ਮਨਦੀਪ ਸਿੰਘ ਸਿੱਧੂ
ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਉਰਫ਼ ਧੂਮੀ ਖ਼ਾਨ 30ਵੇਂ ਦਹਾਕੇ ਦੇ ਮੱਧ ਤੋਂ ਲੈ ਕੇ 50ਵੇਂ ਦਹਾਕੇ ਤਕ ਬਣੀਆਂ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਸਿਰਕੱਢ ਸੰਗੀਤਕਾਰ, ਸਹਾਇਕ ਅਦਾਕਾਰ ਤੇ ਗੁਲੂਕਾਰ ਰਹੇ ਹਨ।
ਜਦੋਂ ਪੰਜਾਬੀ ਫ਼ਿਲਮਸਾਜ਼ ਤੇ ਹਿਦਾਇਤਕਾਰ ਕੇ. ਡੀ. ਮਹਿਰਾ ਉਰਫ਼ ਕ੍ਰਿਸ਼ਨ ਦੇਵ ਮਹਿਰਾ ਨੇ ਮਾਦਨ ਥੀਏਟਰ, ਕਲਕੱਤੇ ਦੇ ਬੈਨਰ ਹੇਠ ਪੰਜਾਬੀ ਫ਼ਿਲਮ ਇਤਿਹਾਸ ਦੀ ਦੂਜੀ ਪੰਜਾਬੀ ਫ਼ਿਲਮ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ (1936) ਬਣਾਈ ਤਾਂ ਉਨ੍ਹਾਂ ਨੇ ਨੌਜਵਾਨ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੂੰ ਨਵੇਂ ਸੰਗੀਤਕਾਰ ਵਜੋਂ ਪੇਸ਼ ਕਰਵਾਇਆ। ਫ਼ਿਲਮ ਦੀ ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਗੀਤ (15) ਕੇ. ਡੀ. ਮਹਿਰਾ ਨੇ ਤਹਿਰੀਰ ਕੀਤੇ। ਫ਼ਿਲਮ ਵਿਚ ਨਵਾਬ ਬੇਗ਼ਮ ‘ਮਾਬੀ’ ਨੇ ਪਿੰਡ ਦੀ ਕੁੜੀ ‘ਸ਼ੀਲਾ’ ਦਾ ਟਾਈਟਲ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਗੁੱਜਰਾਂਵਾਲਾ ਦਾ ਗੱਭਰੂ ਕੇ. ਐੱਲ. ਰਾਜਪਾਲ ਉਰਫ਼ ਕੁੰਦਨਲਾਲ ਰਾਜਪਾਲ ‘ਕੇਦਾਰ’ ਦਾ ਪਾਰਟ ਅਦਾ ਕਰ ਰਿਹਾ ਸੀ। ਦੀਗ਼ਰ ਫ਼ਨਕਾਰਾਂ ਵਿਚ ਕਸੂਰ ਦੀ ਬਾਲੜੀ ਬੇਬੀ ਨੂਰਜਹਾਂ (ਪਾਰੂ/ਨਵਾਂ ਚਿਹਰਾ), ਹੈਦਰ ਬਾਂਦੀ (ਸੁੰਦਰੀ), ਏ. ਆਰ. ਕਸ਼ਮੀਰੀ (ਦੌਲਾ), ਬਾਵਾ ਰਹੀਮ ਬਖ਼ਸ਼, ਨਵਾਜ਼ਸ਼ ਅਲੀ, ਮਾਸਟਰ ਗਾਮਾ (ਗ੍ਰਾਮੋਫ਼ੋਨ ਸਿੰਗਰ) ਮੁਹੰਮਦ ਬਖ਼ਸ਼ ਤੇ ਚੰਦਾ ਬਾਈ ਨੁਮਾਇਆਂ ਸਨ। ਧੂਮੀ ਖ਼ਾਨ ਦੇ ਪੁਰਕਸ਼ਿਸ਼ ਸੰਗੀਤ ਵਿਚ ਨਵਾਬ ਬੇਗ਼ਮ, ਕੇ. ਐੱਲ. ਰਾਜਪਾਲ, ਹੈਦਰ ਬਾਂਦੀ, ਏ. ਆਰ. ਕਸ਼ਮੀਰੀ ’ਤੇ ਫ਼ਿਲਮਾਏ ਮਸ਼ਹੂਰ ਜ਼ਮਾਨਾ ਗੀਤ ‘ਪ੍ਰੇਮ ਨਗਰ ਦੀਆਂ ਨਾਰਾਂ ਤਾਅਨੇ ਮਾਰਦੀਆਂ-ਮੈਨੂੰ ਲੱਗਣ ਸਹੇਲੀਆਂ ਬੁਰੀਆਂ ਤਾਂਘਾਂ ਯਾਰ ਦੀਆਂ’ (ਕੋਰਸ ਗੀਤ), ‘ਏਥੇ ਸਦਾ ਰਹਿਣ ਦੀ ਰੀਤ ਨਹੀਂ-ਨਹੀਂ ਏਤਬਾਰ ਜਵਾਨੀ ਦਾ’, ‘ਢੋਲ ਜਾਨੀ ਸਾਡੀ ਗਲੀ ਆਵੀਂ ਤੇਰੀ ਮਿਹਰਬਾਨੀ’, ‘ਲੰਘ ਆਜਾ ਪੱਤਣ ਝਨਾਂ ਦਾ ਓ ਯਾਰ’ (ਬੇਬੀ ਨੂਰਜਹਾਂ), ‘ਗੋਰੀਏ ਨਾ ਕਰ ਗ਼ੁਮਾਨ ਗੋਰੇ ਰੰਗ ਦਾ’ (ਏ. ਆਰ. ਕਸ਼ਮੀਰੀ, ਹੈਦਰ ਬਾਂਦੀ), ‘ਭਰ ਬਾਟੇ ਪੀਓ ਸ਼ਰਾਬਾਂ ਤੇ ਭੁੰਨ-ਭੁੰਨ ਖਾਓ ਕਬਾਬਾਂ’, ‘ਬੰਸਰੀ ਵਾਲੜਿਆ ਸ਼ਾਮਾਂ ਜ਼ਰਾ ਬੰਸਰੀ ਵਜਾ ਕੇ ਜਾਵਣਾ’, ‘ਮੇਰੇ ਕੋਲ ਆਜਾ ਢੋਲ ਜਾਨੀ ਸੀਨੇ ਨਾਲ ਲਗਾ ਜਾ ਤੇਰੀ ਮਿਹਰਬਾਨੀ’, ‘ਬਹਿਰੇ ਗ਼ਮਾਂ ਵਿਚ ਰੋੜ੍ਹ ਗਿਓਂ’, ‘ਸ਼ਾਲਾ ਪਰਦੇਸੀ ਕੋਈ ਨਾ ਥੀਵੇ ਤੇ ਕੱਖ ਜਿਨ੍ਹਾਂ ਤੋਂ ਭਾਰੇ’ (ਕੇ. ਐੱਲ. ਰਾਜਪਾਲ), ‘ਚੱਲ ਚੱਲੀਏ ਬੰਬਈ ਨੀਂ ਨਾਦਰਾ ਚੱਲ ਚੱਲੀਏ ਬੰਬਈ’, ‘ਤੇਰੀ ਸਾਨੂੰ ਤਾਂਘ ਵੇ ਪੀਆ-ਸਭ ਜਗ ਛੋੜ ਲੱਗੀ ਲੜ ਤੇਰੇ’, ‘ਦੂਰ ਵਸੇਂਦਿਆ ਸੋਹਣਿਆ ਕਦੇ ਤਾਂ ਦਰਸ ਦਿਖਾਇਆ ਕਰ’, ‘ਮੇਰੀ ਤੌਬਾ ਬਈ ਛੁੱਟੀ ਲੈ ਕੇ ਆਜਾ ਨੌਕਰਾ’ ਤੋਂ ਇਲਾਵਾ ਏ. ਆਰ. ਕਸ਼ਮੀਰੀ ਤੇ ਹੈਦਰ ਬਾਂਦੀ ਦਾ ਗਾਇਆ ਤੇ ਉਨ੍ਹਾਂ ਦੋਵਾਂ ’ਤੇ ਫ਼ਿਲਮਾਇਆ ਮਖੌਲੀਆ ਗੀਤ ‘ਖਸਮਾਂ ਨੂੰ ਖਾ ਗਿਆ ਘਰ ਨੀਂ ਚੱਲ ਮੇਲੇ ਚੱਲੀਏ-ਮੇਲੇ ਦੇ ਵਿਚ ਵਿਕਣ ਮਠਾਈਆਂ ਕਰਮਾਂ ਵਾਲੀਆਂ ਲੈ ਕੇ ਆਈਆਂ’ ਗੀਤ ਉਸ ਦੌਰ ’ਚ ਬੜਾ ਮਕਬੂਲ ਹੋਇਆ ਸੀ। ਟੌਲੀਵੁੱਡ ਸਟੂਡੀਓ ਦੀ ਪੰਜਾਬੀ ਰਵਾਇਤ ਨੂੰ ਤਾਜ਼ਾ ਕਰਨ ਵਾਲੀ ਇਹ ਸ਼ਾਹਕਾਰ ਪੰਜਾਬੀ ਫ਼ਿਲਮ 26 ਮਾਰਚ 1937 ਨੂੰ ਪੈਲੇਸ ਥੀਏਟਰ, ਮੈਕਲੋਡ ਰੋਡ, ਲਾਹੌਰ ਵਿਖੇ ਪੇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ।
ਜਦੋਂ ਇੰਦਰਾ ਮੂਵੀਟੋਨ, ਕਲਕੱਤਾ ਨੇ ਆਰ. ਐੱਲ. ਸ਼ੋਰੀ ਉਰਫ਼ ਰੌਸ਼ਨ ਲਾਲ ਸ਼ੋਰੀ (ਸੀਨੀ.) ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਪੂਰਨ ਭਗਤ’ (1939) ਬਣਾਈ ਤਾਂ ਸੰਗੀਤਕਾਰ ਵਜੋਂ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਦਾ ਇੰਤਖ਼ਾਬ ਕੀਤਾ। ਕਹਾਣੀ, ਗੱਲਬਾਤ ਤੇ ਗੀਤ ਐੱਮ. ਆਰ. ਸਰਵਰ ਨੇ ਤਹਿਰੀਰ ਕੀਤੇ। ਫ਼ਿਲਮ ’ਚ ‘ਪੂਰਨ ਭਗਤ’ ਦਾ ਟਾਈਟਲ ਕਿਰਦਾਰ ਗੁੱਜਰਾਂਵਾਲਾ ਦੇ ਗੱਭਰੂ ਕਰਨ ਦੀਵਾਨ (ਨਵਾਂ ਚਿਹਰਾ) ਨੇ ਅਦਾ ਕੀਤਾ ਜਦੋਂਕਿ ‘ਲੂਣਾ’ ਦੇ ਕਿਰਦਾਰ ਵਿਚ ਹੈਦਰ ਬਾਂਦੀ (ਭੈਣ ਨੂਰਜਹਾਂ) ਮੌਜੂਦ ਸੀ। ਧੂਮੀ ਖ਼ਾਨ ਦੀਆਂ ਦਿਲਕਸ਼ ਤਰਜ਼ਾਂ ’ਚ ਪਿਰੋਏ ਫ਼ਿਲਮ ਦੇ ਕੁਲ 15 ਗੀਤਾਂ ’ਚੋਂ ਚੰਦ ਮਸ਼ਹੂਰ ਗੀਤਾਂ ਦੇ ਬੋਲ ਹਨ ‘ਨਿੱਕੀ-ਨਿੱਕੀ ਬੂੰਦ ਨਿੱਕਿਆ ਮੀਂਹ ਵਰ੍ਹੇ ਮਾਂ ਵੇ ਸੁਹਾਗਣ ਤੇਰੀ ਸ਼ਗਨ ਕਰੇ’ (ਕੋਰਸ), ‘ਜਿਵੇਂ ਪੰਜ ਪਾਂਡੋ-ਪੰਜ ਪੀਰ ਤੇ ਪੰਜ ਪਿਆਰੇ ਏਵੇਂ ਪੰਜ ਦਰਿਆ ਪੰਜਾਬ ਦੇ ਸਭ ਥੀਂ ਨਿਆਰੇ’ (ਮਿਸ ਨਜ਼ੀਰ ਜਾਨ, ਅਕਬਰ ਖ਼ਾਨ), ‘ਮੇਰੇ ਜੋਬਨ ਜਵਾਨੀ ਦੀ ਬਹਾਰ ਦੇਖ ਲੈ ਮੇਰੇ ਯਾਰ ਦੇਖ ਲੈ’ (ਮਿਸ ਨਜ਼ੀਰ ਜਾਨ), ‘ਨੀਂ ਮੈਂ ਢਾਡਰੀ ਦੁਖੀ ਹਾਂ ਬਿਨ ਜੋਗੀ ਦੇਖਿਆਂ’, ‘ਸੀਨੇ ਬਾਲ ਕੇ ਭਾਂਬੜ ਅੱਗ ਦੇ ਛੱਡ ਕੇ ਨਾ ਜਾ ਜੋਗੀ’ (ਮਿਸ ਇਲਾਹੀ ਜਾਨ), ‘ਰੱਬ ਜਗ ਨੂੰ ਪੁੱਤਰ ਦੇਵੇ ਪੂਰਨ ਵਰਗਾ ਮਾਵਾਂ-ਮਾਵਾਂ ਠੰਢੀਆਂ ਛਾਵਾਂ’, ‘ਜੱਗ ਦੇ ਵਿਚ ਜੇ ਪ੍ਰੀਤ ਨਾ ਹੋਂਦੀ ਆਸ ਨਾ ਵਿਚ ਆਸਾਂ ਦੇ ਰੱਖਦੀ’ ਆਦਿ। ਇਹ ਫ਼ਿਲਮ 26 ਜਨਵਰੀ 1940 ਨੂੰ ਰਾਧੂ ਟਾਕੀਜ਼, ਮੁਲਤਾਨ ਵਿਖੇ ਨੁਮਾਇਸ਼ ਹੋਈ ਤੇ ਬੜੀ ਪਸੰਦ ਕੀਤੀ ਗਈ।
ਇੰਦਰਾ ਮੂਵੀਟੋਨ, ਕਲਕੱਤਾ ਦੀ ਦਾਊਦ ਚਾਂਦ (ਪਹਿਲੀ ਪੰਜਾਬੀ ਫ਼ਿਲਮ/ਸਹਾਇਕ-ਐੱਫ਼. ਡੀ. ਸ਼ਰਫ਼ ਤੇ ਹਸਨ ਅਲੀ ਮਰਚੰਟ) ਨਿਰਦੇਸ਼ਿਤ ਰੂਮਾਨਵੀ ਫ਼ਿਲਮ ‘ਸੱਸੀ ਪੁਨੂੰ’ (1939) ’ਚ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ (ਸਹਾਇਕ ਪ੍ਰੇਮ ਕੁਮਾਰ) ਨੇ ਮਸ਼ਹੂਰ ਪੰਜਾਬੀ ਸ਼ਾਇਰ ਐੱਫ਼. ਡੀ. ਸ਼ਰਫ਼ (ਫ਼ੀਰੋਜ਼ਦੀਨ ਸ਼ਰਫ਼) ਦੇ ਲਿਖੇ 12 ਗੀਤਾਂ ਦੀਆਂ ਦਿਲਕਸ਼ ਧੁਨਾਂ ਮੁਰੱਤਬਿ ਕੀਤੀਆਂ। ਬੇਬੀ ਨੂਰਜਹਾਂ (ਛੋਟੀ ਸੱਸੀ), ਬਾਲੋ (ਵੱਡੀ ਸੱਸੀ), ਗਰਾਮੋਫ਼ੋਨ ਸਿੰਗਰ ਮੁਹੰਮਦ ਅਸਲਮ (ਪੁਨੂੰ) ’ਤੇ ਫ਼ਿਲਮਾਏ ਕੁਝ ਮਸ਼ਹੂਰ ਜ਼ਮਾਨਾ ਗੀਤ ‘ਮੇਰੇ ਬਾਬੁਲ ਦਾ ਮੁੱਖੜਾ ਪਿਆਰਾ ਮੇਰੀ ਅੰਮਾ ਹੈ ਰੌਸ਼ਨ ਤਾਰਾ’ (ਬੇਬੀ ਨੂਰਜਹਾਂ, ਈਦਨ ਬਾਈ, ਦਾਰ ਕਸ਼ਮੀਰੀ), ‘ਪੁਨੂੰ ਦੀਏ ਮੂਰਤੇ ਤੂੰ ਮੂੰਹੋਂ ਕਿਓਂ ਨਹੀਂ ਬੋਲਦੀ-ਜੇ ਤੂੰ ਮੂੰਹੋਂ ਬੋਲਦੀ ਮੈਂ ਦੁੱਖ ਸਾਰੇ ਫੋਲਦੀ’, ‘ਸੋਹਣੇ ਦੇਸ਼ਾਂ ’ਚੋਂ ਦੇਸ਼ ਪੰਜਾਬ ਨੀਂ ਅੜੀਓ’ (ਸ਼ਮਸ਼ਾਦ ਬੇਗ਼ਮ), ‘ਚੁੰਨੀ ਰੰਗ ਦੇ ਲਲਾਰੀਆ ਮੇਰੀ’ (ਸ਼ਮਸ਼ਾਦ ਬੇਗ਼ਮ, ਬਾਲੋ), ‘ਡੋਲੀ ਚੁੱਕ ਲੋ ਕਹਾਰੋ ਮੇਰੀ’ (ਕਮਲਾ ਝਰੀਆ), ‘ਤੇਰੇ ਸਾਹਮਣੇ ਬੈਠ ਕੇ ਰੋਣਾ ਦੁਖ ਤੈਨੂੰ ਨਹੀਂ ਦੱਸਣਾ’ (ਮੁਹੰਮਦ ਅਸਲਮ), ‘ਹੋਵੇਂ ਤੂੰ ਚੰਦ ਅਸਮਾਨੀ ਚੰਨਾ ਮੈਂ ਹੋਵਾਂ ਤਾਰਾ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਅਸਲਮ) ਆਦਿ ਬਹੁਤ ਪਸੰਦ ਕੀਤੇ ਗਏ।
ਇੰਦਰਾ ਮੂਵੀਟੋਨ, ਕਲਕੱਤਾ ਦੀ ਬੀ. ਐੱਸ. ਰਾਜਹੰਸ (ਬਲਦੇਨ ਸਿੰਘ ਰਾਜਹੰਸ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੱਗਾ ਡਾਕੂ’ (1940) ਵਿਚ ਮਾਸਟਰ ਧੂਮੀ ਖ਼ਾਨ ਨੇ ਐੱਮ. ਡੀ. ਸੋਜ਼ ਦੇ ਲਿਖੇ 12 ਗੀਤਾਂ ਦਾ ਸੋਹਣਾ ਸੰਗੀਤ ਤਾਮੀਰ ਕੀਤਾ। ਫ਼ਿਲਮ ਦੇ ਹੀਰੋ ਗੁਲ ਜ਼ਮਾਨ (ਜੱਗਾ), ਪੁਸ਼ਪਾ ਰਾਣੀ (ਸ਼ਾਂਤੀ), ਨਜ਼ੀਰ ਬੇਗ਼ਮ (ਨੂਰੀ) ’ਤੇ ਫ਼ਿਲਮਾਏ ਚੰਦ ਖ਼ੂਬਸੂਰਤ ਗੀਤਾਂ ਦੇ ਬੋਲ ‘ਕੇਹੀਆਂ ਚੋਟਾਂ ਲਾਈਆਂ ਮਾਹੀਆ’ (ਗੁਲ ਜ਼ਮਾਨ), ‘ਮੋਤੀ ਨਾ ਰੋਲਾਂਗੀ ਲੱਖ ਵਾਰੀ ਕਰ ਮਿੰਨਤਾਂ’ (ਪੁਸ਼ਪਾ ਰਾਣੀ, ਗੁਲ ਜ਼ਮਾਨ), ‘ਹੋਵਾਂ ਮੈਂ ਮੋਤੀ ਹਾਰ ਗੁੰਦੇਵਾਂ’ (ਨਜ਼ੀਰ ਬੇਗ਼ਮ) ਆਦਿ ਗੀਤ ਖ਼ੂਬ ਚੱਲੇ। 27 ਸਤੰਬਰ 1940 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ ਇਹ ਸੁਪਰਹਿੱਟ ਫ਼ਿਲਮ ਹਿੰਦੀ ਵਿਚ ‘ਮਰਦ-ਏ-ਪੰਜਾਬ’ (1940) ਦੇ ਨਾਮ ਨਾਲ ਡੱਬ ਹੋਈ। ਇੰਦਰਾ ਮੂਵੀਟੋਨ, ਕਲਕੱਤਾ ਦੀ ਹੀ ਕੇ. ਡੀ. ਮਹਿਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੇਰਾ ਪੰਜਾਬ’ (1940) ’ਚ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਦੇ ਲਿਖੇ 14 ਗੀਤਾਂ ਦਾ ਸੋਹਣਾ ਸੰਗੀਤ ਤਰਤੀਬ ਕੀਤਾ। ਮੁਕਾਲਮੇ ਬੀ. ਸੀ. ਬੇਕਲ ਤੇ ਪਿੱਠਵਰਤੀ ਸੰਗੀਤ ਸ਼ਿਆਮ ਸੁੰਦਰ ਨੇ ਤਿਆਰ ਕੀਤਾ। ਅਦਾਕਾਰ ਹੀਰਾ ਲਾਲ (ਬਾਅਦ ’ਚ ਖ਼ਲਨਾਇਕ), ਪ੍ਰੇਮ ਕੁਮਾਰੀ ਤੇ ਮਾਧਵੀ ’ਤੇ ਫ਼ਿਲਮਾਏ ਚੰਦ ਗੀਤਾਂ ਦੇ ਬੋਲ ‘ਮਹਿੰਦੀਏ ਨੀਂ ਮਹਿੰਦੀਏ ਕੀ ਮਹਿੰਦੀ ਤੇਰੀ ਕਹਿੰਦੀ ਏ’, ‘ਪੀ ਲੈ ਪੀ ਲੈ ਸੋਹਣਿਆ ਵੇਲਾ ਈ ਏ ਪੀਣ ਦਾ’ (ਸ਼ਮਸ਼ਾਦ ਬੇਗ਼ਮ) ਆਦਿ। ਇਹ ਫ਼ਿਲਮ 27 ਦਸੰਬਰ 1940 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ।
ਜਦੋਂ ਨੈਸ਼ਨਲ ਥੀਏਟਰ, ਕਲਕੱਤਾ ਨੇ ਹਿਦਾਇਤਕਾਰ ਐੱਨ. ਬੁਲਚੰਦਾਨੀ ਬੀ. ਏ. ਦੀ ਹਿਦਾਇਤਕਾਰੀ ’ਚ ਹਿੰਦੀ ਫ਼ਿਲਮ ‘ਡਰਬੀ ਕਾ ਸ਼ਿਕਾਰ’ (1936) ਸ਼ੁਰੂ ਕੀਤੀ ਤਾਂ ਮਾਸਟਰ ਧੂਮੀ ਖ਼ਾਨ ਨੂੰ ਸਹਾਇਕ ਅਦਾਕਾਰ ਵਜੋਂ ਪੇਸ਼ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਮਿਸ ਸਾਰਾ ਤੇ ਨਿੰਬਾਲਕਰ ਮੌਜੂਦ ਸਨ। ਇਹ ਫ਼ਿਲਮ 19 ਜੂਨ 1936 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ। ਨਿਊ ਥੀਏਟਰਜ਼, ਕਲਕੱਤਾ ਦੀ ਹੇਮਚੰਦਰ ਨਿਰਦੇਸ਼ਿਤ ਫ਼ਿਲਮ ‘ਅਨਾਥ ਆਸ਼ਰਮ’ (1937) ਵਿਚ ਧੂਮੀ ਖ਼ਾਨ ਨੇ ਆਰ. ਸੀ. ਬੋਰਾਲ ਦੀ ਸੰਗੀਤ ਨਿਰਦੇਸ਼ਨਾ ਵਿਚ ‘ਕਹਾਨੀ ਦੁਖ ਭਰੀ ਕਿਸ ਕੋ ਸੁਨਾਏਂ’ ਗੀਤ ਗਾਇਆ। ਇਹ ਫ਼ਿਲਮ 4 ਫਰਵਰੀ 1937 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ। ਨਿਊ ਥੀਏਟਰਜ਼, ਕਲਕੱਤਾ ਦੀ ਪ੍ਰਮਥੇਸ਼ ਚੰਦਰ ਬਰੂਆ ਨਿਰਦੇਸ਼ਿਤ ਫ਼ਿਲਮ ‘ਮੁਕਤੀ’ ਉਰਫ਼ ‘ਲਬਿਰੇਸ਼ਨ ਆਫ਼ ਦਾ ਸੋਲ’ (1937) ਵਿਚ ਧੂਮੀ ਖ਼ਾਨ ਨੇ ਸਹਾਇਕ ਕਿਰਦਾਰ ਨਿਭਾਇਆ। ਇਹ ਫ਼ਿਲਮ 24 ਜੂਨ 1937 ਨੂੰ ਕਰਾਊਨ ਟਾਕੀਜ਼, ਲਾਹੌਰ ’ਚ ਨੁਮਾਇਸ਼ ਹੋਈ। ਨਿਊ ਥੀਏਟਰਜ਼ ਦੀ ਹੀ ਦੇਵਕੀ ਬੋਸ ਨਿਰਦੇਸ਼ਿਤ ਫ਼ਿਲਮ ‘ਵਿੱਦਿਆਪਤੀ’ (1937) ’ਚ ਵੀ ਧੂਮੀ ਖ਼ਾਨ ਨੇ ਗੀਤ ਗਾਇਆ। ਨਿਊ ਥੀਏਟਰਜ਼ ਦੀ ਫਨੀ ਮਜੂਮਦਾਰ ਨਿਰਦੇਸ਼ਿਤ ਫ਼ਿਲਮ ‘ਸਟਰੀਟ ਸਿੰਗਰ’ (1938), ਜਿਸ ਦੀਆਂ ਮੁੱਖ ਭੂਮਿਕਾਵਾਂ ਵਿਚ ਕੇ. ਐੱਲ. ਸਹਿਗਲ ਤੇ ਕਾਨਨ ਦੇਵੀ ਮੌਜੂਦ ਸਨ, ’ਚ ਮਾਸਟਰ ਧੂਮੀ ਖ਼ਾਨ ਨੇ ਵੀ ਅਦਾਕਾਰੀ ਕੀਤੀ।
ਨਿਊ ਥੀਏਟਰਜ਼ ਦੀ ਅਮਰ ਮਲਿਕ ਨਿਰਦੇਸ਼ਿਤ ਫ਼ਿਲਮ ‘ਬੜੀ ਦੀਦੀ’ (1939) ’ਚ ਵੀ ਧੂਮੀ ਖ਼ਾਨ ਨੇ ਅਹਿਮ ਰੋਲ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਮੋਲੀਨਾ ਤੇ ਪਹਾੜੀ ਸਾਨਿਆਲ ਅਦਾਕਾਰੀ ਕਰ ਰਹੇ ਸਨ। ਨਿਊ ਥੀਏਟਰਜ਼ ਦੀ ਨਿਤਨ ਬੋਸ ਨਿਰਦੇਸ਼ਿਤ ਫ਼ਿਲਮ ‘ਦੁਸ਼ਮਨ’ ਉਰਫ਼ ‘ਦਿ ਐਨਮੀ’ (1939) ’ਚ ਵੀ ਧੂਮੀ ਖ਼ਾਨ ਨੇ ਸਹਾਇਕ ਕਿਰਦਾਰ ਅਦਾ ਕੀਤਾ। ਇੰਦਰਾ ਮੂਵੀਟੋਨ, ਕਲਕੱਤਾ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਜੋਸ਼-ਏ-ਇਸਲਾਮ’ (1939) ’ਚ ਮਾਸਟਰ ਧੂਮੀ ਖ਼ਾਨ ਨੇ ਐੱਫ਼. ਡੀ. ਸ਼ਰਫ਼ ਦੇ ਲਿਖੇ 10 ਗੀਤਾਂ ਦਾ ਪੁਰਅਸਰ ਸੰਗੀਤ ਮੁਰੱਤਬਿ ਕੀਤਾ। ਇੰਦਰਾ ਮੂਵੀਟੋਨ ਦੀ ਹੀ ਐੱਚ. ਐੱਸ. ਰਵੇਲ (ਪਹਿਲੀ ਫ਼ਿਲਮ) ਨਿਰਦੇਸ਼ਿਤ ਫ਼ਿਲਮ ‘ਦੋਰੰਗੀਆ ਡਾਕੂ’ ਉਰਫ਼ ‘ਗੈਂਗਸਟਰ’ (1940) ’ਚ ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਨੇ 6 ਗੀਤਾਂ ਦੀਆਂ ਖ਼ੂਬਸੂਰਤ ਤਰਜ਼ਾਂ ਬਣਾਈਆਂ। ਕਾਸਮੋਪੋਲੀਟਨ ਪ੍ਰੋਡਕਸ਼ਨਜ਼, ਕਲਕੱਤਾ ਦੀ ਐੱਨ. ਬੁਲਚੰਦਾਨੀ ਨਿਰਦੇਸ਼ਿਤ ਫ਼ਿਲਮ ‘ਯਾਦ ਰਹੇ’ (1940) ’ਚ ਧੂਮੀ ਖ਼ਾਨ (ਆਰਕੈਸਟਰਾ ਸੰਚਾਲਕ ਸਰਦਾਰ ਅਮਰ ਸਿੰਘ) ਨੇ 9 ਗੀਤਾਂ ਦਾ ਸ਼ਾਨਦਾਰ ਸੰਗੀਤ ਬਣਾਇਆ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਹਬੀਬ ਸਰਹੱਦੀ ਨਿਰਦੇਸ਼ਿਤ ਫ਼ਿਲਮ ‘ਰਾਹਨੁਮਾ’ (1948) ’ਚ ਧੂਮੀ ਖ਼ਾਨ ਨੇ ਹਬੀਬ ਸਰਹੱਦੀ ਤੇ ਆਪਣੇ ਲਿਖੇ 11 ਗੀਤਾਂ ਦੀਆਂ ਦਿਲਕਸ਼ ਧੁਨਾਂ ਬਣਾਈਆਂ, ਜਿਨ੍ਹਾਂ ਨੂੰ ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ ਤੇ ਰੇਖਾ ਰਾਣੀ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ। ਕੈਫ਼ੀ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਸਫ਼ਦਰ ਮਿਰਜ਼ਾ ਨਿਰਦੇਸ਼ਿਤ ਫ਼ਿਲਮ ‘ਅਨੋਖੀ ਸੇਵਾ’ (1948) ’ਚ ਧੂਮੀ ਖ਼ਾਨ ਤੇ ਐੱਮ ਸ਼ਫ਼ੀ ਨੇ ਸਾਂਝੇ ਤੌਰ ’ਤੇ ਗੀਤਾਂ ਦਾ ਸੰਗੀਤ ਬਣਾਇਆ।
ਮਾਸਟਰ ਧੂਮੀ ਖ਼ਾਨ ‘ਰਾਮਪੁਰੀ’ ਦੀ ਆਖ਼ਰੀ ਸੰਗੀਤ-ਨਿਰਦੇਸ਼ਿਤ ਹਿੰਦੀ ਫ਼ਿਲਮ ਕੈਜ਼ਰ ਫ਼ਿਲਮਜ਼, ਬੰਬੇ ਦੀ ਰਾਮ ਪਾਹਵਾ ਦੀ ਹਿਦਾਇਤਕਾਰੀ ’ਚ ਬਣੀ ‘ਨਕਾਬਪੋਸ਼’ (1956) ਸੀ। ਫ਼ਿਲਮ ਦੇ ਕੁਲ 8 ਗੀਤਾਂ ’ਚੋਂ 6 ਗੀਤਾਂ ਦਾ ਸੰਗੀਤ ਮਾਸਟਰ ਧੂਮੀ ਖ਼ਾਨ ਤੇ 2 ਗੀਤਾਂ ਦਾ ਸੰਗੀਤ ਰਾਮ ਲਾਲ ਨੇ ਤਿਆਰ ਕੀਤਾ। ਇਸ ਫ਼ਿਲਮ ਤੋਂ ਬਾਅਦ ਮਾਸਟਰ ਧੂਮੀ ਖ਼ਾਨ ਕਿੱਥੇ ਚਲੇ ਗਏ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਨਾ ਉਨ੍ਹਾਂ ਦੀ ਜਨਮ ਤਾਰੀਖ਼, ਸਥਾਨ ਤੇ ਨਾ ਹੀ ਮਰਨ ਤਾਰੀਖ਼ ਦਾ ਕੋਈ ਹਵਾਲਾ ਮਿਲ ਪਾਇਆ ਹੈ।
ਸੰਪਰਕ: 97805-09545