ਪਣਜੀ: ਗੋਆ ਵਿੱਚ ਅੱਠ ਰੋਜ਼ਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਦਾ ਬੀਤੀ ਦੇਰ ਰਾਤ ਆਗਾਜ਼ ਹੋ ਗਿਆ ਜਿਸ ਦਾ ਉਦਘਾਟਨ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਰਦਿਆਂ ਕਿਹਾ ਕਿ ਭਾਰਤ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੀਡੀਆ ਅਤੇ ਮਨੋਰੰਜਨ ਦਾ ਗੜ੍ਹ ਬਣ ਜਾਵੇਗਾ। ਸ੍ਰੀ ਠਾਕੁਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਫਿਲਮ ਫੈਸਟੀਵਲ ਵਿਚ ਸਰਬੋਤਮ ਵੈੱਬ ਸੀਰੀਜ਼ ਲਈ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਓਟੀਟੀ ਪਲੈਟਫਾਰਮ ਨੇ ਕਰੋਨਾ ਮਹਾਂਮਾਰੀ ਦੌਰਾਨ ਸਭ ਕੁਝ ਬੰਦ ਹੋਣ ਦੇ ਬਾਵਜੂਦ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਸੀ ਤੇ ਓਟੀਟੀ ਵੇਖਣ ਵਾਲਿਆਂ ਦੀ ਦਰ 28 ਫੀਸਦੀ ਨਾਲ ਵਧ ਰਹੀ ਹੈ। ਇਸ ਵੇਲੇ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ, ਇਹ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਵੀ ਦੁਨੀਆ ਦੇ ਪੰਜਵੇਂ ਸਥਾਨ ’ਤੇ ਹੈ ਜੋ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਅਤੇ ਮੀਡੀਆ ਤੇ ਮਨੋਰੰਜਨ ਦਾ ਗੜ੍ਹ ਬਣਨ ਜਾ ਰਿਹਾ ਹੈ। ਇਹ ਫਿਲਮ ਫੈਸਟੀਵਲ ਪਹਿਲੇ ਦਿਨ ਭਾਰਤੀ ਅਦਾਕਾਰਾਂ ਦੇ ਨਾਂ ਰਿਹਾ। -ਪੀਟੀਆਈ
ਫ਼ਿਲਮ ਫੈਸਟੀਵਲ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਸਨਮਾਨ
ਪਣਜੀ (ਗੋਆ): ਇੱਥੇ 54ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਦੌਰਾਨ ਮਸ਼ਹੂਰ ਫ਼ਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੂੰ ‘ਭਾਰਤੀ ਸਿਨੇਮਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਧੁਰੀ ਨੇ ਕਿਹਾ ਕਿ ਉਹ ਇਹ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਅਜਿਹੇ ਪੁਰਸਕਾਰ ਹਮੇਸ਼ਾ ਅਤੇ ਚੰਗੇ ਕੰਮ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਇਸ ਮਗਰੋਂ ਮਾਧੁਰੀ ਨੇ ਫ਼ਿਲਮ ‘ਦੇਵਦਾਸ’ ਦੇ ਗੀਤ ‘ਡੋਲਾ ਰੇ ਡੋਲਾ’, ‘ਆਜਾ ਨੱਚ ਲੈ’, ‘ਓ ਰੇ ਪੀਆ’ ਅਤੇ ਫ਼ਿਲਮ ‘ਕਲੰਕ’ ਦੇ ‘ਘਰ ਮੋਰੇ ਪਰਦੇਸੀਆ’ ਵਰਗੇ ਹੋਰ ਗੀਤਾਂ ’ਤੇ ਪੇਸ਼ਕਾਰੀ ਦਿੱਤੀ। ਮਾਧੁਰੀ ਤੋਂ ਇਲਾਵਾ ਫ਼ਿਲਮ ਮੇਲੇ ਵਿੱਚ ਸ਼ਾਹਿਦ ਕਪੂਰ, ਸ਼੍ਰੀਆ ਸਰਨ, ਨੁਸਰਤ ਭਰੁਚਾ, ਸਾਰਾ ਅਲੀ ਖ਼ਾਨ, ਵਿਜੈ ਸੇਤੂਪਤੀ, ਸਨੀ ਦਿਓਲ, ਕਰਨ ਜੌਹਰ, ਸ਼੍ਰੇਆ ਘੋਸ਼ਾਲ ਤੇ ਹੋਰ ਕਲਾਕਾਰ ਹਾਜ਼ਰ ਸਨ। -ਏਐੱਨਆਈ