨੀ, ਮਹਿੰਦੀ ਸੈਰੇਮਨੀ, ਬੈਂਗਲ ਸੈਰੇਮਨੀ, ਪਾਠ-ਪੂਜਾ ਦੇ ਸਮਾਗਮ, ਵਿਆਹ-ਸਮਾਗਮ, ਵਿਆਹ ਤੋਂ ਬਾਅਦ ਵੱਡੇ ਹੋਟਲਾਂ ਵਿੱਚ ਪਾਰਟੀਆਂ ਦਾ ਸਿਲਸਿਲਾ। ਇਸ ਗੱਲ ਤੋਂ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਖ਼ਰਚੇ ਦੀ ਸਥਤਿੀ ਕੀ ਹੁੰਦੀ ਹੋਵੇਗੀ।
ਅੱਜ ਦੀ ਤਰੀਕ ਵਿੱਚ ਕੁੜੀ ਦੇ ਵਿਆਹ ਲਈ ਘੱਟ ਤੋਂ ਘੱਟ 25 ਲੱਖ ਤੋਂ ਸ਼ੁਰੂ ਹੋ ਕੇ 50 ਲੱਖ ਤੇ ਕਰੋੜ ਤੱਕ ਆਮ ਵਿਆਹ ਹੋ ਰਹੇ ਹਨ। ਸਮਾਜ ਦਾ ਇੱਕ ਅਜਿਹਾ ਵਰਗ ਵੀ ਹੈ, ਜਿਨ੍ਹਾਂ ਕੋਲ ਦੌਲਤ ਦੇ ਅੰਬਾਰ ਹਨ ਤੇ ਆਪਣੀ ਸਮਾਜਿਕ ਪ੍ਰਤਿਸ਼ਠਾ ਬਣਾਉਣ ਲਈ ਇਹ ਲੋਕ ਵਿਆਹ-ਸ਼ਾਦੀਆਂ ’ਤੇ ਕਿੰਨਾ ਕੁ ਧਨ ਵਹਾਉਂਦੇ ਹਨ, ਇਹ ਵੀ ਅੰਦਾਜ਼ਾ ਲਾਉਣਾ ਔਖਾ ਹੈ। ਪੈਲੇਸਾਂ ਵਿੱਚ ਹੁੰਦੇ ਅਜੋਕੇ ਵਿਆਹਾਂ ਵਿੱਚ ਹੁਣ ਮਹਿਮਾਨਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੁੰਦੀ ਹੈ। ਇਸ ਤੋਂ ਬਿਨਾਂ ਕਈ ਵਾਰ ਕੁੜੀ ਵਾਲਿਆਂ ਨੂੰ ਮਜਬੂਰੀ ਵੱਸ ਦਾਜ ਵੀ ਦੇਣਾ ਪੈਂਦਾ ਹੈ। ਇਸ ਨਾਲ ਖ਼ਰਚੇ ਦੀ ਕੋਈ ਸੀਮਾ ਨਹੀਂ ਰਹਿੰਦੀ।
ਅਸਲ ਵਿੱਚ ਅਜੋਕੇ ਵਿਆਹ ਇੱਕ ਸਮਾਜਿਕ ਬੁਰਾਈ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਮਾਪੇ ਪਹਿਲਾਂ ਧੀਆਂ ਨੂੰ ਪੜ੍ਹਾਉਂਦੇ ਹਨ। ਫਿਰ ਵਿਆਹ ’ਤੇ ਲੱਖਾਂ ਰੁਪਏ ਖ਼ਰਚ ਦੇ ਹਨ। ਕਈ ਵਾਰ ਮੁੰਡੇ ਵਾਲਿਆਂ ਦੀਆਂ ਮੰਗਾਂ ਮੰਨਣ ਲਈ ਵੀ ਤਿਆਰ ਹੋ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਧੀ ਸਹੁਰੇ ਘਰ ਖੁਸ਼ ਰਹੇ। ਅਸਲ ਵਿੱਚ ਵਿਆਹ ਤਾਂ ਸ਼ੁਰੂਆਤ ਹੈ, ਕੁੜੀ ਵਾਲੇ ਤਾਂ ਸਦਾ ਹੀ ਧੀਆਂ ਨੂੰ ਕੁਝ ਨਾ ਕੁਝ ਦੇ ਕੇ ਖੁਸ਼ ਹੁੰਦੇ ਹਨ, ਪਰ ਕਈ ਵਾਰ ਮੁੰਡੇ ਵਾਲਿਆਂ ਦੀ ਲਾਲਸਾ ਏਨੀ ਵਧ ਜਾਂਦੀ ਹੈ ਕਿ ਧੀਆਂ ਦੇ ਮਾਪੇ ਵੀ ਲਾਚਾਰ ਹੋ ਜਾਂਦੇ ਹਨ। ਕਈ ਵਾਰ ਲਾਲਚ ਏਨਾ ਵਧ ਜਾਂਦਾ ਹੈ ਕਿ ਰਿਸ਼ਤਿਆਂ ਵਿੱਚ ਤਰੇੜ ਪੈ ਜਾਂਦੀ ਹੈ।
ਵਿਆਹ-ਸ਼ਾਦੀ ਦੇ ਸਦੀਵੀ ਬੰਧਨ ਨੂੰ ਧਨ-ਦੌਲਤ ਦੀ ਤੱਕੜੀ ਵਿੱਚ ਤੋਲਣ ਦੀ ਥਾਂ ਜੇ ਸਮਾਜ ਸਾਦੇ ਵਿਆਹਾਂ ਦੇ ਰਾਹ ਤੁਰ ਪਏ ਤਾਂ ਇਸ ਰਿਸ਼ਤੇ ਦੀ ਗਰਿਮਾ ਨੂੰ ਬਚਾਇਆ ਜਾ ਸਕਦਾ ਹੈ। ਜਦੋਂ ਕਿਸੇ ਰਿਸ਼ਤੇ ਨੂੰ ਪੈਸੇ ਤੇ ਵਸਤੂਆਂ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਉਸ ਰਿਸ਼ਤੇ ਵਿੱਚ ਪਿਆਰ, ਮੁਹੱਬਤ ਤੇ ਸਾਂਝ ਪੈਦਾ ਨਹੀਂ ਹੋ ਸਕਦੀ। ਬਹੁਤੇ ਗਿਲੇ-ਸ਼ਿਕਵੇ, ਨਿਹੋਰੇ, ਮਿਹਣੇ ਪੈਸੇ ਤੇ ਵਸਤੂਆਂ ਨਾਲ ਹੀ ਜੁੜੇ ਹੁੰਦੇ ਹਨ। ਜੇ ਮੁੰਡਾ-ਕੁੜੀ ਪੜ੍ਹੇ-ਲਿਖੇ ਤੇ ਆਪਣੇ ਪੈਰਾਂ ’ਤੇ ਖੜ੍ਹੇ ਹਨ ਤਾਂ ਉਹ ਆਪਣੇ ਜੀਵਨ ਦੀ ਗੱਡੀ ਨੂੰ ਤੋਰਨ ਲਈ ਬਥੇਰਾ ਧਨ ਕਮਾ ਲੈਣਗੇ। ਮਹਿੰਗੇ ਵਿਆਹਾਂ ਨੇ ਧੀਆਂ ਵਾਲਿਆਂ ਦਾ ਸਾਹ ਸੂਤਿਆ ਹੋਇਆ ਹੈ।
ਮਾਪੇ ਕੀ ਕਰਨ, ਸਮਾਜ ਵਿੱਚ ਜਿਹੜੀਆਂ ਲੀਹਾਂ ਪੈ ਚੁੱਕੀਆਂ ਹਨ, ਹਰ ਕੋਈ ਉਸ ਰਾਹ ਹੀ ਤੁਰਨ ਲਈ ਮਜਬੂਰ ਹੈ। ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਕਿ ਨੌਜਵਾਨ ਸਭਾਵਾਂ, ਸਮਾਜਿਕ ਜਥੇਬੰਦੀਆਂ ਤੇ ਸਮਾਜ ਦੇ ਜਾਗਰੂਕ ਬਸ਼ਿੰਦੇ ਸਮਾਜ ਨੂੰ ਸਾਦਗੀ ਨਾਲ ਵਿਆਹ-ਸ਼ਾਦੀ ਕਰਨ ਦੀ ਲਹਿਰ ਸ਼ੁਰੂ ਕਰਨ। ਜਿਹੜੇ ਜੋੜੇ ਸਾਦੇ ਵਿਆਹ ਕਰਾ ਕਿ ਸਮਾਜ ਨੂੰ ਰੌਸ਼ਨੀ ਦੀ ਕਿਰਨ ਦੇਣ ਦੀ ਪਹਿਲ-ਕਦਮੀ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਤੋਂ ਪ੍ਰਭਾਵਤਿ ਹੋ ਕੇ ਹੋਰ ਨੌਜਵਾਨ ਵੀ ਸਾਦਗੀ ਦਾ ਰਾਹ ਅਪਣਾ ਸਕਣ। ਝੂਠੀ ਸ਼ੁਹਰਤ ਨੂੰ ਤਿਆਗ ਕੇ ਬਾਰਸੂਖ ਲੋਕਾਂ ਨੂੰ ਵੀ ਸਾਦਗੀ ਦੇ ਰਾਹ ਤੁਰ ਕੇ ਨਵੀਆਂ ਪੈੜਾਂ ਪਾਉਣ ਦੀ ਲੋੜ ਹੈ। ਮਨੁੱਖੀ ਜੀਵਨ ਵਿੱਚ ਧਨ-ਦੌਲਤ ਤੇ ਵਸਤੂਆਂ ਦੀ ਬਹੁਲਤਾ ਦਾ ਪਾਸਾਰਾ ਏਨਾ ਵਧ ਚੁੱਕਾ ਹੈ ਕਿ ਇਸ ਦਾ ਕੋਈ ਹੱਦ-ਬੰਨਾ ਹੀ ਨਹੀਂ ਰਿਹਾ। ਰਿਸ਼ਤੇ-ਨਾਤੇ, ਸਾਕ-ਸਕੀਰੀਆਂ ਪੈਸਿਆਂ ਨਾਲ ਹੀ ਤੋਲੇ ਜਾ ਰਹੇ ਹਨ। ਸ਼ਾਇਦ ਇਸੇ ਕਾਰਨ ਰਿਸ਼ਤੇ ਦਿਨੋ-ਦਿਨ ਕਮਜ਼ੋਰ ਹੁੰਦੇ ਜਾ ਰਹੇ ਹਨ। ਆਪਸੀ ਲੜਾਈ-ਝਗੜੇ ਤੇ ਤਲਾਕ ਵਧ ਰਹੇ ਹਨ।
ਭਾਵੇਂ ਹਰ ਮਾਪੇ ਨੂੰ ਆਪਣੀ ਧੀ ਪਿਆਰੀ ਹੁੰਦੀ ਹੈ, ਪਰ ਜੇ ਸਾਦਗੀ ਨਾਲ ਵਿਆਹ ਕਰਨ ਦੀ ਰੀਤ ਸ਼ੁਰੂ ਹੋ ਜਾਵੇ ਤਾਂ ਕਿਸੇ ਮਾਂ-ਬਾਪ ਨੂੰ ਵੀ ਕੋਈ ਧੀ ਕਦੇ ਬੋਝ ਨਾ ਜਾਪੇ। ਮਾਪਿਆਂ ਨੂੰ ਧੀ ਦੇ ਵਿਆਹ ਦੀ ਹਰ ਸਮੇਂ ਇਸ ਕਾਰਨ ਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਵਿਆਹ ਵਿੱਚ ਕੋਈ ਕਮੀ ਨਾ ਰਹਿ ਜਾਵੇ। ਧੀਆਂ ਤਾਂ ਹੁਣ ਅੰਬਰਾਂ ਤੱਕ ਉਡਾਰੀਆਂ ਭਰ ਕੇ ਲੋਕਾਂ ਦਾ ਮਨ ਮੋਹ ਰਹੀਆਂ ਹਨ ਤੇ ਨਾਮਣੇ ਖੱਟ ਰਹੀਆਂ ਹਨ। ਸਾਦੇ ਵਿਆਹਾਂ ਦੀ ਪਿਰਤ ਨਾਲ ਮਾਪੇ ਧੀਆਂ ਦੇ ਵਿਆਹ ਦੀ ਚਿੰਤਾ ਤੋਂ ਮੁਕਤ ਹੋ ਸਕਦੇ ਹਨ ਤੇ ਧੀਆਂ ਦੀ ਸਿੱਖਿਆ ਵੱਲ ਹੋਰ ਗੰਭੀਰਤਾ ਨਾਲ ਧਿਆਨ ਦੇ ਸਕਦੇ ਹਨ।
ਸੰਪਰਕ: 98153-56086