ਲਾਸ ਏਂਜਲਸ: ਕੈਂਬਰਿਜਸ਼ਾਇਰ ਵਿੱਚ ਜਨਮੇ ਭਾਰਤੀ ਮੂਲ ਦੇ ਹਿਮੇਸ਼ ਪਾਟੇਲ ਨੂੰ ਐਮੀ ਐਵਾਰਡਜ਼ ਵਿਚ ਨਾਮਜ਼ਦ ਕੀਤੇ ਕਲਾਕਾਰਾਂ ਦੀ ਸੂਚੀ ਵਿੱਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਮੰਗਲਵਾਰ ਨੂੰ ਸਮਾਗਮ ਮੌਕੇ ਪਟੇਲ ਨੇ ਕਾਲੀ ਪੈਂਟ ਅਤੇ ਕਮੀਜ਼ ਨਾਲ ਡਿਜ਼ਾਈਨਦਾਰ ਜੈਕੇਟ ਪਾਈ ਹੋਈ ਸੀ। ਪਟੇਲ ਨੂੰ ਟੀਵੀ ਮੂਵੀ ਵਰਗ ਵਿੱਚ ਬਿਹਤਰੀਨ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਚੋਣ ਉਸ ਵੱਲੋਂ ਐਚਬੀਓ ਦੇ ‘ਸਟੇਸ਼ਟ ਇਲੈਵਨ’ ਸੀਰੀਜ਼ ਵਿਚ ਕੀਤੀ ਅਦਾਕਾਰੀ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਸ਼ੋਅ ਵਿੱਚ ਉਸ ਨੇ ਜੀਵਨ ਚੌਧਰੀ ਦਾ ਕਿਰਦਾਰ ਅਦਾ ਕੀਤਾ ਹੈ। 13 ਅਕਤੂਬਰ 1990 ਨੂੰ ਜਨਮੇ ਹਿਮੇਸ਼ ਨੂੰ 2007 ਤੋਂ 2016 ਤੱਕ ਬੀਬੀਸੀ ਦੇ ਸ਼ੋਅ ‘ਈਸਟਐਂਡਰਜ਼’ ਵਿੱਚ ਨਿਭਾਏ ਤਮਵਰ ਮਸੂਦ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਅਦਾਕਾਰ ਹਿਮੇਸ਼ ਸਾਵਟਰੀ, ਕੈਮਬ੍ਰਿਜਸ਼ਾਇਰ ਵਿੱਚ ਜਨਮਿਆ ਹੈ। ਉਸ ਦੇ ਮਾਪੇ ਗੁਜਰਾਤੀ ਸਨ, ਪਰ ਉਨ੍ਹਾਂ ਦਾ ਜਨਮ ਅਫ਼ਰੀਕਾ ਵਿੱਚ ਹੋਇਆ ਸੀ। ਉਸ ਦੀ ਮਾਤਾ ਦਾ ਜਨਮ ਜ਼ਾਂਬੀਆ ਅਤੇ ਪਿਤਾ ਦਾ ਜਨਮ ਕੀਨੀਆ ਵਿੱਚ ਹੋਇਆ ਸੀ। -ਏਐਨਆਈ