ਡਾ. ਸਾਹਿਬ ਸਿੰਘ
ਨਾਟਕ ਕਹਾਣੀ ਨੂੰ ਅੱਗੇ ਤੋਰਦਾ ਹੈ, ਪਾਠਕ ਕਹਾਣੀ ਵਿੱਚ ਲੇਖਕ ਵੱਲੋਂ ਛੱਡੀਆਂ ਗਈਆਂ ਖਾਲੀ ਥਾਵਾਂ ਨੂੰ ਆਪਣੀ ਕਲਪਨਾ ਨਾਲ ਭਰਦਾ ਹੈ ਤੇ ਰੰਗਮੰਚ ਦ੍ਰਿਸ਼ ਰਾਹੀਂ। ਰੰਗਮੰਚ ਸਾਹਿਤ ਨੂੰ ਵਿਸਥਾਰ ਦਿੰਦਾ ਹੈ, ਉਸ ਦੀਆਂ ਪਰਤਾਂ ਖੋਲ੍ਹਦਾ ਹੈ, ਉਸ ਦੀ ਗੁੰਝਲ ਬਿਰਤਾਂਤਕਾਰੀ ਨੂੰ ਆਸਾਨ ਕਰ ਕੇ ਆਪਣੇ ਦਰਸ਼ਕ ਤੱਕ ਪਹੁੰਚਾਉਂਦਾ ਹੈ। ਪ੍ਰੀਖਿਆ ਇਹੀ ਹੈ ਕਿ ਰੰਗਮੰਚ ਸਰਲ ਕਰਦਾ ਹੈ ਜਾਂ ਸਤਹੀ। ਅਰਥਾਂ ਨੂੰ ਪੇਤਲੇ ਕਰ ਦਿੰਦਾ ਹੈ ਕਿ ਹੋਰ ਸੰਘਣੇ। ਸਾਹਿਤ ਦੀਆਂ ਗੁੱਝੀਆਂ ਰਮਜ਼ਾਂ ਨੂੰ ਦਰਸ਼ਕ ਸਾਹਮਣੇ ਭਖਣ ਲਾ ਦਿੰਦਾ ਹੈ ਜਾਂ ਹੋਰ ਉਲਝਾ ਦਿੰਦਾ ਹੈ। ਜਦੋਂ ਕਹਾਣੀ ਰੰਗਮੰਚ ਦੇ ਘਰ ਜਾਂਦੀ ਹੈ ਤਾਂ ਪੇਕਿਆਂ ਤੋਂ ਸਹੁਰੇ ਜਾ ਰਹੀ ਹੁੰਦੀ ਹੈ। ਸਹੁਰਾ ਘਰ ਉਸ ਦੇ ਮੁੱਢਲੇ ਸਰੂਪ ਦਾ ਅੰਦਰਲਾ ਖ਼ਾਸਾ ਬਰਕਰਾਰ ਰੱਖਦਿਆਂ ਉਸ ਨੂੰ ਆਪਣੇ ਢਾਂਚੇ ’ਚ ਢਾਲ ਲਵੇ ਤਾਂ ਸੁਹਿਰਦ ਦਰਸ਼ਕ ਅੱਖਾਂ ਭਰ ਕੇ ਖ਼ੁਸ਼ੀ ਤੇ ਤਸੱਲੀ ਨਾਲ ਕਹਿ ਸਕਦਾ ਹੈ, ‘ਏਨੀ ਗਹਿਗੱਚ ਪੇਸ਼ਕਾਰੀ ਤੋਂ ਬਾਅਦ ਮੈਂ ਰੋ ਨਾ ਲਵਾਂ ਇੱਕ ਵਾਰ!’
ਵਰਿਆਮ ਸੰਧੂ ਦੀ ਕਹਾਣੀ, ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਤੇ ਮੰਚ ਰੰਗਮੰਚ ਦੇ ਕਲਾਕਾਰਾਂ ਦੀ ਊਰਜਾਵਾਨ ਅਦਾਕਾਰੀ ਨਾਲ ਨਾਟਕ ‘ਮੈਂ ਰੋ ਨਾ ਲਵਾਂ ਇੱਕ ਵਾਰ’ ਡੇਢ ਘੰਟੇ ਲਈ ਇੰਜ ਲੱਗਿਆ ਜਿਵੇਂ ਸਮਾਂ ਰੁਕ ਗਿਆ ਹੋਵੇ। ਜਿਵੇਂ ਮੰਚ ਪੰਜਾਬ ਬਣ ਗਿਆ ਹੋਵੇ, ਮੰਚ ’ਤੇ ਤੁਰੇ ਫਿਰਦੇ ਪਾਤਰ ਪੰਜਾਬ ਦੇ ਕੈਨਵਸ ’ਤੇ ਕਿਸੇ ਅਲੋਕਾਰੀ ਪੇਂਟਿੰਗ ਦੀਆਂ ਸਿੱਧੀਆਂ, ਟੇਢੀਆਂ, ਵਲ਼ ਖਾਂਦੀਆਂ, ਇੱਕ ਦੂਜੇ ਨਾਲ ਟਕਰਾਉਂਦੀਆਂ, ਇੱਕ ਦੂਜੇ ਨੂੰ ਢਾਹੁੰਦੀਆਂ ਲਕੀਰਾਂ ਖਿੱਚ ਰਹੇ ਹੋਣ। ਕਹਾਣੀ ਜੇ ਆਪਣੇ ਸਿਰਲੇਖ ਨੂੰ ਅੰਤ ਤੱਕ ਪਾਠਕ ਦੇ ਮਨ ’ਚ ਵਸਾ ਕੇ ਰੱਖੇ, ਪਰ ਉਸ ਦਾ ਸਿਰਾ ਲੱਗਣ ਤੋਂ ਰੋਕੀ ਰੱਖੇ ਤਾਂ ਉੱਤਮ ਸਾਹਿਤ ਬਣਦਾ ਹੈ। ਰੰਗਮੰਚ ਜੇ ਅੰਤਲੇ ਦ੍ਰਿਸ਼ ਤੱਕ ਆਪਣੇ ਮੁੱਖ ਪਾਤਰ ਦਾ ਰੋਣਾ ਦਰਸ਼ਕ ਨੂੰ ਦਰਸਾਈ ਜਾਵੇ, ਪਰ ਅੰਤਲੀ ਸੱਟ ਤੱਕ ਰੋਕ ਕੇ ਰੱਖੇ ਤਾਂ ਇਹ ਭਰਪੂਰ, ਸਾਰਥਕ, ਕਲਾਤਮਕ, ਸਹਿਜ ਕਲਾ ਦਾ ਰੂਪ ਬਣਦਾ ਹੈ। ਕੇਵਲ ਧਾਲੀਵਾਲ ਨੇ ਇਸ ਪੇਸ਼ਕਾਰੀ ਰਾਹੀਂ ਆਪਣਾ ਕਲਾਤਮਕ ਕੱਦ ਬਹੁਤ ਉੱਚਾ ਕੀਤਾ ਹੈ। ਉਸ ਨੇ ਇਸ ਕਹਾਣੀ ਨੂੰ ਮੰਚ ’ਤੇ ਪੇਸ਼ ਕਰਦਿਆਂ ਬੜੀ ਕਠਿਨ ਪ੍ਰੀਖਿਆ ਦਿੱਤੀ ਹੈ ਤੇ ਉਹ ਮੈਰਿਟ ’ਚ ਆਇਆ ਹੈ।
ਕਹਾਣੀ ਸਿੱਧਰੇ ਨਿੰਦਰ ਦੀ ਬਾਤ ਪਾ ਰਹੀ ਹੈ। ਉਹ ਨਿੰਦਰ ਜੋ ਗ਼ਰੀਬਾਂ ’ਚੋਂ ਵੀ ਗ਼ਰੀਬ ਹੈ, ਸਦੀਆਂ ਤੋਂ ਹੰਢਾਈ ਜਾ ਰਹੀ ਲਗਪਗ ਲਾਇਲਾਜ ਬਿਮਾਰੀ ਦੇ ਜ਼ਖ਼ਮ ਦਿਲ ਵਿੱਚ ਲਈ ਘੁੰਮਦਾ ਹੈ, ਜ਼ਿੰਦਗੀ ਨਾਲ ਜੁੜੀ ਹਰ ਖ਼ਾਹਿਸ਼ ਨੂੰ ਸੀਨੇ ਲਾਈ ਫਿਰਦਾ ਹੈ, ਪੈਸੇ ਕਮਾ ਕੇ ਤੇ ਪੈਸੇ ਜੋੜ ਕੇ ਧੰਨੇ ਸ਼ਾਹ ਬਣਨਾ ਚਾਹੁੰਦਾ ਹੈ ਜਿੱਥੇ ਪੈਸਾ ਉਸ ਦਾ ਗ਼ੁਲਾਮ ਹੋਵੇ, ਚੰਗੀ ਔਰਤ ਦਾ ਸੰਗ ਮਾਣਨਾ ਚਾਹੁੰਦਾ ਹੈ, ਢਿੱਡ ਭਰ ਰੋਟੀ ਖਾਣੀ ਚਾਹੁੰਦਾ ਹੈ, ਧਰਮਿੰਦਰ ਵਰਗੇ ਵੱਡੇ ਬੰਦੇ ਦਾ ਪੁੱਤਰ ਬਣ ਕੇ ਸਮਾਜਿਕ ਅਸਰ ਰਸੂਖ ਤੇ ਵਡਿਆਈ ਦਾ ਸੁਪਨਾ ਪਾਲੀ ਬੈਠਾ ਹੈ। ਉਹ ਆਪਣੇ ਨਾਲ ਹੋਏ ਧੱਕੇ ਬਾਰੇ ਚੇਤੰਨ ਰੂਪ ’ਚ ਅਣਜਾਣ ਹੋਣ ਦੇ ਬਾਵਜੂਦ ਧੱਕੇ ਦੀ ਕੰਧ ਨੂੰ ਇੱਕ ਸੁਪਨਈ ਬੰਬ ਨਾਲ ਉਡਾ ਦੇਣਾ ਚਾਹੁੰਦਾ ਹੈ। ਪ੍ਰਬੰਧ ਉਸ ਨੂੰ ਕੁਝ ਵੀ ਕਰਨ ਨਹੀਂ ਦੇ ਰਿਹਾ। ਉਹ ਸਿਰਫ਼ ਛੋਟੇ ਛੋਟੇ ਢਾਰਸਾਂ ਰਾਹੀਂ ਜ਼ਿੰਦਗੀ ਨੂੰ ਮਾਣਨ ਦੇ ਰਾਹ ਪਿਆ ਹੈ ਤੇ ਅਖੀਰ ’ਚ ਵਰਿਆਮ ਸੰਧੂ ਦੀ ਸਾਲਾਂਬੱਧੀ ਘਾਲਣਾ ਵਿੱਚੋਂ ਉਪਜੀ ਸਾਹਿਤਕ ਤੇ ਸਮਾਜਿਕ ਸਮਝ ਉਸ ਨੂੰ ਆਪਣਿਆਂ ਨਾਲ ਹੀ ਟਕਰਾਉਂਦਾ ਦਿਖਾਉਂਦੀ ਹੈ। ਉਹ ਆਪਣੇ ਅੰਦਰ ਖੌਲਦੇ ਤੂਫ਼ਾਨ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਹੀ ਜੀਆਂ ਨੂੰ ਮਾਰ ਦਿੰਦਾ ਹੈ ਜੋ ਉਸ ਤੋਂ ਵੀ ਪਹਿਲਾਂ ਇਸ ਸਮਾਜਿਕ ਤ੍ਰਿਸਕਾਰ ਤੇ ਨਿਖੇਧੀ ਦਾ ਸ਼ਿਕਾਰ ਹੋਏ, ਉਸ ਥੋਪੀ ਹੋਈ ਜੂਨ ਨੂੰ ਹੋਣੀ ਸਮਝ ਕੇ ਭੋਗਣ ਲਈ ਮਜਬੂਰ ਹਨ। ਕੇਵਲ ਧਾਲੀਵਾਲ ਦਾ ਰੰਗਮੰਚ ਇਸ ਵਿਸ਼ਲੇਸ਼ਣ ਨੂੰ ਫੜਦਾ ਹੈ। ਫਿਰ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਰੰਗਮੰਚੀ ਜੁਗਤਾਂ ਰਾਹੀਂ ਪੇਸ਼ ਕਰਦਾ ਹੈ।
ਉਹ ਮਾਸੂਮ ਮੁੰਡਿਆਂ ਦੀ ਕਬੱਡੀ ਖੇਡ ’ਚ ਕਲਾਕਾਰਾਂ ਦੇ ਮੂੰਹਾਂ ’ਤੇ ਮਖੌਟੇ ਪਹਿਨਾ ਕੇ ਆਰੰਭ ’ਚ ਹੀ ਕਹਾਣੀ ਦਾ ਕੇਂਦਰੀ ਸੂਤਰ ਫੜਨ ਤੇ ਨਿਭਾਉਣ ਦਾ ਐਲਾਨ ਕਰਦਾ ਹੈ, ਜਿੱਥੇ ਚਿਹਰੇ ਮਹੱਤਵ ਨਹੀਂ ਰੱਖਦੇ, ਜਾਤ ਤੇ ਸਮਾਜਿਕ ਦਰਜਾ ਅੜਿੱਕਾ ਹੈ। ਉਹ ਨਿੰਦਰ ਦੇ ਪਿਆਰ ਨਾਲ ਭਿੱਜੇ ਸੁਪਨਮਈ ਪਲਾਂ ਨੂੰ ਪਾਣੀ ਦੇ ਉਨ੍ਹਾਂ ਬੁਲਬੁਲਿਆਂ ਰਾਹੀਂ ਅੰਕਿਤ ਕਰਦਾ ਹੈ ਜੋ ਦੇਖਣ ਨੂੰ ਖੂਬਸੂਰਤ ਲੱਗਦੇ ਹਨ, ਪਰ ਜਿਨ੍ਹਾਂ ਦੀ ਉਮਰ ਛਿਣ ਭਰ ਹੁੰਦੀ ਹੈ। ਨਿੰਦਰ ਦਾ ਹਰ ਸੁਪਨਾ, ਸੁਪਨਾ ਬਣਨ ਤੋਂ ਪਹਿਲਾਂ ਹੀ ਟੁੱਟਣ ਲਈ ਤਿਆਰ ਹੈ। ਦਰਸ਼ਕ 5400 ਸਕਿੰਟ ਦੇ ਹਰ ਸਕਿੰਟ ਇਨ੍ਹਾਂ ਸੁਪਨਿਆਂ ਦੇ ਤਿੜਕਣ ਦਾ ਦਰਦ ਮਹਿਸੂਸ ਕਰਦਾ ਹੈ। ਨਿੰਦਰ ਜਦ ਵੀ ਸੁਪਨਾ ਲੈਂਦਾ ਹੈ, ਕੇਵਲ ਧਾਲੀਵਾਲ ਉਸ ਸੁਪਨੇ ਦੀ ਰੂਹ ਦੇ ਮੇਚ ਦਾ ਜਿਸਮ (ਦ੍ਰਿਸ਼) ਖੜ੍ਹਾ ਕਰਦਾ ਹੈ। ਉਹ ਰੂਹ ਦੀ ਝਲਕ ਮਾਰਦਾ ‘ਜਿਸਮ’ ਦਰਸ਼ਕ ਦਾ ਰੁੱਗ ਭਰਦਾ ਹੈ। ਇਵੇਂ ਲੱਗਦਾ ਹੈ ਜਿਵੇਂ ਨਿਰਦੇਸ਼ਕ ਨੇ ਕਹਾਣੀ ਪੜ੍ਹਦਿਆਂ ਤੇ ਇਸ ਨੂੰ ਰੰਗਮੰਚੀ ਰੂਪ ਧਾਰਦਿਆਂ ਆਪਣੇ ਖਿਆਲਾਂ ਵਿੱਚ ਇੱਕ ਪਿੰਡ ਤਾਮੀਰ ਕਰ ਲਿਆ ਹੋਵੇ। ਮੰਚ ਦੀ ਡਿਜ਼ਾਈਨਿੰਗ ਪ੍ਰਤੀਕਾਤਮਕ ਹੈ, ਨਾ ਉਹ ਠੱਠੀ ਵਰਗਾ ਹੈ, ਨਾ ਜ਼ਿਮੀਂਦਾਰਾਂ ਦੇ ਘਰਾਂ ਵਰਗਾ, ਨਾ ਕਚਹਿਰੀ ਵਰਗਾ ਤੇ ਨਾ ਹੀ ਥਾਣੇ ਵਰਗਾ। ਪਰ ਘੁੰਮਣ ਘੇਰੀਆਂ ਖਾਂਦੇ ਪਰਦਿਆਂ ਦੇ ਆਕਾਰ, ਇੱਧਰ ਉੱਧਰ ਗੱਡੇ ਬਾਂਸ, ਪਿੰਡ ਦੇ ਦਰਵਾਜ਼ੇ ਵਰਗੀਆਂ ਘੁਮਾਅਦਾਰ ਪੌੜੀਆਂ, ਦਰਸ਼ਕ ਦੀ ਨਜ਼ਰ ਨੂੰ ਲਗਾਤਾਰ ਉੱਪਰ ਥੱਲੇ ਘੁਮਾ ਰਹੀ ਸੈੱਟ ਦੀ ਉਚਾਈ ਤੇ ਨਿਵਾਣ ਬਿਨਾਂ ਰੰਗਤ ਬਦਲਿਆਂ ਅੱਖਾਂ ਸਾਹਮਣੇ ਠੱਠੀ ਵੀ ਬਣ ਜਾਂਦੀ ਹੈ ਤੇ ਜ਼ਿਮੀਂਦਾਰਾਂ ਦੀ ਹਵੇਲੀ ਵੀ। ਕੁਝ ਵੀ ਯਥਾਰਥਕ ਨਹੀਂ ਹੈ, ਪਰ ਜ਼ਿੰਦਗੀ ਦਾ ਕਰੂਰ ਯਥਾਰਥ ਮੰਚ ’ਤੇ ਖੌਰੂ ਪਾ ਰਿਹਾ ਹੈ।
ਨਿੰਦਰ ਦੇ ਖਿਆਲਾਂ ’ਚ ਭਗਤ ਸਿੰਘ ਆ ਗਿਆ ਹੈ। ਭਗਤ ਸਿੰਘ ਦਾ ਰਾਹ, ਸਾਡਾ ਰਾਹ ਉਸ ਦੀ ਜ਼ੁਬਾਨ ’ਤੇ ਆ ਗਿਆ ਹੈ। ਕਹਾਣੀ ਦੀ ਜਟਿਲਤਾ ਦਾ ਇਹ ਸਿਖਰ ਸੀ। ਸਾਰਾ ਨਾਟਕ ਦੇਖਦਿਆਂ ਮੇਰੀ ਸੁਰਤੀ ਇੱਥੇ ਹੀ ਫਸੀ ਹੋਈ ਸੀ ਕਿ ਆਮ ਤੌਰ ’ਤੇ ਸਿੱਧਰੇ ਨੂੰ ਵੱਧ ਸਿੱਧਰਾ, ਇਨਕਲਾਬੀ ਨੂੰ ਪ੍ਰਚੰਡ ਇਨਕਲਾਬੀ ਤੇ ਨਾਇਕ/ ਖ਼ਲਨਾਇਕ ਨੂੰ ਹੋਰ ਸਪੱਸ਼ਟ/ਨਿੱਖੜਵਾਂ ਦਿਖਾਉਣ ਦੀ ਕਾਹਲ ਕਰਨ ਵਾਲੇ ਰੰਗਮੰਚ ’ਚੋਂ ਇਹ ਪੇਸ਼ਕਾਰੀ ਕਾਮਯਾਬ ਹੋ ਕੇ ਕਿਵੇਂ ਨਿਕਲੇਗੀ! ਕੇਵਲ ਧਾਲੀਵਾਲ ਅਤੇ ਉਸ ਦੇ ਮੁੱਖ ਅਦਾਕਾਰ ਗੁਰਤੇਜ ਮਾਨ ਨੇ ਇਸ ਬਾਰੀਕ ਤਾਰ ’ਤੇ ਤੁਰਨ ਦਾ ਭਰਪੂਰ ਮੁਜ਼ਾਹਰਾ ਕੀਤਾ। ਨਿੰਦਰ ਨਾ ਪਾਗਲ ਹੈ, ਨਾ ਇਨਕਲਾਬੀ ਹੈ। ਸਾਡੀ ਸਮਾਜਿਕ ਰਾਜਨੀਤਕ ਵਿਵਸਥਾ ਨੇ ਮਾਸੂਮ ਸਿੱਧਰੇ ਇਨਸਾਨ ਨੂੰ ਕਿਵੇਂ ਉਲਝਾਇਆ ਹੈ ਕਿ ਉਹ ਸੁਪਨੇ ਵੀ ਗ਼ੈਰ ਯਥਾਰਥਕ ਦੇਖਦਾ ਹੈ। ਉਹ ਭਗਤ ਸਿੰਘ ਨੂੰ ਵੀ ਹੱਥ ’ਚ ਫੜੇ ਬੰਬ ਦੇ ਇਕਹਿਰੇ ਬਿੰਬ ਰਾਹੀਂ ਫੜਦਾ ਹੈ ਤੇ ਅਖੀਰ ਥੱਕ ਹਾਰ ਕੇ ਉਹ ਸਿਰਫ਼ ਇੰਨਾ ਹੀ ਕਹਿਣ ਜੋਗਾ ਹੁੰਦਾ ਹੈ, ‘ਮੈਂ ਰੋ ਨਾ ਲਵਾਂ ਇੱਕ ਵਾਰ!’ ਅਦਾਕਾਰ ਸਹਿਜ ਹਨ, ਨਿਰਦੇਸ਼ਕ ਸਹਿਜ ਹੈ ਤੇ ਇਸ ਸਭ ਕਾਸੇ ਦੀ ਚੋਟੀ ’ਤੇ ਖੜ੍ਹਾ ਹੈ ਨਿੰਦਰ ਦੀ ਭੂਮਿਕਾ ਨਿਭਾਉਣ ਵਾਲਾ ਗੁਰਤੇਜ ਮਾਨ। ਉਸ ਦੀਆਂ ਅਦਾਵਾਂ, ਬੋਲਣ ਦਾ ਅੰਦਾਜ਼, ਹੰਝੂ ਟਪਕਣ ਲਈ ਤਿਆਰ ਦਿਸਦੀਆਂ ਅੱਖਾਂ, ਸੰਵਾਦ ਅਦਾਇਗੀ ਦੀ ਟਾਈਮਿੰਗ, ਸਿੱਧਰੇ ਪੁਰਸ਼ ਦੀ ਸਰੀਰਕ ਭਾਸ਼ਾ ਤੇ ਲੋਹੜੇ ਦਾ ਸਵੈ ਵਿਸ਼ਵਾਸ, ਉਸ ਨੂੰ ਸਹਿਜ ਹੀ ਚੰਗੇ ਅਦਾਕਾਰਾਂ ਦੀ ਸੂਚੀ ਤੋਂ ਗਿੱਠ ਉੱਪਰ ਚੁੱਕ ਵਧੀਆ ਅਦਾਕਾਰਾਂ ਦੀ ਸੂਚੀ ਵਿੱਚ ਦਰਜ ਕਰ ਦਿੰਦਾ ਹੈ। ਕੇਵਲ ਧਾਲੀਵਾਲ ਦੀ ਨਿਰਦੇਸ਼ਕੀ ਸਮਝ ਤੇ ਗੁਰਤੇਜ ਦੀ ਸਹਿਜ ਅਦਾਕਾਰੀ ਦਾ ਹੀ ਨਤੀਜਾ ਸੀ ਕਿ ਇੱਕ ਵਾਰ ਵੀ ਸਿੱਧਰੇ ਨਿੰਦਰ ਦੇ ਮੂੰਹੋਂ ਨਿਕਲਿਆ ‘ਇਨਕਲਾਬ ਜ਼ਿੰਦਾਬਾਦ’ ਦਾ ਉਚਾਰਨ ਦਰਸ਼ਕਾਂ ਵੱਲੋਂ ਗੂੰਜਵੇਂ ਰੂਪ ’ਚ ਪ੍ਰਗਟ ਨਹੀਂ ਹੋਇਆ ਕਿਉਂਕਿ ਉਹਦੇ ਮੂੰਹੋਂ ਨਿਕਲਿਆ ਇਹ ਨਾਅਰਾ ਵੀ ਬੜੀ ਖ਼ੂਬਸੂਰਤੀ ਨਾਲ ਧੁਨੀ ਇਹੀ ਪੈਦਾ ਕਰ ਰਿਹਾ ਸੀ, ‘ਮੈਂ ਰੋ ਨਾ ਲਵਾਂ ਇੱਕ ਵਾਰ!’
ਸੰਪਰਕ: 98880-11096