ਮੁੰਬਈ: ਰੋਮਾਂਸ ਵਾਲੀਆਂ ਫ਼ਿਲਮਾਂ ਦੇ ਨਿਰਮਾਤਾ ਕਰਨ ਜੌਹਰ ਨੇ ਆਖਿਆ ਕਿ 1990ਵੇਂ ਦਹਾਕੇ ’ਚ ਬੌਲੀਵੁੱਡ ਵਿੱਚ ਪਿਆਰ ਮੁਹੱਬਤ ਵਾਲੀਆਂ ਫ਼ਿਲਮਾਂ ਦਾ ਜਿਹੜਾ ਦਬਦਬਾ ਸੀ, ਉਹ ਹੁਣ ਖ਼ਤਮ ਹੋ ਗਿਆ ਹੈ ਕਿਉਂਕਿ ਦਰਸ਼ਕ ਅੱਜ-ਕੱਲ੍ਹ ਅਜਿਹੀਆਂ ਫ਼ਿਲਮਾਂ ਪਸੰਦ ਨਹੀਂ ਕਰਦੇ। ਜੌਹਰ ਨੇ ਸਾਲ 1998 ਵਿੱਚ ਆਪਣੀ ਪਹਿਲੀ ਫਿਲਮ ‘ਕੁਛ ਕੁਛ ਹੋਤਾ ਹੈ’ ਬਣਾਈ ਸੀ। ਫਿਰ ਸਾਲ 2001 ’ਚ ‘ਕਭੀ ਖੁਸ਼ੀ ਕਭੀ ਗ਼ਮ’ ਤੇ ਸਾਲ 2003 ਵਿੱਚ ‘ਕਭੀ ਅਲਵਿਦਾ ਨਾ ਕਹਿਨਾ’ ਬਣਾਈ। ਇਹ ਫ਼ਿਲਮਾਂ ਸਫ਼ਲ ਹੀ ਨਹੀਂ ਰਹੀਆਂ ਸਗੋਂ ਅਸਰਦਾਰ ਵੀ ਸਾਬਤ ਹੋਈਆਂ। ਕਰਨ ਜੌਹਰ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਰੁਮਾਂਸ ਬੀਤੇ ਦੀ ਗੱਲ ਹੋ ਚੁੱਕੀ ਹੈ। ਉਸ ਨੇ ਕਿਹਾ, ‘‘ਅੱਜ ਜੇ ਤੁਸੀਂ ਹਿੰਦੀ ਸਿਨੇ ਜਗਤ ’ਤੇ ਝਾਤ ਮਾਰੋ ਤਾਂ ਪਿਆਰ ਮੁਹੱਬਤ ਦੀ ਕਹਾਣੀ ਖ਼ਤਮ ਹੋ ਗਈ ਹੈ। ਅਸੀਂ ਹੁਣ ਪਿਆਰ ਮੁਹੱਬਤ ਦੀਆਂ ਕਹਾਣੀਆਂ ਨਹੀਂ ਬਣਾਉਂਦੇ। ਬਹੁਤ ਘੱਟ ਲੋਕ ਹਨ ਜਿਹੜੇ ਅਜਿਹੀਆਂ ਕਹਾਣੀਆਂ ਬਣਾਉਂਦੇ ਹਨ। 90ਵੇਂ ਦਹਾਕੇ ’ਚ ਪਿਆਰ ਮੁਹੱਬਤ ਵਾਲੀਆਂ ਫ਼ਿਲਮਾਂ ਦਾ ਦੌਰ ‘ਹਮ ਆਪਕੇ ਹੈਂ ਕੌਨ’ ਤੋਂ ਸ਼ੁਰੂ ਹੁੰਦਾ ਹੈ ਅਤੇ ‘ਕੁਛ ਕੁਝ ਹੋਤਾ ਹੈ’ ’ਤੇ ਖਤਮ ਹੋ ਜਾਂਦਾ ਹੈ। ਇਨ੍ਹਾਂ ਫ਼ਿਲਮਾਂ ਨੇ ਉਦੋਂ ਰਾਜ ਕੀਤਾ।’’ ਫ਼ਿਲਮ ‘ਮੀਨਾਕਸ਼ੀ ਸੁੰਦਰੇਸ਼ਵਰ’ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ‘ਧਰਮਾ’ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸ ਨੂੰ ਨੈਟਫਲਿਕਸ ’ਤੇ ਦਿਖਾਇਆ ਜਾਵੇਗਾ। ਇਸ ਫ਼ਿਲਮ ਵਿੱਚ ਸਾਨੀਆ ਮਲਹੋਤਰਾ ਅਤੇ ਅਭਿਮੰਨਿਊ ਦਾਸਾਨੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।
-ਪੀਟੀਆਈ