ਮੁੰਬਈ: ਪ੍ਰੋਡਿਊਸਰ ਏਕਤਾ ਕਪੂਰ ਆਪਣੇ ਡਿਜੀਟਲ ਪ੍ਰੋਡਕਸ਼ਨ ਹਾਊਸ ਏਐੱਲਟੀ ਬਾਲਾਜੀ ਰਾਹੀਂ ਨਵਾਂ ਸ਼ੋਅ ਲੈ ਕੇ ਆ ਰਹੀ ਹੈ। ਡਿਜੀਟਲ ਮਨੋਰੰਜਨ ਲਈ ਇਹ ਰਿਐਲਿਟੀ ਸ਼ੋਅ ਹੋਵੇਗਾ ਅਤੇ ਇਸ ਸ਼ੋਅ ਵਿੱਚ ‘ਐੱਮਐਕਸ ਪਲੇਅਰ’ ਪਾਰਟਨਰ ਹੈ। ਇਸ ਦਾ ਖੁਲਾਸਾ ਏਐੱਲਟੀ ਬਾਲਾਜੀ ਨੇ ਇੰਸਟਾਗ੍ਰਾਮ ’ਤੇ ਕੀਤਾ ਹੈ। ਪ੍ਰੋਡਕਸ਼ਨ ਹਾਊਸ ਨੇ ਆਖਿਆ,‘‘ਏਕਤਾ ਕਪੂਰ ਵੱਡੇ ਰਿਐਲਿਟੀ ਸ਼ੋਅ ਦਾ ਐਲਾਨ ਕਰਨ ਜਾ ਰਹੀ ਹੈ। ਇਹ ਸ਼ੋਅ ਦਾ ਸਮਾਂ ਹੈ! ਇਹ ਡਰਾਮੇ ਦਾ ਸਮਾਂ ਹੈ! ਕੀ ਤੁਸੀਂ ਖੁਸ਼ੀ-ਖੁਸ਼ੀ ਤਿਆਰ ਹੋ? ਇਸ ਦੀ ਕੋਈ ਸੀਮਾ ਨਹੀਂ ਹੋਵੇਗੀ! ਜਾਣਕਾਰੀ ਅਨੁਸਾਰ ਏਐੱਲਟੀ ਬਾਲਾਜੀ ਸਾਲ 2017 ਵਿਚ ਹੋਂਦ ਵਿਚ ਆਇਆ ਸੀ ਅਤੇ ਇਹ ਭਾਰਤ ਵਿੱਚ ਓਟੀਟੀ ਪਲੈਟਫਾਰਮ ਦਾ ਅਹਿਮ ਹਿੱਸਾ ਹੈ। ਪਿਛਲੇ ਸਾਲ ਨਵੰਬਰ ਵਿੱਚ ਏਕਤਾ ਕਪੂਰ ਨੂੰ ਕੰਗਣਾ ਰਣੌਤ, ਕਰਨ ਜੌਹਰ, ਅਦਨਾਨ ਸਾਮੀ ਅਤੇ ਮਰਹੂਮ ਫ਼ਨਕਾਰ ਐੱਸਪੀ ਬਾਲਾਸੁਬਰਾਮਨੀਅਮ ਨਾਲ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ ਅਤੇ ਇਸ ਸਬੰਧੀ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਇਆ ਸੀ। ਆਈਏਐੱਨਐੱਸ