ਹਰਪ੍ਰੀਤ ਕੌਰ ਸੰਧੂ
ਅਸੀਂ ਗੱਲਬਾਤ ਕਰਨਾ ਬੰਦ ਕਰ ਦਿੱਤਾ ਹੈ, ਪਰ ਗੱਲਬਾਤ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਮੌਜੂਦਾ ਦੌਰ ਵਿੱਚ ਲੋਕ ਵਿਹਲੀਆਂ ਗੱਲਾਂ ਤਾਂ ਕਰਦੇ ਹੀ ਨਹੀਂ। ਇਹ ਇੱਕ ਤਰ੍ਹਾਂ ਦਾ ਕਥਾਰਸਿਸ ਹੁੰਦਾ ਹੈ। ਸੱਥ ਵਿੱਚ ਬਹਿ ਕੇ ਹਾਸਾ ਠੱਠਾ ਕਰਨਾ ਅਤੇ ਨਾਲ ਹੀ ਸੰਜੀਦਾ ਗੱਲਾਂ ਵੀ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਸਨ। ਮਰਦ ਜੇਕਰ ਸੱਥ ਵਿੱਚ ਬੈਠਦੇ ਸੀ ਤਾਂ ਔਰਤਾਂ ਇਕੱਠੀਆਂ ਹੋ ਕੇ ਵਿਹੜੇ ਵਿੱਚ ਬਹਿ ਕੇ ਗੱਲਾਂ ਕਰਦੀਆਂ ਸਨ। ਆਪਣੇ ਸੁਖ-ਦੁਖ ਸਾਂਝੇ ਕਰਦੀਆਂ ਸਨ।
ਇਹ ਵਰਤਾਰਾ ਅੱਜ ਸਾਨੂੰ ਫਜ਼ੂਲ ਲੱਗਦਾ ਹੈ। ਅਸੀਂ ਇਸ ਨੂੰ ਸਮੇਂ ਦੀ ਬਰਬਾਦੀ ਕਹਿੰਦੇ ਹਾਂ, ਪਰ ਮਨੋਵਿਗਿਆਨਕ ਤੌਰ ’ਤੇ ਇਸ ਦਾ ਕਿੰਨਾ ਅਸਰ ਸੀ ਇਹ ਭੁੱਲ ਰਹੇ ਹਾਂ। ਜਿੱਥੇ ਇਨ੍ਹਾਂ ਗੱਲਾਂ ਨਾਲ ਮਨ ਹਲਕਾ ਹੁੰਦਾ ਸੀ, ਉੱਥੇ ਆਪਸੀ ਸਬੰਧ ਵੀ ਮਜ਼ਬੂਤ ਹੁੰਦੇ ਸਨ। ਸਾਨੂੰ ਇੱਕ ਦੂਜੇ ਦੇ ਸੁੱਖ ਦੁੱਖ ਬਾਰੇ ਪਤਾ ਹੁੰਦਾ ਸੀ। ਅਸੀਂ ਸੁੱਖ ਦੁੱਖ ਵਿੱਚ ਭਾਈਵਾਲ ਬਣਦੇ ਸੀ। ਇਸ ਤਰ੍ਹਾਂ ਸਾਡੀ ਸਾਂਝ ਹੋਰ ਗੂੜ੍ਹੀ ਹੁੰਦੀ ਸੀ।
ਅੱਜ ਤਰੱਕੀ ਦੇ ਘੋੜੇ ’ਤੇ ਬੈਠਾ ਮਨੁੱਖ ਇਸ ਨੂੰ ‘ਗੌਸਿਪ’ ਕਹਿੰਦਾ ਹੈ। ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਉਸ ਨੂੰ ਸਮਝਦਾਰੀ ਪ੍ਰਤੀਤ ਹੁੰਦੀਆਂ ਹਨ। ਕੋਈ ਸ਼ੱਕ ਨਹੀਂ ਕਿ ਸੰਜੀਦਾ ਗੱਲਾਂ ਕਰਨੀਆਂ ਵੀ ਜ਼ਰੂਰੀ ਹਨ, ਪਰ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਉਸ ਨੂੰ ਹਲਕੀਆਂ ਫੁਲਕੀਆਂ ਤੇ ਛੋਟੀਆਂ ਛੋਟੀਆਂ ਗੱਲਾਂ ਸਾਂਝੀਆਂ ਕਰਨ ਦੀ ਲੋੜ ਪੈਂਦੀ ਹੈ। ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਵੀ ਹੈ। ਦੁੱਖ ਸੁੱਖ ਸਾਂਝੇ ਕਰਨੇ ਬੜੇ ਜ਼ਰੂਰੀ ਹਨ। ਦੁੱਖ ਸਾਂਝਾ ਕੀਤਿਆਂ ਘਟ ਜਾਂਦਾ ਹੈ ਅਤੇ ਸੁੱਖ ਸਾਂਝਾ ਕੀਤਿਆਂ ਵਧ ਜਾਂਦਾ ਹੈ।
ਅੱਜ ਗੱਲਬਾਤ ਦੀ ਇਹ ਤੰਦ ਟੁੱਟ ਗਈ ਹੈ। ਇਸ ਲਈ ਇਹ ਹੁਣ ਮਾਨਸਿਕ ਰੋਗਾਂ ਦੀ ਜੜ ਬਣ ਰਹੀ ਹੈ। ਹਰ ਕੋਈ ਚੁੱਪਚਾਪ ਇਕੱਲਾ ਰਹਿਣਾ ਪਸੰਦ ਕਰਦਾ ਹੈ। ਸਮਾਜ ਨਾਲੋਂ ਟੁੱਟ ਕੇ ਸਾਡੀ ਸਾਂਝ ਗੈਜੇਟ ਨਾਲ ਬਣ ਗਈ ਹੈ। ਜੇ ਕੋਈ ਇਕੱਲਾ ਬੈਠਾ ਹੈ ਤਾਂ ਉਹ ਇਕੱਲਾ ਨਹੀਂ ਹੈ, ਉਸ ਨਾਲ ਉਸ ਦਾ ਮੋਬਾਈਲ ਜਾਂ ਲੈਪਟਾਪ ਹੈ। ਹੈਰਾਨੀ ਦੀ ਗੱਲ ਹੈ ਕਿ ਅਸੀਂ ਨਾਲ ਬੈਠੇ ਬੰਦੇ ਨਾਲ ਗੱਲ ਨਹੀਂ ਕਰ ਸਕਦੇ, ਪਰ ਮੋਬਾਈਲ ’ਤੇ ਚੈਟ ਕਰਦੇ ਹਾਂ। ਬੋਲ ਕੇ ਕੀਤੀ ਗੱਲ ਵਿੱਚ ਸਾਡੇ ਬੋਲਣ ਦਾ ਢੰਗ, ਲਹਿਜ਼ਾ ਗੱਲ ਨੂੰ ਸਪੱਸ਼ਟ ਕਰ ਦਿੰਦਾ ਹੈ। ਲਿਖ ਕੇ ਕੀਤੀ ਚੈਟ ਵਿੱਚ ਸਾਹਮਣੇ ਵਾਲਾ ਆਪਣੇ ਮਨ ਮੁਤਾਬਿਕ ਉਸ ਗੱਲ ਨੂੰ ਸਮਝਦਾ ਹੈ। ਰਿਸ਼ਤਿਆਂ ਵਿੱਚ ਪੈ ਰਹੀਆਂ ਤਰੇੜਾਂ ਦਾ ਇਹ ਵੀ ਇੱਕ ਕਾਰਨ ਹੈ।
ਕਹਿਣ ਵਾਲਾ ਕਿਸੇ ਹੋਰ ਲਹਿਜ਼ੇ ਵਿੱਚ ਗੱਲ ਕਰਨਾ ਚਾਹੁੰਦਾ ਹੈ, ਪਰ ਜਦੋਂ ਲਿਖੀ ਜਾਂਦੀ ਹੈ ਤਾਂ ਸਪਾਟ ਹੁੰਦੀ ਹੈ। ਇਸ ਤਰ੍ਹਾਂ ਪੜ੍ਹਨ ਵਾਲਾ ਉਸ ਨੂੰ ਆਪਣੇ ਅਨੁਸਾਰ ਪੜ੍ਹਦਾ ਹੈ। ਜ਼ਿਆਦਾਤਰ ਮਨ ਮੁਟਾਵ ਦਾ ਕਾਰਨ ਇਹੀ ਬਣਦਾ ਹੈ। ਅੱਜਕੱਲ੍ਹ ਲੋਕ ਫੋਨ ’ਤੇ ਵੀ ਗੱਲਬਾਤ ਨਹੀਂ ਕਰਦੇ ਬਸ ਲਿਖ ਕੇ ਇੱਕ ਮੈਸੇਜ ਛੱਡ ਦਿੰਦੇ ਹਨ। ਅੱਜ ਖ਼ੁਸ਼ੀ ਹੋਵੇ ਜਾਂ ਗ਼ਮੀ ਇੱਕ ਲਿਖਤੀ ਮੈਸੇਜ ਨਾਲ ਕਹਾਣੀ ਖ਼ਤਮ ਹੋ ਜਾਂਦੀ ਹੈ। ਗੱਲਬਾਤ ਕਰਨ ਨਾਲ ਮਨ ਹਲਕਾ ਹੁੰਦਾ ਹੈ। ਮਨ ਤੋਂ ਬਹੁਤ ਸਾਰਾ ਬੋਝ ਲਹਿ ਜਾਂਦਾ ਹੈ। ਜਦੋਂਕਿ ਲਿਖ ਕੇ ਕੀਤੀ ਗੱਲ ਨਾਲ ਮਨ ਹੋਰ ਭਾਰਾ ਹੋ ਜਾਂਦਾ ਹੈ। ਜਦੋਂ ਅਸੀਂ ਸਾਹਮਣੇ ਬੈਠ ਕੇ ਗੱਲ ਕਰਦੇ ਹਾਂ ਤਾਂ ਦੂਜਾ ਬੰਦਾ ਵੀ ਜਵਾਬ ਦਿੰਦਾ ਹੈ। ਮੈਸੇਜ ਤਾਂ ਇੱਕ ਅਲੱਗ ਹੀ ਸਿਰਦਰਦੀ ਹੈ। ਪਹਿਲਾ ਫਿਕਰ ਹੈ ਕਿ ਮੈਸੇਜ ਪੜ੍ਹਿਆ ਨਹੀਂ, ਫਿਰ ਫਿਕਰ ਹੈ ਕਿ ਉਸ ਨੇ ਇਸ ਦਾ ਜਵਾਬ ਨਹੀਂ ਦਿੱਤਾ। ਜੇਕਰ ਪੜ੍ਹਨ ਵਾਲਾ ਕਿਤੇ ਰੁੱਝਿਆ ਹੋਣ ਕਾਰਨ ਕੁਝ ਦੇਰ ਤੱਕ ਜਵਾਬ ਨਾ ਦੇਵੇ ਤਾਂ ਅਸੀਂ ਆਪ ਹੀ ਸੋਚ ਲੈਂਦੇ ਹਾਂ ਉਹ ਸਾਨੂੰ ਅਣਗੌਲਿਆਂ ਕਰ ਰਿਹਾ ਹੈ।
ਅਸਲ ਵਿੱਚ ਗੱਲਬਾਤ ਛੱਡ ਕੇ ਜਿਸ ਰਾਹ ਅਸੀਂ ਤੁਰ ਪਏ ਹਾਂ, ਉੱਥੇ ਸਵਾਲ ਵੀ ਸਾਡੇ ਹਨ ਤੇ ਜੁਆਬ ਵੀ ਸਾਡੇ। ਪਹਿਲਾਂ ਤੋਂ ਹੀ ਉਲਝਣਾਂ ਵਿੱਚ ਉਲਝਿਆ ਮਨੁੱਖ ਇਕੱਲਤਾ ਵਿੱਚ ਰਹਿ ਕੇ ਹੋਰ ਪਰੇਸ਼ਾਨ ਹੋ ਰਿਹਾ ਹੈ। ਖ਼ੁਦਕੁਸ਼ੀਆਂ ਦਾ ਵਧ ਰਿਹਾ ਰੁਝਾਨ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਾਂ। ਅੱਜ ਜੇਕਰ ਕੋਈ ਗੱਲਬਾਤ ਕਰਨਾ ਵੀ ਚਾਹੁੰਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਨਿੰਦ ਦਿੱਤਾ ਜਾਂਦਾ ਹੈ ਕਿ ਉਹ ਗੌਸਿਪ ਕਰ ਰਿਹਾ ਹੈ। ਵਿਹਲੀਆਂ ਗੱਲਾਂ ਜੋ ਅੰਗਰੇਜ਼ੀ ਵਿੱਚ ‘ਗੌਸਿਪ’ ਕਹਾਉਂਦੀਆਂ ਹਨ, ਉਹ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।
ਇਹ ਗੱਲਾਂ ਸਾਡੇ ਮਨ ਦਾ ਬਹੁਤ ਸਾਰਾ ਬੋਝ ਲਾਹ ਦਿੰਦੀਆਂ ਹਨ। ਸਾਨੂੰ ਦੂਜਿਆਂ ਨਾਲ ਜੋੜਦੀਆਂ ਹਨ। ਅਪਣੱਤ ਦੀ ਭਾਵਨਾ ਨੂੰ ਵਧਾਉਂਦੀਆਂ ਹਨ ਜੋ ਕਿ ਮਨੁੱਖ ਲਈ ਸੁਰੱਖਿਆ ਦੀ ਭਾਵਨਾ ਬਣਦੀ ਹੈ। ਵਿਦੇਸ਼ ਵਿੱਚ ਇਕੱਲਾਪਣ ਇੱਕ ਮਾਰੂ ਰੋਗ ਸਾਬਤ ਹੋ ਰਿਹਾ ਹੈ ਅਤੇ ਹੌਲੀ ਹੌਲੀ ਇਹ ਭਾਰਤ ਵਿੱਚ ਵੀ ਪੈਰ ਪਸਾਰ ਰਿਹਾ ਹੈ। ਸਾਨੂੰ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਲਈ ਕਦੀ ਆਪਣੇ ਦੋਸਤਾਂ ਕੋਲ ਬਿਨਾਂ ਕਿਸੇ ਵਜ੍ਹਾ ਜਾਓ। ਕਦੀ ਕੋਈ ਫੋਨ ਬਿਨਾਂ ਕਿਸੇ ਵਜ੍ਹਾ ਕਰੋ। ਇੱਧਰ ਉੱਧਰ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਕਰੋ। ਮਜ਼ਾਹੀਆ ਲਹਿਜ਼ੇ ਵਿੱਚ ਗੱਲਾਂ ਕਰੋ। ਜ਼ਿੰਦਗੀ ਖ਼ੁਸ਼ਗਵਾਰ ਲੱਗੇਗੀ। ਮਨੁੱਖੀ ਜੀਵਨ ਵਿੱਚੋਂ ਜੇਕਰ ਗੱਲਬਾਤ ਨੂੰ ਕੱਢ ਦਿੱਤਾ ਜਾਵੇ ਤਾਂ ਕੁਝ ਬਚਦਾ ਹੀ ਨਹੀਂ। ਇਸ ਲਈ ਬਹੁਤ ਜ਼ਰੂਰੀ ਹੈ ਕਿ ਕਿਸੇ ਤਰੀਕੇ ਨਾਲ ਆਪਸੀ ਗੱਲਬਾਤ ਨੂੰ ਬਚਾ ਲਈਏ ਤਾਂ ਫਿਰ ਅਸੀਂ ਆਪਣੇ ਆਪ ਨੂੰ ਵੀ ਬਚਾ ਲਵਾਂਗੇ।