ਜਸਵਿੰਦਰ ਸਿੰਘ ਰੁਪਾਲ
ਵਿਆਹ ਸਾਡੇ ਸਮਾਜ ਦੀ ਇਕ ਪਵਿੱਤਰ ਰਸਮ ਹੈ ਜਿਸ ਵਿਚ ਦੋ ਅਣਜਾਣ ਵਿਅਕਤੀ ਸਦਾ ਲਈ ਇਕ ਹੋ ਜਾਂਦੇ ਹਨ। ਗ੍ਰਹਿਸਥ ਜੀਵਨ ਸਭ ਤੋਂ ਉੱਤਮ ਮੰਨਿਆ ਗਿਆ ਹੈ। ਜਦੋਂ ਕਿਸੇ ਮਾਂ ਬਾਪ ਦਾ ਬੱਚਾ ਜਾਂ ਬੱਚੀ ਵਿਆਹੁਣ ਵਾਲੇ ਹੋ ਜਾਣ ਤਾਂ ਲੋੜੀਂਦਾ ਅਤੇ ਢੁਕਵਾਂ ਸਾਕ ਲੱਭਣ ਦੀ ਸਮੱਸਿਆ ਆ ਖੜ੍ਹੀ ਹੋ ਜਾਂਦੀ ਹੈ। ਐਨੇ ਵੱਡੇ ਸਮਾਜ ਵਿਚੋਂ ਢੁਕਵਾਂ ਨਾਤਾ ਜੋੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਇਸ ਕੰਮ ਨੂੰ ਠੀਕ ਢੰਗ ਨਾਲ ਸਿਰੇ ਚਾੜ੍ਹਨ ਵਿਚ ਮਹੱਤਵਪੂਰਨ ਰੋਲ ਨਿਭਾਉਣ ਵਾਲੇ ਨੂੰ ਹੀ ‘ਵਿਚੋਲਾ’ ਕਿਹਾ ਜਾਂਦਾ ਹੈ। ਉਹ ਲੜਕੀ ਲਈ ਯੋਗ ਲੜਕਾ ਜਾਂ ਲੜਕੇ ਲਈ ਯੋਗ ਲੜਕੀ ਦੱਸ ਕੇ ਰਿਸ਼ਤਾ ਕਰਵਾ ਦਿੰਦਾ ਹੈ।
ਵਿਚੋਲੇ ਦੀ ਮਹੱਤਤਾ ਨੂੰ ਗੁਰੂ ਸਾਹਿਬ ਨੇ ਵੀ ਸਵੀਕਾਰਿਆ ਹੈ, ਜਿੱਥੇ ਉਹ ਕੰਤ-ਪ੍ਰਭੂ ਨੂੰ ਮਿਲਾਉਣ ਵਾਲੇ ਵਿਚੋਲੇ- ਗੁਰੂ ਤੋਂ ਬਲਿਹਾਰ ਜਾਂਦੇ ਹਨ: ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ, ਜੈ ਮਿਲਿ ਕੰਤੁ ਪਛਾਣਾ॥
ਵਿਚੋਲਾ ਇਕ ਅਜਿਹਾ ਵਿਅਕਤੀ ਹੁੰਦਾ ਹੈ, ਜਿਹੜਾ ਲੜਕੀ ਅਤੇ ਲੜਕੇ ਦੋਹਾਂ ਦੇ ਪਰਿਵਾਰ ਨੂੰ ਨੇੜਿਓਂ ਜਾਣਦਾ ਹੈ। ਉਹ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ, ਦੋਸਤ ਮਿੱਤਰ ਵੀ, ਗੁਆਂਢੀ ਵੀ ਜਾਂ ਸਹਿਕਰਮੀ ਵੀ। ਉਹ ਲੜਕੇ ਜਾਂ ਲੜਕੀ ਦੀ ਜਾਤ, ਗੋਤ, ਉਮਰ, ਕੱਦ, ਵਿਦਿਅਕ ਯੋਗਤਾ, ਕੰਮ, ਖਾਸ ਗੁਣ, ਰੁਚੀਆਂ, ਉਸ ਦੀ ਚਾਹਤ ਆਦਿ ਬਾਰੇ ਪਹਿਲਾਂ ਤੋਂ ਹੀ ਵਾਕਿਫ਼ ਹੁੰਦਾ ਹੈ। ਜੇ ਕਿਸੇ ਗੱਲ ਦਾ ਉਸ ਨੂੰ ਪੱਕਾ ਪਤਾ ਨਾ ਹੋਵੇ ਤਾਂ ਉਹ ਰਿਸ਼ਤਾ ਕਰਵਾਉਣ ਸਮੇਂ ਪੁੱਛ ਵੀ ਲੈਂਦਾ ਹੈ। ਸਿੱਧੀ ਗੱਲ ਕਰਨ ਵਿਚ ਝਿਜਕ ਵੀ ਹੁੰਦੀ ਹੈ ਅਤੇ ਕਈ ਪਰਦੇ ਵੀ ਹੁੰਦੇ ਹਨ, ਪਰ ਵਿਚੋਲਾ ਹਰ ਸਵਾਲ ਦਾ ਜਵਾਬ ਲਿਆ ਕੇ ਦੇ ਸਕਦਾ ਹੈ। ਦੋਵੇਂ
ਪਾਸੇ ਦਾ ਜਾਣੂ ਹੋਣ ਕਰਕੇ ਉਸ ’ਤੇ ਦੋਵੇਂ ਧਿਰਾਂ ਚੰਗੀ ਆਸ ਰੱਖਦੀਆਂ ਹਨ ਅਤੇ ਉਸ ਦਾ ਕੰਮ ਵੱਡੀ ਜ਼ਿੰਮੇਵਾਰੀ ਦਾ ਹੁੰਦਾ ਹੈ। ਆਖਿਰ ਦੋ ਪ੍ਰਾਣੀਆਂ ਨੇ ਉਮਰ ਭਰ ਲਈ ਜੁੜਨਾ ਹੁੰਦਾ ਹੈ। ਵਿਆਹੀ ਜਾਣ ਵਾਲੀ ਮੁਟਿਆਰ ਵੀ ਵਿਚੋਲੇ ਨੂੰ ਆਪਣੀ ਚਾਹਤ ਦੱਸਣਾ ਚਾਹੁੰਦੀ ਹੈ। ਉਸ ਤੋਂ ਆਸ ਵੀ ਰੱਖਦੀ ਹੈ। ਗੱਲ ਚੱਲਦੀ ਹੋਣ ਦੀ ਸੂਰਤ ਵਿਚ ਉਸ ਤੋਂ ਵੱਧ ਤੋਂ ਵੱਧ ਪੁੱਛਣਾ ਵੀ ਚਾਹੁੰਦੀ ਹੈ:
ਆ ਜਾ ਬਹਿ ਜਾ ਵੇ ਵਿਚੋਲਿਆ
ਦੋ ਗੱਲਾਂ ਕਰੀਏ,
ਕੋਠੇ ’ਤੇ ਡਾਹ ਦੋ ਮੰਜੀਆਂ।
ਇਨ੍ਹਾਂ ਗੱਲਾਂ ਵਿਚ ਮੁੱਖ ਗੱਲ ਇਹੋ ਹੁੰਦੀ ਹੈ ਕਿ ਉਹ ਮੁਟਿਆਰ ਦੇ ਰੰਗ ਰੂਪ ਅਤੇ ਕੱਦ-ਕਾਠ ਦਾ ਖਿਆਲ ਤਾਂ ਰੱਖੇ ਹੀ, ਨਾਲ ਹੀ ਉਹ ਸੁਭਾਅ ਦੇ ਵੀ ਚੰਗੇ ਹੋਣ:
ਜੇ ਸਾਕ ਚੰਗੇ ਨਿਕਲੇ,
ਜਸ ਗਾਊਂਗੀ ਵਿਚੋਲਿਆ ਤੇਰਾ।
ਜੇ ਸਾਕ ਮਾੜੇ ਨਿਕਲੇ,
ਗਾਲ੍ਹਾਂ ਕੱਢੂੰਗੀ ਬੀਹੀ ਦੇ ਵਿਚ ਖੜ੍ਹ ਕੇ।
ਕਦੇ ਕਦੇ ਉਹ ਵਿਚੋਲਗਿਰੀ ਵਿਚ ਦਿੱਤੀਆਂ ਜਾਣ ਵਾਲੀਆਂ ਵਸਤਾਂ ਦਾ ਲਾਲਚ ਵੀ ਦਿੰਦੀ ਹੈ:
ਡੱਬਾ ਖੇਸ ਵੇ ਵਿਚੋਲਿਆ ਤੈਨੂੰ
ਜੇ ਮੈਨੂੰ ਸੁਖ ਮਿਲਿਆ।
ਪਰ ਕਦੇ ਕਦੇ ਉਹ ਪਹਿਲਾਂ ਵਿਆਹੀਆਂ ਮੁਟਿਆਰਾਂ ਵੱਲ ਤੱਕਦੀ ਹੈ
ਅਤੇ ਨਿਰਾਸ਼ਾ ਵਿਚ ਕਹਿ ਉੱਠਦੀ ਹੈ:
ਕਾਹਨੂੰ ਮਾਰਦੈਂ ਵਿਚੋਲਿਆ ਗੇੜੇ
ਸੁਖ ਮੇਰੇ ਕਰਮਾਂ ਦੇ।
ਵਿਚੋਲਾ ਲੜਕੇ ਦੇ ਗੁਣਾਂ ਨੂੰ ਵਧਾ ਚੜ੍ਹਾ ਕੇ
ਦੱਸਦਾ ਹੈ। ਭਾਵੇਂ ਗੱਲ ਸਰੀਰਕ ਸੁੰਦਰਤਾ ਦੀ
ਹੋਵੇ, ਭਾਵੇਂ ਅੰਦਰਲੇ ਗੁਣਾਂ ਦੀ, ਸਮਾਜਿਕ ਆਰਥਿਕ ਹਾਲਤ ਦੀ ਜਾਂ ਉਨ੍ਹਾਂ ਦੇ ਵਿਵਹਾਰ ਦੀ। ਵਿਚੋਲੇ
’ਤੇ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਰਿਸ਼ਤਾ ਹੋ
ਜਾਂਦਾ ਹੈ। ਹੁਣ ਜਿਨ੍ਹਾਂ ਨੂੰ ਪਤੀ ਉਚਿਤ ਮਾਪਦੰਡ
ਵਾਲੇ ਨਹੀਂ ਮਿਲੇ, ਉਨ੍ਹਾਂ ਦਾ ਵਿਚੋਲੇ ’ਤੇ ਉਲਾਂਭਾ ਜਾਇਜ਼ ਹੈ। ਕੋਈ ਹਲਕੇ ਸੁਰ ਵਿਚ ਅਤੇ ਕੋਈ ਸਖ਼ਤ ਸੁਰ ਵਿਚ ਵਿਚੋਲੇ ’ਤੇ ਆਪਣੀ ਭੜਾਸ ਕੱਢਦੀ ਹੈ। ਸੋਹਣੀ ਸੁਨੱਖੀ ਮੁਟਿਆਰ ਨੂੰ ਜੇ ਕਾਲੇ ਰੰਗ ਦੇ ਗੱਭਰੂ ਨਾਲ ਵਿਆਹ ਦਿੱਤਾ ਜਾਵੇ, ਇਤਰਾਜ਼ ਕੁਝ ਇਸ ਤਰ੍ਹਾਂ ਨਿਕਲਦਾ ਹੈ:
*ਨੀਂ ਮੈਂ ਹਾਰੇ ਦੀ ਮਿੱਟੀ, ਨੀਂ ਮੈਂ ਚੁੱਲ੍ਹੇ ਦੀ ਮਿੱਟੀ
ਕਾਲੇ ਰੀਠੜੇ ਨੂੰ ਵਿਆਹੀ, ਨੀਂ ਮੈਂ ਸਾਬਣ ਦੀ ਟਿੱਕੀ।
*ਮੈਂ ਅਰਸ਼ਾਂ ਦੀ ਹੂਰ ਪਰੀ, ਮੇਰਾ ਪੁੱਠੇ ਤਵੇ ਜਿਹਾ ਢੋਲ
ਵਿਚੋਲਿਆ ਮਰ ਜਾਣਿਆ, ਕਿੱਥੋਂ ਲਿਆਇਆ ਟੋਲ।
*ਲੜ ਨਜ਼ਰਬੱਟੂ ਦੇ ਲਾਈ, ਜਿਊਂਦੀ ਮੈਂ ਮਰ ਗਈ
ਤੇਰੀ ਮਰ ਜਾਏ ਵਿਚੋਲਿਆ ਤਾਈ।
ਕਿਸੇ ਨੱਢੀ ਦਾ ਮਾਹੀ ਮਧਰੇ ਕੱਦ ਦਾ ਹੁੰਦਾ ਹੈ ਅਤੇ ਉਹ ਆਪ ਲੰਮ-ਸਲੰਮੀ, ਉਸ ਨੂੰ ਤਾਂ ਉਹ ਬੱਚਾ ਜਿਹਾ ਹੀ ਲੱਗਦਾ ਹੈ ਤੇ ਉਹ ਬੋਲ ਉੱਠਦੀ ਹੈ:
ਦੁਸ਼ਮਣ ਮਾਪੇ, ਵੈਰੀ ਵਿਚੋਲਾ,
ਬਦਲੇਖੋਰੀਆਂ ਮਾਵਾਂ
ਨਿੱਕੇ ਜਿਹੇ ਮੁੰਡੇ ਨਾਲ ਵਿਆਹ ਕਰ ਦਿੰਦੀਆਂ,
ਦੇ ਕੇ ਚਾਰ ਕੁ ਲਾਵਾਂ,
ਰੁੱਸ ਜਾਂਦਾ ਬੁਸ ਬੁਸ ਕਰਦਾ,
ਤਰਲਿਆਂ ਨਾਲ ਵਰਾਵਾਂ,
ਧਰ ਕੇ ਗੋਡੇ ’ਤੇ ਲੋਰੀ ਦੇ ਵਰਚਾਵਾਂ।
ਇਹ ਤਾਂ ਰੰਗ ਰੂਪ ਜਾਂ ਸਰੀਰਕ ਪੱਖ ਦੀ ਗੱਲ ਹੈ, ਕਦੇ ਕਦੇ ਲੜਕੀ ਨੂੰ ਸਹੁਰਿਆਂ ਦਾ ਸੁਭਾਅ ਚੰਗਾ ਨਹੀਂ ਮਿਲਦਾ। ਭਰਵਾਂ ਪਿਆਰ ਮਿਲਣ ਦੀ ਥਾਂ ਸੱਸ ਵੱਲੋਂ ਟੋਕਾ ਟਾਕੀ ਹੁੰਦੀ ਰਹਿੰਦੀ ਹੈ। ਸ਼ਿਕਾਇਤ ਫਿਰ ਵਿਚੋਲੇ ਸਿਰ ਖੜ੍ਹੀ ਹੈ:
ਕੀੜੇ ਪੈਣ ਵੇ ਵਿਚੋਲਿਆ ਤੇਰੇ
ਵੱਢ ਖਾਣੀ ਸੱਸ ਟੱਕਰੀ।
ਓਧਰ ਲੜਕੇ ਵਾਲਿਆਂ ਵੱਲ ਜਦੋਂ ਕਾਲੇ ਰੰਗ ਦੇ ਗੱਭਰੂ ਨੂੰ ਪਰੀਆਂ ਵਰਗੀ ਮੁਟਿਆਰ ਮਿਲ ਜਾਂਦੀ ਹੈ ਤਾਂ ਮੁੰਡੇ ਦੀ ਮਾਂ ਵਿਚੋਲੇ ਤੋਂ ਬਲਿਹਾਰ ਜਾਂਦੀ ਹੈ:
ਵਿਚੋਲਿਆ ਵੇ ਤੇਰਾ ਪੁੱਤ ਜੀਵੇ, ਵੱਸੇ ਤੇਰਾ ਘਰ ਬਾਰ
ਕੰਧੀ ਚਾਨਣ ਹੋ ਗਿਆ, ਨੂੰਹ ਆਈ ਸਾਡੇ ਵਾਰ।
ਕੁਝ ਕੁ ਥਾਂ ਹੀ ਅਜਿਹੇ ਹੁੰਦੇ ਹਨ, ਜਿੱਥੇ ਵਿਚੋਲੇ ਨੂੰ ਉਲਾਂਭਾ ਮਿਲਦਾ ਹੈ, ਪਰ ਬਹੁਤੀ ਥਾਈਂ ਰਿਸ਼ਤਾ ਠੀਕ ਸਿਰੇ ਚੜ੍ਹਦਾ ਹੈ। ਦੋਵੇਂ ਪਰਿਵਾਰ ਖੁਸ਼ ਹਨ ਅਤੇ ਵਿਆਹ ਤੋਂ ਬਾਅਦ ਵਿਚੋਲੇ ਨੂੰ ਬਣਦੀ ਵਿਚੋਲਗਿਰੀ ਅਤੇ ਮਾਣ ਦੇ ਦਿੰਦੇ ਹਨ, ਜੋ ਜ਼ਿਆਦਾਤਰ ਕੱਪੜਿਆਂ ਅਤੇ ਮਠਿਆਈ ਦੇ ਰੂਪ ਵਿਚ ਹੁੰਦਾ ਹੈ। ਦੋਵੇਂ ਪਰਿਵਾਰਾਂ ਦੀ ਆਪਸ ਵਿਚ ਵਰਤਣ ਵਧੀਆ ਹੋ ਜਾਂਦੀ ਹੈ, ਹੁਣ ਉਹ ਹਰ ਗੱਲ ਸਿੱਧੀ ਕਰ ਲੈਂਦੇ ਹਨ ਤੇ ਫਿਰ ਵਿਚੋਲਾ ਗੈਰ-ਜ਼ਰੂਰੀ ਜਿਹਾ ਬਣ ਜਾਂਦਾ ਹੈ:
*ਕੁੜਮੋ ਕੁੜਮੀ ਵਰਤਣਗੇ
ਵਿਚੋਲੇ ਬੈਠੇ ਤਰਸਣਗੇ।
*ਕੁੜਮੋ ਕੁੜਮੀ ਮੇਲ ਹੋਇਆ
ਵਿਚੋਲੇ ਦੀ ਦਾੜ੍ਹੀ ਵਿਚ ਤੇਲ ਚੋਇਆ।
ਜਿਉਂ ਜਿਉਂ ਪਰਿਵਾਰਾਂ ਦਾ ਆਪਸੀ ਪਿਆਰ ਵਧਦਾ ਜਾਂਦਾ ਹੈ, ਵਿਚ ਪਾਏ ਪਰਦੇ ਵੀ ਖੁੱਲ੍ਹ ਜਾਂਦੇ ਹਨ, ਪਰ ਆਪਸੀ ਸਮਝ ਅਤੇ ਪਿਆਰ ਰਿਸ਼ਤੇ ਨੂੰ ਗੂੜ੍ਹਾ ਕਰਦਾ ਹੈ। ਹੁਣ ਵਿਚੋਲੇ ਦੀ ਲੋੜ ਨਹੀਂ ਰਹਿੰਦੀ:
*ਮੱਕੀ ਦਾ ਦਾਣਾ ਟਿੰਡ ਵਿਚ ਵੇ
ਵਿਚੋਲਾ ਨਹੀਂ ਰੱਖਣਾ ਪਿੰਡ ਵਿਚ ਵੇ।
*ਮੱਕੀ ਦਾ ਦਾਣਾ ਖੂਹ ਵਿਚ ਵੇ,
ਵਿਚੋਲਾ ਨਹੀਂ ਰੱਖਣਾ ਜੂਹ ਵਿਚ ਵੇ।
ਅੱਜ ਵਿਚੋਲੇ ਦਾ ਰੋਲ ਘਟ ਗਿਆ ਹੈ। ਹੁਣ ਜਿੱਥੇ ਲੜਕੀ ਲੜਕਾ ਸਿੱਧਾ ਇਕ ਦੂਜੇ ਨੂੰ ਦੇਖਦੇ ਹਨ, ਮਿਲਦੇ ਹਨ, ਫੋਨ ਕਰਦੇ ਹਨ, ਆਪਸ ਵਿਚ ਸਾਰੀ ਗੱਲ ਤੈਅ ਕਰਦੇ ਹਨ, ਉੱਥੇ ਰਿਸ਼ਤਾ ਕਰਵਾਉਣ ਲਈ ਵੀ ਅਖ਼ਬਾਰਾਂ, ਰੇਡਿਓ ਟੈਲੀਵਿਜ਼ਨ ਅਤੇ ਕੰਪਿਊਟਰ ਨੇ ਵਿਚੋਲੇ ਦੀ ਥਾਂ ਲੈ ਲਈ ਹੈ।