ਮੁੰਬਈ: ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਕਪਿਲ ਕੌਸ਼ਤੁਭ ਨੇ ਆਪਣੀ ਵੈੱਬ ਸੀਰੀਜ਼ ‘ਮਾਰਗਾਓਂ: ਦਿ ਕਲੋਜ਼ਡ ਫਾਈਲ’ ਵਿੱਚ ਅੱਠ ਮਹਿਲਾ ਅਦਾਕਾਰਾਂ ਲਈਆਂ ਹਨ। ਇਨ੍ਹਾਂ ਅੱਠ ਅਦਾਕਾਰਾਂ ਵਿੱਚ ਜ਼ੀਨਤ ਅਮਾਨ, ਪੱਲਵੀ ਜੋਸ਼ੀ, ਸ਼ਿਲਪਾ ਸ਼ਿੰਦੇ, ਸੁਚਿਤਰਾ ਕ੍ਰਿਸ਼ਨਾਮੂਰਤੀ, ਕਿਟੂ ਗਿਡਵਾਨੀ, ਪਰਵੀਨ ਦਸਤੂਰ, ਤਨਾਜ਼ ਇਰਾਨੀ ਅਤੇ ਮਹਬਿਾਨੂ ਮੋਦੀ ਕੋਤਵਾਲ ਸ਼ਾਮਲ ਹਨ। ਇਸ ਬਾਰੇ ਉਸ ਨੇ ਕਿਹਾ, ‘‘ਜ਼ੀਨਤ ਜੀ ਮੇਰੀ ਪਹਿਲੀ ਫਿਲਮ ‘ਡੂਨੋ ਵਾਇ ਨਾ ਜਾਨੇ ਕਿਉਂ’ ਦਾ ਵੀ ਹਿੱਸਾ ਸਨ। ਉਸ ਸਮੇਂ ਮੈਂ ਨਵਾਂ ਸੀ ਪਰ ਉਨ੍ਹਾਂ ਮੇਰਾ ਕਾਫੀ ਸਾਥ ਦਿੱਤਾ। ਉਹ ਮੇਰੀ ਦੂਜੀ ਫਿਲਮ ਦਾ ਵੀ ਹਿੱਸਾ ਸਨ। ਉਨ੍ਹਾਂ ਦੀ ਮੌਜੂਦਗੀ ਸਿਰਫ ਮੇਰੀਆਂ ਫਿਲਮਾਂ ਹੀ ਨਹੀਂ ਸਗੋਂ ਮੇਰੀ ਜ਼ਿੰਦਗੀ ਲਈ ਵੀ ਅਹਿਮ ਹੈ। ‘ਮਾਰਗਾਓਂ’ ਵਿੱਚ ਉਨ੍ਹਾਂ ਦਾ ਕਿਰਦਾਰ ਬਹੁਤ ਦਿਲਚਸਪ ਹੈ। ਦਰਸ਼ਕ ਉਨ੍ਹਾਂ ਨੂੰ ਇਸ ਕਿਰਦਾਰ ਵਿੱਚ ਦੇਖ ਕੇ ਹੈਰਾਨ ਹੋਣਗੇ। ਸ਼ੋਅ ਦਾ ਹਿੱਸਾ ਬਣਨ ਲਈ ਮੈਂ ਪੱਲਵੀ ਜੋਸ਼ੀ, ਸ਼ਿਲਪਾ ਸ਼ਿੰਦੇ, ਸੁਚਿਤਰਾ ਕ੍ਰਿਸ਼ਨਾਮੂਰਤੀ, ਕਿਟੂ ਗਿਡਵਾਨੀ, ਪਰਵੀਨ ਦਸਤੂਰ, ਤਨਾਜ਼ ਇਰਾਨੀ ਅਤੇ ਮਹਬਿਾਨੂ ਮੋਦੀ ਕੋਤਵਾਲ ਦਾ ਸ਼ੁਕਰੀਆ ਕਰਦਾ ਹਾਂ। ਅੱਠ ਵੱਡੀਆਂ ਅਦਾਕਾਰਾਂ ਨਾਲ ਕੰਮ ਕਰਨ ’ਤੇ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ।’’
ਕਪਿਲ ਨੇ ਕਿਹਾ ਕਿ ਉਸ ਲਈ ‘ਮਹਿਲਾ ਦਿਵਸ’ ਬਹੁਤ ਖਾਸ ਹੈ। ਇਸ ਦਿਨ ਦੇ ਮਹੱਤਵ ਬਾਰੇ ਉਸ ਨੇ ਕਿਹਾ ਕਿ ਮਹਿਲਾ ਦਿਵਸ ਸਾਨੂੰ ਜ਼ਿੰਦਗੀ ਵਿੱਚ ਔਰਤਾਂ ਲਈ ਕੁਝ ਖਾਸ ਕਰਦੇ ਰਹਿਣ ਦੀ ਯਾਦ ਦਿਵਾਉਂਦਾ ਹੈ। ਉਸ ਨੇ ਕਿਹਾ, ‘‘ਬਚਪਨ ਵਿੱਚ ਮੈਂ ਆਪਣੀ ਮਾਤਾ ਦੇ ਬਹੁਤ ਨੇੜੇ ਸੀ। ਜਦੋਂ ਵੀ ਮੈਨੂੰ ਕਿਸੇ ਤਰ੍ਹਾਂ ਦੀ ਭਾਵਨਾਤਮਕ ਮਦਦ ਦੀ ਜ਼ਰੂਰਤ ਹੁੰਦੀ ਸੀ ਤਾਂ ਮੈਂ ਤੁਰੰਤ ਉਨ੍ਹਾਂ ਕੋਲ ਜਾਂਦਾ ਸੀ। ਸਮੇਂ ਦੇ ਨਾਲ ਮੈਂ ਹੋਰ ਕਈ ਔਰਤਾਂ ਨੂੰ ਮਿਲਿਆ ਅਤੇ ਇਨ੍ਹਾਂ ’ਚੋਂ ਹਰ ਔਰਤ ਨੇ ਮੇਰੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕੀਤਾ।’’ -ਆਈਏਐੱਨਐੱਸ