ਗੁਰਬਿੰਦਰ ਸਿੰਘ ਮਾਣਕ
ਜ਼ਿੰਦਗੀ ਵਿੱਚੋਂ ਜੇਕਰ ਮਿਹਨਤ ਲਫਜ਼ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਬਾਕੀ ਜੋ ਬਚਦਾ ਹੈ, ਉਹ ਕੇਵਲ ਜਿਊਂਦੀ ਲਾਸ਼ ਹੀ ਹੁੰਦੀ ਹੈ। ਜੀਵਨ ਦੇ ਸਾਹਾਂ ਨੂੰ ਚੱਲਦਾ ਰੱਖਣ ਲਈ ਕੁਦਰਤ ਨੇ ਮਨੁੱਖ ਨੂੰ ਹੱਥੀਂ ਕਿਰਤ ਕਰਨ ਦਾ ਵਰਦਾਨ ਬਖ਼ਸ਼ਿਆ ਹੈ। ਬਿਨਾਂ ਸ਼ੱਕ ਦੇਸ਼ ਵਿੱਚ ਪਸਰੀ ਅੰਤਾਂ ਦੀ ਗਰੀਬੀ ਦੇ ਹੋਰ ਵੀ ਅਨੇਕਾਂ ਕਾਰਨ ਹਨ, ਪਰ ਇਸ ਦੇਸ਼ ਦੇ ਲੱਖਾਂ ਲੋਕ ਆਲਸੀ ਤੇ ਦਲਿੱਦਰੀ ਬਣ ਕੇ ਜਿਊਂਦੀਆਂ ਲਾਸ਼ਾਂ ਵਾਂਗ ਵਿਚਰਦੇ ਹੋਏ ਆਪਣੀ ਗਰੀਬੀ ਲਈ ਜ਼ਿੰਮੇਵਾਰ ਹਨ। ਜਿਨ੍ਹਾਂ ਦੇ ਕਿਰਦਾਰ ਵਿੱਚ ਮਿਹਨਤ ਨਾਲ ਕਿਰਤ ਕਰਕੇ ਜੀਵਨ ਜਿਊਣ ਦਾ ਗੁਣ ਸਮੋਇਆ ਹੁੰਦਾ ਹੈ, ਉਹ ਕਦੇ ਜ਼ਿੰਦਗੀ ਨੂੰ ਪਿੱਠ ਨਹੀਂ ਦਿਖਾਉਂਦੇ। ਇਹ ਸੰਸਾਰ ਜੇ ਸੁਹਾਵਣਾ ਤੇ ਖੁਸ਼ਹਾਲ ਨਜ਼ਰ ਆਉਂਦਾ ਹੈ ਤਾਂ ਇਹ ਕੇਵਲ ਮਿਹਨਤਕਸ਼ਾਂ ਦੀ ਬਦੌਲਤ ਹੀ ਹੈ। ਜੀਵਨ ਵਿੱਚ ਕੋਈ ਵੀ ਪ੍ਰਾਪਤੀ ਮਿਹਨਤ ਦੇ ਰਾਹ ਤੁਰਨ ਤੋਂ ਬਿਨਾਂ ਸੰਭਵ ਨਹੀਂ ਹੁੰਦੀ।
ਵਿਹਲੇ ਮਨ ਨੂੰ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈ। ਸਮਾਜ ਵਿੱਚ ਵਿਚਰਦਿਆਂ ਅਕਸਰ ਦੇਖਿਆ ਗਿਆ ਹੈ ਕਿ ਵਿਹਲੜ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ। ਕਿਰਤ ਨੂੰ ਜੀਵਨ ਦਾ ਸਿਰਨਾਵਾਂ ਸਮਝਣ ਵਾਲਾ ਮਨੁੱਖ, ਕਿਸੇ ਵਿਹਲੜ ਕੋਲੋਂ ਪਾਸਾ ਵੱਟ ਕੇ ਲੰਘਣ ਦਾ ਯਤਨ ਕਰਦਾ ਹੈ। ਜੀਵਨ ਵਿੱਚ ਪਸਰੀ ਅਨੁਸਾਸ਼ਨਹੀਣਤਾ, ਆਲਸ, ਦਲਿੱਦਰ ਤੇ ਵਿਹਲੜਪੁਣਾ ਜ਼ਿੰਦਗੀ ਨੂੰ ਚਿੰਬੜੇ ਅਜਿਹੇ ‘ਰੋਗ’ ਹਨ, ਜਿਹੜੇ ਜ਼ਿੰਦਗੀ ਨਰਕ ਬਣਾ ਦਿੰਦੇ ਹਨ। ਅਜਿਹੀ ਸੋਚ ਨਕਾਰਾਤਮਕ ਤਾਂ ਹੈ ਹੀ, ਸਗੋਂ ਮਨੁੱਖੀ ਆਪੇ ਨੁੂੰ ਪੋਟਾ-ਪੋਟਾ ਕਰਕੇ ਮਾਰਨ ਵਾਲੀ ਵੀ ਹੈ। ਜੀਵਨ ਦਾ ਮਾਰਗ ਏਨਾ ਸਿੱਧ-ਪੱਧਰਾ ਨਹੀਂ ਕਿ ਬਿਨਾਂ ਕੋਈ ਹੱਥ-ਪੈਰ ਹਿਲਾਇਆਂ ਹੀ ਸਫ਼ਰ ’ਤੇ ਚੜ੍ਹਿਆ ਜਾ ਸਕੇ। ਹਿੰਮਤ, ਆਤਮ-ਵਿਸ਼ਵਾਸ, ਸਿਦਕਦਿਲੀ ਤੇ ਸਖ਼ਤ ਮਿਹਨਤ ਨਾਲ ਹੀ ਜ਼ਿੰਦਗੀ ਨੂੰ ਸੁਚਾਰੂ ਤੇ ਸੁਹਾਵਣੀ ਬਣਾਇਆ ਜਾ ਸਕਦਾ ਹੈ।
ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਕੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਸਹੀ ਮੌਕਿਆਂ ਦੀ ਤਲਾਸ਼, ਯੋਗ ਤੇ ਅਨੁਕੂਲ ਪ੍ਰਸਥਿਤੀਆਂ ਦਾ ਹੋਣਾ ਤਾਂ ਲਾਜ਼ਮੀ ਹੈ ਹੀ, ਪਰ ਸਭ ਤੋਂ ਵੱਡੀ ਭੂਮਿਕਾ ਮਨੁੱਖ ਦੁਆਰਾ ਕੀਤੀ ਮਿਹਨਤ ਦੀ ਹੈ। ਅਸਲ ਗੱਲ ਤਾਂ ਇਹ ਹੈ ਕਿ ਮਿਹਨਤ ਦਾ ਕੋਈ ਬਦਲ ਹੀ ਨਹੀਂ। ਕਈ ਵਾਰ ਅਨੇਕਾਂ ਦੁਸ਼ਵਾਰੀਆਂ ਤੇ ਰੁਕਾਵਟਾਂ ਦੇ ਬਾਵਜੂਦ ਮਨੁੱਖ ਕਿਸੇ ਪ੍ਰੇਰਨਾ, ਹੌਸਲੇ ਤੇ ਮਜ਼ਬੂਤ ਇਰਾਦੇ ਸਦਕਾ ਸਖ਼ਤ ਮਿਹਨਤ ਦੇ ਬਲਬੂਤੇ ਹੀ ਆਪਣੀ ਮਨਚਾਹੀ ਮੰਜ਼ਿਲ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ।
ਕਿਰਤ ਤੋਂ ਦੂਰ ਭੱਜਣ ਵਾਲੇ ਬੰਦੇ ਨੂੰ ਅਕਸਰ ਧਰਤੀ ’ਤੇ ਭਾਰ ਸਮਝਿਆ ਜਾਂਦਾ ਹੈ। ਕੋਈ ਵੀ ਉਸ ਕੋਲ ਖੜ੍ਹੇ ਹੋਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਹਰ ਕੋਈ ਸਮਝਦਾ ਹੈ ਕਿ ਇਸ ਨੇ ਨਾ ਆਪ ਕੋਈ ਕੰਮ ਕਰਨਾ ਹੈ ਤੇ ਨਾ ਹੀ ਕਿਸੇ ਦੂਜੇ ਨੂੰ ਕਰਨ ਦੇਣਾ ਹੈ। ਬਿਨਾਂ ਹੱਥ-ਪੈਰ ਹਿਲਾਇਆਂ, ਕਿਸੇ ਦੂਜੇ ਦੇ ਆਸਰੇ ਜ਼ਿੰਦਗੀ ਦੀ ਗੱਡੀ ਨੂੰ ਤੋਰਨਾ ਚੰਗੇ-ਭਲੇ ਸਿਹਤਮੰਦ ਮਨੁੱਖ ਲਈ ਲਾਹਣਤ ਸਮਾਨ ਹੈ। ਸਾਡਾ ਦੇਸ਼ ਅਜਿਹੇ ਲੱਖਾਂ ਲੋਕਾਂ ਨਾਲ ਭਰਿਆ ਪਿਆ ਹੈ ਜਿਹੜੇ ਕੱਖ ਭੰਨ ਕੇ ਦੁਹਰਾ ਨਹੀਂ ਕਰਦੇ ਤੇ ਦੂਜਿਆਂ ਦੇ ਸਹਾਰੇ ਜੀਵਨ ਦੇ ਦਿਨ ਕੱਟਦੇ ਹਨ। ਧਾਰਮਿਕ ਅਸਥਾਨਾਂ ’ਤੇ ਹਮੇਸ਼ਾਂ ਸ਼ਰਧਾਲੂਆਂ ਦੀਆਂ ਵੱਡੀਆਂ ਭੀੜਾਂ ਦਿਖਾਈ ਦਿੰਦੀਆਂ ਹਨ। ਅਜਿਹੇ ਲੋਕ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਹਨ ਤੇ ਧਾਰਮਿਕ ਮੇਲਿਆਂ-ਮੁਸਾਹਿਬਆਂ ਵਿੱਚ ਸ਼ਾਮਲ ਹੋ ਕੇ ਮੁਫ਼ਤ ਦਾ ਰਾਸ਼ਨ-ਪਾਣੀ ਛਕੀ ਜਾਂਦੇ ਹਨ। ਮਿਹਨਤ ਕਰਨ ਵਾਲੇ ਕੋਲ ਤਾਂ ਏਨਾ ਵਕਤ ਹੀ ਨਹੀਂ ਹੁੰਦਾ ਕਿ ਉਹ ਅਜਿਹੇ ਸਥਾਨਾਂ ’ਤੇ ਜਾ ਕੇ ਆਪਣਾ ਸਮਾਂ ਲਗਾਵੇ। ਹਰ ਥਾਂ ਘੁੰਮਦੀਆਂ ਮੰਗਤਿਆਂ ਦੀਆਂ ਧਾੜਾਂ ਵੀ, ਹੱਥੀਂ ਕਿਰਤ ਕਰਨ ਨੂੰ ਪਿੱਠ ਦੇ ਕੇ, ਰੋਜ਼ੀ-ਰੋਟੀ ਲਈ ਆਪਣੀ ਜ਼ਮੀਰ ਨੂੰ ਮਾਰ ਕੇ ਦੂਜਿਆਂ ਅੱਗੇ ਹੱਥ ਅੱਡਣ ਲਈ ਨਿਕਲ ਤੁਰਦੀਆਂ ਹਨ। ਜੇਕਰ ਇਹ ਲੱਖਾਂ ਲੋਕ ਮਿਹਨਤ ਦੇ ਰਾਹ ਤੁਰ ਪੈਣ ਤਾਂ ਇਹ ਨਾ ਕੇਵਲ ਆਪਣੀ ਸਗੋਂ ਦੇਸ਼ ਦੀ ਤਕਦੀਰ ਵੀ ਬਦਲਣ ਦੇ ਸਮਰੱਥ ਹਨ। ਕਿਸੇ ਥਾਂ ਰਹਿਣ ਵਾਲੇ ਲੋਕ ਜੇਕਰ ਕੰਮਚੋਰ ਤੇ ਵਿਹਲੜ ਹੋਣ ਤਾਂ ਉਸ ਦੇਸ਼ ਦੀ ਹਾਲਤ ਬਹੁਤ ਖਸਤਾ ਹੋ ਜਾਣੀ ਸੁਭਾਵਿਕ ਹੈ।
ਕੋਈ ਵੀ ਦੇਸ਼ ਆਪਣੇ ਕਿਰਤੀ ਕਾਮਿਆਂ, ਕਿਸਾਨਾਂ ਦੀ ਸਖ਼ਤ ਮਿਹਨਤ ਤੇ ਵਹਾਏ ਪਸੀਨੇ ਦਾ ਕਰਜ਼ ਨਹੀਂ ਉਤਾਰ ਸਕਦਾ। ਸਮਾਜ ਵਿੱਚ ਜਿਹੜੀ ਖੁਸ਼ਹਾਲੀ ਨਜ਼ਰ ਆਉਂਦੀ ਹੈ, ਉਹ ਜ਼ਿੰਦਗੀ ਦੇ ਇਨ੍ਹਾਂ ਨਾਇਕਾਂ ਦੀ ਬਦੌਲਤ ਹੀ ਹੈ। ਕਿਸਾਨ ਰਾਤ-ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਜੇਠ ਹਾੜ੍ਹ ਦੀਆਂ ਲੂੰਹਦੀਆਂ ਧੁੱਪਾਂ, ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਵੀ ਕਿਸਾਨ ਦੇ ਹੌਸਲੇ ਤੇ ਸਿਰੜ ਨੂੰ ਡੁਲਾਅ ਨਹੀਂ ਸਕਦੀਆਂ। ਇਹ ਵੱਖਰੀ ਗੱਲ ਹੈ ਕਿ ਏਨੀ ਮਿਹਨਤ ਦੇ ਬਾਵਜੂਦ ਅੰਨਦਾਤੇ ਦੀ ਸਥਿਤੀ ਹੁਣ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਿਰਤੀ-ਕਾਮੇ ਵੀ ਭਾਵੇਂ ਲੋੜਾਂ-ਥੁੜ੍ਹਾਂ ਵਿੱਚ ਜਕੜੇ ਰਹਿਣ, ਪਰ ਉਨ੍ਹਾਂ ਦੇ ਜੀਵਨ ਦਾ ਸਿਰਨਾਵਾਂ ਵੀ ਮਿਹਨਤ ਤੇ ਕੇਵਲ ਮਿਹਨਤ ਹੀ ਹੁੰਦੀ ਹੈ।
ਕੋਈ ਪ੍ਰੀਖਿਆ ਹੋਵੇ ਜਾਂ ਖੇਡਾਂ ਜਾਂ ਕੋਈ ਹੋਰ ਮੁਹਿੰੰਮ ਸਫਲਤਾ ਲਈ ਮਿਹਨਤ ਤੇ ਲਗਨ ਤੋਂ ਵੱਡੀ ਕੋਈ ਜੁਗਤ ਨਹੀਂ ਹੈ। ਜਿਹੜੇ ਇੱਕ ਨਿਸ਼ਾਨਾ ਮਿੱਥ ਕੇ ਮਿਹਨਤ ਦੀ ਮਾਲਾ ਫੇਰਨ ਲੱਗ ਜਾਂਦੇ ਹਨ ਤੇ ਆਪਣੇ ਸੁੱਖ-ਆਰਾਮ ਨੂੰ ਤਿਆਗ ਕੇ ਦਿਨ-ਰਾਤ ਇੱਕ ਕਰ ਦਿੰਦੇ ਹਨ, ਉਨ੍ਹਾਂ ਦੀਆਂ ਝੋਲੀਆਂ ਹੀ ਸਫਲਤਾ ਦੇ ਮੋਤੀਆਂ ਨਾਲ ਭਰਦੀਆਂ ਹਨ। ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਤਾਂ ਆਪਣੇ ਜੀਵਨ ਨੂੰ ਨਿਯਮਾਂ, ਅਨੁਸ਼ਾਸਨ ਤੇ ਤਰਤੀਬ ਦੇ ਸੂਤਰ ਵਿੱਚ ਬੰਨ੍ਹ ਕੇ ਸਖ਼ਤ ਮਿਹਨਤ ਤੋਂ ਬਿਨਾਂ ਸਫਲਤਾ ਦਾ ਹੋਰ ਕੋਈ ਬਦਲ ਹੀ ਨਹੀਂ ਹੈ। ਜ਼ਿੰਦਗੀ ਦਾ ਕੋਈ ਖੇਤਰ ਹੋਵੇ, ਮਿੱਥੀ ਹੋਈ ਮੰਜ਼ਿਲ ’ਤੇ ਪਹੁੰਚਣ ਲਈ ਤਿਆਰੀ ਤੇ ਆਤਮਵਿਸ਼ਵਾਸ ਪਹਿਲੀ ਸ਼ਰਤ ਹਨ। ਮਿਹਨਤ ਤੇ ਸਿਰੜ ਦੇ ਰਾਹ ਪੈ ਕੇ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਕਿਸੇ ਅਸਫਲਤਾ ਦੇ ਸਿੱਟੇ ਵਜੋਂ ਢੇਰੀ ਢਾਅ ਕੇ ਨਿਰਾਸ਼ਾ ਦੇ ਆਲਮ ਵਿੱਚ ਬੈਠ ਜਾਣਾ ਨਿਰਾਰਥਕ ਸੋਚ ਹੈ। ਹਾਰਾਂ, ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਯੋਗਤਾ ਤੇ ਸਮਰੱਥਾ ਨੂੰ ਘਟਾ ਕੇ ਦੇਖਣ ਲੱਗ ਜਾਓ। ਤੁਹਾਡੇ ਅੰਦਰਲੀ ਮਿਹਨਤ ਦੀ ਚਿਣਗ ਨਹੀਂ ਮੱਠੀ ਪੈਣੀ ਚਾਹੀਦੀ। ਹਾਰਾਂ ਤੇ ਅਸਫਲਤਾਵਾਂ ਵਿੱਚੋਂ ਹੀ ਜਿੱਤਾਂ ਦਾ ਰਾਹ ਨਿਕਲਦਾ ਹੈ ਤੇ ਗਲ਼ ਵਿੱਚ ਫੁੱਲਾਂ ਦੇ ਹਾਰ ਪੈਂਦੇ ਹਨ।
ਜੇ ਮਨ ਵਿੱਚ ਕਿਸੇ ਮੰਜ਼ਿਲ ’ਤੇ ਪਹੁੰਚਣ ਦੀ ਤਾਂਘ ਹੋਵੇ ਤਾਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਰੁਕਾਵਟਾਂ ਵੀ ਮਨੁੱਖ ਦਾ ਰਾਹ ਨਹੀਂ ਰੋਕ ਸਕਦੀਆਂ। ਅਬਰਾਹਿਮ ਲਿੰਕਨ ਅਨੇਕਾਂ ਹਾਰਾਂ, ਦੁਸ਼ਵਾਰੀਆਂ ਨਾਲ ਜੂਝਦਾ ਆਪਣੀ ਮਿਹਨਤ, ਲਗਨ ਤੇ ਦ੍ਰਿੜਤਾ ਦੇ ਬਲਬੂਤੇ ਹੀ ਅਮਰੀਕਾ ਦਾ ਰਾਸ਼ਟਰਪਤੀ ਬਣਨ ਵਿੱਚ ਸਫਲ ਹੋਇਆ। ਜ਼ਿੰਦਗੀ ਦੇ ਅਨੇਕਾਂ ਅਜਿਹੇ ਨਾਇਕ ਹਨ, ਜਿਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੂਰ ਦਿਸਦੀ ਮੰਜ਼ਿਲ ਵੀ ਨੇੜੇ ਆਈ ਪ੍ਰਤੀਤ ਹੁੰਦੀ ਹੈ। ਮਿਹਨਤ ਦੀ ਜੁਗਤ ਤੋਂ ਬਿਨਾਂ ਹੋਰ ਸਾਧਨ ਵੀ ਵਿਅਰਥ ਹੋ ਜਾਂਦੇ ਹਨ।
ਸੰਪਰਕ: 98153-56086